ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਕਾਰ ਹੋਇਆ ਨੰਦ ਕਿਸ਼ੋਰ

ਪੂਨਮ ਘਰ ਦੇ ਕੰਮ ਵਿੱਚ ਮਦਦ ਲਈ ਆਉਂਦੀ ਹੈ। ਉਸ ਦਾ ਪਹਿਰਾਵਾ ਅਤੇ ਦਿੱਖ ਵੇਖ ਕੇ ਇਹ ਅੰਦਾਜ਼ਾ ਲਾਉਣਾ ਕਠਿਨ ਹੈ ਕਿ ਉਹ ਪੰਜਾਬ ਦੀ ਮੂਲ ਵਾਸੀ ਹੈ ਜਾਂ ਫਿਰ ਕਿਸੇ ਹੋਰ ਸੂਬੇ ਤੋਂ ਪਰਵਾਸ ਕਰਕੇ ਪੰਜਾਬ ਆਈ ਹੈ। ਹਾਂ,...
Advertisement

ਪੂਨਮ ਘਰ ਦੇ ਕੰਮ ਵਿੱਚ ਮਦਦ ਲਈ ਆਉਂਦੀ ਹੈ। ਉਸ ਦਾ ਪਹਿਰਾਵਾ ਅਤੇ ਦਿੱਖ ਵੇਖ ਕੇ ਇਹ ਅੰਦਾਜ਼ਾ ਲਾਉਣਾ ਕਠਿਨ ਹੈ ਕਿ ਉਹ ਪੰਜਾਬ ਦੀ ਮੂਲ ਵਾਸੀ ਹੈ ਜਾਂ ਫਿਰ ਕਿਸੇ ਹੋਰ ਸੂਬੇ ਤੋਂ ਪਰਵਾਸ ਕਰਕੇ ਪੰਜਾਬ ਆਈ ਹੈ। ਹਾਂ, ਉਸ ਦੇ ਬੋਲਦੇ ਵਕਤ ਕੁਝ ਕੁਝ ਭੁਲੇਖਾ ਜਿਹਾ ਪੈਂਦਾ ਹੈ ਕਿ ਪੂਰੀ ਸ਼ੁੱਧਤਾ ਨਾਲ ਉਹ ਪੰਜਾਬੀ ਨਹੀਂ ਬੋਲਦੀ। ਇਹ ਵੀ ਸੱਚ ਹੈ ਕਿ ਸਾਡੇ ਆਪਣੇ ਪੰਜਾਬ ਦੇ ਬਹੁਤ ਸਾਰੇ ਮੂਲ ਬਾਸ਼ਿੰਦੇ ਵੀ ਇਸੇ ਤਰ੍ਹਾਂ ਦੀ ਪੰਜਾਬੀ ਬੋਲਦੇ ਹਨ। ਪਿਛਲੀ ਮਰਦਮਸ਼ੁਮਾਰੀ ਵੇਲੇ ਤਾਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕੁਝ ਪੰਜਾਬੀਆਂ ਨੇ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ।

ਖ਼ੈਰ, ਗੱਲ ਪੂਨਮ ਦੀ ਕਰ ਰਹੇ ਸਾਂ। ਉਸ ਨੇ ਅੱਜ ਬੜੇ ਮਾਣ ਨਾਲ ਦੱਸਿਆ, ‘‘ਅੰਕਲ, ਅੱਜ ਮੇਰੇ ਛੋਟੇ ਦਾ ਇਮਤਿਹਾਨ ਸੀ। ਉਹ ਵਾਅਦਾ ਕਰਕੇ ਗਿਆ ਹੈ ਕਿ ਉਸ ਨੇ ਅੱਜ ਵਾਲੇ ਇਮਤਿਹਾਨ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਹੈ।’’ ‘‘ਵਾਹ, ਚੰਗੀ ਗੱਲ ਹੈ। ਤੇਰਾ ਪੁੱਤਰ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ, ਉਸ ਦਾ ਕਾਹਦਾ ਪੇਪਰ ਸੀ?’’ ਮੈਂ ਉਸ ਦੀ ਗੱਲ ਨੂੰ ਵਿਚਾਲਿਉਂ ਟੋਕ ਕੇ ਆਖਿਆ। ‘‘’ਉਹਦਾ ਪੰਜਾਬੀ ਦਾ ਪੇਪਰ ਹੈ ਅੱਜ। ਉਹ ਦੱਸਦਾ ਸੀ ਕਿ ਜਿਹੜਾ ਫਸਟ ਆਊਗਾ, ਉਸ ਨੂੰ ਵਾਹਵਾ ਸਾਰਾ ਇਨਾਮ ਮਿਲੇਗਾ। ਇਨਾਮ ਜਿੱਤ ਕੇ ਉਸ ਨੇ ਸਾਈਕਲ ਲੈਣਾ ਹੈ। ਉਹ ਕਹਿੰਦਾ ਸੀ, ਮੇਰੀ ਪੰਜਾਬੀ ਸਾਰਿਆਂ ਤੋਂ ਵਧੀਆ ਹੈ। ਮੈਂ ਫਸਟ ਆ ਹੀ ਜਾਣਾ ਹੈ।’’ ਮੈਨੂੰ ਯਾਦ ਆਇਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ ਪੰਜਾਬੀ ਭਾਸ਼ਾ ਦਾ ਓਲੰਪਿਆਡ ਕਰਵਾਉਣਾ ਹੈ। ਇਸ ਵਿੱਚ ਪਹਿਲੇ ਸਥਾਨਾਂ ’ਤੇ ਰਹਿਣ ਵਾਲਿਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕਰਨਾ ਹੋਵੇਗਾ। ‘‘ਇਹਦਾ ਮਤਲਬ ਉਹ ਪੰਜਾਬੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਹੈ।’’ ‘‘ਹਾਂ ਜੀ। ਉਹ ਤਾਂ ਬੋਲਦਾ ਹੀ ਪੰਜਾਬੀ ਹੈ। ਦੂਜੇ ਦੋਵੇਂ ਵੀ ਪੰਜਾਬੀ ਹੀ ਬੋਲਦੇ ਹਨ। ਅਸੀਂ ਵੀ ਘਰੇ ਸਾਰੇ ਪੰਜਾਬੀ ਹੀ ਬੋਲਦੇ ਹਾਂ।’’ ‘‘ਭੋਜਪੁਰੀ ਨ੍ਹੀਂ ਬੋਲਦੇ ਘਰੇ।’’ ਮੈਂ ਸੋਚਿਆ ਕਿ ਇਨ੍ਹਾਂ ਦਾ ਪਿਛੋਕੜ ਬਿਹਾਰ ਤੋਂ ਹੈ ਤੇ ਘਰੇ ਇਹ ਭੋਜਪੁਰੀ ਬੋਲਦੇ ਹੋਣਗੇ। ‘‘ਨਹੀਂ ਅੰਕਲ, ਭੋਜਪੁਰੀ ਨ੍ਹੀਂ। ਜਦੋਂ ਪਿੰਡ ਜਾਈਏ ਜਾਂ ਪਿੰਡੋਂ ਕੋਈ ਆਵੇ ਤਾਂ ਅਸੀਂ ਹਿੰਦੀ ਬੋਲਦੇ ਹਾਂ। ਅਸੀਂ ਬਿਹਾਰ ਤੋਂ ਨ੍ਹੀਂ, ਯੂ.ਪੀ. ਤੋਂ ਹਾਂ। ਸਾਡੇ ਉਧਰ ਹਿੰਦੀ ਬੋਲਦੇ ਆ। ਪਰ ਬੱਚੇ ਤਾਂ ਪੰਜਾਬੀ ਹੀ ਬੋਲਦੇ ਆ, ਪੰਜਾਬੀ ਦੀ ਪੜ੍ਹਾਈ ਹੀ ਕਰਦੇ ਨੇ।’’ ਕੰਮ ਕਰਦਿਆਂ ਕਰਦਿਆਂ ਪੂਨਮ ਨੇ ਇਹ ਆਖ ਕੇ ਮੈਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ।

Advertisement

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਰਕਾਰੀ ਸਿੱਖਿਆ ਪੂਰੀ ਤਰ੍ਹਾਂ ਡਾਵਾਂ-ਡੋਲ ਸਥਿਤੀ ਵਿੱਚ ਹੈ। ਇਸੇ ਕਰਕੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਕਿਤੇ ਬਿਹਤਰ ਸਥਿਤੀ ਵਿੱਚ ਹਨ। ਪ੍ਰਾਈਵੇਟ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦੇਣ ਦੀ ਵਿਵਸਥਾ ਹੈ। ਮਾਤ ਭਾਸ਼ਾ ਪੰਜਾਬੀ ਇੱਥੇ ਕੇਵਲ ਵਿਚਾਰੀਆਂ ਵਾਂਗ ਪੜ੍ਹਾਈ ਜਾਂਦੀ ਹੈ। ਸਾਡੇ ਵਰਗੇ ਕਹਿੰਦੇ ਕਹਾਉਂਦੇ ਪੰਜਾਬੀ ਦੇ ਅਲੰਬਰਦਾਰਾਂ ਦੇ ਆਪਣੇ ਬੱਚੇ ‘ਅੰਗਰੇਜ਼ੀ ਸਕੂਲਾਂ’ ਵਿੱਚ ਪੜ੍ਹਦੇ ਹਨ। ਇਨ੍ਹਾਂ ਅੰਗਰੇਜ਼ੀ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪੰਜਾਬੀ ਬੋਲਣ ’ਤੇ ਪੂਰੀ ਤਰ੍ਹਾਂ ਪਾਬੰਦੀ ਆਇਦ ਕੀਤੀ ਹੋਈ ਹੈ। ਜਦੋਂ ਮੈਂ ਆਪ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸਾਂ ਤਾਂ ਇਹ ਅੰਦਾਜ਼ਾ ਲਾਇਆ ਸੀ ਕਿ ਸਕੂਲ ਵਿੱਚ ਬਹੁਤੀਆਂ ਲੜਕੀਆਂ ਦਾ ਪਰਿਵਾਰਕ ਪਿਛੋਕੜ ਯੂ.ਪੀ., ਬਿਹਾਰ ਆਦਿ ਸੂਬਿਆਂ ਦਾ ਸੀ। ਇਨ੍ਹਾਂ ਲੜਕੀਆਂ ਦੀ ਮਾਤ ਭਾਸ਼ਾ ਪੰਜਾਬੀ ਲਿਖੀ ਜਾਂਦੀ ਸੀ ਅਤੇ ਇਹ ਪੰਜਾਬੀ ਨੂੰ ਹੀ ਪਹਿਲੀ ਭਾਸ਼ਾ ਦੇ ਤੌਰ ’ਤੇ ਪੜ੍ਹਦੀਆਂ ਸਨ। ਦੋ ਲੜਕੀਆਂ ਪੰਜਾਬੀ ਵਿੱਚ ਲਿਖਦੀਆਂ ਵੀ ਸਨ। ਇੱਕ ਹੋਰ ਲੜਕੀ ਪੰਜਾਬ ਦੇ ਮੂਲ ਬਾਸ਼ਿੰਦਿਆਂ ਦੀ ਧੀ ਸੀ ਅਤੇ ਉਹ ਹਿੰਦੀ ਵਿੱਚ ਕਵਿਤਾ ਲਿਖਿਆ ਕਰਦੀ ਸੀ। ਉਸੇ ਹੀ ਸਮੇਂ ਮੈਂ ਕੁਝ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਜਾ ਕੇ ਇਹ ਅੰਕੜੇ ਇਕੱਤਰ ਕੀਤੇ ਸਨ ਕਿ ਉੱਥੇ ਤਾਂ ਬਹੁਤੇ ਬੱਚੇ ਬਾਹਰਲੇ ਸੂਬਿਆਂ ਤੋਂ ਰੋਟੀ-ਰੋਜ਼ੀ ਦਾ ਜੁਗਾੜ ਕਰਨ ਆਏ ਪਰਵਾਸੀਆਂ ਦੇ ਹੀ ਪੜ੍ਹਦੇ ਸਨ।

ਪਿਛਲੇ ਦਿਨਾਂ ਵਿੱਚ ਹੁਸ਼ਿਆਰਪੁਰ ਵਾਪਰੀ ਇੱਕ ਘਟਨਾ ਕਰਕੇ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਵਿਰੁੱਧ ਵਾਹਵਾ ਅੰਦੋਲਨ ਚਲਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਉਸ ਸਮੇਂ ਇਹ ਮਨ ਵਿੱਚ ਆਇਆ ਸੀ ਕਿ ਜੇਕਰ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਤਾਂ ਪੰਜਾਬ ਦੀ ਆਰਥਿਕਤਾ ਨੂੰ ਵਾਹਵਾ ਖ਼ੋਰਾ ਲੱਗੇਗਾ। ਇਸ ਤੋਂ ਵੀ ਵੱਡਾ ਖ਼ਦਸ਼ਾ ਇਹ ਸੀ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਦੂਸਰੇ ਨੰਬਰ ਦੀ ਭਾਸ਼ਾ ਦਾ ਦਰਜਾ ਮਿਲ ਸਕਦਾ ਹੈ। ਕਿਉਂਕਿ ਜਿਵੇਂ ਹੁਣ ਪੰਜਾਬ ਵਿੱਚ ਪੰਜਾਬੀ ਪੜ੍ਹਨ ਵਾਲੇ ਪੰਜਾਬੀਆਂ ਨਾਲੋਂ ਪਰਵਾਸੀਆਂ ਦੇ ਬੱਚੇ ਜ਼ਿਆਦਾ ਹਨ ਅਤੇ ਉਨ੍ਹਾਂ ਸਦਕਾ ਹੀ ਪੰਜਾਬੀ ਭਾਸ਼ਾ ਦਾ ਦਰਜਾ ਪਹਿਲੀ ਭਾਸ਼ਾ ਵਾਲਾ ਹੈ। ਪਰਵਾਸੀਆਂ ਦੇ ਇੱਥੋਂ ਜਾਣ ਨਾਲ ਪੰਜਾਬੀ ਭਾਸ਼ਾ ਦੇ ਰੁਤਬੇ ’ਤੇ ਵੀ ਸਕੂਲਾਂ ਵਿੱਚ ਅਸਰ ਪੈ ਸਕਦਾ ਹੈ। ਸਾਡੇ ਆਪਣੇ ਬੱਚੇ ਤਾਂ ਅੰਗਰੇਜ਼ੀ ਸਕੂਲਾਂ ਵਿੱਚ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਪੜ੍ਹ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਵੀ ਪਾਬੰਦੀ ਹੈ। ਅੱਜ ਜਦੋਂ ਪੂਨਮ ਨੇ ਆਪਣੇ ਬੱਚੇ ਦੇ ਪੰਜਾਬੀ ਭਾਸ਼ਾ ਦੇ ਮੁਕਾਬਲੇ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ’ਤੇ ਆਉਣ ਦੀ ਦ੍ਰਿੜ੍ਹਤਾ ਬਾਰੇ ਗੱਲ ਕੀਤੀ ਤਾਂ ਮੈਨੂੰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਕਵਿਤਾ ‘ਆਇਆ ਨੰਦ ਕਿਸ਼ੋਰ’ ਯਾਦ ਆ ਗਈ। ਬੜੇ ਨੰਦ ਕਿਸ਼ੋਰ ਅਤੇ ਉਨ੍ਹਾਂ ਦੇ ਬੱਚੇ ਪੰਜਾਬ ਦੀ ਆਰਥਿਕਤਾ ਅਤੇ ਪੰਜਾਬੀ ਭਾਸ਼ਾ ਵਾਸਤੇ ਬੜਾ ਕੁਝ ਕਰ ਰਹੇ ਹਨ। ਪੂਨਮ ਦੇ ਪੁੱਤਰ ਨੂੰ ਮੇਰਾ ਸਨਮਾਨਿਤ ਕਰਨ ਦਾ ਮਨ ਕਰਦਾ ਹੈ।

ਸੰਪਰਕ: 95010-20731

Advertisement
Show comments