DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਤਾ ਦਾ ਮਾਲ

ਕਈ ਸਾਲਾਂ ਮਗਰੋਂ ਦਫ਼ਤਰ ਵਿੱਚ ਨਵੇਂ ਸਹਿਕਰਮੀ ਆਏ। ਨਾਲ ਬੈਠੇ ਦੂਜੇ ਵਿਭਾਗ ਵਾਲਿਆਂ ਵਿੱਚ ਘੁਸਰ-ਮੁਸਰ ਹੋਈ। ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਦੋ ਸਹਿਕਰਮੀ ਮਿਲੇ ਸਨ। ਅਜਿਹੇ ਵੇਲੇ ਹਰ ਕੋਈ ਪੁੱਛਦਾ, “ਕਿਵੇਂ ਦੇ ਨੇ ਬੰਦੇ?” ਮੈਂ ਆਖਣਾ, “ਜਦੋਂ ਕੋਈ ਨਵਾਂ ਬੰਦਾ...
  • fb
  • twitter
  • whatsapp
  • whatsapp
Advertisement

ਕਈ ਸਾਲਾਂ ਮਗਰੋਂ ਦਫ਼ਤਰ ਵਿੱਚ ਨਵੇਂ ਸਹਿਕਰਮੀ ਆਏ। ਨਾਲ ਬੈਠੇ ਦੂਜੇ ਵਿਭਾਗ ਵਾਲਿਆਂ ਵਿੱਚ ਘੁਸਰ-ਮੁਸਰ ਹੋਈ। ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਦੋ ਸਹਿਕਰਮੀ ਮਿਲੇ ਸਨ। ਅਜਿਹੇ ਵੇਲੇ ਹਰ ਕੋਈ ਪੁੱਛਦਾ, “ਕਿਵੇਂ ਦੇ ਨੇ ਬੰਦੇ?” ਮੈਂ ਆਖਣਾ, “ਜਦੋਂ ਕੋਈ ਨਵਾਂ ਬੰਦਾ ਕਿਸੇ ਨਵੀਂ ਥਾਂ ’ਤੇ ਆਉਂਦੈ, ਸਥਾਪਤ ਹੋਣ ਨੂੰ ਸਮਾਂ ਤਾਂ ਲਗਦਾ। ਸਾਡੇ ਨਾਲ ਵੀ ਇੱਦਾਂ ਹੀ ਹੋਇਆ ਸੀ। ਥੋੜ੍ਹੀ ਹੱਲਾਸ਼ੇਰੀ ਦੀ ਲੋੜ ਹੁੰਦੀ।” ਹਰੇਕ ਵਿੱਚ ਕੋਈ ਨਾ ਕੋਈ ਗੁਣ ਹੁੰਦਾ।

... ਅਜਿਹੀਆਂ ਗੱਲਾਂ ਕਰਦਿਆਂ ਢਾਈ ਦਹਾਕੇ ਪਹਿਲਾਂ ਦਾ ਸਮਾਂ ਯਾਦ ਆ ਗਿਆ। ਨਿਯੁਕਤੀ ਪੱਤਰ ਲੈਣ ਮਗਰੋਂ ਦਫ਼ਤਰ ਪਹੁੰਚਿਆ। ਅਧਿਕਾਰੀ ਨੇ ਜੁਆਇਨਿੰਗ ਰਿਪੋਰਟ ਲਿਖਣ ਲਈ ਆਖ ਦਿੱਤਾ। ਅਰਜ਼ੀ ਲਿਖੀ, ਅਧਿਕਾਰੀ ਨੇ ਵੱਡੇ ਅਧਿਕਾਰੀ ਕੋਲ ਪੁੱਜਦੀ ਕਰ ਦਿੱਤੀ। ਥੋੜ੍ਹੀ ਦੇਰ ਮਗਰੋਂ ਵੱਡੇ ਅਧਿਕਾਰੀ ਨੇ ਬੁਲਾਵਾ ਭੇਜ ਦਿੱਤਾ। ਵੱਡੇ ਅਧਿਕਾਰੀ ਨੇ ਅਰਜ਼ੀ ਅੱਗੇ ਕਰਦਿਆਂ ਆਖਿਆ, “ਲਿਖਾਈ ਬਹੁਤ ਵਧੀਆ, ਬੱਸ ਆਹ ਦੋ ਗ਼ਲਤੀਆਂ ਨੇ। ਕਾਹਲੀ ਵਿੱਚ ਅਜਿਹਾ ਹੋ ਜਾਂਦਾ। ਅਜਿਹੀਆਂ ਗ਼ਲਤੀਆਂ ਫੇਰ ਨਹੀਂ ਹੋਣੀਆਂ ਚਾਹੀਦੀਆਂ। ਅੱਗੋਂ ਧਿਆਨ ਰੱਖਣਾ। ਕੰਮ ਇਮਾਨਦਾਰੀ ਨਾਲ ਕਰਨਾ। ਕੋਈ ਦਿੱਕਤ ਆਵੇ ਤਾਂ ਸਿੱਧਾ ਮੇਰੇ ਕੋਲ ਆਉਣਾ।” ਥੋੜ੍ਹੀ ਦੇਰ ਬਾਅਦ ਚਾਹ ਆ ਗਈ। ਉਨ੍ਹਾਂ ਘਰ-ਪਰਿਵਾਰ ਬਾਰੇ ਪੁੱਛਿਆ। ਮੈਂ ਜਾਣ ਦੀ ਇਜ਼ਾਜਤ ਮੰਗੀ ਤਾਂ ਆਖਣ ਲੱਗੇ, “ਨਿੱਠ ਕੇ ਕੰਮ ਕਰਨਾ। ਆਪਾਂ ਕਿਸੇ ਕੋਲੋਂ ‘ਮਾਤਾ ਦਾ ਮਾਲ’ ਨਹੀਂ ਕਹਾਉਣਾ। ਕੰਮ ਨਾਲ ਪਛਾਣ ਬਣਾਉਣੀ। ਹੁਣ ਜਾਓ ਤੇ ਜੀਅ ਲਾ ਕੇ ਕੰਮ ਕਰੋ।”

Advertisement

ਦਿਨ ਬੀਤਣ ਲੱਗੇ। ਪਹਿਲਾਂ ਦਫ਼ਤਰ ਵਿੱਚ ਜੀਅ ਘੱਟ ਲਗਦਾ ਸੀ। ਜਦੋਂ ਸਾਥੀ ਬਣੇ ਤਾਂ ਮਨ ਹੋਰ ਗਿਆ। ਅਧਿਕਾਰੀਆਂ ਦਾ ਲਿਖਿਆ ਕਾਗਜ਼ ਸਾਡੇ ਕੋਲ ਟਾਈਪ ਕਰਨ ਲਈ ਆਉਂਦਾ। ਕਈ ਵਾਰ ਸ਼ਬਦ ਸਮਝ ਨਾ ਆਉਣਾ ਤਾਂ ਅਧਿਕਾਰੀ ਤੋਂ ਪੁੱਛ ਲੈਣਾ। ਹੌਲੀ-ਹੌਲੀ ਹਰ ਕਿਸੇ ਦੀ ਲਿਖਾਈ ਸਮਝ ਆਉਣ ਲੱਗੀ। ਐੱਮਏ ਪਹਿਲਾ ਭਾਗ ਕੀਤਾ ਹੋਇਆ ਸੀ, ਅਧਿਕਾਰੀ ਨਾਲ ਅੱਗੇ ਪੜ੍ਹਨ ਦੀ ਗੱਲ ਕੀਤੀ ਤਾਂ ਬੜੇ ਖੁਸ਼ ਹੋਏ। ਉਨ੍ਹਾਂ ਕਿਹਾ, “ਨੇਕ ਕੰਮ ਵਿੱਚ ਦੇਰੀ ਕਿਉਂ। ਜਾ ਅਰਜ਼ੀ ਟਾਈਪ ਕਰ ਲਿਆ।”... ਦਫ਼ਤਰ ਛੁੱਟੀ ਹੋ ਗਈ ਸੀ। ਮੈਂ ਫਟਾਫਟ ਅਰਜ਼ੀ ਟਾਈਪ ਕੀਤੀ, ਤੇਜ਼ੀ ਨਾਲ ਕਮਰੇ ਵਿੱਚ ਪਹੁੰਚ ਗਿਆ, ਉਨ੍ਹਾਂ ਪੜ੍ਹ ਕੇ ਹੇਠਾਂ ਦਸਤਖ਼ਤ ਕਰ ਦਿੱਤੇ। ਦੂਜੇ ਦਿਨ ਦਾਖ਼ਲਾ ਫੀਸ ਭਰੀ। ਜਦੋਂ ਕਦੇ ਦੇਰ ਨਾਲ ਆਉਣਾ ਹੁੰਦਾ ਤਾਂ ਉਨ੍ਹਾਂ ਨੂੰ ਦੱਸ ਦੇਣਾ।

ਸਮਾਂ ਬੀਤਦਾ ਗਿਆ। ਅਧਿਕਾਰੀ ਸੇਵਾਮੁਕਤ ਹੋ ਗਏ। ਜਾਣ ਲੱਗੇ ਆਖਣ ਲੱਗੇ, “ਜਿਸ ਦਿਨ ਮੈਂ ਮੁੜ ਇਸ ਦਫ਼ਤਰ ਆਵਾਂ ਤਾਂ ਤੂੰ ਇਸ ਕੁਰਸੀ ’ਤੇ ਬੈਠਿਆ ਨਹੀਂ ਹੋਣਾ ਚਾਹੀਦਾ। ਕੁਰਸੀ ਨਾਲ ਮੋਹ ਨਹੀਂ ਪਾਉਣਾ। ਮੌਕਾ ਮਿਲਣ ’ਤੇ ਅੱਗੇ ਵਧਣਾ ਹੈ।” ਉਨ੍ਹਾਂ ਨਾਲ ਬਿਤਾਇਆ ਸਮਾਂ ਹੁਣ ਵੀ ਯਾਦ ਆਉਂਦਾ। ਐੱਮਏ ਦੇ ਪੇਪਰ ਦਿੱਤੇ। ਵਧੀਆ ਅੰਕਾਂ ਨਾਲ ਪਾਸ ਹੋ ਗਿਆ। ਨਵੇਂ ਅਧਿਕਾਰੀ ਆਏ। ਪਹਿਲਾਂ ਉਨ੍ਹਾਂ ਦੀ ਲਿਖਾਈ ਪੜ੍ਹਨ ਵਿੱਚ ਥੋੜ੍ਹੀ ਮੁਸ਼ਕਿਲ ਆਈ। ਮਗਰੋਂ ਰੋਜ਼ ਦੇ ਅਭਿਆਸ ਨੇ ਇਹ ਕੰਮ ਵੀ ਸੌਖਾ ਕਰ ਦਿੱਤਾ। ਹੁਣ ਵੀ ਕਿਸੇ ਸ਼ਬਦ ਦਾ ਪਤਾ ਨਾ ਲੱਗੇ ਤਾਂ ਇੱਕ ਦੂਜੇ ਨੂੰ ਪੁੱਛ ਲਈਦਾ। ਥੋੜ੍ਹੇ ਸਮੇਂ ਬਾਅਦ ਤਰੱਕੀਆਂ ਕਰ ਕੇ ਅੱਗੇ ਪਹੁੰਚ ਗਏ।

ਥੋੜ੍ਹਾ ਚਿਰ ਪਹਿਲਾਂ ਭਾਣਜੇ ਨੂੰ ਸਰਕਾਰੀ ਨੌਕਰੀ ਮਿਲੀ। ਉਹ ਸਲਾਹ ਲੈਣ ਆ ਗਿਆ। ਆਖਣ ਲੱਗਿਆ, “ਮਾਮਾ ਜੀ ਕੱਲ੍ਹ ਨੂੰ ਨੌਕਰੀ ਦਾ ਪਹਿਲਾ ਦਿਨ ਹੈ, ਕੀ ਕੁਝ ਹੁੰਦਾ ਪਹਿਲੇ ਦਿਨ?” ਮੈਂ ਆਖਿਆ, “ਕੁਝ ਨਹੀਂ ਹੁੰਦਾ। ਜੁਆਇਨਿੰਗ ਰਿਪੋਰਟ ਦੇਣੀ ਹੁੰਦੀ। ਹੁਣ ਤਾਂ ਕੰਪਿਊਟਰ ਯੁੱਗ ਹੈ। ਤੂੰ ਐੱਮਟੈੱਕ ਕੀਤੀ ਹੋਈ ਐ। ਅਸੀਂ ਤਾਂ ਕਾਗਜ਼ ’ਤੇ ਲਿਖ ਕੇ ਦਿੰਦੇ ਸਾਂ। ਹੁਣ ਲਿਖਾਈ ਕਿਸੇ ਨੇ ਨਹੀਂ ਦੇਖਣੀ। ਜਿਵੇਂ ਬਾਕੀ ਕਰਨਗੇ, ਉਵੇਂ ਤੂੰ ਕਰ ਲਵੀਂ। ਸਾਡੇ ਪਿੰਡ ਆਲਾ ਕੇਸਰ ਸਿਹੁੰ ਤੁਹਾਡੇ ਦਫ਼ਤਰ ਵਿੱਚ ਲੱਗਿਆ ਹੋਇਐ। ਘਬਰਾਉਣ ਦੀ ਲੋੜ ਨਹੀਂ।” ਭਾਣਜਾ ਹੋਰ ਗੱਲਾਂ ਕਰ ਕੇ ਸ਼ਾਮ ਨੂੰ ਆਪਣੇ ਪਿੰਡ ਚਲੇ ਗਿਆ।

ਉਹ ਦੋ ਕੁ ਹਫ਼ਤੇ ਮਗਰੋਂ ਆਇਆ। ਹੁਣ ਉਹ ਦਫ਼ਤਰ ਦੇ ਕੰਮ ਨੂੰ ਕੁਝ ਸਮਝਦਾ ਹੀ ਨਹੀਂ ਸੀ। ਮੈਂ ਪੁੱਛਿਆ, “ਕਿਵੇਂ ਤੇਰਾ ਦਫ਼ਤਰ? ਅਧਿਕਾਰੀ ਠੀਕ ਨੇ?” ਉਹ ਆਖਣ ਲੱਗਿਆ, “ਅਸੀਂ 12 ਮੁੰਡੇ-ਕੁੜੀਆਂ ਨੇ ਇਕੱਠਿਆਂ ਜੁਆਇਨ ਕੀਤਾ ਸੀ। ਦੋ ਦਿਨ ਤਾਂ ਅਸੀਂ ਵਿਹਲੇ ਹੀ ਬੈਠੇ ਰਹੇ। ਮਗਰੋਂ ਸਾਨੂੰ ਹਰੇਕ ਅਧਿਕਾਰੀ ਨਾਲ ਇੱਕ-ਇੱਕ, ਦੋ-ਦੋ ਨੂੰ ਲਗਾ ਦਿੱਤਾ।... ਮੈਨੂੰ ਸਟੋਰ ਵਾਲੇ ਸਰ ਨਾਲ ਲਗਾਇਆ ਹੈ। ਸਰ ਬਹੁਤ ਚੰਗੇ ਨੇ। ਹਰ ਚੀਜ਼ ਦੇਣ ਵੇਲੇ ਕੰਪਿਊਟਰ ’ਤੇ ਐਂਟਰੀ ਕੀਰੀਦੀ ਹੈ।” ਮੈਂ ਕਿਹਾ, “ਕੰਮ ਨਿੱਠ ਕੇ ਕਰੀਂ। ਜਿਹੜਾ ਨਹੀਂ ਆਉਂਦਾ, ਪੁੱਛ ਲਵੀਂ।” ਉਹ ਹੱਸਦਿਆਂ ਆਖਣ ਲੱਗਿਆ, “ਸਾਡੇ ਅਧਿਕਾਰੀਆਂ ਨੂੰ ਕੰਪਿਊਟਰ ਦਾ ਗਿਆਨ ਘੱਟ ਹੈ। ਉਹ ਤਾਂ ਬਹੁਤ ਵਾਰੀ ਸਾਡੇ ਕੋਲੋਂ ਪੁੱਛਦੇ ਰਹਿੰਦੇ।... ਕੱਲ੍ਹ ਵੱਡੇ ਅਧਿਕਾਰੀ ਨੇ ਸਾਨੂੰ ਮਿਲਣ ਆਪਣੇ ਦਫ਼ਤਰ ਸੱਦ ਲਿਆ। ਪੁਰਾਣੇ ਅਧਿਕਾਰੀ ਸਾਡੇ ਨਾਲ ਸਨ। ਵੱਡੇ ਅਧਿਕਾਰੀ ਨੇ ਹਰ ਨਵੇਂ ਬੰਦੇ ਤੋਂ ਉਹਦੀ ਪੜ੍ਹਾਈ ਬਾਰੇ ਪੁੱਛਿਆ। ਫਿਰ ਪੁਰਾਣਿਆਂ ਦੀ ਯੋਗਤਾ ਪੁੱਛੀ। ਕਹਿੰਦੇ, “ਜਿਹੜੇ ਨਵੇਂ ਨੌਜਵਾਨ ਆਏ ਹਨ, ਸਭ ਦੀ ਯੋਗਤਾ ਪੁਰਾਣਿਆਂ ਨਾਲੋਂ ਵੱਧ ਹੈ। ਇਹ ਕੰਪਿਊਟਰ ਵੀ ਚੰਗੀ ਤਰ੍ਹਾਂ ਜਾਣਦੇ। ਭਰਤੀ ਦੇ ਦੋ ਤਿੰਨ ਪੜਾਵਾਂ ਵਿੱਚੋਂ ਨਿਕਲ ਕੇ ਆਏ। ਪੁਰਾਣੇ ਅਧਿਕਾਰੀਆਂ ਨੂੰ ਤਜਰਬਾ ਭਾਵੇਂ ਜ਼ਿਆਦਾ ਹੈ ਪਰ ਨਵੀਂ ਤਕਨਾਲੋਜੀ ਇਨ੍ਹਾਂ ਨੂੰ ਵਧੇਰੇ ਆਉਂਦੀ ਹੈ। ਇਸ ਲਈ ਨਵੇਂ ਉਮੀਦਵਾਰਾਂ ਦੀ ਯੋਗਤਾ ਦਾ ਲਾਭ ਪੁਰਾਣਿਆਂ ਨੇ ਲੈਣਾ ਹੈ। ਇਨ੍ਹਾਂ ਨੂੰ ਕਦੇ ਇਹ ਤਾਅਨੇ ਨਹੀਂ ਮਾਰਨੇ- ‘ਅਸੀਂ ਤੁਹਾਡੇ ਸੀਨੀਅਰ ਹਾਂ’। ਇਨ੍ਹਾਂ ਦੀ ਯੋਗਤਾ ਅਤੇ ਮੁਹਾਰਤ ਅੱਗੇ ਤੁਸੀਂ ਆਪਣੇ ਆਪ ਨੂੰ ‘ਮਾਤਾ ਦਾ ਮਾਲ’ ਹੀ ਸਮਝੋ।”

“ਤੁਹਾਡਾ ਅਫਸਰ ਤਾਂ ਬੜਾ ਧੜੱਲੇ ਵਾਲਾ ਹੈ ਜੀਹਨੇ ਤੁਹਾਡੇ ਸਾਹਮਣੇ ਪੁਰਾਣੇ ਅਧਿਕਾਰੀਆਂ ਦੀ ਬੋਲਤੀ ਬੰਦ ਕਰ ਦਿੱਤੀ।” ਕੁਝ ਚਿਰ ਮਗਰੋਂ ਭਾਣਜਾ ਪੈਰੀਂ ਹੱਥ ਲਾਉਂਦਾ ਹੋਇਆ ‘ਚੰਗਾ ਮਾਮਾ, ਹੁਣ ਚਲਦੇ ਆਂ’ ਕਹਿ ਕੇ ਆਪਣੇ ਪਿੰਡ ਨੂੰ ਤੁਰ ਪਿਆ।

ਭਾਣਜੇ ਦੇ ਜਾਣ ਮਗਰੋਂ ਮਨ ਵਿੱਚ ਆਇਆ- ਹੁਣ ਦੇ ਯੁੱਗ ਵਿੱਚ ਜੋ ਸਮੇਂ ਦਾ ਹਾਣੀ ਨਾ ਬਣਿਆ, ਉਹ ‘ਮਾਤਾ ਦਾ ਮਾਲ’ ਹੀ ਕਹਾਏਗਾ।

ਸੰਪਰਕ: 98152-33232

Advertisement
×