DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਬਦਾਂ ਦਾ ਜਾਦੂਗਰ

ਦਲਬੀਰ ਸਿੰਘ ਨਾਲ ਮੇਰੀ ਜਾਣ-ਪਛਾਣ ਇੱਕ ਨਾਟਕ ਕਾਰਨ ਹੋਈ ਸੀ। ਉਦੋਂ ਤੱਕ ਉਹ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਚੰਗਾ ਨਾਂ ਬਣਾ ਚੁੱਕੇ ਸਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਆਉਣ ਨਾਲ ਉਨ੍ਹਾਂ ਦੀ ਪੱਤਰਕਾਰੀ ਨੂੰ ਚਾਰ ਚੰਨ ਲੱਗ ਗਏ। ਬਾਬਾ ਬੁੱਲ੍ਹੇ ਸ਼ਾਹ ਬਾਰੇ ਇਹ...
  • fb
  • twitter
  • whatsapp
  • whatsapp
Advertisement

ਦਲਬੀਰ ਸਿੰਘ ਨਾਲ ਮੇਰੀ ਜਾਣ-ਪਛਾਣ ਇੱਕ ਨਾਟਕ ਕਾਰਨ ਹੋਈ ਸੀ। ਉਦੋਂ ਤੱਕ ਉਹ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਚੰਗਾ ਨਾਂ ਬਣਾ ਚੁੱਕੇ ਸਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਆਉਣ ਨਾਲ ਉਨ੍ਹਾਂ ਦੀ ਪੱਤਰਕਾਰੀ ਨੂੰ ਚਾਰ ਚੰਨ ਲੱਗ ਗਏ। ਬਾਬਾ ਬੁੱਲ੍ਹੇ ਸ਼ਾਹ ਬਾਰੇ ਇਹ ਨਾਟਕ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਖੇਡਿਆ ਜਾ ਰਿਹਾ ਸੀ। ਅਖ਼ਬਾਰਾਂ ਵਿੱਚ ਨਾਟਕ ਦੀ ਕਾਫ਼ੀ ਚਰਚਾ ਹੋ ਰਹੀ ਸੀ, ਤਾਹੀਓਂ ਤਾਂ ਮੈਂ ਵੀ ਨਾਟਕ ਦੇਖਣ ਲਈ ਉਤਾਵਲਾ ਸਾਂ, ਪਰ ਅੜਿੱਕਾ ਇਹ ਸੀ ਕਿ ਹਾਲ ਵਿੱਚ ਦਾਖ਼ਲਾ, ਪਾਸ ਰਾਹੀਂ ਹੋ ਸਕਦਾ ਸੀ।

“ਸਰ ਪਾਸ ਚਾਹੀਦਾ, ਨਾਟਕ ਦੇਖਣ ਲਈ ਟੈਗੋਰ ਥੀਏਟਰ ’ਚ।” ਮੈਂ ਹੌਸਲਾ ਕਰ ਕੇ ਨਿਊਜ਼ ਰੂਮ ਵਿੱਚ ਕੰਮ ਕਰ ਰਹੇ ਦਲਬੀਰ ਸਿੰਘ ਨੂੰ ਜਾ ਬੇਨਤੀ ਕੀਤੀ। ਉਨ੍ਹੀਂ ਦਿਨੀਂ ਉਹ ਨਾਟਕਾਂ ਦੀ ਪੇਸ਼ਕਾਰੀ ਨਾਲ ਵੀ ਜੁੜੇ ਹੋਏ ਸਨ ਤੇ ਨਾਟਕਾਂ ਬਾਰੇ ਰਿਪੋਰਟਾਂ ਵੀ ਲਿਖਦੇ ਸਨ। ਉਨ੍ਹਾਂ ਆਪਣਾ ਪੈੱਨ ਪੈਡ ’ਤੇ ਰੱਖਦਿਆਂ ਮਸਾਂ ਸਿਰ ਉੱਪਰ ਚੁੱਕਿਆ ਹੀ ਹੋਵੇਗਾ ਕਿ ਮੈਂ ਆਪਣਾ ਸੰਖੇਪ ਤੁਆਰਫ਼ ਵੀ ਕਰਵਾ ਦਿੱਤਾ ਤੇ ਆਸ ਭਰੀਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਤੱਕਣ ਲੱਗਾ। ਉਹ ਠਹਾਕਾ ਮਾਰ ਕੇ ਹੱਸੇ, “ਕਿਹੜਾ ਪਾਸ? ਕਿਹੜੀ ਐਂਟਰੀ? ਆ ਜਿਓ ਸ਼ਾਮੀਂ ਸਾਢੇ ਛੇ ਵਜੇ... ਕੋਈ ਨ੍ਹੀਂ ਰੋਕੇਗਾ, ਮੈਂ ਉੱਥੀ ਹੋਵਾਂਗਾ।” ਇਉਂ ਇਸ ਬਿਹਤਰੀਨ ਪੱਤਰਕਾਰ ਅਤੇ ਸ਼ਾਨਦਾਰ ਇਨਸਾਨ ਨਾਲ ਜਾਣ-ਪਛਾਣ ਹੋ ਗਈ ਪਰ ਨੇੜਤਾ ਕਈ ਸਾਲ ਬਾਅਦ ਹੋਈ।

Advertisement

ਇਸ ਅਰਸੇ ਦੌਰਾਨ ਮੈਂ ਪੰਜਾਬੀ ਵਿੱਚ ਉੱਚ ਵਿੱਦਿਆ ਹਾਸਲ ਕਰ ਲਈ ਸੀ ਅਤੇ ਸਬ-ਐਡੀਟਰ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਸਾਂ। ਇਸ ਸਬੰਧੀ ਹੋਣ ਵਾਲੀ ਪ੍ਰੀਖਿਆ ਵਿੱਚ ਤਾਂ ਮੈਂ ਬੈਠਦਾ ਪਰ ਸਫਲ ਨਾ ਹੁੰਦਾ। ਸ਼ਾਇਦ ਮੇਰੀ ਅਨੁਵਾਦ ਅਤੇ ਫੀਚਰ ਲਿਖਣ ਕਲਾ ਵਿੱਚ ਕਿਤੇ ਕਚਿਆਈ ਸੀ। ਸਾਥੀਆਂ ਨੇ ਕਚਿਆਈ ਦੂਰ ਕਰਨ ਲਈ ਮੈਨੂੰ ਦਲਬੀਰ ਸਿੰਘ ਦੇ ਚਰਨੀਂ ਲੱਗਣ ਦਾ ਮਸ਼ਵਰਾ ਦਿੱਤਾ ਤੇ ਮੈਂ ਚੰਗੇ ਵਿਦਿਆਰਥੀ ਵਾਂਗ ‘ਗੁਰੂ ਜੀ’ ਨਾਲ ਜੁੜ ਗਿਆ। ਉਨ੍ਹਾਂ ਸਖ਼ਤ ਮਿਹਨਤ ਅਤੇ ਅਭਿਆਸ ਦਾ ਗੁਰਮੰਤਰ ਦਿੰਦਿਆਂ ਜੁਟ ਜਾਣ ਦਾ ਨਿਰਦੇਸ਼ ਦਿੱਤਾ। ਉਹ ਕੋਈ ਵਿਸ਼ੇ ਦਿੰਦੇ ਤੇ ਫੀਚਰ ਲਿਖਣ ਲਈ ਕਹਿੰਦੇ। ਅੰਗਰੇਜ਼ੀ ਦੇ ਵੱਡੇ ਲੇਖਾਂ ਤੋਂ ਪੰਜਾਬੀ ਵਿੱਚ ਸੰਖੇਪ ਕਰਵਾ ਕੇ ਅਖ਼ਬਾਰ ਦੇ ਵਿਸ਼ੇਸ਼ ਪੰਨਿਆਂ ’ਤੇ ਵਰਤਦੇ। ਲਗਦਾ ਸੀ, ਕੰਮ ਠੀਕ ਹੋਣ ਲੱਗ ਗਿਆ ਹੈ। ਮੇਰੇ ਕੰਮ ’ਤੇ ਉਨ੍ਹਾਂ ਦਾ ਭਰੋਸਾ ਬੱਝਣ ਲੱਗ ਪਿਆ ਸੀ ਤੇ ਮੈਨੂੰ ਆਪਣੇ ਆਪ ’ਤੇ। ਇਸ ਅਰਸੇ ਦੌਰਾਨ ਮੈਂ ਅਖ਼ਬਾਰ ਲਈ ਖੂਬ ਅਨੁਵਾਦ ਕੀਤਾ। ਇਸ ਦਾ ਲਾਭ ਇਹ ਹੋਇਆ ਕਿ ਮੈਨੂੰ ਹੋਰ ਸੀਨੀਅਰ ਸਾਥੀ ਵੀ ਕੰਮ ਦੇਣ ਲੱਗੇ। ਫਿਰ ਇੱਕ ਵੱਡੀ ਘਟਨਾ ਵਾਪਰੀ। ਦਲਬੀਰ ਸਿੰਘ ਨੇ ਜਗਤ ਪ੍ਰਸਿੱਧ ਅੰਗਰੇਜ਼ੀ ਲੇਖਕ ਖੁਸ਼ਵੰਤ ਸਿੰਘ ਦਾ ਹਫ਼ਤਾਵਾਰੀ ਕਾਲਮ ਜੋ ‘ਸੱਚੋ-ਸੱਚ’ ਦੇ ਸਿਰਲੇਖ ਹੇਠ ਛਪਦਾ ਸੀ, ਮੇਰੇ ਹੱਥ ਫੜਾਉਂਦਿਆਂ ਕਿਹਾ, “ਲੈ ਇਹਦੇ ’ਤੇ ਹੱਥ ਅਜ਼ਮਾ, ਸੰਜੀਦਾ ਹੋ ਕੇ ਟ੍ਰਾਂਸਲੇਸ਼ਨ ਕਰੀਂ, ਇਹ ਬੰਦਾ ਪੰਜਾਬੀ ਟ੍ਰਾਂਸਲੇਸ਼ਨ ਪੜ੍ਹਦੈ ਤੇ ਗ਼ਲਤੀਆਂ ਕਰਨ ਵਾਲੇ ਦੀ ਚੰਗੀ ਲਾਹ-ਪਾਹ ਵੀ ਕਰ ਦਿੰਦਾ ਹੈ। ਉਂਝ, ਘਬਰਾ ਨਾ... ਮੈਂ ਚੰਗੀ ਤਰ੍ਹਾਂ ਐਡਿਟ ਕਰ ਕੇ ਹੀ ਪ੍ਰੈੱਸ ਵਿੱਚ ਭੇਜਾਂਗਾ।”

ਬਿੱਲੀ ਭਾਣੇ ਛਿੱਕਾ ਟੁੱਟਾ!... ਹਫ਼ਤਾਵਾਰੀ ਲੇਖ ਮੈਨੂੰ ਵੀਰਵਾਰ ਨੂੰ ਬਾਅਦ ਦੁਪਹਿਰ ਚਾਰ ਕੁ ਵਜੇ ਮਿਲਦਾ ਤੇ ਮੈਂ ਅਗਲੇ ਦਿਨ ਸਵੇਰੇ ਅਨੁਵਾਦ ਕਰ ਕੇ ਦਲਬੀਰ ਸਿੰਘ ਹੁਰਾਂ ਦੀ ਮੇਜ਼ ’ਤੇ ਪੁੱਜਦਾ ਕਰ ਦਿੰਦਾ। ਇਹ ਕਾਲਮ ਸ਼ਨਿੱਚਰਵਾਰ ਨੂੰ ਛਪਦਾ ਸੀ। ਕਿਸੇ ਕਿਸਮ ਦੀ ਅਣਗਹਿਲੀ ਜਾਂ ਆਲਸ ਦੀ ਗੁੰਜਾਇਸ਼ ਨਹੀਂ ਸੀ। ਇਹ ਸਿਲਸਲਾ ਕਈ ਮਹੀਨੇ ਚੱਲਦਾ ਰਿਹਾ। ਬਹੁਤ ਸ਼ਾਨਦਾਰ ਤਜਰਬਾ ਰਿਹਾ। ਇਨ੍ਹਾਂ ਵੰਨ-ਸਵੰਨੀਆਂ ਲਿਖਤਾਂ ਤੋਂ ਵੱਡਮੁੱਲੀ ਜਾਣਕਾਰੀ ਹਾਸਲ ਕੀਤੀ। ਦਿਲਚਸਪ ਗੱਲਾਂ ਵੀ ਵਾਪਰੀਆਂ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਸਾਂਝੀ ਕਰਦਾ ਹਾਂ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਸਬੰਧਿਤ ਲੇਖ ਸੀ। ਅਨੁਵਾਦ ਕਰਦਿਆਂ ਇੱਕ ਸ਼ਬਦ ਅੜ ਗਿਆ; ਸ਼ਬਦ ਸੀ: ਐਵੋਕਾਡੋ, ਪਰ ਅਰਥ ਪਤਾ ਨਾ ਲੱਗਣ। ਮੈਂ ਪੰਜਾਬੀ ਵਿੱਚ ਹੀ ਐਵੋਕਾਡੋ ਲਿਖ ਕੇ ਲੇਖ ਦਲਬੀਰ ਸਿੰਘ ਕੋਲ ਲੈ ਗਿਆ। ਉਨ੍ਹਾਂ ਨੇ ਵੀ ਸ਼ਾਇਦ ਇਸ ਫਲ਼ ਬਾਬਤ ਪਹਿਲੀ ਵਾਰ ਹੀ ਸੁਣਿਆ ਸੀ, ਪਰ ਲਿਆਕਤ ਵਰਤਦਿਆਂ ਉਨ੍ਹਾਂ ਐਵੋਕਾਡੋ ਦੀ ਥਾਂ ਬੱਗੂਗੋਸ਼ਾ ਲਿਖਵਾ ਦਿੱਤਾ ਤੇ ਨਾਲ ਦੱਸਿਆ ਕਿ ਇੰਦਰਾ ਗਾਂਧੀ ਨੂੰ ਬੱਗੂਗੋਸ਼ੇ ਬਹੁਤ ਪਸੰਦ ਸਨ ਤੇ ਇਹੀ ਇੱਥੇ ਢੁਕਵਾਂ ਰਹੇਗਾ। ਅਗਾਂਹ ਜਾ ਕੇ ਇਹ ਨੁਕਤਾ ਮੇਰੇ ਬਹੁਤ ਕੰਮ ਆਇਆ। ਇਸੇ ਕਾਲਮ ਕਾਰਨ ਮੈਨੂੰ ਮੁੱਖ ਸੰਪਾਦਕ ਦੇ ਲੀਡ ਆਰਟੀਕਲ ਅਨੁਵਾਦ ਕਰਨ ਦਾ ਵੀ ਖੁੱਲ੍ਹਾ ਮੌਕਾ ਮਿਲਿਆ।

ਦਲਬੀਰ ਸਿੰਘ ਜੀ ਦਾ ਹਫ਼ਤਾਵਾਰੀ ਕਾਲਮ ‘ਜਗਤ ਤਮਾਸ਼ਾ’ ਬੇਹੱਦ ਮਕਬੂਲ ਹੋਇਆ ਤੇ ਚਰਚਿਤ ਵੀ। ਉਹ ਜੁਰਅਤ ਅਤੇ ਦਲੇਰੀ ਨਾਲ ਇਹ ਕਾਲਮ ਲਿਖਦੇ। ਕਈ ਵਾਰ ਉਹ ਸਖ਼ਤ ਆਲੋਚਨਾ ਦੇ ਪਾਤਰ ਵੀ ਬਣੇ ਪਰ ਉਨ੍ਹਾਂ ਚਰਚਿਤ ਤਤਕਾਲੀ ਮੁੱਦਿਆਂ ’ਤੇ ਲਿਖਣਾ ਨਾ ਛੱਡਿਆ। ਬਿਆਈਆਂ ਵਾਲੀ ਮੱਲ੍ਹਮ, ਸਾਧਵੀਆਂ, ਰੋਹਬਦਾਰ ਉੱਚ ਪੁਲੀਸ ਅਧਿਕਾਰੀ ਕੇਪੀਐੱਸ ਗਿੱਲ, ਮੂੰਗੀ ਦੀ ਦਾਲ ਆਦਿ ਬਾਰੇ ਲੇਖ ਆਪਣੀ ਮਿਸਾਲ ਆਪ ਹਨ। ਇਸ ਕਾਲਮ ਨਾਲ ਉਨ੍ਹਾਂ ਨੂੰ ਇਸ ਕਦਰ ਮੋਹ ਸੀ ਕਿ ਉਹ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਵੀ ਨਾਗਾ ਨਹੀਂ ਸੀ ਪਾਉਣਾ ਚਾਹੁੰਦੇ। ਇੱਕ ਵਾਰ ਉਹ ਅੱਖਾਂ ਦੇ ਇਲਾਜ ਕਾਰਨ ਛੁੱਟੀ ’ਤੇ ਸਨ। ਸ਼ਾਇਦ ਹੈਦਰਾਬਾਦ ਗਏ ਸਨ। ਉਨ੍ਹਾਂ ਦਾ ਫੋਨ ਆਇਆ, “ਕੀ ਕਰ ਰਿਹਾਂ, ਡਿਊਟੀ ਸਵੇਰ ਦੀ ਸੀ?... ਆ ਜਾ ਮੇਰੇ ਘਰ, ਸ਼ਾਮ ਦੀ ਚਾਹ ’ਕੱਠੇ ਪੀਵਾਂਗੇ।” ‘ਠੀਕ ਆ ਜੀ’ ਕਹਿ ਕੇ ਮੈਂ ਨਾਲ ਹੀ ਪੁੱਛ ਲਿਆ, “ਪੈੱਨ ਤੇ ਐਨਕ ਵੀ ਲਈ ਆਵਾਂ?” ਉਹ ਠਹਾਕਾ ਮਾਰ ਕੇ ਹੱਸੇ, “ਕਲਮ ਤੇ ਐਨਕ ਬਿਨਾ ਕਾਹਦਾ ਪੱਤਰਕਾਰ!” ਇਹ ਆਖਦਿਆਂ ਫੋਨ ਰੱਖ ਦਿੱਤਾ। ਡਾਕਟਰ ਨੇ ਲਿਖਣ-ਪੜ੍ਹਨ ਦੀ ਮਨਾਹੀ ਕੀਤੀ ਹੋਈ ਸੀ, ਅੱਖਾਂ ਦਾ ਅਪਰੇਸ਼ਨ ਹੋ ਚੁੱਕਾ ਸੀ ਸ਼ਾਇਦ; ਤਾਂ ਵੀ ਉਹ ਬੋਲ ਕੇ ਮੈਨੂੰ ‘ਜਗਤ ਤਮਾਸ਼ਾ’ ਲਿਖਵਾਉਣ ਲੱਗੇ। ਲੇਖ ਮੁਕੰਮਲ ਹੋਣ ’ਤੇ ਮੈਂ ਕਿਹਾ, “ਪੜ੍ਹ ਕੇ ਸੁਣਾਵਾਂ?” “ਨਹੀਂ ਨਹੀਂ... ਕੋਈ ਲੋੜ ਨਹੀਂ, ਮੈਂ ਨ੍ਹੀਂ ਕਦੇ ਲਿਖ ਕੇ ਪੜ੍ਹਿਆ, ਬੱਸ ਤੂੰ ਕੱਲ੍ਹ ਸਵੇਰੇ ਸੰਪਾਦਕ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਦੇ ਟੇਬਲ ’ਤੇ ਰੱਖ ਦਈਂ।” ਆਖ ਉਨ੍ਹਾਂ ਚਾਹ ਮੰਗਵਾ ਲਈ। ਦੂਜੇ ਦਿਨ ਦਫ਼ਤਰ ਚਰਚਾ ਛਿੜੀ ਰਹੀ ਕਿ ਗੰਭੀਰ ਬਿਮਾਰ ਦਲਬੀਰ ਸਿੰਘ ਨੇ ਕਾਲਮ ਲਿਖ ਕਿਵੇਂ ਲਿਆ! ਮੈਂ ਵੀ ਭਾਫ ਨਹੀਂ ਕੱਢੀ।

ਦਲਬੀਰ ਸਿੰਘ ਜੀ ਦੀ ਇੱਕ ਹੋਰ ਵਿਲੱਖਣਤਾ ਦੱਸ ਦਿਆਂ। ਉਹ ਗ਼ਲਤ ਗੱਲ ਬਰਦਾਸ਼ਤ ਨਹੀਂ ਸਨ ਕਰਦੇ। ਇੱਕ ਵਾਰ ਸੰਪਾਦਕ ਜੀ ਨਾਲ ਕਿਸੇ ਗੱਲੋਂ ਕਹਾ-ਸੁਣੀ ਹੋ ਗਈ ਤੇ ਉਨ੍ਹਾਂ ਗੁੱਸੇ ਵਿੱਚ ਆ ਕੇ ਅਸਤੀਫ਼ਾ ਦੇ ਦਿੱਤਾ ਜੋ ਝੱਟਪਟ ਪ੍ਰਵਾਨ ਵੀ ਹੋ ਗਿਆ। ਸਾਨੂੰ ਵੱਡਾ ਝਟਕਾ ਲੱਗਿਆ, ਪਰ ਕੁਝ ਦਿਨਾਂ ਬਾਅਦ ਸਾਡੀ ਖ਼ੁਸ਼ੀ ਦੀ ਹੱਦ ਨਾ ਰਹੀ ਜਦੋਂ ਉਹ ਦੁਬਾਰਾ ਕੰਮ ’ਤੇ ਆ ਗਏ। ਸਮਝਦਾਰ ਬੰਦਿਆਂ ਨੇ ਵਿੱਚ ਪੈ ਕੇ ਅਸਤੀਫ਼ਾ ਵਾਪਸ ਕਰਵਾ ਦਿੱਤਾ ਸੀ।

ਲਿਆਕਤ ਇੰਨੀ ਕਿ ਰਹੇ ਰੱਬ ਦਾ ਨਾ! ਨਿਰੇ ਅਫ਼ਲਾਤੂਨ। ਉਦੋਂ ਇੰਟਰਨੈੱਟ ਦੀ ਸਹੂਲਤ ਨਹੀਂ ਸੀ, ਇਸ ਕਰ ਕੇ ਯਾਦਦਾਸ਼ਤ ’ਤੇ ਹੀ ਨਿਰਭਰ ਕਰਨਾ ਪੈਂਦਾ ਸੀ। ਕਮਾਲ ਦੀ ਯਾਦਦਾਸ਼ਤ ਸੀ ਉਨ੍ਹਾਂ ਦੀ। ਅੱਗਿਓਂ ਲਿਖਣ ਦੀ ਮੁਹਾਰਤ ਸਿਰੇ ਦੀ। ਸ਼ਬਦਾਂ ਦੇ ਜਾਦੂਗਰ ਉਹ ਹੈ ਹੀ ਸਨ, ਉਹ ਕਿਸੇ ਵੀ ਮੁੱਦੇ ’ਤੇ ਤੁਰੰਤ ਲੇਖ ਲਿਖ ਸਕਦੇ ਸਨ। ਲਿਆਕਤ ਐਵੇਂ ਨਹੀਂ ਬਣੀ ਸਗੋਂ ਬਹੁਤ ਜ਼ਿਆਦਾ ਪੜ੍ਹਨ ਦੀ ਆਦਤ ਨੇ ਉਨ੍ਹਾਂ ਨੂੰ ਸਮਰੱਥ ਬਣਾਇਆ ਸੀ। ਚਲੰਤ ਮਾਮਲਿਆਂ ’ਤੇ ਇੱਕ ਹੋਰ ਕਾਲਮ ‘ਅੱਠਵਾਂ ਕਾਲਮ’ ਜੋ ਉਹ ਅਤੇ ਉਨ੍ਹਾਂ ਦੇ ਸਾਥੀ ਸਹਾਇਕ ਸੰਪਾਦਕ ਵਾਰੀ-ਵਾਰੀ ਲਿਖਦੇ ਸਨ, ਵੀ ਬਹੁਤ ਹਰਮਨਪਿਆਰਾ ਹੋਇਆ। ਬਿਨਾਂ ਸ਼ੱਕ, ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਜਿਸ ਦਿਨ (28 ਜੁਲਾਈ 2007) ਉਹ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਗਏ, ਉਸ ਵਕਤ ਵੀ ਉਹ ਦਫ਼ਤਰ ਆਪਣੀ ਕੁਰਸੀ ’ਤੇ ਬੈਠੇ ਲਿਖ-ਪੜ੍ਹ ਰਹੇ ਸਨ।

ਸੰਪਰਕ: 98720-73035

Advertisement
×