DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੁੰਬਾਂ ਦੀ ਖੇਤੀ ਅਤੇ ਮੰਡੀਕਰਨ

ਜਦੋਂ ਵੀ ਕਿਤੇ ਖੇਤੀਬਾੜੀ ਨਾਲ ਸਹਾਇਕ ਧੰਦੇ ਕਰਨ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਹ ਧੰਦੇ ਅਪਣਾਉਣ ਵਾਸਤੇ ਤਿਆਰ ਨਹੀਂ ਹੁੰਦਾ। ਇਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਅਤੇ ਕਿਸਾਨ ਦਾ ਅਗਾਂਹ ਵਧੂ ਨਾ...
  • fb
  • twitter
  • whatsapp
  • whatsapp
Advertisement

ਜਦੋਂ ਵੀ ਕਿਤੇ ਖੇਤੀਬਾੜੀ ਨਾਲ ਸਹਾਇਕ ਧੰਦੇ ਕਰਨ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਹ ਧੰਦੇ ਅਪਣਾਉਣ ਵਾਸਤੇ ਤਿਆਰ ਨਹੀਂ ਹੁੰਦਾ। ਇਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਅਤੇ ਕਿਸਾਨ ਦਾ ਅਗਾਂਹ ਵਧੂ ਨਾ ਹੋਣਾ ਹੈ ਪਰ ਤੇਜ਼ੀ ਨਾਲ ਵਧ ਰਹੇ ਪ੍ਰਸੰਗਾਂ ਅੰਦਰ ਹੁਣ ਅਜਿਹੀਆਂ ਧਾਰਨਾਵਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਰਿਹਾ ਕਿਉਂਕਿ ਹਰ ਦਿਨ ਵਧ ਰਹੀ ਮਹਿੰਗਾਈ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਖੇਤੀ ਦੇ ਨਾਲ-ਨਾਲ ਅਜਿਹੇ ਸਹਾਇਕ ਧੰਦੇ ਅਪਣਾਏ ਜਾਣ ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ ਹੀ ਵਿਹਲੇ ਸਮੇਂ ਦੀ ਸਹੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਖੁੰਬਾਂ ਦੀ ਕਾਸ਼ਤ ਕਿਸਾਨਾਂ ਲਈ ਆਮਦਨ ਪ੍ਰਾਪਤੀ ਦਾ ਬਹੁਤ ਵਧੀਆ ਸਾਧਨ ਬਣ ਸਕਦੀ ਹੈ।

ਮੰਡੀ ਵਿੱਚ ਖੁੰਬ ਦੀ ਅਗੇਤੀ ਮੰਗ ਪੂਰੀ ਕਰਨ ਲਈ ਫਾਰਮ ਵਿੱਚ ਖੁੰਬਾਂ ਦੀ ਅਗੇਤੀ ਪੈਦਾਵਾਰ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਗੇਤੀ ਪੈਦਾਵਾਰ ਨਾਲ ਵੱਧ ਭਾਅ ਮਿਲਦਾ ਹੈ। ਖੁੰਬ ਵੀ ਹੋਰ ਉੱਲੀਆਂ ਵਾਂਗ ਉੱਲੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਲਾਭਦਾਇਕ ਹੁੰਦੀਆਂ ਹਨ। ਖੁੰਬ ਸਫੈਦ ਰੰਗ ਦੀ ਅਤੇ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਇਹ ਸ਼ੂਗਰ ਤੇ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਵੀ ਕਰਦੀ ਹੈ। ਕਈ ਖੁੱਲ੍ਹੀਆਂ ਪਈਆਂ ਥਾਵਾਂ ’ਤੇ ਵੀ ਭਾਵੇਂ ਅਸੀਂ ਉੱਗੀ ਹੋਈ ਖੁੰਬ ਦੇਖ ਸਕਦੇ ਹਾਂ ਜਿਵੇਂ ਰੂੜੀ, ਪਰਾਲੀ ਜਾਂ ਤੂੜੀ ਦੇ ਢੇਰ, ਖੇਤਾਂ ਵਿੱਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਨਹਿਰਾਂ ਦੇ ਕਿਨਾਰੇ ਆਦਿ; ਅਜਿਹੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਖੁੰਬਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਖੁੰਬ ਦੀ ਪੈਦਾਵਾਰ ਵਾਲੀ ਜ਼ਮੀਨ ਹੇਠਾਂ ਕੋਈ ਵੀ ਜ਼ਹਿਰੀਲੀ ਚੀਜ਼ ਹੋ ਸਕਦੀ ਹੈ। ਇਸੇ ਕਰ ਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾਂਦੀਆਂ ਹਨ।

Advertisement

ਪੰਜਾਬ ਅਤੇ ਹਰਿਆਣਾ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਦੀ ਹੈ। ਪਹਿਲੀ ਬਟਨ ਖੁੰਬ, ਦੂਜੀ ਢੀਗਰੀ ਅਤੇ ਤੀਜੀ ਪਰਾਲੀ ਵਾਲੀ ਖੁੰਬ। ਮੌਸਮ ਦੇ ਹਿਸਾਬ ਨਾਲ ਭਾਵੇਂ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਪੰਜਾਬ ਅਤੇ ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨੇ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।

ਖੁੰਬਾਂ ਦੀ ਬਿਜਾਈ ਦਾ ਸਮਾਂ ਵੀ ਭਾਵੇਂ ਸਾਰਾ ਸਾਲ ਚੱਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸ਼ਤ 15 ਸਤੰਬਰ ਤੋਂ 15 ਅਪਰੈਲ ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤੱਕ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤੱਕ ਢੀਗਰੀ ਕਿਸਮ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਕਿਉਕਿ ਉੱਲੀ ਦੇ ਵਧਣ ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ।

ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ। ਗਲੀ ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫਾਰਸ਼ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ। ਇਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ, ਅਮੋਨੀਆ ਨਾਈਟਰੇਟ,,ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ਼, ਫਿਊਰਾਡਨ, ਸੀਰਾ, ਜਿਪਸਮ, ਬੀਐੱਚਸੀ ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਵੱਡੀ ਸਮੱਸਿਆ ਸੀ। ਇਸ ਦੇ ਹੱਲ ਲਈ ਹੁਣ ਪੰਜਾਬ ਦੇ ਕਈ ਫਾਰਮਰ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ ਜਿਸ ਕਰ ਕੇ ਕਿਸਾਨਾਂ ਨੂੰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੋਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਅਕਾਰ ਦੇ ਲਿਫਾਫੇ ਮਿਲ ਜਾਂਦੇ ਹਨ; ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।

ਖੁੰਬਾਂ ਦੀ ਬਿਜਾਈ ਤੋਂ ਪਹਿਲਾਂ ਤਿਆਰ ਕੀਤੀ ਕੰਪੋਸਟ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ/ਸੈਲਫਾਂ ਨੂੰ ਅਖ਼ਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇਅ ਕੀਤਾ ਜਾਂਦਾ ਜਿਸ ਨਾਲ ਸਿਰਫ ਅਖ਼ਬਾਰ ਹੀ ਗਿੱਲੇ ਹੋਣ। ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ’ਚ ਕੀਤੀ ਹੋਵੇ ਤਾਂ ਉਸ ਨਾਲ ਢਕਿਆ ਜਾ ਸਕਦਾ ਹੈ।

ਬੀਜ ਪੁੰਗਰਨ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ। ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁੱਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ-ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁੱਲ ਬਰੀਕ ਕੇਸਿੰਗ ਵਿੱਚੋਂ ਗੈਸਾਂ ਅੰਦਰ-ਬਾਹਰ ਨਹੀਂ ਜਾ ਸਕਦੀਆਂ ਜਿਸ ਕਰ ਕੇ ਖੁੰਬਾਂ ਦੀ ਫ਼ਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ।

ਜਦੋਂ ਖੁੰਬਾਂ ਦੀ ਡੰਡੀ 4-5 ਸੈਂਟੀਮੀਟਰ ਲੰਮੀ ਹੋ ਜਾਂਦੀ ਹੈ ਤਾਂ ਇਹ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ। ਬਟਨ ਖੁੰਬ ਦੀ ਫ਼ਸਲ ਤਕਰੀਬਨ ਤਿੰਨ ਮਹੀਨੇ ਤੱਕ ਚੱਲਦੀ ਹੈ। ਖੁੰਬਾਂ ਹਰ ਰੋਜ਼ ਤੋੜਨੀਆਂ ਜ਼ਰੂਰੀ ਹਨ।

ਸੰਪਰਕ: 98761-01698

Advertisement
×