ਭਾਰਤੀ ਮਿੱਟੀ ਅਤੇ ਗਲੋਬਲ ਅਰਥ ਸ਼ਾਸਤਰ ਦੀ ਸਿਆਸਤ ਦਾ ਸਿਖਰ ਸੀ ਲਾਰਡ ਮੇਘਨਾਦ ਦੇਸਾਈ
ਸੱਭਿਆਚਾਰ ਅਤੇ ਅਰਥ ਸ਼ਾਸਤਰ ਦੀ ਗਲੋਬਲ ਸਿਆਸਤ ਵਿੱਚ ਗੰਭੀਰ ਅਤੇ ਤੱਥ ਦੀ ਜੜ੍ਹ ਤੱਕ ਜਾਣ ਵਾਲੇ ਬਹੁਮੁਖੀ ਪ੍ਰਤਿਭਾ ਦੇ ਮਾਲਕ ਲਾਰਡ ਮੇਘਨਾਦ ਦੇਸਾਈ (ਮੇਘਨਾਦ ਜਗਦੀਸ਼ਚੰਦਰ ਦੇਸਾਈ, ਬੈਰਨ ਦੇਸਾਈ) ਦੇ ਇਸ ਦੁਨੀਆ ਤੋਂ ਜਾਣ ਨਾਲ ਇੱਕ ਵਿਚਾਰ ਦੇ ਯੁੱਗ ਦਾ ਅੰਤ ਹੋ ਗਿਆ ਹੈ। 29 ਜੁਲਾਈ ਨੂੰ 85 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਇਉਂ ਅਚਾਨਕ ਵਿਦਾ ਹੋਣ ਨਾਲ ਭਾਰਤੀ ਸੱਭਿਆਚਾਰ ਅਤੇ ਉਨ੍ਹਾਂ ਦੇ ਸਿਆਸੀ ਦਾਇਰੇ ਵਿੱਚ ਚੁੱਪ ਜਿਹੀ ਛਾ ਗਈ ਹੈ।
ਲਾਰਡ ਦੇਸਾਈ ਭਾਰਤ ਦੀ ਮਿੱਟੀ ਨਾਲ ਜੁੜੀ ਅਦਭੁੱਤ ਸ਼ਖ਼ਸੀਅਤ ਸੀ। ਉਹ ਖੋਜ ਅਤੇ ਸਿਆਸਤ ਦੇ ਨਾਲ-ਨਾਲ ਦੁਨੀਆ ਦੇ ਨਵੇਂ ਬਦਲਾਂ ਮੁਤਾਬਿਕ ਅਰਥ ਸ਼ਾਸਤਰੀ ਮਸਲਿਆਂ ਦਾ ਹੱਲ ਕੀ ਹੋਵੇ, ਇਸ ਬਾਰੇ ਦੂਰਦਰਸ਼ੀ ਸੋਚ ਰੱਖਣ ਵਾਲੇ ਵਿਦਵਾਨ ਸਨ। ਉਨ੍ਹਾਂ ਦੇ ਜਾਣ ਨਾਲ ਸਾਹਿਤ, ਖੋਜ, ਸੱਭਿਆਚਾਰ, ਸਿਆਸਤ ਅਤੇ ਅਰਥ ਸ਼ਾਸਤਰ ਦੇ ਨਵੇਂ ਸੰਵਾਦਾਂ ਨੂੰ ਵਿਰਾਮ ਲੱਗ ਗਿਆ ਹੈ।
ਉਹ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ, ਜਿਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਹੀ ਮੈਟ੍ਰਿਕ ਕਰ ਲਈ ਸੀ। ਸੱਚ ਤਾਂ ਇਹ ਹੈ ਕਿ ਵਡੋਦਰਾ (ਗੁਜਰਾਤ) ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਇਹ ਸਫ਼ਰ ਬ੍ਰਿਟੇਨ ਦੇ ਵਿਦਿਅਕ ਗਲਿਆਰਿਆਂ ਵਿੱਚ ਇਸ ਤਰ੍ਹਾਂ ਛਾ ਗਿਆ ਕਿ ਸਾਰਾ ਬ੍ਰਿਟੇਨ ਉਨ੍ਹਾਂ ਦਾ ਮੁਰੀਦ ਹੋ ਗਿਆ। ਫਿਰ ਉਨ੍ਹਾਂ ਨੂੰ ਲਾਰਡ ਦੀ ਉਪਾਧੀ ਨਾਲ ਨਵਾਜਿਆ ਗਿਆ।
ਮੇਘਨਾਦ ਦੇਸਾਈ ਇੱਕੋ-ਇੱਕ ਅਜਿਹੇ ਅਰਥ ਸ਼ਾਸਤਰੀ ਸਨ, ਜੋ ਅਰਥ ਸ਼ਾਸਤਰੀ ਮੁੱਦਿਆਂ ਅਤੇ ਦੁਨੀਆ ਦੀਆਂ ਨੀਤੀਆਂ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੋੜ ਕੇ ਅਤੇ ਵਰਤਮਾਨ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਧਰਾਤਲ ’ਤੇ ਦੇਖਦੇ ਸਨ। ਭਾਰਤ ਦੇ ਅਰਥਚਾਰੇ ਅਤੇ ਸਿਆਸਤ ਵਿੱਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਸੀ। ਉਨ੍ਹਾਂ ਆਪਣੀ ਵਿਲੱਖਣ ਸਮਝ ਨਾਲ ਭਾਰਤ-ਬ੍ਰਿਟੇਨ ਸਬੰਧਾਂ ਨੂੰ ਜਿਸ ਤਰ੍ਹਾਂ ਦੀ ਮਜ਼ਬੂਤੀ ਦਿੱਤੀ, ਉਹ ਵੀ ਅਦਭੁੱਤ ਸੀ।
ਉਨ੍ਹਾਂ ਦੇ ਦਿਹਾਂਤ ਨਾਲ ਇੱਕ ਸਹਿਜ ਸੁਭਾਅ ਵਾਲਾ ਦੋਸਤ ਅਤੇ ਭਾਰਤੀ ਮਿੱਟੀ ਨੂੰ ਪਿਆਰ ਕਰਨ ਵਾਲਾ, ਉਸ ਦੇ ਸਭਿਆਚਾਰ ਨੂੰ ਡੂੰਘਾਈ ਨਾਲ ਚਾਹੁਣ ਵਾਲਾ ਕਦਰਦਾਨ ਸਾਨੂੰ ਛੱਡ ਗਿਆ ਹੈ।
ਬੈਰਨ ਦੇਸਾਈ ਜਾਂ ਲਾਰਡ ਦੇਸਾਈ ਦੇ ਨਾਂ ਨਾਲ ਮਸ਼ਹੂਰ ਮੇਘਨਾਦ ਦਾ ਜਨਮ 10 ਜੁਲਾਈ 1940 ਨੂੰ ਵਡੋਦਰਾ (ਪਹਿਲਾਂ ਬੜੌਦਾ) ਵਿੱਚ ਹੋਇਆ ਅਤੇ ਉੱਥੇ ਹੀ ਉਹ ਵੱਡੇ ਹੋਏ। ਬਾਅਦ ਵਿੱਚ ਪੜ੍ਹਾਈ ਦੀ ਯਾਤਰਾ ਉਨ੍ਹਾਂ ਮੁੰਬਈ ਯੂਨੀਵਰਸਿਟੀ ਤੋਂ ਸ਼ੁਰੂ ਕੀਤੀ ਅਤੇ ਫਿਰ ਪੈਨਸਿਲਵੇਨੀਆ ਯੂਨੀਵਰਸਿਟੀ (ਅਮਰੀਕਾ) ਤੋਂ ਅਰਥ ਸ਼ਾਸਤਰ ਵਿੱਚ ਡਾਕਟਰੇਟ ਕੀਤੀ। ਉਨ੍ਹਾਂ ਬ੍ਰਿਟੇਨ ਦੀ ਸਿਆਸਤ ਵਿੱਚ ਲੇਬਰ ਪਾਰਟੀ ਦੇ ਮੈਂਬਰ ਵਜੋਂ ਕੰਮ ਕੀਤਾ। 2011 ਵਿੱਚ ਹਾਊਸ ਆਫ ਲਾਰਡਜ਼ ਵਿੱਚ ਲਾਰਡ ਸਪੀਕਰ ਦੇ ਅਹੁਦੇ ਲਈ ਚੋਣ ਵੀ ਲੜੀ, ਪਰ ਕਾਮਯਾਬੀ ਨਹੀਂ ਮਿਲੀ। ਬ੍ਰਿਟੇਨ ਵਿੱਚ ਉਹ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਇਕਨਾਮਿਕਸ ਅਤੇ ਪਬਲਿਕ ਪਾਲਿਸੀ ਦੇ ਪ੍ਰੋਫੈਸਰ ਵੀ ਰਹੇ। ਲਾਰਡ ਦੇਸਾਈ ਨੂੰ ਸੈਂਟਰ ਫਾਰ ਦਿ ਗਲੋਬਲ ਗਵਰਨੈਂਸ ਦੀ ਨੀਂਹ ਰੱਖਣ ਵਾਲੇ ਅਰਥ ਸ਼ਾਸਤਰੀ ਅਧਿਆਪਕ ਵਜੋਂ ਵੀ ਜਾਣਿਆ ਜਾਵੇਗਾ। ਇਸ ਦੀ ਸਥਾਪਨਾ 1992 ਵਿੱਚ ਕੀਤੀ ਗਈ ਸੀ। ਉਨ੍ਹਾਂ ਆਪਣੀ ਖੋਜ ਨੂੰ ਸਿਆਸਤ ਨਾਲ ਜੋੜ ਕੇ ਜੋ ਕਿਤਾਬਾਂ ਲਿਖੀਆਂ, ਉਨ੍ਹਾਂ ਵਿੱਚ ਸਭ ਤੋਂ ਵੱਧ ਜ਼ਿਕਰ ‘ਮਾਰਕਸ’ਜ਼ ਰਿਵੈਂਜ’ ਅਤੇ ‘ਰੀਡਿਸਕਵਰੀ ਆਫ ਇੰਡੀਆ’ ਦਾ ਹੋਇਆ। 1970 ਤੋਂ ਸ਼ੁਰੂ ਹੋਈ ਇਸ ਯਾਤਰਾ ਵਿੱਚ ਉਨ੍ਹਾਂ ਦੁਨੀਆ ਦੇ ਬਦਲਦੇ ਅਰਥਚਾਰੇ ਦੀ ਗੱਲ ਕੀਤੀ। ਉਨ੍ਹਾਂ ਦੀਆਂ ਹੋਰ ਕਿਤਾਬਾਂ ਵਿੱਚ ‘ਮਾਰਕਸੀਅਨ ਇਕਨਾਮਿਕਸ’, ‘ਪੌਲਿਟਿਕ ਸ਼ੌਕ’, ‘ਦਿ ਪਾਵਰਟੀ ਆਫ ਪੁਲੀਟੀਕਲ ਇਕਾਨਮੀ’ ਆਦਿ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਉੱਘੇ ਅਦਾਕਾਰ ਦਿਲੀਪ ਕੁਮਾਰ ਦੀਆਂ ਫਿਲਮਾਂ ਦਾ ਅਧਿਐਨ ਕਰਦਿਆਂ ਉਨ੍ਹਾਂ ਬਾਰੇ ਕਿਤਾਬ ਵੀ ਲਿਖੀ। ਦਿਲੀਪ ਕੁਮਾਰ ਨਾਲ ਆਪਣੀਆਂ ਮੁਲਾਕਾਤਾਂ ਬਾਰੇ ਦੱਸਿਆ ਸੀ ਕਿ ਦਿਲੀਪ ਕੁਮਾਰ ਨੂੰ ਦੇਖਣਾ ਸੱਚਮੁੱਚ ਕੋਈ ਰੋਮਾਂਚ ਨਾਲ ਭਰਿਆ ਅਨੁਭਵ ਸੀ। ਉਨ੍ਹਾਂ ਭਾਰਤ ਦੇ ਸਮਾਜਿਕ-ਸਿਆਸੀ ਦ੍ਰਿਸ਼ ਅਤੇ ਪਰਦੇ ’ਤੇ ਉਸ ਦੇ ਪ੍ਰਤੀਬਿੰਬ ਵਿਚਕਾਰ ਸਮਾਨਤਾਵਾਂ ਲੱਭੀਆਂ। ਉਨ੍ਹਾਂ ਸੈਂਸਰਸ਼ਿਪ, ਸੱਭਿਆਚਾਰਕ ਪਛਾਣ ਅਤੇ ਧਰਮ ਨਿਰਪੱਖਤਾ ਵਰਗੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਕਿ ਫਿਲਮਾਂ ਉਸ ਸਮੇਂ ਬਦਲਦੇ ਭਾਰਤ ਨੂੰ ਕਿਵੇਂ ਚਿਤਰਦੀਆਂ ਹਨ।
ਮੈਨੂੰ ਉਨ੍ਹਾਂ ਨਾਲ ਲੰਡਨ ਅਤੇ ਦਿੱਲੀ ਵਿੱਚ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਉਹ ਜ਼ਿੰਦਗੀ ਨੂੰ ਗੰਭੀਰਤਾ ਨਾਲ ਸਮਝਣ ਵਾਲੇ ਦੋਸਤ ਸਨ। ਉਨ੍ਹਾਂ ਵਰਗੇ ਲੋਕ ਕਦੇ-ਕਦਾਈਂ ਹੀ ਇਸ ਦੁਨੀਆ ਵਿੱਚ ਆਉਂਦੇ ਹਨ, ਜੋ ਸਿਆਸਤ ਦੇ ਨਾਲ-ਨਾਲ ਆਮ ਲੋਕਾਂ ਦੇ ਸੱਭਿਆਚਾਰ ਅਤੇ ਮਿੱਟੀ ਦੀ ਗੱਲ ਕਰਦੇ ਸਨ; ਜਿੱਥੇ ਹਾਸ਼ੀਏ ’ਤੇ ਪਏ ਆਮ ਆਦਮੀ ਦਾ ਚਿਹਰਾ ਨਜ਼ਰ ਆਉਂਦਾ ਹੈ। ਉਨ੍ਹਾਂ ਲਈ ਸਿਆਸਤ ਅਤੇ ਅਰਥ ਸ਼ਾਸਤਰੀ ਵਿਕਾਸ ਦੇ ਇਹੀ ਅਰਥ ਸਨ। ਆਪਣੇ ਸਿਆਸੀ ਕਰੀਅਰ ਵਿੱਚ ਮੇਘਨਾਦ ਦੇਸਾਈ ਬ੍ਰਿਟਿਸ਼ ਲੇਬਰ ਪਾਰਟੀ ਵਿੱਚ ਸਰਗਰਮ ਰਹੇ, 1986 ਤੋਂ 1992 ਦਰਮਿਆਨ ਪ੍ਰਧਾਨ ਰਹੇ। ਉਹ ਲੰਡਨ ਵਿੱਚ ਇਸਲਿੰਗਟਨ ਸਾਊਥ ਤੇ ਫਿਨਸਬਰੀ ਚੋਣ ਖੇਤਰ ਦੀ ਲੇਬਰ ਪਾਰਟੀ ਦੇ ਉਮਰ ਭਰ ਲਈ ਆਨਰੇਰੀ ਪ੍ਰਧਾਨ ਬਣੇ। ਨਵੰਬਰ 2020 ਵਿੱਚ ਯਹੂਦੀ ਵਿਰੋਧੀ ਮੁੱਦਿਆਂ ਕਾਰਨ ਉਨ੍ਹਾਂ 49 ਸਾਲ ਮਗਰੋਂ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੱਤੀ।
ਲਾਰਡ ਦੇਸਾਈ ਨੇ ਆਪਣੀ ਪਹਿਲੀ ਕਿਤਾਬ ‘ਮਾਰਕਸੀਅਨ ਇਕਨਾਮਿਕਸ’ 1973 ਵਿੱਚ ਲਿਖੀ। ਫਿਰ 1976 ਵਿੱਚ ‘ਐਪਲਾਈਡ ਇਕਨੋਮੈਟ੍ਰਿਕਸ’ ਛਪੀ। 1981 ਵਿੱਚ ਉਨ੍ਹਾਂ ‘ਟੈਸਟਿੰਗ ਮੋਨੇਟਰਿਜ਼ਮ’ ਲਿਖੀ, ਜੋ ਮੁਦਰਾਵਾਦ ਦੀ ਆਲੋਚਨਾ ਸੀ। 1985-1994 ਦੌਰਾਨ ਉਨ੍ਹਾਂ ਬ੍ਰਿਟਿਸ਼ ਹਫਤਾਵਾਰੀ ‘ਟ੍ਰਿਬਿਊਨ’, ਭਾਰਤੀ ਵਪਾਰਕ ਰੋਜ਼ਾਨਾ ਅਖ਼ਬਾਰ ‘ਬਿਜ਼ਨਸ ਸਟੈਂਡਰਡ’ (1995-2001) ਅਤੇ ‘ਇੰਡੀਅਨ ਐਕਸਪ੍ਰੈਸ’ ਤੇ ‘ਫਾਈਨੈਂਸ਼ੀਅਲ ਐਕਸਪ੍ਰੈਸ’ ਵਿੱਚ ਕਾਲਮ ਲਿਖੇ। 1984 ਤੋਂ 1991 ਤੱਕ ਉਹ ‘ਜਰਨਲ ਆਫ ਐਪਲਾਈਡ ਇਕਨੋਮੈਟ੍ਰਿਕਸ’ ਦੇ ਸਹਿ-ਸੰਪਾਦਕ ਰਹੇ। ਉਨ੍ਹਾਂ ਦੇ ਚੋਣਵੇਂ ਅਕਾਦਮਿਕ ਖੋਜ ਪੱਤਰ 1995 ਵਿੱਚ ਦੋ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਏ। ਮੇਘਨਾਦ ਦੇਸਾਈ ਨੇ ਆਪਣੀ ਕਿਤਾਬ ‘ਮਾਰਕਸ’ਜ਼ ਰਿਵੈਂਜ: ਦਿ ਰੀਸਰਜੈਂਸ ਆਫ ਕੈਪੀਟਲਿਜ਼ਮ ਐਂਡ ਦਿ ਡੈੱਥ ਆਫ ਸਟੈਟਿਸਟ ਸੋਸ਼ਲਿਜ਼ਮ’ ਵਿੱਚ ਕਿਹਾ ਸੀ ਕਿ ਵਿਸ਼ਵੀਕਰਨ ਸਮਾਜਵਾਦ ਦੇ ਪੁਨਰ-ਉਥਾਨ ਵੱਲ ਅਗਵਾਈ ਕਰੇਗਾ। ਉਨ੍ਹਾਂ ਮਾਰਕਸ ਦੇ ਕੁਝ ਘੱਟ ਪ੍ਰਸਿੱਧ ਲੇਖਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਦਲੀਲ ਦਿੱਤੀ ਕਿ ਉਸ ਦੇ ਸਿਧਾਂਤ ਆਧੁਨਿਕ ਪੂੰਜੀਵਾਦ ਅਤੇ ਵਿਸ਼ਵੀਕਰਨ ਦੀ ਸਾਡੀ ਸਮਝ ਨੂੰ ਵਧਾਉਂਦੇ ਹਨ। ਉਨ੍ਹਾਂ ਦੇ ਕੰਮ ਨੂੰ ਬਹੁਤ ਸਲਾਹਿਆ ਗਿਆ। ‘ਦਿ ਗਾਰਡੀਅਨ’ ਨੇ ਲਿਖਿਆ, “ਜੇ ਸਮਾਜਵਾਦੀਆਂ ਨੇ ਮਾਰਕਸ ਦਾ ਠੀਕ ਢੰਗ ਨਾਲ ਅਧਿਐਨ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਕਿ ਪੂੰਜੀਵਾਦ ਦੀ ਜਿੱਤ ਹੋਵੇਗੀ।”
ਉਹ ਖੁਸ਼ਮਿਜ਼ਾਜ, ਰੋਮਾਂਸ ਅਤੇ ਰੋਮਾਂਚ ਨਾਲ ਭਰੇ ਸ਼ਖ਼ਸ ਸਨ। ਉਨ੍ਹਾਂ 1970 ਵਿੱਚ ਆਪਣੀ ਐੱਲਐੱਸਈ ਦੀ ਸਹਿਕਰਮੀ ਗੇਲ ਵਿਲਸਨ ਨਾਲ ਵਿਆਹ ਕੀਤਾ, ਜੋ ਜਾਰਜ ਐਂਬਲਰ ਵਿਲਸਨ ਦੀ ਧੀ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਇਹ ਸੰਜੋਗ ਹੀ ਸੀ ਕਿ ‘ਨਹਿਰੂਜ਼ ਹੀਰੋ’ ਲਿਖਦੇ ਸਮੇਂ 2004 ਵਿੱਚ ਲਾਰਡ ਦੇਸਾਈ ਦੀ ਮੁਲਾਕਾਤ ਕਿਸ਼ਵਰ ਅਹਿਲੂਵਾਲੀਆ ਨਾਲ ਹੋਈ, ਜੋ ਉਨ੍ਹਾਂ ਦੀ ਦੂਜੀ ਪਤਨੀ ਬਣੀ ਅਤੇ ਇਸ ਕਿਤਾਬ ਦੀ ਸੰਪਾਦਕ ਵੀ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਮੁਸਕਰਾਹਟਾਂ ਨਾਲ ਭਰੀ ਸੀ। ਉਹ ਉਮਰ ਭਰ ਨੈਸ਼ਨਲ ਸੈਕੂਲਰ ਸੁਸਾਇਟੀ ਦੇ ਆਨਰੇਰੀ ਸਹਿਯੋਗੀ ਵੀ ਰਹੇ। ਮੈਨੂੰ ਉਨ੍ਹਾਂ ਦੀ ਕਿਤਾਬ ‘ਮਾਰਕਸ’ਜ਼ ਰਿਵੈਂਜ: ਦਿ ਕੈਪੀਟਲਿਜ਼ਮ ਐਂਡ ਦਿ ਡੈਥ ਆਫ ਸਟੈਟਿਸਟ ਸੋਸ਼ਲਿਜ਼ਮ’ ਹਮੇਸ਼ਾ ਆਕਰਸ਼ਿਤ ਕਰਦੀ ਰਹੀ ਹੈ। ਇਹ ਕਿਤਾਬ ਪੜ੍ਹਦਿਆਂ ਲੱਗਦਾ ਹੈ ਕਿ ਉਹ ਪੂੰਜੀਵਾਦ ਅਤੇ ਆਮ ਆਦਮੀ ਦੇ ਦੁੱਖ-ਤਕਲੀਫਾਂ ਨੂੰ ਕਿੰਨੀ ਡੂੰਘਾਈ ਨਾਲ ਸਮਝਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਅੱਜ ਸਾਰੀ ਦੁਨੀਆ, ਖਾਸ ਕਰ ਕੇ ਭਾਰਤ ਤੇ ਬ੍ਰਿਟੇਨ ਦੇ ਸਬੰਧਾਂ ਵਿੱਚ ਅਜਿਹਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਆਉਣ ਵਾਲੇ ਦਿਨਾਂ ਵਿੱਚ ਬਹੁਤ ਮੁਸ਼ਕਿਲ ਹੈ।
*ਲੇਖਕ ਸੀਨੀਅਰ ਬ੍ਰਾਡਕਾਸਟਰ ਅਤੇ ਮੀਡੀਆ ਵਿਸ਼ਲੇਸ਼ਕ ਹੈ।
ਸੰਪਰਕ: 94787-30156