ਝਿੜੀ ਦੇ ਉਸ ਪਾਰ
ਡਾ. ਰਾਜਿੰਦਰ ਭੂਪਾਲ
ਗੱਲ ਲੱਗਭਗ ਤਿੰਨ ਦਹਾਕੇ ਪੁਰਾਣੀ ਹੈ, ਜਦ ਮੈਂ ਆਪਣੇ ਪਿੰਡ ਭੂਪਾਲ ਦੇ ਸਰਕਾਰੀ ਮਿਡਲ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਦੋਂ ਸਕੂਲ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਸਨ ਤੇ ਸਾਡੀ ਪੜ੍ਹਾਈ ਸਮੇਂ ਦੀ ਨਜ਼ਾਕਤ ਅਤੇ ਪਿੰਡ ਦੇ ਸਰਕਾਰੀ ਸਕੂਲ ਮੁਤਾਬਿਕ ਠੀਕ ਚੱਲ ਰਹੀ ਸੀ। ਅੱਠਵੀਂ ਜਮਾਤ ਦੇ ਅਜੇ ਕੁਝ ਕੁ ਮਹੀਨੇ ਹੀ ਬੀਤੇ ਸਨ ਕਿ ਸਾਡੇ ਅਧਿਆਪਕ ਮਹਿੰਦਰ ਪਾਲ ਜੀ, ਜੋ ਸਾਨੂੰ ਗਣਿਤ ਤੇ ਸਾਇੰਸ ਪੜ੍ਹਾਉਂਦੇ ਸਨ, ਉਨ੍ਹਾਂ ਦੀ ਬਦਲੀ ਹੋ ਗਈ। ਇਹ ਵਿਸ਼ੇ ਖ਼ੁਦ ਪੜ੍ਹਨੇ ਮੁਸ਼ਕਿਲ ਸਨ। ਸਾਡੀ ਹਾਲਤ ਲਾਚਾਰਾਂ ਵਰਗੀ ਹੋ ਗਈ ਕਿਉਂਕਿ ਅੱਠਵੀਂ ਦੇ ਬੋਰਡ ਦੇ ਇਮਤਿਹਾਨ ਹੁੰਦੇ ਸਨ। ਉਸ ਵਕਤ ਟਿਊਸ਼ਨ ਨਾਮ ਦੀ ਕੋਈ ਚੀਜ਼ ਵੀ ਨਹੀਂ ਸੀ। ਬੱਸ, ਅੱਖਾਂ ਅੱਗੇ ਨਿਰਾ ਘੋਰ ਹਨੇਰਾ।
ਇੱਕ ਦਿਨ ਮਾਸਟਰ ਜੀ ਸਾਡੇ ਸਕੂਲ ਆਏ ਤੇ ਉਨ੍ਹਾਂ ਸਾਹਮਣੇ ਮੇਰੇ ਵਰਗੇ ਇੱਕ ਦੋ ਹੋਰਾਂ ਨੇ ਆਪਣੀ ਅਸਲ ਹਾਲਤ ਬਿਆਨ ਕੀਤੀ। ਮਾਸਟਰ ਜੀ ਸਾਡੀ ਹਾਲਤ ਤੇ ਮਜਬੂਰੀ ਦੇਖ ਕੇ ਇਸ ਗੱਲ ਨਾਲ ਸਹਿਮਤ ਹੋ ਗਏ ਕਿ ਅਸੀਂ ਉਨ੍ਹਾਂ ਦੇ ਘਰ ਜਾ ਕੇ ਇੱਕ ਘੰਟਾ ਪੜ੍ਹ ਸਕਦੇ ਹਾਂ। ਵਾਅਦਾ ਕੀਤਾ ਕਿ ਸਾਰਾ ਸਿਲੇਬਸ ਕਰਵਾ ਦੇਣਗੇ; ਨਾਲੇ ਕਹਿੰਦੇ, “ਪਰ ਮੈਂ ਕੋਈ ਪੈਸਾ ਜਾਂ ਫੀਸ ਨਹੀਂ ਲੈਣੀ।” ਅੰਨ੍ਹਾ ਕੀ ਭਾਲੇ... ਦੋ ਅੱਖਾਂ!
ਮੈਂ ਆਪਣੇ ਪਿੰਡੋਂ ਇਕੱਲਾ ਹੀ ਸੀ, ਇੱਕ ਦੋ ਮੁੰਡੇ ਨਾਲ ਦੇ ਪਿੰਡ ਤੋਂ ਤਿਆਰ ਹੋ ਗਏ। ਅਗਲੇ ਦਿਨ ਅਸੀਂ ਸ਼ਾਮ 6 ਕੁ ਵਜੇ ਮਾਸਟਰ ਜੀ ਦੇ ਘਰ ਪਹੁੰਚ ਗਏ। ਉਦੋਂ ਸਾਡੇ ਘਰ ਪੁਰਾਣਾ ਲੇਡੀ ਸਾਈਕਲ ਹੁੰਦਾ ਸੀ। ਇਸ ਦੀ ਇੱਕ ਸਮੱਸਿਆ ਇਹ ਸੀ ਕਿ ਜਿ਼ਆਦਾ ਪੈਡਲ ਮਾਰਨ ਜਾਂ ਤੇਜ਼ ਚਲਾਉਣ ਨਾਲ ਚੇਨ ਉਤਰ ਜਾਂਦੀ ਸੀ।
ਪੜ੍ਹਨ ਲਈ ਮੈਨੂੰ ਤਕਰੀਬਨ ਪੰਜ ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ। ਰਸਤੇ ਵਿੱਚ ਬਹੁਤ ਵੱਡੀ ਤੇ ਸੰਘਣੀ ਝਿੜੀ ਪੈਂਦੀ ਸੀ ਜਿਸ ਵਿੱਚ ਜੰਗਲੀ ਜਾਨਵਰ ਅਤੇ ਕੁੱਤੇ ਹੁੰਦੇ ਸਨ। ਇਹੀ ਨਹੀਂ, ਝਿੜੀ ਵਿੱਚ ਐਨ ਰਸਤੇ ’ਤੇ ਸਿਵੇ ਸਨ। ਦਿਨੇ ਤਾਂ ਰਸਤੇ ’ਤੇ ਥੋੜ੍ਹੀ ਬਹੁਤ ਆਵਾਜਾਈ ਹੁੰਦੀ ਸੀ ਪਰ ਦਿਨ ਛਿਪਣ ’ਤੇ ਕੋਈ ਟਾਵਾਂ-ਟਾਵਾਂ ਹੀ ਨਜ਼ਰ ਆਉਂਦਾ ਸੀ। ਜਾਣ ਵੇਲੇ ਕੋਈ ਦਿੱਕਤ ਨਾ ਆਉਣੀ ਪਰ ਸਰਦੀ ਸ਼ੁਰੂ ਹੋਣ ’ਤੇ ਹਨੇਰਾ ਜਲਦੀ ਹੋਣ ਲੱਗ ਪਿਆ ਜਿਸ ਕਾਰਨ ਝਿੜੀ ਅਤੇ ਸਿਵਿਆਂ ਵਿੱਚੋਂ ਲੰਘਣਾ ਮੁਸ਼ਕਿਲ ਲੱਗਣ ਲੱਗ ਪਿਆ। ਮਾਨਸਿਕ ਡਰ ਜਿਹਾ ਬੈਠ ਗਿਆ।
ਮੈਂ ਅਤੇ ਨਾਲ ਦੇ ਪਿੰਡ ਵਾਲਾ ਮੁੰਡਾ ਰੇਹੜੇ ਪਿੱਛੇ ਲੱਗ ਜਾਂਦੇ ਜਿਸ ਦਾ ਮਾਲਕ ਸਬਜ਼ੀ ਵੇਚ ਕੇ ਉਸੇ ਰਸਤੇ ਆਉਂਦਾ ਹੁੰਦਾ ਸੀ। ਅਸੀਂ ਉਸ ਤੋਂ ਅਠਿਆਨੀ ਦਾ ਮਰੁੰਡਾ ਲੈ ਕੇ ਖਾਂਦੇ ਤੇ ਆਪਣੇ ਸਾਈਕਲ ਉਹਦੇ ਪਿੱਛੇ-ਪਿੱਛੇ ਲਾ ਲੈਣੇ। ਉਸ ਨਾਲ ਇੱਕ ਤਰ੍ਹਾਂ ਦੀ ਮਿੱਤਰਤਾ ਜਿਹੀ ਬਣ ਗਈ। ਇਉਂ ਅੱਧਾ ਸਫ਼ਰ ਤੈਅ ਹੋ ਜਾਂਦਾ ਤੇ ਦੂਜਾ ਮੁੰਡਾ ਆਪਣੇ ਪਿੰਡ ਚਲਾ ਜਾਂਦਾ ਤੇ ਰੇਹੜੇ ਵਾਲਾ ਵੀ ਆਪਣੇ ਪਿੰਡ ਰੱਲੇ ਚਲਾ ਜਾਂਦਾ। ਉਸ ਤੋਂ ਬਾਅਦ ਮੈਂ ਫਿਰ ਇਕੱਲਾ ਰਹਿ ਜਾਂਦਾ ਤੇ ਇਕੱਲਾ ਹੀ ਉਹ ਝਿੜੀ ਤੇ ਸਿਵੇ ਪਾਰ ਕਰਦਾ।
ਜਦ ਥੋੜ੍ਹੀ ਜਿਹੀ ਸਰਦੀ ਹੋਰ ਵਧੀ ਤੇ ਹਨੇਰਾ ਜਲਦੀ ਹੋਣ ਲੱਗ ਪਿਆ ਤਾਂ ਮੇਰੇ ਨਾਲ ਦੇ ਪਿੰਡ ਵਾਲੇ ਮੁੰਡੇ ਨੇ ਜਾਣਾ ਬੰਦ ਕਰ ਦਿੱਤਾ। ਗਣਿਤ ਵਿੱਚ ਬੇਪਨਾਹ ਦਿਲਚਸਪੀ ਅਤੇ ਮੋਹ ਹੋਣ ਕਰ ਕੇ ਮੈਂ ਨਾ ਹਟਿਆ; ਦੂਜਾ, ਬੋਰਡ ਦੇ ਪੇਪਰ ਹੋਣ ਕਰ ਕੇ ਫੇਲ੍ਹ ਹੋਣ ਦਾ ਡਰ ਵੀ ਸੀ। ਫਿਰ ਉਸ ਰੇਹੜੇ ਵਾਲੇ ਨੇ ਵੀ ਆਪਣਾ ਸਮਾਂ ਬਾਦਲ ਲਿਆ। ਹੁਣ ਮੇਰਾ ਕੋਈ ਸਾਥੀ ਨਾ ਰਿਹਾ। ਦਿਲ ਕਰੜਾ ਜਿਹਾ ਕਰ ਕੇ ਇਕੱਲੇ ਨੇ ਜਾਣਾ ਸ਼ੁਰੂ ਤਾਂ ਕੀਤਾ ਪਰ ਡਰ ਬਹੁਤ ਲੱਗਦਾ ਸੀ।
ਸਿਵਿਆਂ ਕੋਲ ਆ ਕੇ ਸਾਈਕਲ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਕੁੱਤੇ ਮਗਰ ਪੈਣ ਦੇ ਨਾਲ-ਨਾਲ ਸਾਈਕਲ ਦੀ ਚੇਨ ਉੱਤਰ ਜਾਂਦੀ। ਉਹ ਇੱਕ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਹਜ਼ਾਰਾਂ ਮੀਲਾਂ ਦੇ ਪੈਂਡੇ ਦੇ ਬਰਾਬਰ ਲੱਗਦਾ। ਰੱਬ-ਰੱਬ ਕਰ ਕੇ ਇਹ ਪੈਂਡਾ ਮਸਾਂ ਮੁੱਕਦਾ।
ਇਸ ਬਾਰੇ ਆਪਣੇ ਘਰ ਵੀ ਨਾ ਦੱਸ ਸਕਿਆ; ਡਰਦਾ ਸਾਂ ਕਿ ਘਰਦੇ ਮੈਨੂੰ ਜਾਣ ਤੋਂ ਹੀ ਨਾ ਰੋਕ ਦੇਣ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਸਿਲੇਬਸ ਪੂਰਾ ਕਰਨਾ ਹੈ, ਭਾਵੇਂ ਕੁਝ ਵੀ ਹੋਵੇ। ਜਿਵੇਂ ਕਿਵੇਂ ਇਹ ‘ਬੁਰਾ’ ਵਕਤ ਲੰਘਾਇਆ ਤੇ ਬੋਰਡ ਦੇ ਪੇਪਰਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ।
ਉਨ੍ਹਾਂ ਦਿਨਾਂ ਦੌਰਾਨ ਗਣਿਤ ਵਿੱਚ ਅਜਿਹੀ ਰੁਚੀ ਬਣੀ ਕਿ ਮੈਂ ਮਹਿੰਦਰਾ ਕਾਲਜ ਪਟਿਆਲੇ ਤੋਂ ਬੀਐੱਸਸੀ,ਜਲੰਧਰੋਂ ਐੱਮਐੱਸਸੀ ਤੇ ਫਿਰ ਐੱਮਫਿੱਲ ਗਣਿਤ ਵਿਸ਼ੇ ਵਿੱਚ ਕੀਤੀ। ਕੁਝ ਸਮਾਂ ਬਠਿੰਡੇ ਇੱਕ ਕਾਲਜ ਵਿੱਚ ਪੜ੍ਹਾਇਆ। ਫਿਰ ਆਪਣੇ ਵੱਡੇ ਵੀਰ ਦੀ ਹੱਲਾਸ਼ੇਰੀ ਨਾਲ ਦਿੱਲੀ ਜੇਆਰਐੱਫ ਦੀ ਤਿਆਰੀ ਲਈ ਪਹੁੰਚ ਗਿਆ। ਉੱਥੇ ਜਾ ਕੇ ਦਿਨ ਰਾਤ ਇੱਕ ਕੀਤਾ ਤੇ ਯੂਜੀਸੀ-ਸੀਐੱਸਆਈਆਰ ਦੀ ਪ੍ਰੀਖਿਆ ਵਿੱਚੋਂ ਕੌਮੀ ਪੱਧਰ ’ਤੇ 79ਵਾਂ ਰੈਂਕ ਲਿਆ। ਵਧੀਆ ਰੈਂਕ ਕਰ ਕੇ ਪੀਐੱਚਡੀ (ਮੈਥ) ਲਈ ਸਲਾਇਟ ਲੌਂਗੋਵਾਲ ਵਿੱਚ ਦਾਖਲਾ ਮਿਲ ਗਿਆ। ਤਨਖਾਹ ਜਿੰਨਾ ਵਜ਼ੀਫ਼ਾ ਮਿਲਣ ਲੱਗ ਪਿਆ।
... ਪਿੰਡਾਂ ਵਾਲੇ ਵਿਦਿਆਰਥੀ ਨਾਲਾਇਕ ਨਹੀਂ ਹੁੰਦੇ, ਬੱਸ ਮਜਬੂਰ ਹੁੰਦੇ ਹਨ। ਉਨ੍ਹਾਂ ਨੂੰ ਰਾਹ ਦਸੇਰੇ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ। ਵਾਰਿਸ ਸ਼ਾਹ ਦੀਆਂ ਇਹ ਸਤਰਾਂ ਅਕਸਰ ਜ਼ਿਹਨ ਵਿੱਚ ਆ ਜਾਂਦੀਆਂ ਹਨ:
ਬਾਝ ਮੁਰਸ਼ਦਾਂ ਰਾਹ ਨਾ ਹੱਥ ਆਉਂਦੇ,
ਦੁੱਧਾਂ ਬਾਝ ਨਾ ਰਿਝਦੀ ਖੀਰ ਮੀਆਂ।
ਸੰਪਰਕ: 95016-21144