ਮਹਿਲ ਕਲਾਂ ਘੋਲ: ਜਬਰ ਜ਼ੁਲਮ ਖਿ਼ਲਾਫ਼ ਲੋਕ ਟਾਕਰੇ ਦਾ ਐਲਾਨਨਾਮਾ
ਹਰ ਸਾਲ 12 ਅਗਸਤ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਮਨਾਉਣ ਪੂਰੀ ਸ਼ਿੱਦਤ ਨਾਲ ਪਹੁੰਚਦੇ ਹਨ ਅਤੇ ਔਰਤਾਂ ਦੀ ਮੁਕੰਮਲ ਮੁਕਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦੇ ਹਨ। ਸਕੂਲ ਪੜ੍ਹਦੀ ਕਿਰਨਜੀਤ ਕੌਰ ਨੂੰ ਅਗਵਾ ਕਰ ਕੇ ਬਲਾਤਕਾਰ ਕਰਨ ਪਿੱਛੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਲਈ ਇਨਸਾਫ਼ ਲੈਣ ਲਈ 28 ਸਾਲ ਪਹਿਲਾਂ ਜਿਹੜਾ ਸੰਘਰਸ਼ ਚੱਲਿਆ, ਉਹ ਸੰਘਰਸ਼ ‘ਜਬਰ ਖ਼ਿਲਾਫ਼ ਟਾਕਰੇ ਦੀ ਲਹਿਰ’ ਦਾ ਚਿੰਨ੍ਹ ਬਣ ਕੇ ਵਿਸ਼ਾਲ ਜਨਸਮੂਹ ਦੇ ਦਿਲੋ-ਦਿਮਾਗ ਅੰਦਰ ਘਰ ਕਰ ਚੁੱਕਾ ਹੈ।
ਕਿਸੇ ਵੀ ਸੰਘਰਸ਼ ਦੇ ਸ਼ੁਰੂ ਹੋਣ ਸਮੇਂ ਉਸ ਦੀ ਦਰੁਸਤ ਬੁਨਿਆਦ ਰੱਖਣ, ਸੰਘਰਸ਼ ਲਗਾਤਾਰ ਜਾਰੀ ਰੱਖਣ, ਅੰਤਿਮ ਨਿਸ਼ਾਨੇ ਦੀ ਪੂਰਤੀ ਲਈ ਪੜਾਅ-ਦਰ-ਪੜਾਅ ਅੱਗੇ ਵਧਾਉਣਾ ਜ਼ਰੂਰੀ ਹੁੰਦਾ ਹੈ। ਇਹ ਸਾਂਝਾ ਲੋਕ ਸੰਘਰਸ਼ ਅਨੇਕ ਵੰਗਾਰਾਂ ਦਾ ਪੂਰੀ ਸਿਦਕਦਿਲੀ ਨਾਲ ਟਾਕਰਾ ਕਰਦਾ ਹੋਇਆ ਅੱਗੇ ਵਧਿਆ। ਇਸ ਘੋਲ ਨੂੰ ਅਗਵਾਈ ਦੇਣ ਵਾਲੀ ਐਕਸ਼ਨ ਕਮੇਟੀ ਲੰਮੇ ਅਰਸੇ ਦੌਰਾਨ ਇੱਕਜੁੱਟ ਰਹੀ ਅਤੇ ਇਸ ਨੇ ਲੋਕਾਂ ’ਤੇ ਵਿਸ਼ਵਾਸ ਰੱਖ ਕੇ ਚੱਲਣ ਦੀ ਆਪਣੀ ਦਰੁਸਤ ਸੇਧ ਦਾ ਪੱਲਾ ਘੁੱਟ ਕੇ ਫੜੀ ਰੱਖਿਆ।
ਮਹਿਲ ਕਲਾਂ ਇਲਾਕੇ ਦੇ ਇਤਿਹਾਸਕ ਪਿਛੋਕੜ ਪੱਖੋਂ ਸਦੀਆਂ ਤੋਂ ਇਤਿਹਾਸਕ ਘੱਲੂਘਾਰੇ ਤੋਂ ਲੈ ਕੇ ਪਰਜਾ ਮੰਡਲ ਲਹਿਰ, ਗ਼ਦਰ ਲਹਿਰ, ਪੈਪਸੂ ਮੁਜ਼ਾਰਾ ਲਹਿਰ, ਨਕਸਲਬਾੜੀ ਲਹਿਰ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਕਿਸਾਨ-ਮਜ਼ਦੂਰ-ਮੁਲਾਜ਼ਮ ਲਹਿਰ ਆਦਿ ਦਾ ਅਮੀਰ ਵਿਰਸਾ ਹੈ। ਦੂਜੇ ਪਾਸੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਧਿਰ ਦਾ ਇਤਿਹਾਸ ਹੈ- ਪੁਲੀਸ ਤੇ ਸਿਆਸਤਦਾਨਾਂ ਦੀ ਸ਼ਹਿ ’ਤੇ ਅਫ਼ੀਮ, ਭੁੱਕੀ, ਸ਼ਰਾਬ ਆਦਿ ਵੇਚਣਾ, ਲੋਕਾਂ ਦੀਆਂ ਜ਼ਮੀਨਾਂ-ਜਾਇਦਾਦਾਂ ਉੱਪਰ ਕਬਜ਼ੇ ਕਰਨਾ, ਔਰਤਾਂ ਦੇ ਉਧਾਲੇ ਤੋਂ ਲੈ ਕੇ ਹਰ ਕਿਸਮ ਦਾ ਅਨੈਤਿਕ ਕੰਮ ਕਰਨਾ, ਲੋਕਾਂ ਉੱਪਰ ਦਾਬਾ ਪਾਉਣਾ ਆਦਿ।
ਘੋਲ ਸ਼ੁਰੂ ਹੋਣ ਸਮੇਂ ਪੀੜਤ ਪਰਿਵਾਰ ਨੂੰ ਆਪਣੇ ਪੱਖ ਵਿੱਚ ਕਰਨਾ ਜ਼ਰੂਰੀ ਤੇ ਵੱਡਾ ਕਾਰਜ ਹੁੰਦਾ ਹੈ। ਇਸ ਘੋਲ ਦਾ ਇਸ ਪੱਖੋਂ ਅਮੀਰ ਪਹਿਲੂ ਇਹ ਹੈ ਕਿ 50 ਦਿਨ ਬਾਅਦ ਮਾਸਟਰ ਦਰਸ਼ਨ ਸਿੰਘ ਦੇ ਘਰ ਪਹੁੰਚੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਰਨਜੀਤ ਕੌਰ ਦੇ ਮਾਪਿਆਂ ਨੇ ਲਾਜਵਾਬ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਰਨਜੀਤ ਦੇ ਮਾਤਾ ਪਰਮਜੀਤ ਕੌਰ ਨੂੰ ਪੁੱਛਿਆ ਕਿ ਸਰਕਾਰ ਤੁਹਾਡੀ ਕੀ ਮਦਦ ਕਰ ਸਕਦੀ ਹੈ? ਉਸ ਦੀ ਮਾਤਾ ਨੇ ਮੌਕੇ ’ਤੇ ਹੀ ਜਵਾਬ ਦਿੱਤਾ ਕਿ ਧੀ ਦੇ ਬਲਾਤਕਾਰੀ ਕਾਤਲਾਂ ਨੂੰ ਉਸੇ ਥਾਂ ਫਾਂਸੀ ਦਿੱਤੀ ਜਾਵੇ, ਜਿੱਥੇ ਉਨ੍ਹਾਂ ਉਸ ਦੀ ਧੀ ਨਾਲ ਕੁਕਰਮ ਕੀਤਾ। ਇਸ ਸਵਾਲ ਨੇ ਮੁੱਖ ਮੰਤਰੀ ਦੀ ਜ਼ਬਾਨ ਨੂੰ ਜਿੰਦਰਾ ਜੜ ਦਿੱਤਾ ਸੀ। ਇਹੀ ਨਹੀਂ, ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਰਨਜੀਤ ਦੇ ਕਾਤਲਾਂ ਦੀ ਉਮਰ ਕੈਦ ਸਜ਼ਾ ਬਰਕਰਾਰ ਰੱਖਣ ਦੇ ਨਾਲ-ਨਾਲ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਤਾਂ ਮਾਸਟਰ ਦਰਸ਼ਨ ਸਿੰਘ ਨੇ ਵੱਡਾ ਜਿਗਰਾ ਅਤੇ ਸੂਝ ਦਾ ਮੁਜ਼ਾਹਰਾ ਕਰਦਿਆਂ ਇਹ ਰਕਮ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਝੋਲੀ ਪਾ ਕੇ ਮਾਣ ਬਖਸ਼ਿਆ। ਹਰ ਲੋਕ ਘੋਲ ਵਾਂਗ ਇਸ ਘੋਲ ਦੇ ਰਸਤੇ ਵਿੱਚ ਵੀ ਬਹੁਤ ਅੜਿੱਕੇ ਆਏ। ਜਦੋਂ ਦੁਸ਼ਮਣ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ; ਜਿਵੇਂ ਲਾਲਚ ਤੇ ਧਮਕੀਆਂ ਦੇ ਕੇ, ਝੂਠੇ ਪੁਲੀਸ ਕੇਸਾਂ ਵਿੱਚ ਉਲਝਾ ਕੇ, ਰਿਸ਼ਤੇਦਾਰਾਂ ਉੱਤੇ ਜਾਂ ਸਮਾਜਿਕ ਦਬਾਅ ਪਾਉਣਾ ਬਹੁਤ ਵੱਡਾ ਕੰਮ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਲੀਡਰਸ਼ਿਪ ਦਾ ਹਰ ਕਿਸਮ ਦੇ ਡਰ ਤੇ ਦਾਬੇ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ। ਅਜਿਹਾ ਤਦ ਹੀ ਸੰਭਵ ਹੁੰਦਾ ਹੈ, ਜੇ ਲੀਡਰਸ਼ਿਪ ਕੋਲ ਵਿਗਿਆਨਕ ਵਿਚਾਰਾਂ ਦੀ ਸੋਝੀ ਹੋਵੇ, ਅਜਿਹੇ ਹਾਲਾਤ ਨਾਲ ਨਜਿੱਠਣ ਦਾ ਤਜਰਬਾ ਹੋਵੇ ਜਾਂ ਅਜਿਹੇ ਕੁਝ ਦੇ ਇਤਿਹਾਸ ਤੋਂ ਜਾਣੂ ਹੋਵੇ। ਅਜਿਹੇ ਘੋਲ ਦੌਰਾਨ ਵਿਰੋਧੀ ਧਿਰ ਅਫ਼ਵਾਹਾਂ ਫੈਲਾਉਂਦੀ ਅਤੇ ਸਾਜ਼ਿਸ਼ਾਂ ਰਚਦੀ ਹੈ। ਐਕਸ਼ਨ ਕਮੇਟੀ ਨੇ ਸਚਾਈ ’ਤੇ ਪਹਿਰਾ ਦਿੰਦਿਆਂ ਹਰ ਸਾਜ਼ਿਸ਼ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
ਮਰਦ ਪ੍ਰਧਾਨ ਸਮਾਜ ਨੇ ਔਰਤਾਂ ਪ੍ਰਤੀ ਪਹਿਲਾਂ ਹੀ ਇੱਜ਼ਤ ਹੱਤਕ ਦੇ ਨਾਂ ਹੇਠ ਪਿਛਾਂਹਖਿੱਚੂ ਨਜ਼ਰੀਆ ਤੈਅ ਕੀਤਾ ਹੋਇਆ ਹੈ। ਇਸ ਘੋਲ ਦੇ ਮੁੱਢ ਤੋਂ ਹੀ ਇਹ ਪਿਛਾਂਹਖਿੱਚੂ ਮਿੱਥ ਤੋੜਨ ਦਾ ਸੁਚੇਤ ਯਤਨ ਕੀਤਾ ਗਿਆ। ਸਿੱਟਾ ਇਹ ਨਿੱਕਲਿਆ ਕਿ ਔਰਤਾਂ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਰੋਹਲੀ ਗਰਜ਼ ਵਿੱਚ ਤਬਦੀਲ ਹੋ ਗਏ। ਇਤਿਹਾਸ ਦੇ ਸੰਘਰਸ਼ਾਂ ਵਿੱਚ ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਨੂੰ ਅੱਗੇ ਤੋਰਦਿਆਂ ‘ਭੈਣੋ ਰਲੋ ਭਰਾਵਾਂ ਸੰਗ, ਰਲ ਕੇ ਲੜੀਏ ਹੱਕੀ ਜੰਗ’ ਦਾ ਨਾਅਰਾ ਬੁਲੰਦ ਕੀਤਾ।
ਐਕਸ਼ਨ ਕਮੇਟੀ ਨੂੰ ਪੁਲੀਸ ਤੇ ਸਿਆਸੀ ਗੱਠਜੋੜ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਦੁਸ਼ਮਣ ਨੇ ਬਾਹਰੋਂ ਅਤੇ ਅੰਦਰੋਂ, ਦੋਵੇਂ ਪਾਸਿਆਂ ਤੋਂ ਹਮਲੇ ਕੀਤੇ ਪਰ ਐਕਸ਼ਨ ਕਮੇਟੀ ਨੇ ਘੋਲ ਅੱਗੇ ਵਧਾਉਣ ਲਈ ਵਿਗਿਆਨਕ ਨਜ਼ਰੀਏ ਦੇ ਬੁਨਿਆਦੀ ਅਸੂਲ ਲਾਗੂ ਕੀਤੇ, ਖੱਬੂ ਮਾਅਰਕੇਬਾਜ਼ ਤੇ ਅਤਿ ਸੱਜੀ ਪਹੁੰਚਾਂ ਨਾਲ ਕਾਮਯਾਬੀ ਨਾਲ ਨਜਿੱਠਿਆ। ਇਸ ਦੇ ਮੁਕਾਬਲੇ ਜਮਹੂਰੀ ਢੰਗ ਨਾਲ ਸਾਂਝੇ ਘੋਲ ਦਾ ਘੇਰਾ ਵਿਸ਼ਾਲ ਕੀਤਾ ਅਤੇ ਕਿਰਨਜੀਤ ਕੌਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਲੈ ਕੇ ਤਿੰਨ ਘੋਲ ਆਗੂਆਂ ਨੂੰ ਝੂਠੇ ਮੁੱਕਦਮੇ ਵਿੱਚ ਉਮਰ ਕੈਦ ਸਜ਼ਾ ਸੁਣਾਉਣ ਵਾਲੇ ਫ਼ੈਸਲੇ ਨੂੰ ਵੰਗਾਰਿਆ।
ਇਹ ਘੋਲ 28 ਸਾਲ ਦੇ ਲੰਮੇ ਅਰਸੇ ਦੌਰਾਨ ਅਨੇਕ ਮੋੜਾਂ-ਘੋੜਾਂ ਵਿੱਚੋਂ ਲੰਘਿਆ। ਇਸ ਘੋਲ ਨੂੰ ਮਘਦਾ/ਭਖਦਾ ਰੱਖਣ ਅਤੇ ਸਫਲ ਬਣਾਉਣ ਲਈ ਲੋਕ ਕਾਫ਼ਲੇ ਹਰ ਪੱਖੋਂ ਢਾਲ ਅਤੇ ਤਲਵਾਰ ਬਣੇ। ਹਰ ਪੱਧਰ ਦੇ ਸੰਘਰਸ਼ ਵਿੱਚ ਸ਼ਮੂਲੀਅਤ ਅਤੇ ਫੰਡ ਪੱਖੋਂ ਯੋਗਦਾਨ ਲਾਮਿਸਾਲ ਰਿਹਾ। ਲੋਕਾਂ ਦੀ ਆਵਾਜ਼ ਨੂੰ ਲੋਕ ਮਨਾਂ ਦਾ ਹਿੱਸਾ ਬਣਾਉਣ ਵਿੱਚ ਉਸਾਰੂ ਲੋਕ ਪੱਖੀ ਸਾਹਿਤ ਦੀ ਭੂਮਿਕਾ ਅਹਿਮ ਹੁੰਦੀ ਹੈ। ਪੱਤਰਕਾਰਾਂ, ਗੀਤਕਾਰਾਂ, ਨਾਟਕਕਾਰਾਂ, ਬੁੱਧੀਜੀਵੀਆਂ, ਫਿਲਮਸਾਜ਼ਾਂ ਨੇ ਇਸ ਘੋਲ ਨੂੰ ਮਜ਼ਬੂਤੀ ਬਖਸ਼ੀ। ਕਿੱਸਾ ਕਿਰਨਜੀਤ ਦਾ, 50 ਦਿਨ ਜੰਗ ਦਾ ਅਖਾੜਾ ਬਣੀ ਰਹੀ ਮਹਿਲ ਕਲਾਂ ਦੀ ਧਰਤੀ, ਮਹਿਲ ਕਲਾਂ ਦੀ ਧਰਤੀ ਝੁਕਣ ਦੇ ਮੂਡ ’ਚ ਨਹੀਂ ਆਦਿ ਅਨੇਕ ਲੇਖ, ਸੰਪਾਦਕੀਆਂ, ਫਿਲਮਸਾਜ਼ ਦਲਜੀਤ ਅਮੀ ਦੀ ਦਸਤਾਵੇਜ਼ੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’, ਮਰਹੂਮ ਬਾਰੂ ਸਤਵਰਗ ਦੇ ਨਾਵਲ ‘ਸਜ਼ਾ ਸੱਚ ਨੂੰ’ ਆਦਿ ਤੋਂ ਇਲਾਵਾ ਬੇਸ਼ਕੀਮਤੀ ਸਾਹਿਤ ਰਚਿਆ ਗਿਆ। ਇਹ ਸਾਹਿਤ ਪਿੰਡਾਂ/ਕਸਬਿਆਂ ਦੀਆਂ ਸੱਥਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਕੋਲ ਪਹੁੰਚਿਆ। ਇਸ ਸਾਹਿਤ ਨੇ ਲੋਕਾਂ ਅੰਦਰ ਮੌਜੂਦ ਪੁਰਾਣੀਆਂ ਵੇਲਾ ਵਿਹਾ ਚੁੱਕੀਆਂ ਜਾਗੀਰੂ ਕਦਰਾਂ-ਕੀਮਤਾਂ ਦੀ ਥਾਂ ਨਵੇਂ ਪਹੁ-ਫੁਟਾਲਿਆਂ ਦਾ ਸੰਚਾਰ ਕੀਤਾ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨ ਤੋਂ ਅੱਗੇ ਪਰਵਾਸੀ ਮਜ਼ਦੂਰਾਂ ਅਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਲੋਕਾਂ ਤੱਕ ਇਸ ਲੋਕ ਘੋਲ ਦਾ ਸੰਚਾਰ ਹੋਇਆ। ਇਹ ਅਮਲ ਅੱਜ ਵੀ ਜਾਰੀ ਹੈ। ਇਸ ਵਾਰ ਨਾਵਲਕਾਰ ਜਸਪਾਲ ਮਾਨਖੇੜਾ ਦਾ ਨਾਵਲ ‘ਹਵੇਲੀਆਲਾ’ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਸਮੇਂ ਰਿਲੀਜ਼ ਕੀਤਾ ਜਾਵੇਗਾ।
ਕੁਝ ਹਿੱਸਿਆਂ ਨੇ ਭਾਵੇਂ ਇਸ ਘੋਲ ਦੀ ਬੁਨਿਆਦ ਉੱਪਰ ਸਵਾਲ ਖੜ੍ਹੇ ਕੀਤੇ ਪਰ ਇਸ ਸਭ ਕੁਝ ਦੇ ਬਾਵਜੂਦ ਸਾਂਝੇ ਘੋਲਾਂ ਦੀ ਇਸ ਸ਼ਾਨਾਮੱਤੀ ਵਿਰਾਸਤ ਨੇ ਨਵੇਂ ਦਿਸਹੱਦੇ ਸਿਰਜੇ ਅਤੇ ‘ਲੋਕ ਮਹਾਨ ਹੁੰਦੇ’ ਦੀ ਇਤਿਹਾਸਕ ਸਚਾਈ ਨੂੰ ਲਾਗੂ ਕਰਦਿਆਂ ਹਰ ਪੜਾਅ ’ਤੇ ਘੋਲ ਵਿਸ਼ਾਲ ਕੀਤਾ। ਕਾਨੂੰਨੀ ਦਾਅਪੇਚ ਵਰਤਣ ਦਾ ਹਰ ਸੰਭਵ ਯਤਨ ਕੀਤਾ ਅਤੇ ਇਸ ਦੇ ਲੋਕ ਵਿਰੋਧੀ ਖਾਸੇ ਦਾ ਪਰਦਾਫਾਸ਼ ਵੀ ਕੀਤਾ। ਤਕਰੀਬਨ 3 ਦਹਾਕਿਆਂ ਦੇ ਸਾਂਝੇ ਸੰਘਰਸ਼ ਦੀ ਇਸ ਗਾਥਾ ਨੇ ਔਰਤਾਂ ਉੱਤੇ ਜਬਰ ਦੀਆਂ ਤਹਿਆਂ ਫਰੋਲਦਿਆਂ ਸਪੱਸ਼ਟ ਕੀਤਾ ਕਿ ਔਰਤਾਂ ਉੱਤੇ ਜਬਰ ਲਈ ਸੰਸਥਾਈ ਢਾਂਚਾ ਜ਼ਿੰਮੇਵਾਰ ਹੈ। ਔਰਤ ਵਰਗ ਦੀ ਮੁਕਤੀ ਇਸ ਜਾਬਰ ਪ੍ਰਬੰਧ ਨੂੰ ਉਖਾੜ ਕੇ ਨਵਾਂ ਜਮਹੂਰੀ, ਲੋਕ ਪੱਖੀ, ਬਰਾਬਰੀ ਵਾਲਾ ਪ੍ਰਬੰਧ ਸਿਰਜਣ ਨਾਲ ਹੀ ਸੰਭਵ ਹੈ। ਇਉਂ ਇਸ ਘੋਲ ਨੂੰ ਅਗਾਂਹ ਵਧਾਉਂਦਿਆਂ ਜਮਾਤੀ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ। ਸਾਂਝੇ ਸੰਘਰਸ਼ ਦੀ ਇਹ ਲੋਅ ਆਉਣ ਵਾਲੀਆਂ ਪੀੜ੍ਹੀਆਂ ਲਈ ‘ਚਾਨਣਾਂ ਦਾ ਛੱਟਾ’ ਬਣਦੀ ਰਹੇਗੀ। 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿੱਚ ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਵਿੱਚ ਜੁਝਾਰੂ ਕਾਫ਼ਲੇ ਸ਼ਾਮਿਲ ਹੋਣਗੇ। ਇਸ ਮੌਕੇ ਸ਼ਾਇਰ ਜਗਤਾਰ ਦੀਆਂ ਇਹ ਸਤਰਾਂ ਇਸ ਘੋਲ ’ਤੇ ਐਨ ਢੁੱਕਦੀਆਂ ਹਨ:
ਹਰ ਮੋੜ ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਸੰਪਰਕ: 84275-11770