ਸਲੀਕਾ
ਉਹ ਦਿਨ ਹੀ ਅਜਿਹੇ ਸਨ। ਸਿਆਣਪ ਤੇ ਸੂਝ ਸਮਝ ਤੋਂ ਸੱਖਣੇ ਪਰ ਮੌਜ ਮਸਤੀ ਨਾਲ ਨੱਕੋ-ਨੱਕ ਭਰੇ ਹੋਏ। ਬਿਨਾਂ ਸੋਚੇ ਵਿਚਾਰੇ ਜੋ ਕੁਝ ਵੀ ਮਨ ’ਚ ਆਉਂਦਾ, ਕਰ ਦੇਣਾ। ਜਿਵੇਂ ਸਹੇਲੀਆਂ ਨੇ ਕਹਿ ਦੇਣਾ, ਉਵੇਂ ਹੀ ਮਗਰ ਲੱਗ ਕੇ ਤੁਰ ਪੈਣਾ। ਸਹੇਲਪੁਣਾ ਮੂਹਰੇ, ਬਾਕੀ ਸਾਰੀਆਂ ਸਾਕ ਸਕੀਰੀਆਂ ਪਿੱਛੇ। ਜੋਬਨ ਰੁੱਤ ਦੇ ਉਹ ਦਿਨ ਹੀ ਨਿਰਾਲੇ ਸਨ। ਨਿਆਣ ਮੱਤੀ ਕਾਲਜੀਏਟ ਮੁਟਿਆਰ ਸਾਂ ਤੇ ਦੁਨਿਆਵੀ ਵਰਤੋਂ ਵਿਹਾਰ ਤੋਂ ਬਿਲਕੁਲ ਅਣਜਾਣ। ਨਿਰੀ ਸਰੀਰਕ ਲਿਸ਼ਕ ਪੁਸ਼ਕ ਤੇ ਟੌਹਰ ਟੱਪੇ ਦਾ ਹੀ ਪਤਾ ਸੀ। ਰਿਸ਼ਤੇਦਾਰੀਆਂ ਦਾ ਨਿੱਘ ਕੀ ਹੁੰਦਾ ਹੈ? ਰਿਸ਼ਤੇਦਾਰ ਕਿਵੇਂ ਦੁੱਖ-ਸੁੱਖ ਸਮੇਂ ਕੰਮ ਆਉਂਦੇ ਹਨ? ‘ਸਾਕ ਸੋਨਾ ਪ੍ਰੀਤ ਪਿੱਤਲ’ ਕਹਾਵਤ ਦੇ ਅਰਥ ਕੀ ਹਨ?... ਉਦੋਂ ਇਹ ਸੋਚ ਸਮਝ ਤੋਂ ਬਾਹਰੀਆਂ ਗੱਲਾਂ ਸਨ। ਆਪਣਾ ਕੋਈ ਕੰਮ ਹੋਵੇ ਭਾਵੇਂ ਨਾ ਹੋਵੇ, ਐਵੇਂ ਹੀ ਸਹੇਲੀਆਂ ਦੇ ਨਾਲ ਖ਼ਰੀਦੋ-ਫਰੋਖ਼ਤ ਕਰਨ ਤੁਰ ਪੈਣਾ, ਬਾਜ਼ਾਰ ਦਾ ਰੌਣਕ ਮੇਲਾ ਦੇਖਣਾ ਉਸ ਉਮਰ ਦੀਆਂ ਕੁੜੀਆਂ ਦਾ ਮੁੱਖ ਸ਼ੌਂਕ ਹੁੰਦਾ ਹੈ।
ਮੈਂ ਵੀ ਕਿਹੜਾ ਉਸ ਦਿਨ ਕੁਝ ਖਰੀਦਣਾ ਸੀ। ਬੱਸ ਐਵੇਂ ਹੀ ਸਹੇਲੀ ਨੂੰ ਸ਼ਾਪਿੰਗ ਕਰਾਉਣ ਵਾਸਤੇ ਉਹਦੇ ਨਾਲ ਬਾਜ਼ਾਰ ਤੁਰ ਪਈ ਸਾਂ। ਉਨ੍ਹੀਂ ਦਿਨੀਂ ਸਾਡੀ ਉਮਰ ਦੀ ਹਰੇਕ ਕੁੜੀ ਆਪਣੇ ਆਪ ਨੂੰ ਫਿਲਮੀ ਐਕਟਰੈੱਸਾਂ ਤੋਂ ਘੱਟ ਨਹੀਂ ਸੀ ਸਮਝਦੀ। ਫਿਲਮਾਂ ਵਾਲੀਆਂ ਵਾਂਗ ਕੱਪੜੇ ਸਿਲਾਈ ਕਰਵਾਉਣੇ, ਉਨ੍ਹਾਂ ਵਾਂਗ ਹੀ ਹੇਅਰ ਸਟਾਈਲ ਬਣਾਉਣੇ, ਉਨ੍ਹਾਂ ਵਾਂਗ ਹੀ ਲੱਕ ਮਟਕਾ ਕੇ ਤੁਰਨਾ ਤੇ ਉਨ੍ਹਾਂ ਵਾਂਗ ਹੀ ਡਾਇਲਾਗ ਮਾਰਨੇ ਉਸ ਜ਼ਮਾਨੇ ਦੀਆਂ ਕੁੜੀਆਂ ਦੇ ਅਵੱਲੜੇ ਸ਼ੌਂਕ ਹੁੰਦੇ ਸਨ। ਅਸੀਂ ਦੋਹਾਂ ਸਹੇਲੀਆਂ ਨੇ ਇਕ ਦੂਜੀ ਨਾਲ ਬਿਦ ਕੇ ਫੈਸ਼ਨ ਕੀਤਾ ਹੋਇਆ ਸੀ। ਸੂਟਾਂ ਨਾਲ ਮੈਚ ਕਰ ਕੇ ਪਾਏ ਸੈਂਡਲ, ਵੰਗਾਂ, ਹੇਅਰ ਬੈਂਡ ਤੇ ਮੋਢਿਆਂ ਵਿੱਚ ਉਸੇ ਰੰਗ ਦੇ ਲਟਕਵੇਂ ਪਰਸ ਪਾਈ ਅਸੀਂ ਆਪਣੇ ਧਿਆਨ ਵਿਚ ਗੱਲਾਂ ਕਰਦੀਆਂ ਤੁਰੀਆਂ ਜਾ ਰਹੀਆਂ ਸਾਂ ਕਿ ਕੋਈ ਅਣਚਾਹਿਆ ਰਿਸ਼ਤੇਦਾਰ ਲੜਕਾ ਅਚਾਨਕ ਰਾਹ ਵਿੱਚ ਮਿਲ ਗਿਆ। ਉਹ ਉਸੇ ਸੜਕ ’ਤੇ ਪੈਂਦੀ ਇੱਕ ਵਰਕਸ਼ਾਪ ਵਿਚ ਕੰਮ ਕਰਦਾ ਸੀ ਤੇ ਉਸ ਸਮੇਂ ਅਕਾਰਨ ਹੀ ਸੜਕ ਕਿਨਾਰੇ ਖੜ੍ਹਾ ਸੀ। ਸ਼ਾਇਦ ਔਖੇ ਕੰਮ ਤੋਂ ਟਲਦਾ ਦਮ ਲੈਣ ਲਈ ਉਥੇ ਆ ਕੇ ਖੜ੍ਹ ਗਿਆ ਹੋਵੇ। ਉਸ ਦੇ ਸਿਰ ਦੇ ਵਾਲ ਬੁਰੀ ਤਰ੍ਹਾਂ ਉਲਝੇ ਹੋਏ ਸਨ। ਮੂੰਹ ਮੱਥਾ ਤੇ ਕੱਪੜੇ ਗਰੀਸ ਨਾਲ ਕਾਲੇ ਹੋ ਕੇ ਚਿੱਕੜ ਵਰਗੇ ਹੋਏ ਪਏ ਸਨ। ਸਰੀਰ ਤਾਂ ਪਹਿਲਾਂ ਹੀ ਨਸ਼ਿਆਂ ਦਾ ਝੰਬਿਆ ਹੋਇਆ ਸੀ, ਉਤੋਂ ਕੰਮ ਦੇ ਬੋਝ ਨਾਲ ਚੰਗੀ ਭਲੀ ਸ਼ਕਲ ਸੂਰਤ ਵੀ ਡਰਾਉਣੀ ਲੱਗ ਰਹੀ ਸੀ। ਮੈਂ ਤਾਂ ਉਹਨੂੰ ਦੇਖ ਕੇ ਹੀ ਭਮੱਤਰ ਗਈ ਸਾਂ।
ਉਹ ਰਿਸ਼ਤੇਦਾਰ ਲੜਕਾ ਨਿਮਨ ਮੱਧ ਵਰਗੀ ਪਰਿਵਾਰ ਵਿੱਚੋਂ ਸੀ। ਦਾਦੇ ਦਾਦੀ ਦੇ ਹੱਦੋਂ ਵੱਧ ਲਾਡ ਪਿਆਰ ਨੇ ਬੱਚੇ ਨੂੰ ਵਿਗਾੜ ਦਿੱਤਾ ਸੀ। ਪੜ੍ਹਾਈ ਲਿਖਾਈ ਛੱਡ ਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ ਤੇ ਛੇਵੀਂ ਜਮਾਤ ਵਿੱਚੋਂ ਦੋ ਵਾਰ ਫੇਲ੍ਹ ਹੋ ਗਿਆ। ਅਵਾਰਾ ਫਿਰਦਾ, ਮੁੰਡ੍ਹੀਰ ਦੇ ਧੱਕੇ ਚੜ੍ਹਿਆ ਉਹ ਨਸ਼ਿਆਂ ਦਾ ਆਦੀ ਹੋ ਗਿਆ। ਅੱਕੇ ਮਾਪਿਆਂ ਨੇ ਉਹਨੂੰ ਪੜ੍ਹਨੋਂ ਹਟਾ ਕੇ ਉਸ ਵਰਕਸ਼ਾਪ ’ਤੇ ਕੰਮ ਸਿੱਖਣ ਦਿੱਤਾ ਤਾਂ ਕਿ ਉਹਨੂੰ ਪੜ੍ਹਾਈ ਦੇ ਮਹੱਤਵ ਦੀ ਸਮਝ ਆ ਸਕੇ। ਮਾਂ ਬਾਪ ਦਾ ਮਕਸਦ ਉਹਨੂੰ ਔਖੇ ਕੰਮ ਵਿਚ ਪਾ ਕੇ ਸਿੱਧੇ ਰਾਹ ’ਤੇ ਲਿਆਉਣਾ ਸੀ ਪਰ ਉਹ ਆਪਣੀ ਸੋਚ ਮੁਤਾਬਿਕ ਸਫਲ ਨਾ ਹੋ ਸਕੇ। ਨਿਆਣ ਮੱਤੇ ਗਭਰੇਟ ਨੇ ਪੜ੍ਹਾਈ ਨਾਲੋਂ ਉਸ ਅਤਿ ਔਖੇ ਤੇ ਭਾਰੇ ਕੰਮ ਨੂੰ ਵੀ ‘ਸੁਖਾਲਾ’ ਸਮਝ ਲਿਆ ਸੀ।
ਅਚਾਨਕ ਹੀ ਆਹਮੋ-ਸਾਹਮਣੇ ਆਉਣ ਕਰ ਕੇ ਉਸ ਮੁੰਡੇ ਨੇ ਮੈਨੂੰ ਸਤਿਕਾਰ ਦੇਣ ਵਾਸਤੇ ਆਪਣੇ ਦੋਵੇਂ ਹੱਥ ਜੋੜਨੇ ਚਾਹੇ ਪਰ ਮੈਂ ਹਉਮੈ ਦੀ ਮਾਰੀ ਹੋਈ ਨੇ ਉਹਨੂੰ ਸਤਿਕਾਰ ਵਾਲੇ ਸ਼ਬਦ ਬੋਲਣ ਤੋਂ ਪਹਿਲਾਂ ਹੀ ਸਿਰ ਹਿਲਾ ਕੇ ਮਨ੍ਹਾ ਕਰ ਦਿੱਤਾ। ਇਸ਼ਾਰਾ ਸੀ ਕਿ ਮੈਨੂੰ ਨਾ ਹੀ ਬੁਲਾਵੇਂ ਤਾਂ ਚੰਗਾ ਹੈ। ਸੰਕੇਤ ਸਮਝਦਾ ਤੇ ਨਮੋਸ਼ੀ ਮਹਿਸੂਸ ਕਰਦਾ ਮੁੰਡਾ ਗੁੱਸਾ ਮੰਨ ਗਿਆ ਸੀ। ਮੇਰੀ ਹਰਕਤ ਬਿਨਾਂ ਸ਼ੱਕ ਗੁੱਸਾ ਮੰਨਣ ਵਾਲੀ ਹੀ ਸੀ। ਉਹਨੇ ਘਰ ਆ ਕੇ ਸਾਰੀ ਹੋਈ ਬੀਤੀ ਆਪਣੀ ਮਾਂ ਨੂੰ ਸੁਣਾਈ। ਉਹ ਵੀ ਵੱਟ ਖਾ ਗਈ ਪਰ ਉਹ ਬੜੀ ਸਲੀਕੇਦਾਰ ਔਰਤ ਸੀ ਤੇ ਇਸ ਕਹਾਵਤ ਦੇ ਅਰਥ ਚੰਗੀ ਤਰ੍ਹਾਂ ਸਮਝਦੀ ਸੀ ਕਿ ‘ਗੱਲ ਕਰੀਏ ਵੱਲ ਨਾਲ, ਨੱਕ ਵੱਢੀਏ ਗੱਲ ਨਾਲ’। ਮੇਰੇ ਭਾਅ ਦੀ ਗੱਲ ‘ਆਈ ਗਈ’ ਹੋ ਗਈ ਸੀ ਪਰ ਕਿੱਥੇ!
ਜਿਊਂਦੇ ਬੰਦਿਆਂ ਨੂੰ ਇਕ ਦੂਜੇ ਤੱਕ ਲੋੜਾਂ ਪੈਂਦੀਆਂ ਹੀ ਰਹਿੰਦੀਆਂ; ਨਾਲੇ ਰਿਸ਼ਤੇਦਾਰਾਂ ਬਿਨਾਂ ਤਾਂ ਸਰਦਾ ਹੀ ਨਹੀਂ ਹੁੰਦਾ। ਇੱਕ ਦਿਨ ਮੈਨੂੰ ਉਨ੍ਹਾਂ ਦੇ ਘਰ ਕਿਸੇ ਜ਼ਰੂਰੀ ਕੰਮ ਵਾਸਤੇ ਜਾਣਾ ਪੈ ਗਿਆ। ਮੁੰਡਾ ਵੀ ਘਰ ਹੀ ਸੀ। ਉਹਨੇ ਮੇਰਾ ਬਣਦਾ ਸਰਦਾ ਸਵਾਗਤ ਕੀਤਾ। ਰਿਸ਼ਤੇ ਵਜੋਂ ਭਰਜਾਈ ਲਗਦੀ ਉਹ ਔਰਤ ਮੈਨੂੰ ਇੰਨੇ ਹੁਲਾਸ ਨਾਲ ਮਿਲੀ, ਜਿਵੇਂ ਉਹਦੇ ਦਿਲ ਵਿਚ ਜ਼ਰਾ ਵੀ ਮਲਾਲ ਨਾ ਹੋਵੇ। ਸਾਰੇ ਪਰਿਵਾਰ ਦੀ ਸੁੱਖ ਸਾਂਦ ਪੁੱਛੀ; ਫਿਰ ਸਾਧਾਰਨ ਗੱਲਾਂ ਕਰਦੀ ਨੇ ਸੁੱਤੇ ਸਿੱਧ ਹੀ ਮੇਰੀ ਗੁਸਤਾਖੀ ਵਾਲੀ ਗੱਲ ਤੋਰ ਲਈ, “ਦੱਸਿਆ ਸੀ ਇਹਨੇ ਘਰ ਆ ਕੇ ਕਿ ਮੰਮੀ! ਅੱਜ ਭੂਆ ਜੀ ਮਿਲੇ ਸੀ, ਮੈਂ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਬੁਲਾਉਣ ਹੀ ਲੱਗਾ ਸੀ... ਭੂਆ ਜੀ ਨੇ ਸਿਰ ਹਿਲਾ ਕੇ ਮਨ੍ਹਾ ਕਰ ਦਿੱਤਾ... ਮੈਂ ਤਾਂ ਇਹਨੂੰ ਬੜਾ ਝਿੜਕਿਆ ਕਿ ਤੇਰੀ ਭੂਆ ਨਾਲ ਉਹਦੀ ਸਹੇਲੀ ਸੀ, ਉਹਨੂੰ ਤੇਰੀ ਲਿੱਬੜੇ ਤਿੱਬੜੇ ਦੀ ਉਹ ਕੀ ਕਹਿ ਕੇ ਜਾਣ ਪਛਾਣ ਕਰਵਾਉਂਦੀ?... ਸਹੇਲੀ ਨੂੰ ਕੀ ਦੱਸਦੀ ਕਿ ਇਹ ਮੁੰਡਾ ਕੌਣ ਐਂ?... ਜੇ ਤੂੰ ਸਕੂਲੋਂ ਪੜ੍ਹ ਕੇ ਆਇਆ ਹੁੰਦਾ, ਤੇਰੇ ਸਕੂਲ ਵਾਲੀ ਵਰਦੀ ਪਾਈ ਹੁੰਦੀ, ਸਿਰ ’ਤੇ ਸੋਹਣੀ ਦਸਤਾਰ ਸਜਾਈ ਹੁੰਦੀ, ਮੋਢੇ ’ਤੇ ਸਕੂਲ ਬੈਗ ਪਾਇਆ ਹੁੰਦਾ... ਤੇਰੀ ਭੂਆ ਜੀ ਨੇ ਚਾਅ ਨਾਲ ਤੈਨੂੰ ਬੁੱਕਲ ਵਿਚ ਲੈ ਕੇ ਪਿਆਰ ਦਿੰਦੀ ਹੋਈ ਨੇ ਸਹੇਲੀ ਨੂੰ ਬੜੇ ਮਾਣ ਨਾਲ ਦੱਸਣਾ ਸੀ, ਬਈ ਇਹ ਮੇਰਾ ਭਤੀਜਾ ਏ, ਇਨਵੀਂ ਜਮਾਤ ਵਿਚ ਪੜ੍ਹਦਾ ਏ।”
ਫਿਰ ਉਹਨੇ ਮੇਰਾ ਪ੍ਰਤੀਕਰਮ ਜਾਣਨ ਲਈ ਮੇਰੇ ਚਿਹਰੇ ਵੱਲ ਦੇਖਿਆ ਤੇ ਠਰੰਮੇ ਨਾਲ ਕਹਿਣ ਲੱਗੀ, “ਮੈਂ ਇਹਨੂੰ ਕਿਹਾ, ਕਸੂਰ ਕਾਕਾ ਤੇਰਾ ਏ, ਭੂਆ ਦਾ ਕਸੂਰ ਨਾ ਕੱਢ।”
ਉਹਦਾ ਉਲਾਂਭਾ ਦੇਣ ਦਾ ਸਲੀਕਾ ਮੈਨੂੰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਯਾਦ ਹੈ। ਸ਼ਬਦਾਂ ਦੀ ਮਰਿਆਦਾ ਵਿੱਚ ਰਹਿ ਕੇ ਕਿਸੇ ਨੂੰ ਮਿੱਠੇ ਜਿਹੇ ਸੁਰ ਵਿਚ ਇਉਂ ਉਲਾਂਭਾ ਦੇਣਾ ਕਿ ਅਗਲੇ ਨੂੰ ਸਾਰੀ ਉਮਰ ਯਾਦ ਰਹੇ, ਇਹ ਵੀ ਤਾਂ ਸੰਵਾਦ ਸੰਜਮ ਦੀ ਕਲਾ ਹੈ। ਜੇ ਇਹ ਕਲਾ ਸਾਰਿਆਂ ਨੂੰ ਵਰਤਣੀ ਆ ਜਾਵੇ ਤਾਂ ਲੋਕਾਂ ਦੇ ਅੱਧਿਓਂ ਵੱਧ ਝਗੜੇ ਖ਼ਤਮ ਹੋ ਜਾਣ।
ਸੰਪਰਕ: 78146-98117