ਮਿੱਠਾ-ਮਿੱਠਾ ਹੈ ਦੇਸ਼ ਮੇਰਾ, ਪੰਜਾਬ ਮੇਰਾ...
ਡਾ. ਸ਼ਿਆਮ ਸੁੰਦਰ ਦੀਪਤੀ
ਕਹਿਣ ਪੜ੍ਹਨ ਨੂੰ ਇਹ ਵਾਕ ਵਧੀਆ ਜਿਹਾ ਦ੍ਰਿਸ਼ ਪੇਸ਼ ਕਰਦਾ ਹੈ, ਪਰ ਇਸ ਤਰ੍ਹਾਂ ਹੈ ਨਹੀਂ। ਨਾ ਬੋਲ-ਚਾਲ ਦੇ ਪੱਖ ਤੋਂ ਨਾ ਹੀ ਇਸ ਤਰ੍ਹਾਂ ਦੀ ਸਿਹਤ ਦੇ ਪੱਖ ਤੋਂ। 144 ਕਰੋੜ ਦੀ ਆਬਾਦੀ ਵਾਲੇ ਇਸ ਮੁਲਕ ਵਿੱਚ ਤਕਰੀਬਨ 44 ਕਰੋੜ ਲੋਕ ਸ਼ੂਗਰ ਰੋਗ ਯਾਨੀ ‘ਮਿੱਠੇ ਦੀ ਬਿਮਾਰੀ’ ਤੋਂ ਪੀੜਤ ਹਨ ਅਤੇ ਤਕਰੀਬਨ 44 ਕਰੋੜ (ਲਗਭਗ 30%) ਬਿਨਾਂ ਕਿਸੇ ਇਲਾਜ ਤੋਂ ਰਹਿ ਰਹੇ ਹਨ।
ਸ਼ੂਗਰ ਰੋਗ ਐਨੀ ਛੇਤੀ ਸਿਰਫ਼ ਸਾਡੇ ਮੁਲਕ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਵਿੱਚ ਫੈਲਿਆ ਹੈ। ਇਹ ਸਭ ਕੁੱਝ ਇੱਕ ਦਿਨ ਵਿੱਚ ਹੀ ਨਹੀਂ ਹੋ ਗਿਆ। ਇਹ ਬਿਮਾਰੀ ਕਦੋਂ ਤੇ ਕਿਵੇਂ ਸ਼ੁਰੂ ਹੋਈ ਇਸ ਬਾਰੇ ਸਮਾਂ ਤਾਂ ਪਤਾ ਚੱਲ ਜਾਵੇਗਾ, ਪਰ ਕਾਰਨਾਂ ਪਿੱਛੇ ਭੰਬਲਭੂਸਾ ਵੱਧ ਹੈ। ਇੱਕ ਸਮਾਂ ਸੀ ਜਦੋਂ ਸ਼ੂਗਰ ਰੋਗ ਦੇ ਕਾਰਨਾਂ ਬਾਰੇ ‘ਕੋਈ ਪੱਕਾ ਪਤਾ ਨਹੀਂ’ ਕਿਹਾ ਜਾਂਦਾ ਸੀ, ਪਰ ਹੁਣ ਉਹਦੇ ਕੇਸਾਂ ਬਾਰੇ ਅਤੇ ਸਮੇਂ ਦੀ ਤਬਦੀਲੀ ਦੇ ਮੱਦੇਨਜ਼ਰ ਇਸ ਨੂੰ ‘ਜੀਵਨ ਸ਼ੈਲੀ ਦੀ ਬਿਮਾਰੀ’ ਦਾ ਨਾਂ ਦਿੱਤਾ ਗਿਆ ਹੈ।
ਜੀਵਨ ਸ਼ੈਲੀ ਬਹੁਤ ਵੱਡਾ ਅਤੇ ਵਿਆਪਕ ਸੰਕਲਪ ਹੈ, ਜਿਸ ਵਿੱਚ ਖਾਣ-ਪੀਣ, ਪਹਿਨਣ, ਤੁਰਨ-ਫਿਰਨ ਤੋਂ ਲੈ ਕੇ ਅਦਬ-ਅਦਾਬ ਤੱਕ ਸਾਰੇ ਪਹਿਲੂ ਸਮੋਏ ਹੋਏ ਹਨ। ਅਸੀਂ ਪਿਛਲੇ ਕੁਝ ਸਮੇਂ ਦੌਰਾਨ ਖਾਣ-ਪੀਣ ਵਿੱਚ ਆਈ ਤਬਦੀਲੀ ਨੂੰ ਹੀ ਦੇਖ ਲਈਏ ਤਾਂ ਉਸ ਦੀ ਬਹੁਤ ਲੰਬੀ ਸੂਚੀ ਬਣ ਜਾਵੇਗੀ। ਖਾਣ-ਪੀਣ ਦਾ ਮਤਲਬ ਸਿਹਤਮੰਦ ਰਹਿਣ ਲਈ ਖੁਰਾਕ ਦੇ ਵੱਖ-ਵੱਖ ਤੱਤ ਜੁਟਾਉਣੇ ਹਨ ਤਾਂ ਜੋ ਮਨੁੱਖ ਨਰੋਆ ਜੀਵਨ ਜੀਅ ਸਕੇ, ਪਰ ਅੱਜ ਖੁਰਾਕ ਦਾ ਮਕਸਦ ਸਿਰਫ਼ ਸਵਾਦ ਨਾਲ ਜੁੜ ਕੇ ਰਹਿ ਗਿਆ ਹੈ। ਲੋਕ ਹੌਲੀ-ਹੌਲੀ ਰਵਾਇਤੀ ਖਾਣਿਆਂ ਯਾਨੀ ਘਰ ਦੀ ਰਸੋਈ ਵਿੱਚ ਹੀ ਬਣੇ ਖਾਣਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ। ਖਾਣਿਆਂ ਵਿੱਚ ਸਾਡਾ ਸਥਾਨਕ ਪੈਦਾ ਹੋ ਰਿਹਾ ਅਨਾਜ, ਦਾਲਾਂ, ਤੇਲ ਆਦਿ ਸਭ ਪਿੱਛੇ ਰਹਿ ਗਏ ਹਨ ਅਤੇ ਪੱਛਮੀ ਪ੍ਰਭਾਵ ਵਾਲਾ ਖਾਣਾ ਵੱਧ ਪ੍ਰਚੱਲਿਤ ਹੋ ਰਿਹਾ ਹੈ। ਸਾਨੂੰ ਵਿਦੇਸ਼ੀ ਖਾਣਿਆਂ ਦੇ ਫੈਲ ਰਹੇ ਫੂਡ-ਪੁਆਇੰਟ ਜ਼ਿਆਦਾ ਭਾਉਂਦੇ ਹਨ।
ਸ਼ੂਗਰ ਰੋਗ ਜਿਵੇਂ ਨਾਮ ਤੋਂ ਲੱਗਦਾ ਹੈ ਕਿ ਇਹ ਮਿੱਠਾ ਖਾਣ ਨਾਲ ਜੁੜੀ ਹੋਈ ਬਿਮਾਰੀ ਹੈ, ਪਰ ਇਹ ਹੋ ਜਾਣ ’ਤੇ ਮਿੱਠਾ ਬੰਦ ਕਰਨ ਵਾਲੀ ਬਿਮਾਰੀ ਹੈ ਕਿਉਂਕਿ ਜੋ ਵੀ ਕੁਝ ਖਾਇਆ ਜਾਂਦਾ ਹੈ, ਉਸ ਨਾਲ ਬਲੱਡ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਜੇ ਉਹ ਲਗਾਤਾਰ ਲੰਮਾ ਸਮਾਂ ਵਧਿਆ ਰਹੇ ਤਾਂ ਫਿਰ ਸਰੀਰ ਨੂੰ ਨੁਕਸਾਨ ਕਰਦਾ ਹੈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਸ਼ੱਕ ਪਵੇ ਬਲੱਡ ਸ਼ੂਗਰ ਦਾ ਟੈਸਟ ਕਰਵਾ ਕੇ, ਇਲਾਜ ਦਾ ਸਹਾਰਾ ਲੈ ਕੇ ਛੇਤੀ-ਛੇਤੀ ਇਸ ਨੂੰ ਕਾਬੂ ਵਿੱਚ ਕਰਨਾ ਚਾਹੀਦਾ ਹੈ। ਇਹ ਬਿਮਾਰੀ ਚੁੱਪ-ਚੁਪੀਤੇ ਲੰਬਾ ਸਮਾਂ ਸਰੀਰ ਵਿੱਚ ਪਈ ਰਹਿੰਦੀ ਹੈ ਤੇ ਆਪਣਾ ਪ੍ਰਭਾਵ ਦਿਖਾਉਂਦੀ ਰਹਿੰਦੀ ਹੈ। ਕਈ ਵਾਰੀ ਬਿਮਾਰੀ ਦੀ ਪਛਾਣ ਉਸ ਸਮੇਂ ਹੁੰਦੀ ਹੈ ਜਦੋਂ ਇਹ ਕਾਫ਼ੀ ਨੁਕਸਾਨ ਕਰ ਚੁੱਕੀ ਹੁੰਦੀ ਹੈ। ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਸ਼ੂਗਰ ਰੋਗ ਸਰੀਰ ਦੇ ਹਰ ਇੱਕ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਿਉਂਕਿ ਦਰਦ ਜਾਂ ਤਕਲੀਫ਼ ਬਗੈਰ ਵਿਅਕਤੀ ਹਰਕਤ ਵਿੱਚ ਨਹੀਂ ਆਉਂਦਾ।
ਇਲਾਜ ਤੋਂ ਪ੍ਰਹੇਜ਼ ਬਿਹਤਰ ਦੀ ਕਹਾਵਤ ਸ਼ੂਗਰ ਰੋਗ ’ਤੇ ਸਭ ਤੋਂ ਵੱਧ ਅਤੇ ਵਧੀਆ ਢੰਗ ਨਾਲ ਢੁੱਕਦੀ ਹੈ। ਉਦਾਹਰਨ ਦੇ ਤੌਰ ’ਤੇ ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਸ਼ਿਕਾਰ ‘ਸ਼ੂਗਰ ਰੋਗ’ ਦੇ ਮਰੀਜ਼ ਹੁੰਦੇ ਹਨ। ਇਸੇ ਤਰ੍ਹਾਂ ਲੱਤਾਂ ਦੇ ਕੱਟੇ ਜਾਣ ਦੀ ਦਰ ਵਿੱਚ ਸ਼ੂਗਰ ਰੋਗ ਆਪਣੀ ਮੋਹਰੀ ਭੂਮਿਕਾ ਨਿਭਾਉਂਦਾ ਹੈ। ਇਸ ਲੜੀ ਵਿੱਚ ਦਿਲ, ਦਿਮਾਗ਼, ਗੁਰਦੇ, ਨਸਾਂ ਆਦਿ ਤਕਰੀਬਨ ਸਰੀਰ ਦੇ ਸਾਰੇ ਅੰਗ ਗਿਣੇ ਜਾ ਸਕਦੇ ਹਨ। ਇਸ ਵਿੱਚ ਸਮਝਣ ਵਾਲੀ ਗੱਲ ਅਤੇ ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਜੇ ਬਿਮਾਰੀ ਕਾਬੂ ਵਿੱਚ ਰਹੇ ਤਾਂ ਇਨ੍ਹਾਂ ਸਾਰੀਆਂ ਦਿੱਕਤਾਂ ਜਾਂ ਪੈਦਾ ਹੋਣ ਵਾਲੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ। ਸਵੇਰ ਦੇ ਖਾਲੀ ਪੇਟ ਖੂਨ ਟੈਸਟ ਰਾਹੀਂ ਜਾਂ ਤਿੰਨ ਮਹੀਨੇ ਬਾਅਦ ਇੱਕ ਨਵੇਂ ਟੈਸਟ ‘ਐੱਚਬੀ1ਸੀ’ (HB1C) ਰਾਹੀਂ ਸ਼ੂਗਰ ਦਾ ਪੱਧਰ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਇੱਕ ਤੱਥ ਹੈ ਕਿ ਜੇਕਰ 100 ਲੋਕਾਂ ਦਾ ਖੂਨ ਦਾ ਟੈਸਟ ਕੀਤਾ ਜਾਵੇ ਤਾਂ ਉਸ ਵਿੱਚੋਂ ਸ਼ੂਗਰ ਰੋਗ ਪਤਾ ਲੱਗਣ ਵਾਲੇ ਅੱਧੇ ਲੋਕਾਂ ਨੂੰ ਹੀ ਪਤਾ ਹੋਵੇਗਾ ਕਿ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ। 100 ਵਿੱਚੋਂ ਤਕਰੀਬਨ ਸਵਾ ਛੇ ਫੀਸਦੀ ਲੋਕ ਹੀ ਬਿਮਾਰੀ ਉਤੇ ਕਾਬੂ ਪਾ ਕੇ ਰਹਿੰਦੇ ਹਨ। ਇਹ ਨਹੀਂ ਕਿ ਲੋਕ ਦਵਾਈ ਲੈਣ ਦੇ ਕਾਬਲ ਨਹੀਂ ਹਨ ਜਾਂ ਉਨ੍ਹਾਂ ਨੂੰ ਬਿਮਾਰੀ ਦੇ ਬੁਰੇ ਪ੍ਰਭਾਵ ਸਮਝਾਏ ਨਹੀਂ ਜਾ ਸਕਦੇ। ਮੰਨਦੇ ਹਾਂ ਕਿ ਆਰਥਿਕ ਪੱਖੋਂ ਅਤੇ ਪੜ੍ਹਾਈ ਪੱਖੋਂ ਸਭ ਦਾ ਗਿਆਨ ਅਤੇ ਸਮਝ ਬਰਾਬਰ ਨਹੀਂ ਹੈ, ਪਰ ਉਚੇਚੇ ਤੌਰ ’ਤੇ ਸਰਕਾਰੀ ਪੱਧਰ ’ਤੇ ਯਤਨ ਵੀ ਨਹੀਂ ਹੋ ਰਹੇ। ਸਿਹਤ ਸੇਵਾਵਾਂ ਦੀ ਵੀ ਵੱਡੇ ਪੱਧਰ ’ਤੇ ਘਾਟ ਹੈ ਜੋ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਹਨ। ਸਿਹਤ ਢਾਂਚਾ ਅਤੇ ਸਿਹਤ ਕੇਂਦਰ ਦੂਰ-ਦੂਰ ਤੱਕ ਫੈਲੇ ਹੋਏ ਹਨ, ਪਰ ਡਾਕਟਰਾਂ ਅਤੇ ਹੋਰ ਸਿਹਤ ਕਾਮਿਆਂ ਦੀ ਵੱਡੀ ਕਮੀ ਹੈ।
ਜਦੋਂ ਸਾਨੂੰ ਪਤਾ ਹੀ ਲੱਗ ਗਿਆ ਹੈ ਕਿ ਇਹ ਜੀਵਨ ਸ਼ੈਲੀ ਦੀ ਬਿਮਾਰੀ ਹੈ ਤਾਂ ਫਿਰ ਉਸ ਜੀਵਨ ਸ਼ੈਲੀ ਨੂੰ ਬਦਲਣ ਵਿੱਚ ਕਿੱਥੇ ਮੁਸ਼ਕਿਲ ਹੈ? ਜੀਵਨ ਸ਼ੈਲੀ ਦੇ ਮੁੱਖ ਤੌਰ ’ਤੇ ਦੋ ਹੀ ਪਹਿਲੂ ਹਨ-ਖਾਣਾ-ਪੀਣਾ ਅਤੇ ਸਰੀਰਕ ਕੰਮ ਕਰਨਾ। ਇਨ੍ਹਾਂ ਦੋਹਾਂ ਨੂੰ ਹੀ ਜੇਕਰ ਸਾਧਾਰਨ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਸਾਨੂੰ ਆਪਣੇ ਰਵਾਇਤੀ ਜੀਵਨ ਢੰਗ ਨੂੰ ਅਪਣਾਉਣ ਦੀ ਲੋੜ ਹੈ। ਹੋਰ ਸੌਖਾ ਸਮਝਾਉਣਾ ਹੋਵੇ ਤਾਂ ਤਕਰੀਬਨ 50 ਸਾਲ ਪਹਿਲਾਂ ਤੋਂ ਚੱਲ ਰਿਹਾ ਜੀਵਨ ਢੰਗ ਜਿਸ ਵਿੱਚ ਹੱਥੀਂ ਕੰਮ ਕਰਨਾ ਅਤੇ ਕੰਮ ਵਾਲੀ ਥਾਂ ’ਤੇ ਜਾਣ ਲਈ ਮੋਟਰ ਵਾਹਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਹੈ। ਜੇਕਰ ਉਹ ਸੰਭਵ ਨਹੀਂ ਹੈ ਤਾਂ ਉਚੇਚੇ ਤੌਰ ’ਤੇ ਮਿੱਥ ਕੇ ਕਸਰਤ ਕਰਨੀ ਜ਼ਰੂਰੀ ਹੈ। ਦੂਜਾ ਹੈ ਖਾਣ-ਪੀਣ, ਉਹ ਵੀ ਪੰਜਾਹ-ਸੱਠ ਸਾਲ ਪਿੱਛੇ ਲੈ ਕੇ ਜਾਣ ਦੀ ਲੋੜ ਹੈ। ਉਹ ਵੀ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਬਾਜ਼ਾਰ ਦੇ ਖਾਣਿਆਂ ਤੋਂ ਪ੍ਰਹੇਜ਼ ਕਰਨਾ ਹੈ। ਸਨੈਕਸ ਅਤੇ ਮਿੱਠੇ ਪਦਾਰਥਾਂ ਦੀ ਥਾਂ ’ਤੇ ਸ਼ਕੰਜਵੀ ਅਤੇ ਹੋਰ ਇਸ ਤਰ੍ਹਾਂ ਦੇ ਘਰ ਬਣੇ ਪਦਾਰਥਾਂ ਨਾਲ ਉਸ ਲੋੜ ਨੂੰ ਪੂਰਾ ਕਰਨਾ ਹੈ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ, ਫ਼ਲ, ਪੁੰਗਰੀਆਂ ਦਾਲਾਂ/ ਛੋਲੇ ਆਦਿ ਦਾ ਇਸਤੇਮਾਲ ਕਰਨਾ ਹੈ।
ਸਾਡੇ ਖ਼ਰਚੇ ਵਧ ਗਏ ਹਨ। ਖਾਣ-ਪੀਣ ਵਿੱਚ ਸਾਦਾਪਣ ਲਿਆ ਕੇ ਖ਼ਰਚੇ ਘਟਾਏ ਵੀ ਜਾ ਸਕਦੇ ਹਨ। ਸ਼ੂਗਰ ਰੋਗ ਦੇ ਵਾਧੇ ਦਾ ਇੱਕ ਕਾਰਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜ਼ਿੰਦਗੀ ਵਿੱਚ ਤਣਾਅ ਬਹੁਤ ਵਧ ਗਿਆ ਹੈ ਜਾਂ ਅਸੀਂ ਖ਼ੁਦ ਵਧਾ ਲਿਆ ਹੈ। ਇਸ ਤਰ੍ਹਾਂ ਇਹ ਸਾਰੇ ਪਹਿਲੂ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਸ ਤੋਂ ਛੁਟਕਾਰੇ ਦਾ ਢੰਗ ਹੈ ਸਾਦਾਪਣ, ਜਿਸ ਨਾਲ ਬਿਮਾਰੀ ਵੀ ਘੱਟ ਸਕਦੀ ਹੈ, ਤਣਾਅ ਵੀ ਅਤੇ ਆਰਥਿਕਤਾ ਵੀ ਸੰਭਲ ਸਕਦੀ ਹੈ। ਪੰਜਾਬ ਭਾਵੇਂ ਕਿਰਤੀਆਂ ਦਾ ਇਲਾਕਾ ਹੈ, ਪਰ ਪੰਜਾਬ ਵੀ ਪੱਛਮੀ ਪ੍ਰਭਾਵ ਤੋਂ ਬਚਿਆ ਨਹੀਂ ਹੈ। ਤਣਾਅ ਦੇ ਪੱਖ ਤੋਂ ਵੀ ਪੰਜਾਬੀਆਂ ਦੀਆਂ ਲਾਲਸਾਵਾਂ ਬਾਕੀ ਦੇਸ਼ਾਂ ਨਾਲੋਂ ਅੱਡ ਵੀ ਹਨ ਤੇ ਵੱਧ ਵੀ। ਨੌਜਵਾਨਾਂ ਦਾ ਪਰਵਾਸ ਅਤੇ ਨਸ਼ੇ ਇਸ ਦਾ ਸੂਚਕ ਹਨ। ਅਜਿਹੇ ਤਣਾਅ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਰੋਗ ਪੈਦਾ ਕਰਦੇ ਹਨ। ਬਿਮਾਰੀਆਂ ਚਾਹੇ ਜਿੰਨੇ ਮਰਜ਼ੀ ਤਰ੍ਹਾਂ ਦੀਆਂ ਹੋਣ, ਪਰ ਜਵਾਬ ਇੱਕੋ ਹੀ ਹੈ ਕਿ ਇਸ ਅੰਨ੍ਹੀ ਦੌੜ ਤੋਂ ਪਿੱਛਾ ਛੁਡਾਇਆ ਜਾਵੇ ਤੇ ਆਪਣੀਆਂ ਜੜਾਂ ਵੱਲ ਪਰਤਿਆ ਜਾਵੇ। ਇਹ ਮਿਠਾਸ ਤਣਾਅ ਦੇਣ ਵਾਲੀ ਅਤੇ ਹੋਰ ਬਿਮਾਰੀਆਂ ਵਧਾਉਣ ਵਾਲੀ ਹੈ। ਪ੍ਰੇਮ ਅਤੇ ਸਹਿਚਾਰੇ ਨਾਲ ਸਾਰੇ ਤਰ੍ਹਾਂ ਦੇ ਤਣਾਅ ਦਾ ਹੱਲ ਸੰਭਵ ਹੈ।
ਸੰਪਰਕ: 98158-08506