ਮੁੜ ਕਦੇ ਨਾ ਆਉਣ ਓਹੋ ਜਿਹੇ ਦਿਨ
ਨੇਪਾਲ ਵਿੱਚ ਹੋਏ ਰਾਜ ਪਲਟੇ ਦੌਰਾਨ ਜੈੱਨ-ਜ਼ੀ ਉਮਰ ਵਰਗ ਦਾ ਬਹੁਤ ਜ਼ਿਕਰ ਸੁਣਿਆ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਕਲੱਬਾਂ ਤੱਕ 1997 ਤੋਂ ਬਾਅਦ ਜੰਮਿਆਂ ਦੇ ਦੌਰ ਦੀ ਹਰ ਕੋਈ ਗੱਲ ਕਰਦਾ ਹੈ। ਇਹ ਗੱਲਾਂ ਸੁਣ ਕੇ ਮੈਨੂੰ ਸਾਡੀ ਉਮਰ ਦਾ ਉਹ ਦੌਰ ਯਾਦ ਆ ਗਿਆ ਜਿਸ ਨੂੰ ਅਸੀਂ ਪੰਜਾਬ ਦਾ ‘ਕਾਲਾ ਦੌਰ’ ਆਖਦੇ ਹਾਂ। ਡੇਢ ਦਹਾਕੇ ਤੋਂ ਵੱਧ ਸਮਾਂ ਸਾਡੀ ਪੀੜ੍ਹੀ ਨੇ ਉਹ ਦੌਰ ਝੱਲਿਆ ਹੈ। ਉਨ੍ਹਾਂ ਪਰਿਵਾਰਾਂ ਦੀ ਪੀੜ ਨੂੰ ਬਿਆਨ ਕਰਨਾ ਸ਼ਬਦਾਂ ਦੇ ਵੱਸ ਨਹੀਂ, ਜਿਨ੍ਹਾਂ ਦੇ ਜੀਅ ਇਸ ਦੀ ਭੇਟ ਚੜ੍ਹੇ। ਉਸ ਸਮੇਂ ਦਾ ਅਸਰ ਹਰ ਪੰਜਾਬੀ ਨੇ ਝੱਲਿਆ ਹੈ।
ਇਸ ਦੌਰ ਵਿੱਚ ਜਿੱਥੇ ਇੱਕ ਵਰਗ ਨੂੰ ਉਨ੍ਹਾਂ ਦੀਆਂ ਪੱਗਾਂ ਅਤੇ ਦਾੜ੍ਹੀਆਂ ਕਾਰਨ ਸ਼ਿਕਾਰ ਬਣਾਇਆ ਗਿਆ, ਉੱਥੇ ਦੂਜੇ ਵਰਗ ਨੂੰ ਪਿੰਡਾਂ ਵਿੱਚ ਸਰਕਾਰੀ ਡਿਊਟੀਆਂ ਕਰਨ ਲਈ ਦਾੜ੍ਹੀਆਂ ਰੱਖਣ ਅਤੇ ਪੱਗਾਂ ਬੰਨ੍ਹਣ ਲਈ ਮਜਬੂਰ ਹੋਣਾ ਪਿਆ। ਸਰਕਾਰੀ ਪ੍ਰਸ਼ਾਸਨ ਨੂੰ ਜਿਵੇਂ ਲਕਵਾ ਹੀ ਮਾਰ ਗਿਆ ਸੀ ਕਿਉਂਕਿ ਪਿੰਡਾਂ ਵਿੱਚ ਫ਼ੈਸਲੇ ਵੀ ਹਥਿਆਰਬੰਦਾਂ ਦੀਆਂ ਪੰਚਾਇਤਾਂ ਵਿੱਚ ਹੋ ਰਹੇ ਸਨ। ਭਾਵੇਂ ਉਨ੍ਹਾਂ ਫ਼ੈਸਲਿਆਂ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਸੀ ਪਰ ਲਾਗੂ ਉਹੀ ਹੁੰਦੇ ਸਨ।
ਮੁਲਾਜ਼ਮ ਵਰਗ ’ਤੇ ਮਾਨਸਿਕ ਦਬਾਅ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਅਧਿਆਪਕ ਸਨ। ਬਹੁਤਿਆਂ ਦੀ ਡਿਊਟੀ ਪਿੰਡਾਂ ਵਿੱਚ ਸੀ। ਜਦੋਂ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਸਥਿਤੀ ਹੋਰ ਤਣਾਅਪੂਰਨ ਹੋ ਗਈ। ਰੂਪੋਸ਼ ਧਿਰ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਖ਼ਬਰਾਂ ਛਪ ਗਈਆਂ ਕਿ ਜੋ ਮੁਲਾਜ਼ਮ ਚੋਣਾਂ ਵਿੱਚ ਡਿਊਟੀ ਲਈ ਜਾਵੇਗਾ, ਉਸ ਨੂੰ ਸੋਧਾ ਲਾ ਦਿੱਤਾ ਜਾਵੇਗਾ। ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਬਰਨਾਲਾ ਜ਼ਿਲ੍ਹੇ ’ਚ ਸਰਕਾਰੀ ਹਾਈ ਸਕੂਲ ਝਲੂਰ ਦੇ ਚਾਰ ਤੇ ਮਹਿਲ ਖੁਰਦ ਦੇ ਦੋ ਅਧਿਆਪਕ ਡਿਊਟੀ ਦੌਰਾਨ ਮਾਰ ਦਿੱਤੇ ਗਏ ਜਿਸ ਕਰਕੇ ਅਧਿਆਪਕ ਵਰਗ ਵਿੱਚ ਦਹਿਸ਼ਤ ਹੋਰ ਵਧ ਗਈ।
ਪੰਜਾਬ ਬੰਦ ਦਾ ਸੱਦਾ ਤਾਂ ਆਮ ਗੱਲ ਹੋ ਗਈ ਸੀ। ਇੱਕ ਸੱਦੇ ’ਤੇ ਸੜਕਾਂ ਸੁੰਨੀਆਂ ਹੋ ਜਾਂਦੀਆਂ ਤੇ ਬਾਜ਼ਾਰ ਖਾਲੀ ਹੋ ਜਾਂਦੇ। ਕਰਫਿਊ ਵਾਲੀ ਸਥਿਤੀ ਬਣ ਜਾਂਦੀ। ਇਸ ਮੌਕੇ ਵੀ ਅਧਿਆਪਕਾਂ ਦੀ ਸਥਿਤੀ ਮਜਬੂਰੀ ਵਾਲੀ ਸੀ ਕਿਉਂਕਿ ਬੇਸ਼ੱਕ ਕੋਈ ਬੱਚਾ ਸਕੂਲ ਨਹੀਂ ਸੀ ਆਉਂਦਾ ਪਰ ਅਧਿਆਪਕਾਂ ਨੂੰ ਡਿਊਟੀ ’ਤੇ ਪੁੱਜਣਾ ਪੈਂਦਾ ਸੀ। ਅਜਿਹੇ ਹੀ ਇੱਕ ਦਿਨ ਸਾਡੇ ਸਕੂਲ ਸਟਾਫ਼ ਦੀ ਜਾਨ ਮੁੱਠੀ ਵਿੱਚ ਆ ਗਈ। ਸਰਕਾਰੀ ਹਾਈ ਸਕੂਲ ਚੀਮਾ ਜੋਧਪੁਰ (ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ਵਿੱਚ ਚਾਰ ਪਿੰਡਾਂ ਦੇ ਬੱਚੇ ਪੜ੍ਹਦੇ ਸਨ। ਚੀਮਾ ਤੇ ਜੋਧਪੁਰ ਨੂੰ ਲਿੰਕ ਸੜਕਾਂ ਜਾਂਦੀਆਂ ਸਨ। ਪਿੰਡ ਸੋਹਲਪੱਤੀ ਬਰਨਾਲਾ-ਬਾਜਾਖਾਨਾ ਸੜਕ ’ਤੇ ਬਰਨਾਲੇ ਵੱਲ ਅਤੇ ਪਿੰਡ ਜਗਜੀਤਪੁਰਾ ਬਾਜਾਖਾਨਾ ਵਾਲੇ ਪਾਸੇ ਮੇਨ ਸੜਕ ਤੋਂ ਲਗਪਗ ਡੇਢ ਕਿਲੋਮੀਟਰ ਹਟਵਾਂ ਹੈ। ਪਿੰਡ ਜਗਜੀਤਪੁਰਾ ਭਾਵੇਂ ਛੋਟਾ ਜਿਹਾ ਹੀ ਹੈ ਪਰ ਉਸ ਦੇ ਤਿੰਨ ਵਿਅਕਤੀ ਰੂਪੋਸ਼ ਸਨ। ਉੱਥੋਂ ਦੇ ਬੱਚੇ ਜ਼ਿਆਦਾਤਰ ਸਾਈਕਲਾਂ ਉੱਤੇ ਹੀ ਆਉਂਦੇ ਸਨ।
ਉਸ ਦਿਨ ਪੰਜਾਬ ਬੰਦ ਦਾ ਸੱਦਾ ਸੀ ਤੇ ਸਕੂਲ ਵਿੱਚ ਸਿਰਫ਼ ਅਧਿਆਪਕ ਹੀ ਸਨ। ਸਰਦੀ ਕਰਕੇ ਸਾਰੇ ਧੁੱਪੇ ਗਰਾਊਂਡ ਵਿੱਚ ਬੈਠੇ ਸਨ। ਅਚਾਨਕ 9.30 ਵਜੇ ਇੱਕ ਠਠੰਬਰਿਆ ਜਿਹਾ ਵਿਦਿਆਰਥੀ ਆਇਆ ਤੇ ਉਸ ਸਾਨੂੰ ਪੁੱਛਿਆ, ‘‘ਮਾਸਟਰ ਜੀ, ਅੱਜ ਸਕੂਲ ਨਹੀਂ ਲੱਗਿਆ?’’ ਅਸੀਂ ਕਿਹਾ, ‘‘ਤੈਨੂੰ ਪਤਾ ਨਹੀਂ ਕਿ ਅੱਜ ਪੰਜਾਬ ਬੰਦ ਹੈ।’’ ਉਸ ਨੇ ਘਬਰਾਈ ਆਵਾਜ਼ ਵਿੱਚ ਕਿਹਾ, ‘‘ਜੀ, ਮੈਂ ਕੱਲ੍ਹ ਸਕੂਲ ਨਹੀਂ ਸੀ ਆਇਆ।’’ ਇਹ ਕਹਿ ਉਸ ਗੇਟ ਵੱਲ ਚਲਾ ਗਿਆ। ਕੁਝ ਚਿਰ ਖੜ੍ਹਾ ਉਹ ਸੋਚਦਾ ਰਿਹਾ ਤੇ ਫਿਰ ਸਾਈਕਲ ’ਤੇ ਚੀਮਾ ਪਿੰਡ ਵਾਲੇ ਰਾਹ ਪੈ ਗਿਆ। ਉਸ ਦੇ ਇੰਚਾਰਜ ਦਾ ਧਿਆਨ ਗਿਆ ਤਾਂ ਕਿਹਾ ਕਿ ਵਿਦਿਆਰਥੀ ਦਾ ਪਿੰਡ ਤਾਂ ਜਗਜੀਤਪੁਰਾ ਹੈ ਫਿਰ ਉਹ ਚੀਮਾ ਵੱਲ ਕਿਉਂ ਗਿਆ? ਜਿਵੇਂ ਕਹਿੰਦੇ ਨੇ ਕਿ ਡਰ ਵੇਲੇ ਝਾੜ ਵੀ ਬੰਦੇ ਦਿਸਣ ਲੱਗ ਜਾਂਦੇ ਨੇ। ਅਸੀਂ ਵੀ ਸੋਚਣ ਲੱਗ ਪਏ ਕਿ ਕਿਸੇ ਨੇ ਇਸ ਨੂੰ ਜ਼ਰੂਰ ਇਹ ਦੇਖਣ ਲਈ ਭੇਜਿਆ ਹੋਵੇਗਾ ਕਿ ਸਕੂਲ ਵਿੱਚ ਕੌਣ-ਕੌਣ ਹੈ। ਫਿਰ ਸੋਚਿਆ ਕਿ ਉਹ ਅੱਗੇ ਪਿੰਡ ਦੇ ਪ੍ਰਾਇਮਰੀ ਸਕੂਲ ਵੱਲ ਗਿਆ ਹੋਵੇਗਾ। ਝਲੂਰ ਤੇ ਮਹਿਲ ਖੁਰਦ ਸਕੂਲਾਂ ਵਿੱਚ ਵਾਪਰੀਆਂ ਵਾਰਦਾਤਾਂ ਕਾਰਨ ਸਾਡੇ ਮਨਾਂ ਵਿੱਚ ਡਰ ਪੈ ਗਿਆ ਤੇ ਮਾਹੌਲ ਕਾਫ਼ੀ ਗੰਭੀਰ ਤੇ ਉਦਾਸ ਹੋ ਗਿਆ। ਸਕੂਲ ਵਿੱਚ ਛੁੱਟੀ ਤਿੰਨ ਵਜੇ ਹੁੰਦੀ ਸੀ। ਲੜਕੇ ਦੇ ਜਾਣ ਮਗਰੋਂ ਹਰ ਪਲ ਸਾਡੇ ’ਤੇ ਭਾਰੀ ਹੋ ਗਿਆ ਤੇ ਦਿਨ ਸੀ ਕਿ ਬੀਤਣ ਦਾ ਨਾਂ ਨਹੀਂ ਸੀ ਲੈ ਰਿਹਾ।
ਅਗਲੇ ਦਿਨ ਜਦੋਂ ਸਕੂਲ ਲੱਗਿਆ ਤਾਂ ਸਵੇਰ ਦੀ ਸਭਾ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਵਿਦਿਆਰਥੀ ਨੂੰ ਦਫ਼ਤਰ ਵਿੱਚ ਬੁਲਾ ਕੇ ਪੁੱਛਿਆ ਗਿਆ, ‘‘ਤੇਰਾ ਪਿੰਡ ਤਾਂ ਜਗਜੀਤਪੁਰਾ ਹੈ, ਫੇਰ ਤੂੰ ਪਿੰਡ ਚੀਮੇ ਕੀ ਕਰਨ ਗਿਆ ਸੀ?’’ ਉਸ ਭੋਲੇ ਅੰਦਾਜ਼ ਵਿੱਚ ਕਿਹਾ, ‘‘ਸਾਡੇ ਪਿੰਡ ਹੱਟੀਆਂ ਛੋਟੀਆਂ ਨੇ ਜੀ, ਉੱਥੇ ਕਾਪੀਆਂ ਤੇ ਪੈੱਨ ਨਹੀਂ ਮਿਲਦੇ। ਮੈਂ ਚੀਮਿਆਂ ਤੋਂ ਕਾਪੀਆਂ-ਪੈੱਨ ਲੈਣ ਗਿਆ ਸੀ।’’ ਉਸ ਦਾ ਜਵਾਬ ਸੁਣ ਕੇ ਸਾਡਾ ਸੰਸਾ ਦੂਰ ਹੋ ਗਿਆ।
ਅੱਜ ਦੀ ਪੀੜ੍ਹੀ ਇਹ ਗੱਲ ਸੋਚਦੀ ਹੋਣੀ ਕਿ ਪੁੱਟਿਆ ਪਹਾੜ ਤੇ ਨਿੱਕਲਿਆ ਚੂਹਾ, ਪਰ ਜਿਸ ਪੀੜ੍ਹੀ ਨੇ ਉਹ ਸੰਤਾਪ ਹੰਢਾਇਆ, ਉਹ ਹੀ ਸਮਝ ਸਕਦੀ ਹੈ ਕਿ ਅਜਿਹੇ ਦਿਨ-ਪਲ ਕਿਵੇਂ ਬੀਤਦੇ ਹਨ। ਅੱਜ ਵੀ ਜਦੋਂ ਕਦੇ ਅਜਿਹੇ ਹਾਲਾਤ ਬਣਨ ਦੇ ਆਸਾਰ ਹੁੰਦੇ ਹਨ ਤਾਂ ਉਹ ਪੀੜ੍ਹੀ ਜ਼ਰੂਰ ਮਹਿਸੂਸ ਕਰਦੀ ਹੋਵੇਗੀ ਕਿ ਰੱਬ ਕਰੇ ਮੇਰੇ ਪੰਜਾਬ ’ਤੇ ਓਹੋ ਜਿਹੇ ਦਿਨ ਮੁੜ ਕਦੇ ਨਾ ਆਉਣ।
ਸੰਪਰਕ: 1-469-562-8290
