ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੱਕ ਵਾਰ ਔਰਤ ਬਣ...

ਬਲਵਿੰਦਰ ਦੇ ਵਿਆਹ ਨੂੰ ਪੰਜ ਕੁ ਸਾਲ ਹੋਏ ਹੋਣਗੇ ਕਿ ਥੋੜ੍ਹਾ ਚਿਰ ਬਿਮਾਰ ਰਹਿਣ ਪਿੱਛੋਂ ਉਹਦੇ ਪਤੀ ਜਸਪਾਲ ਸਿੰਘ ਸਦੀਵੀ ਵਿਛੋੜਾ ਦੇ ਗਏ। ਵੱਡਾ ਪੁੱਤਰ ਚਾਰ ਕੁ ਸਾਲ ਅਤੇ ਛੋਟਾ ਦੋ ਸਾਲ ਤੋਂ ਘੱਟ ਸੀ। ਬਲਵਿੰਦਰ ਦੀ ਜਿ਼ੰਦਗੀ ਵਿੱਚ ਹਨੇਰਾ...
Advertisement

ਬਲਵਿੰਦਰ ਦੇ ਵਿਆਹ ਨੂੰ ਪੰਜ ਕੁ ਸਾਲ ਹੋਏ ਹੋਣਗੇ ਕਿ ਥੋੜ੍ਹਾ ਚਿਰ ਬਿਮਾਰ ਰਹਿਣ ਪਿੱਛੋਂ ਉਹਦੇ ਪਤੀ ਜਸਪਾਲ ਸਿੰਘ ਸਦੀਵੀ ਵਿਛੋੜਾ ਦੇ ਗਏ। ਵੱਡਾ ਪੁੱਤਰ ਚਾਰ ਕੁ ਸਾਲ ਅਤੇ ਛੋਟਾ ਦੋ ਸਾਲ ਤੋਂ ਘੱਟ ਸੀ। ਬਲਵਿੰਦਰ ਦੀ ਜਿ਼ੰਦਗੀ ਵਿੱਚ ਹਨੇਰਾ ਛਾ ਗਿਆ। ਦੋ ਵੱਡੀਆਂ ਜਠਾਣੀਆਂ, ਵੱਡੀਆਂ ਭਰਜਾਈਆਂ ਬਲਵਿੰਦਰ ਨੂੰ ਗਲ ਲਾ-ਲਾ ਕੇ ਬੱਚਿਆਂ ਵਾਂਗ ਚੁੱਪ ਕਰਵਾਉਂਦੀਆਂ। ਭਾਈਚਾਰੇ ਵਿੱਚੋਂ ਸਿਆਣੀਆਂ ਆ ਕੇ ਆਪੋ-ਆਪਣੀ ਰਿਸ਼ਤੇਦਾਰੀ ਵਿੱਚ ਅਤੇ ਲਾਗੇ ਪਾਸੇ ਵਾਪਰੇ ਅਜਿਹੇ ਦੁਖਾਂਤ ਸੁਣਾ ਕੇ ਬਲਵਿੰਦਰ ਨਾਲ ਵਾਪਰੀ ਨੂੰ ਕੁਦਰਤ ਦਾ ਅਟੱਲ ਵਰਤਾਰਾ ਦੱਸ ਕੇ ਉਸ ਨੂੰ ਹਨੇਰੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀਆਂ। ਜੇ ਕੋਈ ਜਸਪਾਲ ਦੀਆਂ ਦੋ ਨਿਸ਼ਾਨੀਆਂ- ਦੋ ਪੁੱਤਰਾਂ ਖ਼ਾਤਿਰ ਜਿਊਣ ਦੀ ਗੱਲ ਕਰਦੀ ਤਾਂ ਉਸ ਦਾ ਹਨੇਰਾ ਹੋਰ ਗਹਿਰਾ ਅਤੇ ਡਰਾਉਣਾ ਹੋ ਜਾਂਦਾ। ਸਮਾਜ ਉਸ ਲਈ ਸੁੰਨਾ ਹੋ ਚੁੱਕਾ ਸੀ। ਪਰਿਵਾਰ ਇਕੱਠਾ ਸੀ। ਦੋਨੋਂ ਜੇਠ ਹੌਸਲਾ ਦਿੰਦੇ ਪਰ ਬਹੁਤਾ ਕੁਝ ਬੋਲ ਨਾ ਸਕਦੇ। ਸਾਰਾ ਪਰਿਵਾਰ ਮਾਤਮ ਵਿੱਚ ਸੀ।

ਸਭ ਤੋਂ ਵੱਡਾ ਰਮੇਸ਼ ਸਿਹਤ ਮਹਿਕਮੇ ਵਿੱਚ ਮੁਲਾਜ਼ਮ ਸੀ। ਇਸ ਲਈ ਸਮਾਜ ਵਿੱਚ ਵਧੇਰੇ ਵਿਚਰਨ ਕਾਰਨ ਦੁਨੀਆਵੀ ਮਸਲਿਆਂ ਵਿੱਚ ਵਧੇਰੇ ਵਿਹਾਰਕ ਸੀ। ਉਸ ਦੇ ਦਿਮਾਗ ਅੰਦਰ ਜੋ ਕੁਝ ਆ ਰਿਹਾ ਸੀ, ਉਹਨੇ ਆਪਣੇ ਭਰਾ ਨਾਲ ਸਾਂਝਾ ਕੀਤਾ। ਸੁਰ ਮਿਲਣ ਮਗਰੋਂ ਆਪਣੀਆਂ ਘਰਵਾਲੀਆਂ ਨਾਲ ਇਕੱਠਿਆਂ ਬੈਠ ਕੇ ਬਣੀ ਸਹਿਮਤੀ ਨੂੰ ਗੁਪਤ ਰੱਖਣ ਦਾ ਫ਼ੈਸਲਾ ਕਰ ਲਿਆ। ਫਿਰ ਦੋਹਾਂ ਭੈਣਾਂ ਨਾਲ ਬਣੀ ਸਹਿਮਤੀ ਸਾਂਝੀ ਕੀਤੀ। ਸਾਰਿਆਂ ਨੂੰ ਭਰੋਸਾ ਸੀ ਕਿ ਇਸ ਸਹਿਮਤੀ ਨੂੰ ਅਮਲੀ ਜਾਮਾ ਰਮੇਸ਼ ਹੀ ਪੁਆ ਸਕਦਾ ਹੈ।

Advertisement

ਸਹਿਮਤੀ ਦੇ ਸਾਂਝੀਦਾਰ ਹਰ ਰੋਜ਼ ਰਮੇਸ਼ ਵੱਲ ਦੇਖਦੇ। ਰਮੇਸ਼ ਵੀ ਉਨ੍ਹਾਂ ਦੇ ਦੇਖਣ ਦੇ ਅਰਥ ਬੁੱਝਣ ਲੱਗ ਪਿਆ ਪਰ ਉਹਨੂੰ ਡਰ ਸਤਾਉਂਦਾ। ਕਿਧਰੇ ਸਭ ਕੁਝ ਢਹਿ-ਢੇਰੀ ਨਾ ਹੋ ਜਾਏ! ਗੱਲ ਕਿਵੇਂ ਸ਼ੁ਼ਰੂ ਕੀਤੀ ਜਾਏ... ਹੁਣ ਡਿਊਟੀ ਸਮੇਂ ਦਿਮਾਗ ਵਿੱਚ ਇਸੇ ਵਿਚਾਰ ਦਾ ਆਉਣਾ-ਜਾਣਾ ਬਣਿਆ ਰਹਿੰਦਾ।

ਜਸਪਾਲ ਤੋਂ ਛੋਟਾ ਨਰੇਸ਼ ਕਾਲਜ ਤੋਂ ਬੀਏ ਕਰ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ। ਉਹ ਕਾਲਜ ਦੀ ਹਾਕੀ ਟੀਮ ਦਾ ਖਿਡਾਰੀ ਰਿਹਾ ਸੀ, ਜਿਹੜੀ ਮੁਲਕ ਦਾ ਅੰਤਰ-ਯੂਨੀਵਰਸਿਟੀ ਮੁਕਾਬਲਾ ਜਿੱਤ ਚੁੱਕੀ ਸੀ। ਜਿੰਨਾ ਸੋਹਣਾ, ਓਨਾ ਹੀ ਫੁਰਤੀਲਾ। ਉਸ ਨੂੰ ਸਾਧੂ ਸੰਤਾਂ ਕੋਲ ਬੈਠਣ ਦਾ ਬਹੁਤ ਸ਼ੌਕ ਸੀ।... ਆਖਿ਼ਰ ਇਕ ਦਿਨ ਜਿਵੇਂ ਫੁਰਨੇ ਨੇ ਚਮਕ ਜਿਹੀ ਦੇ ਦਿੱਤੀ ਹੋਵੇ... ਰਮੇਸ਼ ਨੂੰ ਪਤਾ ਸੀ ਕਿ ਨਰੇਸ਼ ਨੂੰ ਸਾਧਾਂ ਸੰਤਾਂ ਕੋਲ ਬੈਠਣ ਦਾ ਸ਼ੌਕ ਸੀ। ਜਸਪਾਲ ਦੇ ਜਾਣ ਬਾਅਦ ਜ਼ਮੀਨ ਦੀ ਸਾਂਭ-ਸੰਭਾਲ ਦਾ ਜਿ਼ੰਮਾ ਨਰੇਸ਼ ਦੇ ਸਿਰ ਸੀ। ਇਕ ਦਿਨ ਮੌਕਾ ਤਾੜ ਕੇ ਰਮੇਸ਼ ਨੇ ਨਰੇਸ਼ ਨੂੰ ਕੋਲ ਬਿਠਾ ਲਿਆ। ਜਸਪਾਲ ਦੇ ਜਾਣ ਬਾਅਦ ਬਲਵਿੰਦਰ ਅਤੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਬਾਰੇ ਗੱਲ ਤੋਰ ਲਈ। ਨਰੇਸ਼ ਚੁੱਪ ਸੀ। ਆਖਿ਼ਰ ਪਰਿਵਾਰ ਦੀ ਸਹਿਮਤੀ ਨਰੇਸ਼ ਅੱਗੇ ਖੋਲ੍ਹ ਦਿੱਤੀ।

“ਇਹ ਕਿਵੇਂ ਹੋ ਸਕਦੈ...?” ਕਹਿ ਕੇ ਨਰੇਸ਼ ਨੇ ਟ੍ਰੈਕਟਰ ਸਟਾਰਟ ਕੀਤਾ ਅਤੇ ਖੇਤੀਂ ਜਾ ਵੜਿਆ। “ਇਹ ਕਿਵੇਂ ਹੋ ਸਕਦੈ” ਵਿੱਚ ਜੇ “ਵੱਡੀ ਭਰਜਾਈ ਹੈ, ਲੋਕ ਕੀ ਕਹਿਣਗੇ” ਜੋੜਿਆ ਜਾਵੇ ਤਾਂ ‘ਹਾਂ’ ਦੀ ਸੰਭਾਵਨਾ ਬਣਦੀ ਸੀ। “ਇਹ ਕਿਵੇਂ ਹੋ ਸਕਦ?” ਵਾਕ ਨੂੰ “ਦੋ ਬੱਚਿਆਂ ਦੀ ਮਾਂ ਨੂੰ ਪਤਨੀ ਕਿਉਂ ਬਣਾਵਾਂ?” ਨਾਲ ਬਣਦੇ ਵਾਕ ਵਿੱਚ ਕੋਰੀ ਨਾਂਹ ਸੀ। ਕੁਝ ਦਿਨਾਂ ਬਾਅਦ ਬੇਚੈਨ ਨਰੇਸ਼ ਭੈਣ ਦਰਸ਼ਨ ਕੋਲ ਫਿਸ ਪਿਆ, “ਭੈਣ, ਤੂੰ ਹੀ ਦੱਸ ਭਾਬੀ ਦਾ ਮੈਂ ਕਿੰਨਾ ਸਤਿਕਾਰ ਕਰਦਾਂ। ਹੁਣ ਮੈਂ ਉਸ ਨੂੰ ਕਿਵੇਂ...।” ਭੈਣ ਨੇ ਇਸ ਅਧੂਰੇ ਵਾਕ ਵਿੱਚ ਉਮੀਦ ਦੀ ਤੰਦ ਫੜ ਲਈ। “ਇਸੇ ਲਈ ਤਾਂ ਪਰਿਵਾਰ ਨੇ ਫ਼ੈਸਲਾ ਕੀਤਾ। ਉਂਝ ਵੀ ਬਲਵਿੰਦਰ ਦੀ ਕਿਹੜੀ ਉਮਰ ਆ। ਇਸ ਉਮਰ ਦੀਆਂ ਅਜੇ ਕੰਵਾਰੀਆਂ ਬੈਠੀਆਂ।” ਭੈਣ ਦੀ ਦਲੀਲ ਸੁਣ ਕੇ ਉਹ ਚੁੱਪ ਰਿਹਾ। ਫਿਰ ਹੋਰ ਗੱਲਾਂ ਸ਼ੁਰੂ ਹੋ ਗਈਆਂ। ਭੈਣ ਦਰਸ਼ਨ ਕੌਰ ਨੇ ਇਹ ਗੱਲਬਾਤ ਅਗਾਂਹ ਵੱਡੇ ਭਰਾ ਰਮੇਸ਼ ਨੂੰ ਸੁਣਾ ਦਿੱਤੀ।

ਰਮੇਸ਼ ਨੇ ਫਿਰ ਇਕ ਦਿਨ ਮੌਕਾ ਤਾੜ ਕੇ ਨਰੇਸ਼ ਨੂੰ ਨੇਕੀ, ਪੁੰਨ, ਭਲਾਈ, ਸਭ ਦੀ ਪ੍ਰਾਪਤੀ ਪਰਿਵਾਰ ਦੇ ਫ਼ੈਸਲੇ ਵਿੱਚੋਂ ਹਾਸਿਲ ਹੁੰਦੀ ਸਮਝਾ ਦਿੱਤੀ। ਨਰੇਸ਼ ਦੀ ਸਾਧ ਬਿਰਤੀ ਕੰਮ ਆ ਗਈ। ਗੱਲ ਬਲਵਿੰਦਰ ਦੇ ਪੇਕਿਆਂ ਤੱਕ ਰਮੇਸ਼ ਹੀ ਲੈ ਕੇ ਗਿਆ। ਉਨ੍ਹਾਂ ਦਾ ਜਵਾਬ ਸੀ, “ਅਸੀਂ ਤਾਂ ਜੀ ਆਪਣੀ ਧੀ ਤੁਹਾਨੂੰ ਦੇ ਦਿੱਤੀ ਐ, ਜਿਵੇਂ ਚਾਹੋ ਤੁਸੀਂ ਰੱਖੋ।” ਫਿਰ ਬਲਵਿੰਦਰ ਨੂੰ ਬਿਠਾ ਕੇ ਫੈਸਲਾ ਦੱਸਿਆ ਗਿਆ। ਕਦੇ ਉਸ ਨੂੰ ਭਵਿੱਖ ਦਾ ਹਨੇਰਾ ਹੀ ਚੰਗਾ ਲੱਗੇ ਅਤੇ ਕਦੇ ਪਰਿਵਾਰ ਦਾ ਫ਼ੈਸਲਾ। ਆਖਿ਼ਰਕਾਰ ਪਰਿਵਾਰ ਨਾਲ ਸਹਿਮਤੀ ਹੋ ਗਈ... ਬਲਵਿੰਦਰ ਅਤੇ ਬੱਚਿਆਂ ਨੂੰ ਦੇਖ-ਦੇਖ ਘਰ ਦਾ ਮਾਹੌਲ ਅਜਿਹਾ ਬਣਿਆ ਹੋਇਆ ਸੀ ਕਿ ਰਮੇਸ਼ ਦਾ ਇੱਕ-ਇੱਕ ਸ਼ਬਦ ਸੁਣਨ ਵਾਲੇ ਦੇ ਸੀਨੇ ਉੱਤਰ ਗਿਆ। ਜਦੋਂ ਰਮੇਸ਼ ਨੇ ਪਰਿਵਾਰ ਵਧਾਉਣ ਦੀ ਗੱਲ ਤੋਰੀ ਤਾਂ ਨਰੇਸ਼ ਦੇ ਮੂੰਹੋਂ ਨਿੱਕਲਿਆ, “ਜੋ ਵੀਰ ਜੀ ਦਾ ਫੈਸਲਾ ਸੀ, ਉਹੀ ਪਰਵਾਨ ਚੜ੍ਹੇਗਾ।”

ਪਰਿਵਾਰ ਬਣ ਗਿਆ। ਬੱਚੇ ਪੜ੍ਹ ਗਏ। ਇਕ ਹਵਾਈ ਫੌਜ ਤੇ ਦੂਜਾ ਨਿਆਂ ਵਿਭਾਗ ਵਿੱਚ ਮੁਲਾਜ਼ਮ ਹੋ ਗਿਆ। ਪਰਿਵਾਰ ਦੇ ਫ਼ੈਸਲੇ ਅਤੇ ਨਰੇਸ਼ ਦੀ ‘ਹਾਂ’ ਦੀ ਪ੍ਰਸ਼ੰਸਾ ਹੋਣ ਲੱਗੀ। ਦੋਨੋਂ ਲੜਕੇ ਸਕੀਆਂ ਭੈਣਾਂ ਨੂੰ ਵਿਆਹੇ ਗਏ। ਹੌਲੀ-ਹੌਲੀ ਵਕਤ ਬੀਤਣ ਨਾਲ ਬਲਵਿੰਦਰ ਦੀ ਪਹਿਲੀ ਦਿਖ ਵਾਪਸ ਆ ਗਈ ਤੇ ਓਪਰਿਆਂ ਨੂੰ ਉਹ ਨੂੰਹਾਂ ਦੀ ਵੱਡੀ ਭੈਣ ਲੱਗਣ ਲੱਗ ਪਈ। ਨਰੇਸ਼ ਦੀ ਇਨਸਾਨੀਅਤ ਦਾ ਬਗੀਚਾ ਖਿੜ ਉੱਠਿਆ ਸੀ।

ਨਰੇਸ਼ ਨੂੰ ਅਚਾਨਕ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਦਿੱਲੀ ਲੈ ਗਏ। ਡਾਕਟਰਾਂ ਕਿਹਾ, “ਲਿਵਰ ਦਾ ਟੁਕੜਾ ਚਾਹੀਦਾ।” ਵੱਡੀ ਨੂੰਹ ਕਹੇ, ਮੇਰਾ ਲਵੋ; ਛੋਟੀ ਕਹੇ, ਮੈਂ ਦਿਆਂਗੀ। ਵੱਡੀ ਦਾ ਬੱਚਾ ਮਾਂ ਦੇ ਦੁੱਧ ਉੱਤੇ ਸੀ; ਸੋ, ਛੋਟੀ ਤੋਂ ਲਿਆ ਗਿਆ। ਨਰੇਸ਼ ਠੀਕ ਹੋ ਗਿਆ ਪਰ ਕੁਝ ਮਹੀਨਿਆਂ ਬਾਅਦ ਫਿਰ ਬਿਮਾਰ ਹੋ ਗਿਆ। ਪੀਜੀਆਈ ਲੈ ਗਏ। ਨਰੇਸ਼ ਵਹੁਟੀਆਂ ਅਤੇ ਪੁੱਤਰਾਂ ਦੀ ਦੌੜ-ਭੱਜ ਤੋਂ ਇੰਨੇ ਜੋਸ਼ ਵਿੱਚ ਕਿ ਹਮੇਸ਼ਾ ਜਲਦੀ ਠੀਕ ਹੋ ਜਾਣ ਦੀ ਗੱਲ ਦੁਹਰਾਉਂਦਾ। ਜਦੋਂ ਮੈਂ ਹਸਪਤਾਲ ਗਿਆ ਤਾਂ ਵੱਡੀ ਵਹੁਟੀ ਨਰੇਸ਼ ਦੇ ਪੈਰ ਘੁੱਟ ਰਹੀ ਸੀ ਪਰ ਹਫਤੇ ਬਾਅਦ 54 ਵਰ੍ਹਿਆਂ ਦਾ ਨਰੇਸ਼ ਸਭ ਨੂੰ ਅਲਵਿਦਾ ਕਹਿ ਗਿਆ।

ਨਰੇਸ਼ ਬਲਵਿੰਦਰ ਨੂੰ ਭਾਵੇਂ ਜਸਪਾਲ ਵਾਂਗ ਛੱਡ ਕੇ ਨਹੀਂ ਗਿਆ, ਪਰ ਮੈਨੂੰ 2025 ਦੇ ਬੁੱਕਰ ਇਨਾਮ ਜੇਤੂ ਕੰਨੜ ਭਾਸ਼ਾ ਵਿੱਚ ਲਿਖੀ ਕਹਾਣੀ ਵਿਚਲੀ ਔਰਤ ਨਾਇਕਾ ਦੀ ਆਖਿ਼ਰੀ ਪੰਕਤੀ ਵਿੱਚ ਰੱਬ ਨੂੰ ਮਾਰਿਆ ਤਾਹਨਾ ਯਾਦ ਆਉਂਦਾ ਹੈ: ‘ਹੇ ਅੱਲ੍ਹਾ, ਇਕ ਵਾਰ ਔਰਤ ਬਣ।’

ਸੰਪਰਕ: 94176-52947

Advertisement
Show comments