ਇਰਾਦਾ ਕਤਲ
ਕੰਵਲਜੀਤ ਖੰਨਾ
ਗੱਲ 29 ਦਸੰਬਰ 1979 ਦੀ ਹੈ। ਉਸ ਸਮੇਂ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੇ ਬੱਸ ਕਿਰਾਇਆਂ ਵਿੱਚ 43% ਵਾਧਾ ਕੀਤਾ ਸੀ। ਪੰਜਾਬ ਪੱਧਰ ’ਤੇ ਵਿਦਿਆਰਥੀ, ਨੌਜਵਾਨ ਤੇ ਹੋਰ ਜਨਤਕ ਜਥੇਬੰਦੀਆਂ ਦੀ ਸਾਂਝੀ ਬੱਸ ਕਿਰਾਇਆ ਵਿਰੋਧੀ ਐਕਸ਼ਨ ਕਮੇਟੀ ਬਣੀ ਸੀ। ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਸਾਰੇ ਹੀ ਧੜੇ ਪੂਰੇ ਸਰਗਰਮ ਸਨ। ਪੰਜਾਬ ’ਚ ਐਕਸ਼ਨ ਕਮੇਟੀ ਦੀ ਅਗਵਾਈ ’ਚ ਵਧੇ ਬੱਸ ਕਿਰਾਏ ਵਾਪਸ ਕਰਾਉਣ ਲਈ ਲਾਮਬੰਦੀ ਅਤੇ ਅੰਦੋਲਨ ਜ਼ੋਰਾਂ ’ਤੇ ਸੀ। ‘ਲੋਕੋ ਠੋਕ ਵਜਾ ਕੇ ਕਹੋ, ਵਧੇ ਕਿਰਾਏ ਵਾਪਸ ਲਓ’ ਦੇ ਨਾਅਰੇ ਪਿੰਡ-ਪਿੰਡ ਗੂੰਜ ਰਹੇ ਸਨ ਪਰ ਪੰਜਾਬ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਸੀ। ਸਰਕਾਰ ਦਾ ਗ਼ਰੂਰ ਭੰਨਣ ਲਈ ਐਕਸ਼ਨ ਕਮੇਟੀ ਨੇ ਪੰਜਾਬ ਭਰ ’ਚ ਸੜਕਾਂ ’ਤੇ ਜਾਮ ਲਾ ਕੇ ਬੱਸਾਂ ਦੀਆਂ ਫੂਕ ਕੱਢਣ ਦਾ ਸੱਦਾ ਦਿੱਤਾ ਹੋਇਆ ਸੀ। ਸਾਡੇ ਜਗਰਾਓਂ ਇਲਾਕੇ ’ਚ ਪੰਜ ਥਾਵਾਂ ’ਤੇ ਬੱਸਾਂ ਦੀ ਫੂਕ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ।
ਸਾਡੀ ਡਿਊਟੀ ਲੁਧਿਆਣਾ ਫਿਰੋਜ਼ਪੁਰ ਮੁੱਖ ਸੜਕ ’ਤੇ ਪਿੰਡ ਚੌਕੀਮਾਨ ਦੇ ਬੱਸ ਅੱਡੇ ’ਤੇ ਸਵੇਰੇ ਸਾਝਰੇ ਬੱਸਾਂ ਰੋਕ ਕੇ ਫੂਕ ਕੱਢਣ ਦੀ ਲੱਗੀ। ਇਸ ਐਕਸ਼ਨ ਤੋਂ ਪਹਿਲਾਂ ਅਸੀਂ ਆਲੇ-ਦੁਆਲੇ ਦੇ ਪਿੰਡਾਂ ਸਵੱਦੀ, ਤਲਵੰਡੀ, ਸਿਧਵਾਂ ਖੁਰਦ, ਗੂੜ੍ਹੇ ਆਦਿ ’ਚ ਰੈਲੀਆਂ ਕਰ ਕੇ ਨੌਜਵਾਨਾਂ ਦੀ ਲਾਮਬੰਦੀ ਕਰ ਲਈ। 28 ਦਸੰਬਰ ਦੀ ਸ਼ਾਮ ਚੌਕੀਮਾਨ ਪਿੰਡ ਦੀ ਸੱਥ ’ਚ ਰੈਲੀ ਕਰ ਕੇ ਨੌਜਵਾਨਾਂ ਨੂੰ ਸਵੇਰੇ ਪੰਜ ਵਜੇ ਚੌਕੀਮਾਨ ਪਹੁੰਚਣ ਦਾ ਸੱਦਾ ਦੇ ਦਿੱਤਾ। ਉਦੋਂ ਆਮ ਆਵਾਜਾਈ ਦਾ ਸਾਧਨ ਸਾਇਕਲ ਹੀ ਹੁੰਦਾ ਸੀ। ਮੋਟਰਸਾਈਕਲ ਜਾਂ ਸਕੂਟਰ ਵਿਰਲੇ ਘਰਾਂ ’ਚ ਹੀ ਹੁੰਦੇ ਸਨ। ਛੋਟੀ, ਦਰਮਿਆਨੀ ਕਿਸਾਨੀ ਤੇ ਪੇਂਡੂ ਮਜ਼ਦੂਰਾਂ ਦੇ ਸਾਰੇ ਨੌਜਵਾਨ ਸਾਇਕਲਾਂ ’ਤੇ ਹੀ ਇਸ ਐਕਸ਼ਨ ’ਚ ਪਹੁੰਚੇ ਸਨ। ਤਿੱਖੀ ਠੰਢ ਕਾਰਨ ਉਸ ਰਾਤ ਮੈਨੂੰ ਬੁਖਾਰ ਹੋ ਗਿਆ। ਉਦੋਂ ਮਰਹੂਮ ਕਾਮਰੇਡ ਸੁਰਜੀਤ ਕਲੋਆ ਸਾਡਾ ਆਰਗੇਨਾਈਜ਼ਰ ਹੁੰਦਾ ਸੀ। ਉਹ ਬੁਖਾਰ ਦੀ ਹਾਲਤ ’ਚ ਮੇਰੇ ਨਾਲ ਹੀ ਰਿਹਾ। ਮੈਂ ਉਹ ਰਾਤ ਲਹਿਰ ਦੇ ਹਮਦਰਦ ਚੌਕੀਮਾਨ ਪਿੰਡ ਦੇ ਡਾਕਟਰ ਲਾਲ ਸਿੰਘ ਦੇ ਘਰ ਚੁਬਾਰੇ ’ਚ ਦਵਾਈ ਲੈ ਕੇ ਲੰਘਾਈ।
ਅਗਲੀ ਸਵੇਰ ਸੱਥ ’ਚੋਂ ਨਾਅਰੇ ਮਾਰਦਾ ਨੌਜਵਾਨਾਂ ਦਾ ਕਾਫਲਾ ਬੱਸ ਅੱਡੇ ਨੂੰ ਧਾਹ ਪਿਆ। ਮੁੱਖ ਆਗੂਆਂ ਦੇ ਹੱਥਾਂ ’ਚ ਬੱਸਾਂ ਦੀਆਂ ਟੂਟੀਆਂ ਖੋਲ੍ਹਣ ਵਾਲਾ ਯੰਤਰ ਸੀ। ਬੱਸ ਫਿਰ ਕੀ ਸੀ, ਬੱਸਾਂ ਦੀਆਂ ਟੂਟੀਆਂ ਖੋਲ੍ਹ-ਖੋਲ੍ਹ ਬੱਸਾਂ ਦੀ ਬਸ ਕਰਾ ਦਿੱਤੀ। ਬੱਸਾਂ ਦੀ ਹਵਾ ਕੱਢਣ ਦਾ ਮਕਸਦ ਅਸਲ ਵਿੱਚ ਸਰਕਾਰ ਦੀ ਹਵਾ ਕੱਢਣਾ ਸੀ। ਉਦੋਂ ਡੇਢ ਘੰਟਾ ਮੁੱਖ ਸੜਕ ’ਤੇ ਨੌਜਵਾਨਾਂ ਦਾ ਰਾਜ ਰਿਹਾ। ਸੜਕ ਦੇ ਦੋਹੀਂ ਪਾਸੀਂ ਬੱਸਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਬੱਸ ਅੱਡੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਨਾਲ ਲੱਗਦੇ ਸੂਏ ਦੇ ਪੁਲ ’ਤੇ ਬੱਸਾਂ ਦੀ ਫੂਕ ਕੱਢ ਕੇ ਪੱਕਾ ਜਾਮ ਲਾ ਦਿੱਤਾ।
ਖ਼ਬਰ ਮਿਲਣ ’ਤੇ ਜਗਰਾਓਂ ਤੋਂ ਪੁਲੀਸ ਦੀਆਂ ਧਾੜਾਂ ਬੱਸਾਂ ਭਰ ਕੇ ਆ ਗਈਆਂ। ਉੱਤਰਦਿਆਂ ਸਾਰ ਹੀ ਪੁਲੀਸ ਵਾਲਿਆਂ ਨੇ ਸਾਡੇ ਉੱਤੇ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ। ਡਾਂਗਾਂ ਨਾਲ ਲੈਸ ਪੁਲੀਸ ਵਾਲਿਆਂ ਦਾ ਮੁਕਾਬਲਾ ਨੌਜਵਾਨਾਂ ਨੇ ਝੰਡਿਆਂ ਵਾਲੀਆਂ ਸੋਟੀਆਂ ਨਾਲ ਕਰਨ ਦੀ ਹਿੰਮਤ ਤਾਂ ਕੀਤੀ ਪਰ ਗੱਲ ਨਾ ਬਣੀ। ਕੁਝ ਕਮਜ਼ੋਰ ਦਿਲੇ ਖਿੰਡ ਗਏ। ਪੁਲੀਸ ਨੇ ਸਾਡੇ ਡਾਂਗਾਂ ਮਾਰਦਿਆਂ-ਮਾਰਦਿਆਂ ਸਾਨੂੰ ਸੂਏ ’ਚ ਸੁੱਟ ਲਿਆ। ਦਸੰਬਰ ਦੀ ਕੜਕਦੀ ਠੰਢ ’ਚ ਦਾਅ ਦੇਖ ਕੇ ਇੱਕ ਪੁਲੀਸ ਵਾਲੇ ਨੇ ਤਾੜ ਦੇ ਕੇ ਡਾਂਗ ਮੇਰੇ ਸਿਰ ’ਚ ਦੇ ਮਾਰੀ; ਨਾਲੋ-ਨਾਲ ਲਹੂ ਦੀ ਤਤੀਰੀ ਵਗ ਤੁਰੀ। ਲਹੂ ਨਾਲ ਕੱਪੜੇ ਭਿੱਜ ਗਏ। ਕਿਸੇ ਸਾਥੀ ਨੇ ਆਪਣੀ ਪੱਗ ਲਾਹ ਕੇ ਮੇਰੇ ਸਿਰ ’ਤੇ ਬੰਨ੍ਹੀ। ਸਾਨੂੰ ਛੇ ਨੌਜਵਾਨਾਂ ਨੂੰ ਪੁਲੀਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਕੇ ਜਗਰਾਓਂ ਥਾਣੇ ਲਿਆ ਡੱਕਿਆ। ਹਸਪਤਾਲੋਂ ਪੱਟੀ ਕਰਵਾ, ਟੀਕਾ ਲਵਾ ਸਾਨੂੰ ਹਵਾਲਾਤ ’ਚ ਤਾੜ ਦਿੱਤਾ ਗਿਆ। ਇਹ ਤਾਂ ਭਲਾ ਹੋਵੇ ਥਾਣੇ ਦੇ ਬਾਹਰ ਸਾਡੇ ਹਮਦਰਦ, ਸ਼ਹਿਰ ਦੇ ਅਖਬਾਰਾਂ ਵਾਲੇ ਮਹਾਸ਼ਿਆਂ ਦੇ ਘਰੋਂ ਮੇਰੇ ਬਦਲਣ ਲਈ ਕੱਪੜੇ ਆ ਗਏ। ਮੇਰੇ ਸਮੇਤ ਮਾਸਟਰ ਮਲਕੀਤ, ਉਸ ਦਾ ਭਰਾ ਸਵਰਨ ਰਸੂਲਪੁਰ, ਤਲਵੰਡੀ ਕਲਾਂ ਦਾ ਸੁਰਜੀਤ , ਚੌਕੀਮਾਨ ਦਾ ਕਾਕਾ ਸੁਰਜੀਤ (ਬਾਅਦ ’ਚ ਸਰਪੰਚ ਬਣਿਆ) ਤੇ ਮਾਸਟਰ ਬਲਬੀਰ (ਹਾਲ ਵਾਸੀ ਅਮਰੀਕਾ) ਇਸ ਗ੍ਰਿਫ਼ਤਾਰੀ ’ਚ ਸ਼ਾਮਲ ਸੀ। ਸੱਤ ਦਿਨ ਸਾਨੂੰ ਪੁਲੀਸ ਰਿਮਾਂਡ ਤਹਿਤ ਰੱਖ ਕੇ ਇਰਾਦਾ ਕਤਲ ਦੀ ਧਾਰਾ 307 ਤਹਿਤ ਐੱਫਆਈਆਰ ਦਰਜ ਕਰ ਕੇ ਲੁਧਿਆਣੇ ਦੀ ਪੁਰਾਣੀ ਜੇਲ੍ਹ ਭੇਜ ਦਿੱਤਾ। 29 ਦਿਨ ਅਸੀਂ ਜੇਲ੍ਹ ’ਚ ਰਹੇ ਤੇ ਫਿਰ ਜ਼ਮਾਨਤ ’ਤੇ ਬਾਹਰ ਆ ਗਏ।
ਅਦਾਲਤ ਵਿੱਚ ਚਾਰ ਸਾਲ ਕੇਸ ਚੱਲਿਆ ਤੇ ਬਰੀ ਹੋਏ। ਸਿਰ ਪਾੜੇ ਸਾਡੇ, ਡਾਂਗਾਂ ਵਰ੍ਹਾਈਆਂ ਸਾਡੇ ’ਤੇ ਅਤੇ ਇਰਾਦਾ ਕਤਲ ਦਾ ਪਰਚਾ ਵੀ ਸਾਡੇ ’ਤੇ ਦਰਜ ਕਰ ਦਿੱਤਾ। ਹੈਰਾਨੀ ਹੈ ਕਿ ਲਗਭਗ ਅੱਧੀ ਸਦੀ ਬੀਤ ਜਾਣ, ਕੇਂਦਰ ਸਰਕਾਰ ਵੱਲੋਂ ਇੰਡੀਅਨ ਪੀਨਲ ਕੋਡ ਨੂੰ ਭਾਰਤੀ ਨਿਆਏ ਸੰਹਿਤਾ ’ਚ ਬਦਲ ਦੇਣ ਅਤੇ ਧਾਰਾ ਦਾ ਨੰਬਰ 307 ਦੀ ਥਾਂ 109 ਕਰ ਦੇਣ ਦੇ ਬਾਵਜੂਦ ਸੱਤਾ ਦਾ ਕਿਰਦਾਰ ਉਹੀ ਹੈ।
ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਆਵਦਾ ਖੁੱਸਿਆ ਵਕਾਰ ਬਹਾਲ ਕਰਾਉਣ ਲਈ ਫਿਰੋਜ਼ਪੁਰ ਆਉਂਦਾ ਹੈ ਤਾਂ ਬਕਾਇਆ ਮੰਗਾਂ ਦਾ ਚੇਤਾ ਕਰਾਉਣ ਲਈ ਮਜ਼ਦੂਰ ਕਿਸਾਨ ਵਿਰੋਧ ਕਰਦੇ ਹਨ। ਇਸ ਗੁਸਤਾਖੀ ਨੂੰ ਪ੍ਰਧਾਨ ਮੰਤਰੀ ਦੀ ਜਾਨ ਲਈ ਖ਼ਤਰਾ ਕਰਾਰ ਦੇਣ ਦਾ ਡਰਾਮਾ ਰਚਿਆ ਜਾਂਦਾ ਹੈ। ਫਿਰ ਤਿੰਨ ਸਾਲ ਦੀ ਉੱਚ ਪੱਧਰੀ ‘ਪੜਤਾਲ’ ਤੋਂ ਬਾਅਦ ਕਿਸਾਨ ਮਜ਼ਦੂਰ ਆਗੂਆਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ। ਬਠਿੰਡਾ ਜਿ਼ਲ੍ਹੇ ਦੇ ਪਿੰਡ ਜਿਓਂਦ ਕਲਾਂ ’ਚ ਸੌ ਸਾਲ ਤੋਂ ਜ਼ਮੀਨਾਂ ਵਾਹ ਰਹੇ ਮੁਜ਼ਾਰੇ ਕਿਸਾਨਾਂ ਤੋਂ ਜ਼ਮੀਨ ਦਾ ਹੱਕ ਖੋਹਣ ਖ਼ਿਲਾਫ਼ ਚੱਲ ਰਹੇ ਵਿਰੋਧ ਦੌਰਾਨ ਹੋਈ ਮਾੜੀ ਮੋਟੀ ਧੱਕਾ ਮੁੱਕੀ ਦੌਰਾਨ ਪੱਗਾਂ ਵੀ ਲੱਥਦੀਆਂ ਹਨ, ਕੱਪੜੇ ਵੀ ਫਟਦੇ ਹਨ ਤੇ ਥੋੜ੍ਹੀ ਬਹੁਤੀ ਧੂਹ ਘੜੀਸ ਵੀ ਹੁੰਦੀ ਹੈ ਪਰ ਕਤਲ ਕਰਨ ਦੇ ਇਰਾਦੇ ਦੀ ਕਿਤੇ ਕੋਈ ਗੱਲ ਨਹੀਂ। ਉਂਝ, ਮੁੱਖ ਆਗੂ ਸਮੇਤ ਚਾਲੀ ਕਿਸਾਨਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ, ਐੱਫਆਈਆਰ ਅੱਜੇ ਖੁੱਲ੍ਹੀ ਹੈ। ਹੁਣ ਧਾਰਾ 109 ਵਿਰੋਧ ਕੁਚਲਣ ਲਈ ਬਿਲਕੁਲ ਉਵੇਂ ਹੀ ਵਰਤੀ ਜਾ ਰਹੀ ਹੈ ਜਿਵੇਂ ਇਹ ਸੱਤ ਇਕਵੰਜਾ ਹੋਵੇ। ਧੰਨ ਹੈ ਇਸ ਦੇਸ਼ ਦਾ ਜੋਕਤੰਤਰ ਤੇ ਨਿਆਂਤੰਤਰ!
ਸੰਪਰਕ (ਵਟਸਐਪ): 94170-67344