ਯਾਦਾਂ ਨਾਨਕਿਆਂ ਦੀਆਂ
ਨਾਨਕਿਆਂ ਦੀਆਂ ਯਾਦਾਂ ਜ਼ਿੰਦਗੀ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਹੁੰਦੀਆਂ ਹਨ। ਮੇਰੇ ਨਾਨਕੇ ਪਿੰਡ ਰਾਏਪੁਰ ਰਸੂਲਪੁਰ ਹਨ। ਨਿੱਕੇ ਹੁੰਦਿਆਂ ਸਾਰੀਆਂ ਛੁੱਟੀਆਂ ਹਮੇਸ਼ਾ ਹੀ ਨਾਨਕੇ ਜਾ ਕੇ ਬਿਤਾਈਆਂ ਹਨ। ਨਾਨੀ ਦੇ ਚਾਹ ਪੱਤੀ ਵਾਲੇ ਡੱਬੇ ਵਿੱਚ ਪੈਸੇ ਹੁੰਦੇ ਸਨ। ਜਦੋਂ ਵੀ...
ਨਾਨਕਿਆਂ ਦੀਆਂ ਯਾਦਾਂ ਜ਼ਿੰਦਗੀ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਹੁੰਦੀਆਂ ਹਨ। ਮੇਰੇ ਨਾਨਕੇ ਪਿੰਡ ਰਾਏਪੁਰ ਰਸੂਲਪੁਰ ਹਨ। ਨਿੱਕੇ ਹੁੰਦਿਆਂ ਸਾਰੀਆਂ ਛੁੱਟੀਆਂ ਹਮੇਸ਼ਾ ਹੀ ਨਾਨਕੇ ਜਾ ਕੇ ਬਿਤਾਈਆਂ ਹਨ। ਨਾਨੀ ਦੇ ਚਾਹ ਪੱਤੀ ਵਾਲੇ ਡੱਬੇ ਵਿੱਚ ਪੈਸੇ ਹੁੰਦੇ ਸਨ। ਜਦੋਂ ਵੀ ਕੋਈ ਚੀਜ਼ ਵਿਕਣੀ ਆਉਣੀ ਅਸੀਂ ਨਾਨੀ ਤੋਂ ਪੈਸੇ ਮੰਗਣੇ ਤੇ ਨਾਨੀ ਨੇ ਚਾਹ ਪੱਤੀ ਵਾਲਾ ਡੱਬਾ ਖੋਲ੍ਹ ਕੇ ਵਿੱਚੋਂ ਪੈਸੇ ਸਾਨੂੰ ਦੇ ਦੇਣੇ।
ਬਾਈ ਦੀ ਹੱਟੀ ਤੋਂ ਸਾਮਾਨ ਲਿਆ ਕੇ ਖਾ ਲੈਣਾ। ਮੈਨੂੰ ਤਾਂ ਇੰਜ ਲੱਗਦਾ ਹੁੰਦਾ ਸੀ ਜਿੱਦਾਂ ਬਾਈ ਸਾਨੂੰ ਮੁਫ਼ਤ ਵਿੱਚ ਚੀਜ਼ਾਂ ਦਿੰਦਾ ਹੈ। ਇਹ ਤਾਂ ਕਈ ਸਾਲ ਬਾਅਦ ਪਤਾ ਲੱਗਿਆ ਕਿ ਉੱਥੇ ਹਿਸਾਬ ਚੱਲਦਾ ਹੈ ਤੇ ਨਾਨਾ ਜੀ ਮਹੀਨੇ ਦੇ ਮਹੀਨੇ ਉਸ ਨੂੰ ਪੈਸੇ ਦਿੰਦੇ ਹਨ। ਇਹ ਵੀ ਬੜੀ ਪਿਆਰੀ ਜਿਹੀ ਖ਼ੁਸ਼ਫਹਿਮੀ ਸੀ ਕਿ ਬਾਈ ਸਾਨੂੰ ਮੁਫ਼ਤ ਵਿੱਚ ਚੀਜ਼ਾਂ ਦਿੰਦਾ ਹੈ। ਕਈ ਵਾਰੀ ਘਰਦਿਆਂ ਨੇ ਦਾਣੇ ਭੁੰਨਾਉਣ ਭੇਜ ਦੇਣਾ। ਉੱਥੇ ਰੇਤ ਵਿੱਚ ਜਦੋਂ ਦਾਣੇ ਭੁੱਜਣੇ ਤੇ ਖਿੱਲਾਂ ਬਣਨੀਆਂ ਦੇਖ ਕੇ ਬੜਾ ਹੀ ਮਜ਼ਾ ਆਉਣਾ। ਦਾਣਿਆਂ ਦੀ ਟੋਕਰੀ ਲਈ ਜਦੋਂ ਵਾਪਸ ਆਉਣਾ ਤਾਂ ਰਾਹ ਵਿੱਚ ਹੀ ਦਾਣੇ ਖਾਣੇ ਸ਼ੁਰੂ ਕਰ ਦੇਣੇ। ਦਾਣੇ ਭੁੰਨਾਉਣ ਜਾਣਾ ਵੀ ਇੱਕ ਬੜਾ ਜ਼ਰੂਰੀ ਕੰਮ ਸੀ।
ਨਾਨੀ ਨੇ ਮੱਝਾਂ ਲਈ ਬੱਕਲੀਆਂ ਬਣਾ ਕੇ ਰੱਖ ਲੈਣੀਆਂ ਤਾਂ ਕਿ ਠੰਢੀਆਂ ਹੋ ਜਾਣ। ਅਸੀਂ ਕੌਲੀ ਵਿੱਚ ਬੱਕਲੀਆਂ ਪਾ ਉਸ ਵਿੱਚ ਸ਼ੱਕਰ ਪਾ ਕੇ ਖਾ ਲੈਣੀ। ਨਾਨੀ ਨੇ ਬਥੇਰਾ ਕਹਿਣਾ ਕਿ ਸਾਰੀਆਂ ਨਾ ਖਾਇਆ ਕਰੋ, ਮੱਝ ਜੋਗੀਆਂ ਵੀ ਰਹਿਣ ਦਿਓ। ਪਰ ਅਸੀਂ ਪੰਜ ਨਿਆਣੇ ਕਿੱਥੇ ਕਾਬੂ ਆਉਂਦੇ। ਪੰਜ ਨਿਆਣਿਆਂ ਵਿੱਚੋਂ ਇੱਕ ਮੈਂ ਤੇ ਚਾਰ ਮੇਰੀਆਂ ਮਾਸੀਆਂ ਦੀਆਂ ਕੁੜੀਆਂ। ਸਵੇਰੇ ਉੱਠਦੇ ਹੀ ਚੁੱਲ੍ਹੇ ਦੇ ਮੂਹਰੇ ਪਾਥੀ ਮੂਧੀ ਕਰ ਕੇ ਬਹਿ ਜਾਣਾ। ਚਾਹ ਦੀ ਭਰੀ ਪਤੀਲੀ ਵਿੱਚੋਂ ਚਾਹ ਪੀਣ ਦਾ ਸੁਆਦ ਹੀ ਵੱਖਰਾ ਸੀ।
ਇੱਕ ਵਾਰ ਮੇਰਾ ਮਾਸੜ ਇੰਗਲੈਂਡ ਤੋਂ ਆਇਆ ਹੋਇਆ ਸੀ। ਜਦੋਂ ਕੁਲਫ਼ੀ ਵਾਲਾ ਮੱਖਣ ਆਇਆ ਤਾਂ ਅਸੀਂ ਨਾਨੀ ਤੋਂ ਪੈਸੇ ਮੰਗਣ ਲੱਗੇ। ਮਾਸੜ ਨੇ ਮੱਖਣ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਸਾਰੇ ਨਿਆਣਿਆਂ ਨੂੰ ਕੁਲਫ਼ੀਆਂ ਦੇ ਦੇ। ਜਿੰਨੇ ਆਂਢ-ਗੁਆਂਢ ਦੇ ਨਿਆਣੇ ਸੀ ਸਾਰੇ ਇਕੱਠੇ ਹੋ ਗਏ। ਅਸੀਂ ਸਾਰਿਆਂ ਨੇ ਦੋ ਦੋ ਕੁਲਫ਼ੀਆਂ ਖਾਧੀਆਂ। ਜਿੰਨੇ ਦਿਨ ਮਾਸੜ ਰਿਹਾ ਅਸੀਂ ਬੜੀਆਂ ਮੌਜਾਂ ਕੀਤੀਆਂ। ਉਸ ਲਈ ਪਕੌੜੇ ਬਣਨੇ ਤਾਂ ਸਾਨੂੰ ਵੀ ਨਾਲ ਮਿਲ ਜਾਣੇ। ਮਾਸੜ ਨੇ ਖਾਣ-ਪੀਣ ਨੂੰ ਵੱਖਰਾ ਕੁਝ ਲੈ ਦੇਣਾ।
ਨਾਨਾ ਜੀ ਤਾਂ ਪਹਾੜੇ ਸੁਣਾਉਣ ਦੇ ਵੀ ਪੈਸੇ ਦਿੰਦੇ ਸਨ। ਉਹਨਾਂ ਨੇ ਕਹਿਣਾ, ‘‘ਚਲੋ ਬਈ ਪਹਾੜੇ ਸੁਣਾਓ।’’ ਜਿਸ ਨੇ ਵੱਧ ਪਹਾੜੇ ਸੁਣਾਉਣੇ ਉਸ ਨੂੰ ਪੈਸੇ ਮਿਲਣੇ। ਫਿਰ ਅਸੀਂ ਸਾਰਿਆਂ ਨੇ ਉਨ੍ਹਾਂ ਦੀਆਂ ਮਿੰਨਤਾਂ ਕਰਦੇ ਰਹਿਣਾ ਕਿ ਸਾਨੂੰ ਵੀ ਖਾਣ ਨੂੰ ਕੁਝ ਲੈ ਦਿਓ।
ਸਵੇਰ ਵੇਲੇ ਨਾਨੀ ਨੇ ਅੰਡੇ ਉਬਾਲਣੇ ਤੇ ਇੱਕ ਇੱਕ ਅੰਡਾ ਸਾਨੂੰ ਖਾਣ ਨੂੰ ਦੇ ਦੇਣਾ। ਫਿਰ ਦੋ ਅੰਡੇ ਇੱਕ ਪਲੇਟ ਵਿੱਚ ਪਾ ਕੇ ਕਹਿਣਾ, ‘‘ਜਾਓ, ਚੁਬਾਰੇ ਵਿੱਚ ਨਾਨਾ ਜੀ ਨੂੰ ਫੜਾ ਆਓ।’’ ਮੇਰੀ ਮਾਸੀ ਦੀ ਕੁੜੀ ਸੋਨਾ ਅਕਸਰ ਉਹ ਅੰਡੇ ਲੈ ਕੇ ਚੁਬਾਰੇ ਵਿੱਚ ਜਾਂਦੀ। ਨਾਨਾ ਜੀ ਉਸ ਨੂੰ ਪੁੱਛਦੇ, ‘‘ਸੋਨੇ, ਉਬਲਿਆ ਅੰਡਾ ਖਾ ਲਿਆ ਤੁਸੀਂ?’’ ਤਾਂ ਸੋਨੇ ਨੇ ਜਵਾਬ ਦੇਣਾ, ‘‘ਨਹੀਂ।’’ ਨਾਨਾ ਜੀ ਨੇ ਇੱਕ ਅੰਡਾ ਉਸ ਨੂੰ ਦੇ ਦੇਣਾ। ਇਸ ਤਰ੍ਹਾਂ ਸੋਨੇ ਦੇ ਦੋ ਹੋ ਜਾਣੇ ਤੇ ਸਾਡਾ ਸਾਰਿਆਂ ਦਾ ਇੱਕ-ਇੱਕ, ਪਰ ਇਹ ਗੱਲ ਸਾਨੂੰ ਬਹੁਤ ਬਾਅਦ ਵਿੱਚ ਪਤਾ ਲੱਗੀ।
ਨਾਨਕਿਆਂ ਦੇ ਪਿੰਡ ਵਿੱਚ ਅਸੀਂ ਸਿਰਫ਼ ਮੇਜਰ ਸਾਹਿਬ ਦੇ ਘਰ ਦੀਆਂ ਦੋਹਤੀਆਂ ਨਹੀਂ ਸੀ, ਸਾਰੇ ਪਿੰਡ ਦੀਆਂ ਦੋਹਤੀਆਂ ਹੁੰਦੀਆਂ। ਹਰ ਕੋਈ ਬੜਾ ਹੀ ਪਿਆਰ ਕਰਦਾ। ਕਿਸੇ ਦੇ ਖੇਤ ਵਿੱਚੋਂ ਮੂਲੀਆਂ ਪੁੱਟ ਦਿੰਦੇ ਜਾਂ ਕੁਝ ਹੋਰ ਨੁਕਸਾਨ ਕਰ ਦਿੰਦੇ ਤਾਂ ਵੀ ਕੋਈ ਕੁਝ ਨਹੀਂ ਸੀ ਕਹਿੰਦਾ। ਅੱਗੋਂ ਹੱਸ ਕੇ ਕਹਿ ਦਿੰਦੇ, ‘‘ਕੋਈ ਨਾ ਨਿਆਣੇ ਨਾਨਕੇ ਆਏ ਹਨ।’’
ਰਾਤ ਨੂੰ ਵਿਹੜੇ ਵਿੱਚ ਮੰਜੇ ਡਾਹ ਕੇ ਪੈ ਜਾਂਦੇ। ਮੌਲਾ ਸਾਨੂੰ ਬਾਤਾਂ ਸੁਣਾਉਂਦਾ। ਕਦੇ ਕਦੇ ਨਾਨੀ ਵੀ ਬਾਤਾਂ ਸੁਣਾਉਂਦੀ ਸੀ, ਪਰ ਮੌਲੇ ਦੀਆਂ ਕਹਾਣੀਆਂ ਦਾ ਤਾਂ ਮਜ਼ਾ ਹੀ ਹੋਰ ਸੀ। ਉਸ ਦੀ ਸੁਣਾਈ ਕਹਾਣੀ ‘ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ’ ਬੜੀ ਹੀ ਮਜ਼ੇਦਾਰ ਸੀ। ਅਸੀਂ ਜਿੰਨੇ ਦਿਨ ਰਹਿੰਦੇ ਸਾਰਾ ਦਿਨ ਖੇਡਦੇ। ਕਦੇ ਝਿੜਕਾਂ ਨਹੀਂ ਸੀ ਪੈਂਦੀਆਂ। ਸਭ ਬਹੁਤ ਪਿਆਰ ਕਰਦੇ।
ਨਾਨਕਿਆਂ ਤੋਂ ਵਾਪਸ ਆਉਣ ਨੂੰ ਜੀਅ ਨਹੀਂ ਸੀ ਕਰਦਾ ਹੁੰਦਾ। ਵਾਪਸ ਆਉਣ ਲੱਗਿਆਂ ਨਾਨੀ ਪਿਆਰ ਦਿੰਦੀ। ਥੋੜ੍ਹੇ ਜਿਹੇ ਪੈਸੇ ਘੁੱਟ ਕੇ ਹੱਥ ਵਿੱਚ ਫੜਾ ਦਿੰਦੀ। ਨਾਨੀ ਦੇ ਹੱਥ ਦੀ ਉਹ ਛੋਹ ਕਦੇ ਨਹੀਂ ਭੁੱਲੀ। ਘਰ ਆ ਕੇ ਫਿਰ ਕਈ ਕਈ ਦਿਨ ਦਿਲ ਨਹੀਂ ਸੀ ਲੱਗਦਾ। ਨਾਨਕਿਆਂ ਦੀ ਬਹੁਤ ਯਾਦ ਆਉਂਦੀ। ਉਹੋ ਜਿਹਾ ਪਿਆਰ ਕਿਤਿਓਂ ਹੋਰ ਨਹੀਂ ਮਿਲਦਾ।
ਸੰਪਰਕ: 90410-73310

