ਮੇਰਾ ਪਹਿਲਾ ਅਧਿਆਪਕ
ਕੁਝ ਇਨਸਾਨ ਕਦੇ ਵੀ ਚੇਤਿਆਂ ’ਚੋਂ ਵਿਸਰਦੇ ਨਹੀਂ ਤੇ ਅਜਿਹੇ ਹੀ ਸਨ ਮਾਸਟਰ ਵੇਦ ਪ੍ਰਕਾਸ਼ ਜੀ। ਮੇਰੀ ਪਹਿਲੀ ਕੱਚੀ ਜਮਾਤ, ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ, ਉਸਦਾ ਚਿਹਰਾ ਅੱਜ ਵੀ ਮੇਰੇ ਜ਼ਿਹਨ ’ਚ ਹੈ। ਸੱਚੀਮੁੱਚੀਂ ਵੇਦ ਪ੍ਰਕਾਸ਼ ਮਾਸਟਰ ਮੈਨੂੰ ਅੱਜ ਵੀ ਉਸੇ ਤਰ੍ਹਾਂ ਯਾਦ ਹੈ, ਭਾਵੇਂ ਮੈਂ ਅੱਜ ਖੁਦ ਅਧਿਆਪਕ ਲੱਗ ਕੇ ਸੇਵਾ ਮੁਕਤ ਹੋਣ ਦੇ ਨੇੜੇ ਪੁੱਜ ਚੁੱਕਾ ਹਾਂ। ਸਕੂਲ ’ਚ ਖੜ੍ਹਾ ਉਹ ਪਿੱਪਲ ਦਾ ਦਰੱਖਤ ਤੇ ਉਸ ਦੀ ਠੰਢੀ ਸੰਘਣੀ ਛਾਂ ਮੈਨੂੰ ਅੱਜ ਵੀ ਚੇਤੇ ਹੈ, ਜੋ ਉਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਖੰਨੇ ’ਚ ਹੋਇਆ ਕਰਦਾ ਸੀ। ਭਾਵੇਂ ਉਸ ਸਕੂਲ ਦੀ ਇਮਾਰਤ ਦੀ ਦਿੱਖ ਵਕਤ ਮੁਤਾਬਕ ਬਦਲ ਚੁੱਕੀ ਹੈ। ਪਰ ਜਗ੍ਹਾ ਉਹੀ ਹੈ, ਜੋ ਮਨ ’ਚ ਖੁਸ਼ੀ ਮਹਿਸੂਸ ਕਰਵਾਉਂਦੀ ਹੈ।
ਅੱਜ ਵੀ ਜਦੋਂ ਕਦੇ ਕਦਾਈਂ ਸਕੂਲ ਕੋਲੋਂ ਗੁਜ਼ਰਦਾ ਹਾਂ ਤਾਂ ਸਕੂਲ ਦੀਆਂ ਉਹ ਮੁੱਢਲੀਆਂ ਯਾਦਾਂ, ਮੱਲੋ-ਮੱਲੀ ਯਾਦ ਆ ਜਾਂਦੀਆਂ ਹਨ। ਜਦੋਂ ਮੈਂ ਪਹਿਲੀ ਵਾਰ ਸਕੂਲ ’ਚ ਦਾਖ਼ਲ ਹੋਣ ਗਿਆ ਸਾਂ ਤਾਂ ਉਸ ਵੇਲੇ ਦਾ ਕਿੱਸਾ ਹੁਣ ਵੀ ਮੈਨੂੰ ਧੁੰਦਲਾ ਧੁੰਦਲਾ ਯਾਦ ਹੈ। ਘਰ ਦੇ ਦਾਖਲ ਕਰਵਾਉਣ ਗਏ ਤਾਂ ਉਮਰ ਘੱਟ ਹੋਣ ਕਰ ਕੇ ਵੇਦ ਪ੍ਰਕਾਸ਼ ਮਾਸਟਰ ਜੀ ਨੇ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਦੋਂ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਨਿਯਮਾਂ ਮੁਤਾਬਕ ਸਕੂਲ ’ਚ ਦਾਖ਼ਲ ਨਹੀਂ ਕੀਤਾ ਜਾਂਦਾ ਸੀ ਤੇ ਮਾਪੇ ਅਕਸਰ ਅੱਟੇ ਸੱਟੇ ਨਾਲ ਉਮਰ ਦੱਸ ਕੇ ਬੱਚੇ ਨੂੰ ਦਾਖਲ ਕਰਵਾਇਆ ਕਰਦੇ ਸਨ।
ਪਰ ਕੁਝ ਦਿਨਾਂ ਪਿੱਛੋਂ ਮੇਰੇ ਭੂਆ ਜੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਉਮਰ ਵੱਧ ਦੱਸ ਕੇ ਸਕੂਲ ਦਾਖਲ ਕਰਵਾ ਆਏ। ਉਸ ਸਮੇਂ ਅੱਜ ਦੀ ਤਰ੍ਹਾਂ ਕੇਜੀ ,ਪ੍ਰੀ-ਨਰਸਰੀ ਜਾਂ ਨਰਸਰੀ ਜਮਾਤਾਂ ਨਹੀਂ ਹੁੰਦੀਆਂ ਸਨ, ਸਗੋਂ ਸਿੱਧਾ ਪਹਿਲੀ ਜਮਾਤ ’ਚ ਦਾਖਲ ਕਰ ਲਿਆ ਜਾਂਦਾ ਤੇ ਫਿਰ ਉਸ ਪਿੱਛੋਂ ਦੂਜੀ, ਤੀਜੀ, ਚੌਥੀ ਤੇ ਪੰਜਵੀਂ ਕਰਵਾਈ ਜਾਂਦੀ ਸੀ। ਉਦੋਂ ਪੰਜਾਂ ਜਮਾਤਾਂ ਨੂੰ ਇੱਕੋ ਅਧਿਆਪਕ ਹੀ ਪੜ੍ਹਾਇਆ ਕਰਦਾ ਸੀ ਨਾ ਕਿ ਅੱਜ ਵਾਂਗ ਤਿੰਨ ਚਾਰ ਅਧਿਆਪਕ ਹੁੰਦੇ ਸਨ ਤੇ ਸਾਡਾ ਉਹ ਅਧਿਆਪਕ ਸੀ ਵੇਦ ਪ੍ਰਕਾਸ਼ ਮਾਸਟਰ। ਬਿਲਕੁਲ ਸਿੱਧਾ-ਸਾਦਾ ਤੇ ਹਸੂੰ ਹਸੂੰ ਕਰਦਾ ਚਿਹਰਾ, ਮਿੱਠੀ ਬੋਲੀ, ਅਪਣੱਤ ਵੀ ਮਣਾਂਮੂੰਹੀ, ਮਿਹਨਤੀ ਹੱਦ ਦਰਜੇ ਦੇ, ਜੋ ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ। ਉਨ੍ਹਾਂ ਦਾ ਪੜ੍ਹਾਉਣ ਦਾ ਤਰੀਕਾ ਪ੍ਰਭਾਵਸ਼ਾਲੀ ਸੀ, ਜਿਸ ਨੇ ਸਾਡੀ ਪੜ੍ਹਾਈ ਦੀ ਮਜ਼ਬੂਤ ਨੀਂਹ ਰੱਖੀ।
ਪੰਜਵੀਂ ਜਮਾਤ ਤਲਾਅ ਵਾਲੇ ਸਕੂਲ ’ਚ ਮਾਸਟਰ ਵੇਦ ਪ੍ਰਕਾਸ਼ ਜੀ ਕੋਲੋਂ ਕਰਨ ਮਗਰੋਂ ਆਰੀਆ ਸਕੂਲ (ਏ. ਐਸ. ਸੀਨੀਅਰ ਸੈਕੰਡਰੀ ਸਕੂਲ )’ਚ ਦਾਖਲਾ ਲਿਆ, ਪਰ ਅੱਠਵੀਂ ਕਲਾਸ ’ਚ ਘਰ ਦੇ ਖੰਨੇ ਤੋਂ ਜ਼ਮੀਨ ਵੇਚ ਕੇ ਪਟਿਆਲੇ ਦੇ ਪਿੰਡ ਨਿਜਾਮਨੀਵਾਲਾ ਚਲੇ ਗਏ, ਜਿਸ ਕਰਕੇ 9 ਵੀਂ ਜਮਾਤ ’ਚ ਘਰਦਿਆਂ ਨੇ ਸਰਕਾਰੀ ਹਾਈ ਸਕੂਲ ਕਰਹਾਲੀ ਸਾਹਿਬ ਦਾਖਲ ਕਰਵਾ ਦਿੱਤਾ। ਦਸਵੀਂ ਉਥੋਂ ਕੀਤੀ ਤੇ ਮੁੜ ਖੰਨੇ ਆ ਆਰੀਆ ਸਕੂਲ ’ਚ ਦਾਖਲਾ ਲਿਆ। ਗਿਆਰ੍ਹਵੀਂ ਖੰਨੇ ਤੋਂ ਕਰਨ ਉਪਰੰਤ ਫਿਰ ਬਾਰ੍ਹਵੀਂ ਕਰਨ ਲਈ ਡੀ. ਏ. ਵੀ. ਕਾਲਜ ਸੈਕਟਰ -10 ਚੰਡੀਗੜ੍ਹ ਜਾ ਦਾਖ਼ਲ ਹੋ ਗਿਆ। ਉਥੇ ਮਨ ਨਾ ਲੱਗਾ ਤੇ ਇਕ ਸਾਲ ਉਥੇ ਪੜ੍ਹਾਈ ਕਰਨ ਮਗਰੋਂ ਫਿਰ ਗੌਰਮਿੰਟ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ। ਉਸ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਐਮਏ ਐਮਫਿਲ ਕੀਤੀ ਤੇ ਫਿਰ ਗੌਰਮਿੰਟ ਸਟੇਟ ਕਾਲਜ ਪਟਿਆਲਾ ਤੋਂ ਬੀ. ਐੱਡ ਕਰ ਕੇ ਮਾਸਟਰ ਲੱਗ ਗਿਆ। ਉਦੋਂ ਤੱਕ ਵੇਦ ਪ੍ਰਕਾਸ਼ ਮਾਸਟਰ ਰਿਟਾਇਰ ਹੋ ਚੁੱਕੇ ਸਨ। ਪਰ ਉਨ੍ਹਾਂ ਜਦੋਂ ਕਦੇ ਗਾਹੇ ਬਗਾਹੇ ਮਿਲਣਾ ਤਾਂ ਉਨ੍ਹਾਂ ਉਸੇ ਤਰ੍ਹਾਂ ਹੱਸਦੇ ਹੋਏ ਜ਼ਰੂਰ ਪੁੱਛਣਾ ਅਜੀਤ ਸਿੰਘ ਕੀ ਹਾਲ ਹੈ ? ਮੈਂ ਉਨ੍ਹਾਂ ਦੇ ਗੋਡੇ ਹੱਥ ਲਾਉਣਾ, ਆਸ਼ੀਰਵਾਦ ਲੈਣਾ ਤੇ ਉਨ੍ਹਾਂ ਦਾ ਮੁੜਵਾਂ ਹਾਲ ਚਾਲ ਪੁੱਛਣਾ। ਬੜਾ ਚੰਗਾ ਲੱਗਣਾ ਉਨ੍ਹਾਂ ਨਾਲ ਮਿਲ ਕੇ ਤੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ। ਉਨ੍ਹਾਂ ਵੀ ਮੇਰੇ ਅਧਿਆਪਕ ਲੱਗਣ ’ਤੇ ਮਾਣ ਕਰਨਾ। ਬੇਸ਼ੱਕ ਬਾਅਦ ’ਚ ਮੈਂ ਕਈ ਹੋਰ ਅਧਿਆਪਕਾਂ ਕੋਲੋਂ ਸਿੱਖਿਆ ਹਾਸਲ ਕੀਤੀ ਪਰ ਜੋ ਵੇਦ ਪ੍ਰਕਾਸ਼ ਜੀ ਤੋਂ ਸਿੱਖਿਆ ਹਾਸਲ ਕੀਤੀ ਉਸ ਨੇ ਮੈਨੂੰ ਉਚੇਰੀ ਸਿੱਖਿਆ ਹਾਸਲ ਕਰਨ ਚ ਬੜਾ ਵੱਡਾ ਯੋਗਦਾਨ ਪਾਇਆ, ਜਿਸ ਨੂੰ ਮੈਂ ਕਦੇ ਭੁਲਾ ਨਹੀਂ ਸਕਿਆ। ਹੁਣ ਵੀ ਸੋਚਦਾ ਹਾਂ ਕਿ ਕਿੰਨੇ ਸਾਦੇ ਤੇ ਮਿਹਨਤੀ ਅਧਿਆਪਕ ਸਨ ਮੇਰੀ ਮੁੱਢਲੀ ਪੜ੍ਹਾਈ ਕਰਵਾਉਣ ਵਾਲੇ ਮਾਸਟਰ ਵੇਦ ਪ੍ਰਕਾਸ਼ ਜੀ। ਮੇਰੇ ਚੰਗੇ ਤੇ ਕਾਬਲ ਇਨਸਾਨ ਬਣਨ ’ਚ ਉਨ੍ਹਾਂ ਦੀ ਭੂਮਿਕਾ ਇਕ ਗੁਰੂ ਵਾਲੀ ਰਹੀ ਹੈ, ਜਿਸ ਨੂੰ ਮੈਂ ਮਰਦੇ ਦਮ ਤੱਕ ਭੁੱਲ ਨਹੀਂ ਸਕਦਾ। ਅੱਜ ਵੀ ਸੋਚਦਾ ਹਾਂ ਕਿ ਮੇਰੇ ਪਹਿਲੇ ਅਧਿਆਪਕ ਮਾਸਟਰ ਵੇਦ ਪ੍ਰਕਾਸ਼ ਜੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਸੱਚ ਮੁੱਚ ਰੱਬ ਦੀ ਰੂਹ ਸਨ।
ਸੰਪਰਕ: 76967-54669