ਨੋਬੇਲ ਸ਼ਾਂਤੀ ਇਨਾਮ ਜੇਤੂ ਮਾਰੀਆ ਕੋਰੀਨਾ ਮਸ਼ਾਡੋ
ਮਨੁੱਖੀ ਆਜ਼ਾਦੀ, ਸਮਾਨਤਾ ਅਤੇ ਹੱਕਾਂ ਨਾਲ ਜੁੜੇ ਸਰੋਕਾਰਾਂ ਲਈ ਜੂਝਣਾ ਸੰਗਰਾਮੀ ਯੋਧਿਆਂ ਲਈ ਹਮੇਸ਼ਾ ਚਣੌਤੀਆਂ ਭਰਭੂਰ ਰਿਹਾ ਹੈ। 1967 ਵਿੱਚ ਪੈਦਾ ਹੋਈ ਮਾਰੀਆ ਮਸ਼ਾਡੋ ਲਾਤੀਨੀ ਅਮਰੀਕਾ ਦੇ ਮੁਲਕ ਵੈਨੇਜ਼ੁਏਲਾ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਵਰ੍ਹਿਆਂ ਤੋਂ ਸੰਘਰਸ਼ ਕਰ ਰਹੀ ਹੈ। ਯੇਲ ਯੂਨੀਵਰਸਟੀ ਨਿਊ ਹੇਵਨ, ਅਮਰੀਕਾ ਤੋਂ ਉਚ ਸਿੱਖਿਆ ਪ੍ਰਾਪਤ ਮਾਰੀਆ ਵੈਨੇਜ਼ੁਏਲਾ ਦੀ ਹਕੂਮਤ ਵਿਰੁੱਧ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰ ਕੇ ਆਜ਼ਾਦ ਚੋਣਾਂ ਕਰਾ ਕੇ ਲੋਕ ਪ੍ਰਤੀਨਿਧ ਸਰਕਾਰ ਬਣਾਉਣ ਲਈ ਲੰਮੇ ਸਮੇਂ ਤੋਂ ਲੜ ਰਹੀ ਹੈ। ਉਹਨੇ ਦੇਸ਼ ਦੇ ਤਾਨਾਸ਼ਾਹ ਰਾਜ ਪ੍ਰਬੰਧ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਉਦੋਂ ਕੀਤਾ, ਜਦ 2024 ਵਿਚ ਉਹ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਵਿਰੁੱਧ ਲਿਬਰਲ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣ ਗਈ। ਹਕੂਮਤ ਨੇ ਉਸ ਦੇ ਉਮੀਦਵਾਰੀ ਦੇ ਕਾਗਜ਼ ਰੱਦ ਕਰਵਾ ਕੇ ਮਾਰੀਆ ਨਾਲ ਵਧੀਕੀ ਕੀਤੀ। ਲੋਕਤੰਤਰ ਨੂੰ ਬਚਾਉਣ ਲਈ ਉਹ ਪਿਛਲੇ 14 ਮਹੀਨਿਆਂ ਤੋਂ ਲੁਕ ਛਿਪ ਕੰਮ ਕਰ ਰਹੀ ਹੈ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜਾ ਖ਼ੁਦ ਨਸਲਵਾਦ ਨੂੰ ਹਵਾ ਦਿੰਦਾ ਰਿਹਾ ਅਤੇ ਦੁਨੀਆ ਦੇ ਵੱਖ-ਵੱਖ ਹਿਸਿਆਂ ਵਿੱਚ ਚਲ ਰਹੇ ਯੁੱਧ ਰੋਕਣ ਦਾ ਸਵੈ-ਹਾਸਲ ਦਰਸਾ ਕੇ ਸ਼ਾਂਤੀ ਪੁਰਸਕਾਰ ਲੈਣ ਲਈ ਰੌਲਾ ਪਾ ਰਿਹਾ ਸੀ, ਦਾ ਸੁਪਨਾ ਧਰਿਆ ਧਰਾਇਆ ਰਹਿ ਗਿਆ। ਖਾਹ-ਮਖਾਹ ਭਾਰਤ-ਪਾਕਿਸਤਾਨ ਯੁੱਧਬੰਦੀ ਦਾ ਸਿਹਰਾ, ਫਿਰ ਇਜ਼ਰਾਈਲ-ਗਾਜ਼ਾ ਘਮਸਾਨ ਦਾ ਨਿਬੇੜਾ ਅਤੇ ਯੂਕਰੇਨ-ਰੂਸ ਯੁੱਧ ਖਤਮ ਕਰਨ ਦਾ ਢੰਡੋਰਾ ਪਿਟਣ ਵਾਲਾ ਟਰੰਪ ਅਸਲ ਵਿੱਚ ਦੁਨੀਆ ਵਿੱਚ ਆਰਥਿਕ ਨੀਤੀਆਂ ਅਤੇ ਟੈਰਿਫ ਦਾ ਘਚੋਲਾ ਪਾ ਕੇ ਅਸ਼ਾਂਤੀ ਪੈਦਾ ਕਰ ਰਿਹਾ ਹੈ। ਰੂਸ ਨੇ ਵੀ ਭਾਵੇਂ ਟਰੰਪ ਦੀ ਸ਼ਾਂਤੀ ਇਨਾਮ ਲਈ ਨਾਮਜ਼ਦਗੀ ਦੀ ਹਮਾਇਤ ਕੀਤੀ ਪਰ ਇੱਕ ਹਜ਼ਾਰਾਂ ਫ਼ਲਸਤੀਨੀਆਂ ਦਾ ਡੁੱਲ੍ਹਿਆ ਖੂਨ ਅਤੇ ਯੂਕਰੇਨ ਦੀਆਂ ਬਹਾਦਰ ਸ਼ਹੀਦ ਔਰਤਾਂ ਤੇ ਬੱਚਿਆਂ ਦੀਆਂ ਰੂਹਾਂ ਅਮਰੀਕਾ ਨੂੰ ਫਿਟਕਾਰ ਰਹੀਆਂ ਹਨ। ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕ ਪੱਖੀ ਤਾਕਤਾਂ ਅਤੇ ਅਮਨ ਨੂੰ ਤਕੜਾ ਕਰਨ ਦੀ ਥਾਂ ਟਰੰਪ ਆਪਣੇ ਸਵਾਰਥਾਂ ਦੀ ਪੂਰਤੀ ਲਈ ਪਾਕਿਸਤਾਨ ਵਰਗੀਆਂ ਗੈਰ-ਜਮਹੂਰੀ ਸਰਕਾਰਾਂ ਦੇ ਫੌਜੀ ਅਫਸਰਾਂ ਨੂੰ ਨਿਓਤਾ ਦੇ ਕੇ ਆਪਣੇ ਰਵਾਇਤੀ ਤੇ ਇਤਿਹਾਸਕ ਲੋਕਤੰਤਰ ਨੂੰ ਲੋਕ ਮਨਾਂ ਤੋਂ ਦੂਰ ਲਿਜਾਣ ਵਲ ਕਦਮ ਚੁੱਕ ਰਿਹਾ ਹੈ।
10 ਅਕਤੂਬਰ ਨੂੰ ਨੌਰਵੇਜੀਅਨ ਨੋਬੇਲ ਇੰਸਟੀਚਿਊਟ ਦੇ ਐਲਾਨ ਮੁਤਾਬਿਕ, ਲੋਕਤੰਤਰ ਨੂੰ ਜਿਊਂਦਾ ਰੱਖਣ ਅਤੇ ਮਾਨਵੀ ਅਧਿਕਾਰਾਂ ਨੂੰ ਬਚਾਉਣ ਲਈ ਜਿੰਦ ਜਾਨ ਲਗਾਉਣ ਵਾਲੀ ਮਾਰੀਆ ਕੋਰੀਨਾ ਮਸ਼ਾਡੋ ਨੋਬੇਲ ਸ਼ਾਂਤੀ ਇਨਾਮ ਦੇ ਇਤਿਹਾਸ ਵਿੱਚ ਵੀਹਵੀਂ ਔਰਤ ਬਣ ਗਈ ਹੈ। ਐਲਾਨ ਤੋਂ ਪਹਿਲਾਂ ਜਦ ਕਮੇਟੀ ਨੇ ਮਾਰੀਆ ਨੂੰ ਦੱਸਿਆ ਤਾਂ ਉਹ ਭਾਵੁਕ ਹੋ ਕੇ ਬੋਲੀ, “ਅਸੀਂ ਜਾਨ ਵਾਰ ਕੇ ਵੀ ਲੋਕਤੰਤਰ ਦੇ ਸੂਰਜ ਨੂੰ ਡੁੱਬਣ ਨਹੀਂ ਦਿਆਂਗੇ।” ਕਮੇਟੀ ਨੇ ਲਿਖਿਆ ਹੈ, “ਮਾਰੀਆ ਦੀ ਆਪਣੇ ਮੁਲਕ ਵੈਨੇਜ਼ੁਏਲਾ ਦੀ ਗੈਰ-ਪ੍ਰਤੀਨਿਧ ਸਰਕਾਰ ਵਿਰੁੱਧ ਲੰਮੇ ਸਮੇਂ ਤੋਂ ਚਲਾਏ ਜਾ ਰਹੇ ਸੰਘਰਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਵਿੱਢੇ ਘੋਲ ਵਿਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਨਾ ਬਣਦੀ ਹੈ।”
ਦੋ ਸਾਲ ਪਹਿਲਾਂ ਇਰਾਨ ਦੀ ਨਰਗਿਸੀ ਮੁਹੰਮਦੀ ਨੂੰ ਜੇਲ੍ਹ ਵਿੱਚ ਬੈਠੀ ਨੂੰ ਨੋਬੇਲ ਸ਼ਾਂਤੀ ਇਨਾਮ ਦਿੱਤਾ ਗਿਆ ਸੀ। ਇਰਾਨ ਦੀ ਮਜ਼ਹਬੀ ਕਟੜਪੰਥੀ ਸਰਕਾਰ ਨੇ ਇੰਜਨੀਅਰ ਅਤੇ ਭੌਤਿਕ ਵਿਗਿਆਨੀ ਨਰਗਿਸ ਮੁਹੰਮਦੀ ਨੂੰ 31 ਸਾਲਾਂ ਤੋਂ 13 ਵਾਰ ਨਜ਼ਰਬੰਦ ਕਰ ਕੇ ਅਤੇ 154 ਕੋਰੜੇ ਮਾਰ ਕੇ ਜੇਲ੍ਹ ਵਿਚ ਸੁੱਟਿਆ ਗਿਆ। ਜਦ ਉਸ ਲਈ ਨੋਬੇਲ ਸ਼ਾਂਤੀ ਇਨਾਮ ਦਾ ਐਲਾਨ ਕੀਤਾ ਗਿਆ ਤਾਂ ਪੂਰੀ ਦੁਨੀਆ ਵਿਚ ਮਾਨਵੀ ਹੱਕਾਂ ’ਤੇ ਪਹਿਰਾ ਦੇਣ ਵਾਲਿਆਂ ਦੇ ਹੌਸਲੇ ਬੁਲੰਦ ਹੋਏ ਸਨ। ਔਰਤਾਂ ’ਤੇ ਹੋ ਰਹੇ ਤਸ਼ੱਦਦ, ਮਾਨਵੀ ਅਧਿਕਾਰਾਂ ਅਤੇ ਆਜ਼ਾਦੀ ਲਈ ਜੂਝਣ ਵਾਲੀ ਨਰਗਸੀ ਹੁਣ ਵੀ ਤਹਿਰਾਨ ਜੇਲ੍ਹ ਵਿੱਚ ਬੰਦ ਹੈ। 2023 ਵਿਚ ਨੌਰਵੇਜੀਅਨ ਨੋਬੇਲ ਕਮੇਟੀ ਨੇ ਲਿਖਿਆ ਸੀ, “ਮਾਨਵੀ ਹੱਕਾਂ ਲਈ ਵਿੱਢੀ ਲੰਮੀ ਜਦੋ-ਜਹਿਦ ਵਿਚ ਨਰਗਿਸ ਨੂੰ ਬਹੁਤ ਕੁਝ ਗੁਆਉਣਾ ਪਿਆ ਹੈ। ਇਸ ਸਨਮਾਨ ਨਾਲ ਅਸੀਂ ਵਿਸ਼ਵ ਦੇ ਉਨ੍ਹਾਂ ਹਨੇਰੇ ਖੱਲਾਂ-ਖੂੰਜਿਆਂ ’ਚ ਵੀ ਸੁਨੇਹਾ ਭੇਜਣਾ ਚਹੁੰਦੇ ਹਾਂ ਜਿੱਥੇ ਔਰਤਾਂ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਮੁਢਲੇ ਮਾਨਵੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।”
ਇੱਕੀਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਇਹੋ ਜਿਹਾ ਅਮਾਨਵੀ ਵਰਤਾਰਾ ਉਥੋਂ ਦੇ ਨਿਜ਼ਾਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਹੈ। ਜਿਸ ਵੀ ਖਿੱਤੇ ਵਿਚ ਤਾਨਾਸ਼ਾਹ ਸਰਕਾਰਾਂ ਜਾਂ ਸਮਾਜ ਵੱਲੋਂ ਇਸ ਤਰ੍ਹਾਂ ਦਾ ਡਰੈੱਸ ਕੋਡ ਜਾਂ ਸਮਾਜਿਕ ਜਿਊਣਾ ਤੈਅ ਕੀਤਾ ਜਾਵੇਗਾ, ਉਥੇ ਮਾਰੀਆ ਅਤੇ ਨਰਗਿਸ ਮੁਹੰਮਦੀ ਵਰਗੀਆਂ ਬੇਖ਼ੌਫ਼ ਅਤੇ ਬਹਾਦਰ ਔਰਤਾਂ ਦਾ ਪੈਦਾ ਹੋਣਾ ਲਾਜ਼ਮੀ ਹੈ। ਇਨ੍ਹਾਂ ਦੋਹਾਂ ਦੀ ਲੋਕਤੰਤਰ ਅਤੇ ਮਾਨਵੀ ਅਧਿਕਾਰਾਂ ਲਈ ਵਿੱਢੀ ਦਲੇਰਾਨਾ ਜਦੋ-ਜਹਿਦ ਯਾਦ ਰੱਖੀ ਜਾਵੇਗੀ।
ਸੰਪਰਕ: 98140-67632