ਨੋ ਫਾਇਰਿੰਗ...
ਭਾਰਤ ਪਾਕਿਸਤਾਨ ਦੀ 1971 ਵਾਲੀ ਜੰਗ ਵੇਲੇ ਇੱਕ ਗੋਲਾ ਮਨਜੀਤ ਦੇ ਪਿੰਡ ਨੇੜੇ ਖੇਤਾਂ ਵਿੱਚ ਡਿੱਗਿਆ ਸੀ। ਬੰਬ ਜਿੱਥੇ ਡਿੱਗਿਆ, ਉੱਥੇ ਡੂੰਘੇ ਖੂਹ ਜਿੰਨਾ ਟੋਇਆ ਪੁੱਟਿਆ ਗਿਆ ਸੀ। ਉਹ ਖੇਤਾਂ ਵਿੱਚ ਗੋਲਾ ਡਿੱਗਣ ਵਾਲੀ ਥਾਂ ਦੇਖਣ ਗਿਆ ਤਾਂ ਉਸ ਦਾ ਖ਼ੂਨ ਖੌਲ ਉਠਿਆ। ਉਹਨੇ ਫ਼ੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ।
ਦੋਹਾਂ ਦੇਸ਼ਾਂ ਦੀ ਜੰਗ ਖ਼ਤਮ ਹੁੰਦਿਆਂ ਉਹ ਫੌਜ ਵਿੱਚ ਭਰਤੀ ਹੋਣ ਲਈ ਜਾ ਖੜ੍ਹਿਆ। ਐੱਮਏ ਪਾਸ ਮਨਜੀਤ ਡੀਲ-ਡੌਲ ਪੱਖੋਂ ਵੀ ਤਕੜਾ ਸੀ। ਉਹ ਪੜਾਅ ਅਨੁਸਾਰ ਲਿਖਤੀ ਟੈਸਟ, ਇੰਟਰਵਿਊ ਅਤੇ ਸਰੀਰਕ ਟੈਸਟ ਪਾਸ ਕਰ ਕੇ ਸੈਕਿੰਡ ਲੈਫਟੀਨੈਂਟ ਭਰਤੀ ਹੋ ਗਿਆ। ਉਹਨੇ ਫ਼ੌਜ ਵਿੱਚ ਦੱਬ ਕੇ ਮਿਹਨਤ ਕੀਤੀ। ਬਾਅਦ ਵਿੱਚ ਉਹ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਬਣਿਆ। ਤਰੱਕੀ ਉਹਦਾ ਰਾਹ ਜਿਵੇਂ ਖੜ੍ਹ ਕੇ ਉਡੀਕਦੀ ਹੋਵੇ! ਉਹਦੇ ਕੈਪਟਨ ਬਣਨ ਤੋਂ ਬਾਅਦ ਮੇਜਰ ਤੱਕ ਉੱਪਰੋਥਲੀ ਫੀਤੀਆਂ ਲੱਗੀਆਂ। ਰਿਟਾਇਰ ਹੋਣ ਤੋਂ ਪਹਿਲਾਂ ਉਹ ਕਰਨਲ ਦੇ ਅਹੁਦੇ ਉੱਤੇ ਪੁੱਜ ਗਿਆ ਸੀ। ਹੁਣ ਉਹ ਕਰਨਲ ਮਨਜੀਤ ਸਿੰਘ ਢਿੱਲੋਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ।
ਸੁਭਾਅ ਪੱਖੋਂ ਉਹ ਬਚਪਨ ਤੋਂ ਹੀ ਦਿਆਲੂ ਸੀ। ਸੇਵਾ ਮੁਕਤੀ ਤੋਂ ਬਾਅਦ ਵੀ ਉਸ ਦੇ ਖਾਤੇ ਵਿੱਚ ਲੱਖ ਰੁਪਿਆ ਵੀ ਨਹੀਂ ਜੁੜਿਆ। ਔਖੇ ਸੌਖੇ ਵੇਲੇ ਲਈ ਐੱਫਡੀ ਜ਼ਰੂਰ ਕਰਵਾਇਆ ਹੋਇਆ ਹੈ; ਉਹ ਵੀ ਕਰੋੜਾਂ ਨਹੀਂ, ਲੱਖਾਂ ਵਿੱਚ। ਛੋਟੇ ਹੁੰਦਿਆਂ ਇੱਕ ਵਾਰ ਜਦੋਂ ਉਹ ਸਕੂਲ ਤੋਂ ਪੜ੍ਹ ਕੇ ਆਇਆ ਤਾਂ ਘਰ ਦੇ ਦਰਵਾਜ਼ੇ ’ਤੇ ਭਿਖਾਰਨ ਰੋਟੀ ਮੰਗ ਰਹੀ ਸੀ। ਅੰਦਰੋਂ ਮਾਂ ਨੇ ਨਾਂਹ ਕਰ ਦਿੱਤੀ। ਉਹਨੇ ਮੰਗਤੀ ਦੇ ਸਾਹਮਣੇ ਹੀ ਭੁੱਖ ਨਾ ਹੋਣ ਦਾ ਬਹਾਨਾ ਲਾ ਕੇ ਰੋਟੀ ਉਹਦੇ ਭਾਂਡੇ ਵਿੱਚ ਪਵਾ ਦਿੱਤੀ ਸੀ। ਉਸ ਦੇ ਘਰ ਸਫ਼ਾਈ ਅਤੇ ਬਰਤਨਾਂ ਲਈ ਕੰਮ ਕਰਨ ਵਾਲੀ ਦਿਨ ਵਿੱਚ ਦੋ ਵਾਰ ਆਉਂਦੀ ਹੈ। ਉਸ ਨੇ ਨਵੇਂ ਚੰਡੀਗੜ੍ਹ ਵਾਲੇ ਪਾਸੇ ਦੋ ਮਰਲੇ ਦਾ ਪਲਾਟ ਲਿਆ ਹੋਇਆ ਹੈ ਪਰ ਛੱਤਣ ਲਈ ਪੈਸੇ ਨਹੀਂ ਹਨ। ਕਰਨਲ ਨੇ ਆਪਣੇ ਖਾਤੇ ਵਿੱਚੋਂ ਆਖ਼ਿਰੀ ਤਿੰਨ ਲੱਖ ਰੁਪਏ ਕਢਾ ਕੇ ਉਸ ਔਰਤ ਦੇ ਹੱਥ ’ਤੇ ਧਰ ਦਿੱਤੇ, ਨਾਲ ਹੀ ਵਾਪਸ ਨਾ ਕਰਨ ਦੀ ਚਿੰਤਾ ਤੋਂ ਵੀ ਸੁਰਖਰੂ ਕਰ ਦਿੱਤਾ।
ਫੌਜ ਵਿੱਚ ਹੁੰਦਿਆਂ ਉਹ ਭਾਰਤੀ ਨਹੀਂ ਸਗੋਂ ਪਾਕਿਸਤਾਨ ਦੇ ਫ਼ੌਜੀਆਂ ਵਿੱਚ ਹਰਮਨ ਪਿਆਰਾ ਸੀ। ਉਸ ਦੀ ਆਖ਼ਿਰੀ ਪੋਸਟਿੰਗ ਛੰਭ ਜੌੜੀਆਂ ਦੀ ਸੀ। ਛੰਭ ਜੌੜੀਆਂ ਬਾਰਡਰ ’ਤੇ ਦੋਹਾਂ ਮੁਲਕਾਂ ਵਿੱਚ ਕੋਈ ਕੰਡਿਆਲੀ ਤਾਰ ਜਾਂ ਦੀਵਾਰ ਨਹੀਂ ਹੈ; ਬਸ ਸਾਦਾ ਲਕੀਰ ਦੋਹਾਂ ਮੁਲਕਾਂ ਨੂੰ ਵੰਡਦੀ ਹੈ। ਇੱਥੇ ਦੋ ਏਕੜ ਏਰੀਏ ਨੂੰ ਲੈ ਕੇ ਪਾਕਿਸਤਾਨ ਤੇ ਭਾਰਤ ਦਰਮਿਆਨ ਦਹਾਕਿਆਂ ਤੋਂ ਤਲਖ਼ੀ ਚਲੀ ਆ ਰਹੀ ਹੈ। ਭਾਰਤੀ ਫੌਜ ਨੇ ਇਸ ਜ਼ਮੀਨ ਤੋਂ ਥੋੜ੍ਹਾ ਹਟ ਕੇ ਬੈਰਕਾਂ ਬਣਾਈਆਂ ਹੋਈਆਂ ਹਨ। ਛੰਭ ਜੌੜੀਆਂ ਬਾਰਡਰ ਨੇੜੇ ਪੈਂਦੇ ਭਾਰਤ ਤੇ ਪਾਕਿਸਤਾਨ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਇੱਥੇ ਆਪਣੇ ਪਸ਼ੂ ਚਰਾਉਣ ਆਉਂਦੇ ਹਨ। ਇੱਕ ਦਿਨ ਕਿਸੇ ਪਾਕਿਸਤਾਨੀ ਮਹਿਲਾ ਚਰਵਾਹੇ ਦੀਆਂ ਪਾਕਿਸਤਾਨ ਵਾਲੇ ਪਾਸੇ ਛੱਡੀਆਂ ਮੱਝਾਂ ਭਾਰਤ ਵਾਲੇ ਪਾਸੇ ਆ ਗਈਆਂ। ਆਮ ਕਰ ਕੇ ਜਦੋਂ ਪਾਕਿਸਤਾਨ ਦੀਆਂ ਮੱਝਾਂ ਸਰਹੱਦ ਪਾਰ ਕਰ ਕੇ ਭਾਰਤ ਵਾਲੇ ਪਾਸੇ ਆ ਵੜਨ ਤਾਂ ਉਨ੍ਹਾਂ ਨੂੰ ਸਬੰਧਿਤ ਐੱਸਡੀਐੱਮ ਹਵਾਲੇ ਕਰ ਦਿੱਤਾ ਜਾਂਦਾ ਹੈ। ਐੱਸਡੀਐੱਮ ਇਹ ਮੱਝਾਂ ਆਸ ਪਾਸ ਦੇ ਪਿੰਡਾਂ ਦੇ ਲੋੜਵੰਦਾਂ ਨੂੰ ਵੰਡ ਦਿੰਦਾ ਹੈ ਪਰ ਮਨਜੀਤ ਨੇ ਇਸ ਵਾਰ ਮੱਝਾਂ ਪਾਕਿਸਤਾਨੀ ਫੌਜ ਨੂੰ ਵਾਪਸ ਮੋੜ ਦਿੱਤੀਆਂ।
ਇੱਕ ਰਾਤ ਭਾਰਤੀ ਫ਼ੌਜ ਨੂੰ ਸੂਹ ਮਿਲੀ ਕਿ ਪਾਕਿਸਤਾਨੀ ਫੌਜ ਹਮਲਾ ਕਰਨ ਦੀ ਤਿਆਰੀ ਵਿੱਚ ਹੈ। ਕਰਨਲ ਮਨਜੀਤ ਆਪਣੀ ਟੁਕੜੀ ਲੈ ਕੇ ਗਸ਼ਤ ਉੱਤੇ ਨਿਕਲ ਗਿਆ। ਉਨ੍ਹਾਂ ਨੇ ਅਜੇ ਵਿਵਾਦ ਵਾਲੀ ਦੋ ਏਕੜ ਜ਼ਮੀਨ ਦੇ ਪਰਲੇ ਸਿਰੇ ਉੱਤੇ ਪੈਰ ਹੀ ਧਰਿਆ ਸੀ ਕਿ ਪਾਕਿਸਤਾਨੀ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਮਿਲ ਗਿਆ ਪਰ ਕਰਨਲ ਮਨਜੀਤ ਨੂੰ ਦੇਖਦਿਆਂ ਬੰਦੂਕਾਂ ਦਾ ਮੂੰਹ ਹੇਠਾਂ ਹੋ ਗਿਆ। ਇਸ ਤੋਂ ਪਹਿਲਾਂ ‘ਨੋ ਫਾਇਰਿੰਗ’ ਦੀ ਆਵਾਜ਼ ਗੂੰਜਦੀ ਹੈ; ਪਾਕਿਸਤਾਨੀ ਫ਼ੌਜ ਦੇ ਸੀਈਓ ਨੇ ਕਰਨਲ ਮਨਜੀਤ ਨੂੰ ਸਲੂਟ ਮਾਰਿਆ ਅਤੇ ਨਾਲ ਹੀ ਮੱਝਾਂ ਮੋੜਨ ਵਾਸਤੇ ਧੰਨਵਾਦ ਕੀਤਾ।
ਮਨਜੀਤ ਸਿੰਘ ਢਿੱਲੋਂ ਚੰਡੀਗੜ੍ਹ ਵਿਚਲੇ ਆਪਣੇ ਸੈਕਟਰ ਦੇ ਪਾਰਕ ਵਿੱਚ ਸੀਨੀਅਰ ਸਿਟੀਜ਼ਨ ਦੀ ਜੁੰਡਲੀ ਦੀ ਰੌਣਕ ਹੈ। ਉਸ ਦੀਆਂ ਗੱਲਾਂ ਪੂਰੀ ਜੁੰਡਲੀ ਦਿਲਚਸਪੀ ਨਾਲ ਸੁਣਦੀ ਹੈ। ਕਰਨਲ ਮਨਜੀਤ ਦੱਸਦਾ ਹੈ ਕਿ ਉਹ ਦਿਨ-ਤਿਉਹਾਰ ਵੇਲੇ ਪਾਕਿਸਤਾਨੀ ਫ਼ੌਜ ਨੂੰ ਤੋਹਫ਼ੇ ਦੇ ਦਿਆ ਕਰਦਾ ਸੀ। ਹੋਰ ਕਈ ਫ਼ੌਜੀ ਅਫਸਰ ਵੀ ਅਮਨ ਵੇਲੇ ਆਪਸ ਵਿੱਚ ਤੋਹਫਿਆਂ ਦਾ ਦੇਣ-ਲੈਣ ਕਰਦੇ ਹਨ। ਉਸ ਦੀ ਆਪਣੀ ਰੈਜੀਮੈਂਟ ਵਿੱਚੋਂ ਇੱਕ ਵਾਰ ਕਿਸੇ ਜਵਾਨ ਦੇ ਪੈਸੇ ਚੋਰੀ ਹੋ ਗਏ। ਫ਼ੌਜੀ ਚੋਰ ਫੜਿਆ ਗਿਆ। ਰੈਜੀਮੈਂਟ ਦੇ ਸੀਈਓ ਨੇ ਫੌਜੀ ਦੇ ਪਿੱਠੂ ਲਾ ਕੇ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਦੇ ਦਿੱਤੇ ਪਰ ਕਰਨਲ ਢਿੱਲੋਂ ਨੇ ਵਿਚਾਲੇ ਪੈ ਕੇ ਚੋਰੀ ਹੋਏ ਪੈਸੇ ਨਾਲੋਂ ਦੁਗਣੀ ਰਕਮ ਗੁਰਦੁਆਰੇ ਚੜ੍ਹਾਉਣ ਦੀ ਸਜ਼ਾ ਲਾ ਕੇ ਉਸ ਨੂੰ ਮੁਆਫ਼ੀ ਦਿਵਾ ਦਿੱਤੀ। ਹੋਰ ਵੀ ਕਈ ਮਾਮਲੇ ਅਜਿਹੇ ਸਨ ਜਿੱਥੇ ਉਸ ਨੇ ਜਵਾਨਾਂ ਦੀ ਨੌਕਰੀ ਬਚਾਈ। ਉਹ ਕਹਿੰਦਾ ਹੈ- ਕਿਸੇ ਦੀ ਨੌਕਰੀ ਚਲੀ ਜਾਵੇ, ਇਹ ਉਸ ਤੋਂ ਜਰਿਆ ਨਹੀਂ ਸੀ ਜਾਣਾ।...
ਉਸ ਨੂੰ ਝੋਰਾ ਹੈ ਕਿ ਜ਼ਿਆਦਾ ਕਰ ਕੇ ਹਾਕਮ ਦੋਹਾਂ ਮੁਲਕਾਂ ਦੀਆਂ ਫੌਜਾਂ ਨੂੰ ਲੜਾ ਕੇ ਸਿਆਸਤ ਖੇਡਦੇ ਹਨ। ਉਹ ਕਹਿੰਦਾ ਹੈ ਕਿ ਹਾਕਮ ਦੁਸ਼ਮਣੀ ਦੀ ਥਾਂ ਮਿੱਤਰਤਾ ਜਾਂ ਮੁਆਫ਼ੀ ਦੇਣੀ ਸਿੱਖ ਲੈਣ ਤਾਂ ਨਾ ਯੂਕਰੇਨ ਤੇ ਨਾ ਰੂਸ ਬਲਦੀ ਅੱਗ ਵਿੱਚ ਝੋਕੇ ਜਾਂਦੇ ਅਤੇ ਨਾ ਹੀ ਇਰਾਨ ਤੇ ਫ਼ਲਸਤੀਨ ਅੱਗ ਦੀ ਲਾਟ ਵਿੱਚ ਹੱਥ ਦਿੰਦੇ। ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਨੇ ਧਰਤੀ ਤਾਂ ਵੰਡ ਦਿੱਤੀ ਹੈ ਪਰ ਲੋਕਾਂ ਦੇ ਸੱਭਿਆਚਾਰ, ਹਵਾ, ਪਿਆਰ, ਦੁਆਵਾਂ ਵਿੱਚ ਵੰਡੀਆਂ ਨਹੀਂ ਪਾ ਸਕੇ; ਨਾ ਹੀ ਇਸ ਵੇਲੇ ਸਰਹੱਦ ਦੇ ਦੋਵੇਂ ਪਾਸੇ ਖੜ੍ਹੇ ਫ਼ੌਜੀਆਂ ਦੀਆਂ ਗਲਵੱਕੜੀਆਂ ਢਿੱਲੀਆਂ ਪਈਆਂ ਹਨ।
ਸੰਪਰਕ: 98147-34035