ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿੰਦਗੀ ਕਦੇ ਰੁਕਦੀ ਨਹੀਂ...

ਬਚਪਨ ਵਿੱਚ ਜਦੋਂ ਸਮੇਂ ਸਿਰ ਮੀਂਹ ਪੈਂਦਾ ਤੇ ਅਸੀਂ ਮੀਂਹ ’ਚ ਨਹਾਉਣ ਲੱਗਦੇ ਤਾਂ ਦਾਦਾ ਜੀ ਕਹਿਣ ਲੱਗਦੇ- ‘ਇਹ ਫ਼ਸਲਾਂ ਲਈ ਅੰਮ੍ਰਿਤ ਹੈ ਤੇ ਬੱਚਿਆਂ ਲਈ ਸ਼ੁਗਲ ਮੇਲਾ’; ਪਰ ਐਤਕੀਂ ਮੀਂਹ ਵਰ ਨਹੀਂ, ਸਰਾਪ ਬਣ ਕੇ ਵਰ੍ਹਿਆ। ਕਈ ਜਿ਼ਲ੍ਹਿਆਂ ਵਿੱਚ...
Advertisement

ਬਚਪਨ ਵਿੱਚ ਜਦੋਂ ਸਮੇਂ ਸਿਰ ਮੀਂਹ ਪੈਂਦਾ ਤੇ ਅਸੀਂ ਮੀਂਹ ’ਚ ਨਹਾਉਣ ਲੱਗਦੇ ਤਾਂ ਦਾਦਾ ਜੀ ਕਹਿਣ ਲੱਗਦੇ- ‘ਇਹ ਫ਼ਸਲਾਂ ਲਈ ਅੰਮ੍ਰਿਤ ਹੈ ਤੇ ਬੱਚਿਆਂ ਲਈ ਸ਼ੁਗਲ ਮੇਲਾ’; ਪਰ ਐਤਕੀਂ ਮੀਂਹ ਵਰ ਨਹੀਂ, ਸਰਾਪ ਬਣ ਕੇ ਵਰ੍ਹਿਆ। ਕਈ ਜਿ਼ਲ੍ਹਿਆਂ ਵਿੱਚ ਮਾਰੋ-ਮਾਰ ਕਰਦਾ ਪਾਣੀ ਹਰ ਪਾਸੇ ਤਬਾਹੀ ਮਚਾ ਰਿਹਾ ਸੀ। ਜ਼ਿੰਦਗੀ ਦੀ ਮਹੱਤਵਪੂਰਨ ਲੋੜ ਪਾਣੀ, ਜ਼ਿੰਦਗੀ ਦੀਆਂ ਸਭ ਲੋੜਾਂ ਰੋੜ੍ਹਦਾ ਮਨੁੱਖੀ ਜੀਵਨ ਲਈ ਖ਼ਤਰਾ ਬਣ ਗਿਆ; ਹਾਲਾਂਕਿ ਇਹ ਪਾਣੀ ਹੀ ਹੈ ਜੋ ਜੀਵਾਂ ਨੂੰ ਜ਼ਿੰਦਗੀ ਬਖ਼ਸ਼ਦਾ ਹੈ। ਕੱਲ੍ਹ ਤੱਕ ਸਭ ਦਾ ਫਿ਼ਕਰ ਤਾਂ ਇਹ ਸੀ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਦਿਨੋ-ਦਿਨ ਖ਼ਤਰਨਾਕ ਰਫ਼ਤਾਰ ਨਾਲ ਡੂੰਘਾ ਹੋ ਰਿਹਾ ਹੈ... ਤੇ ਕਿੱਥੇ ਆਫ਼ਤ ਬਣ ਕੇ ਵਰ੍ਹਿਆ ਮੀਂਹ ਤੇ ਪਿੱਛੋਂ ਹਿਮਾਚਲ ਪ੍ਰਦੇਸ਼ ਤੋਂ ਆਇਆ ਪਾਣੀ ਮੁਸੀਬਤ ਬਣ ਗਿਆ।

ਪਾਣੀ ਦੀ ਸਹੀ ਸੰਭਾਲ ਅਤੇ ਹੜ੍ਹ ਰੋਕਣ ਲਈ ਸਰਕਾਰ ਨੇ ਪਹਿਲਾਂ ਹੀ ਸਹੀ ਯਤਨ ਕੀਤੇ ਹੁੰਦੇ ਤਾਂ ਹਾਲਾਤ ਇੰਨੇ ਨਾ ਵਿਗੜਦੇ, ਅੱਧੇ ਤੋਂ ਵੱਧ ਪੰਜਾਬ ਪਾਣੀ ਦੀ ਮਾਰ ਹੇਠ ਨਾ ਆਇਆ ਹੋਇਆ ਹੁੰਦਾ, ਹੜ੍ਹਾਂ ਨੇ ਜ਼ਿੰਦਗੀ ਨੂੰ ਤਹਿਸ ਨਹਿਸ ਨਾ ਕੀਤਾ ਹੁੰਦਾ। ਲੋਕਾਂ ਦੇ ਘਰ ਢਹਿ ਢੇਰੀ ਹੋ ਗਏ, ਫ਼ਸਲਾਂ ਤਬਾਹ ਹੋ ਗਈਆਂ, ਪਸ਼ੂ ਤੇ ਖੇਤੀ ਦੇ ਸੰਦ ਪਾਣੀ ’ਚ ਰੁੜ੍ਹ ਗਏ, ਪਰਿਵਾਰ ਉਜੜ ਗਏ ਹਨ। ਸਭ ਕੁਝ ਖ਼ਤਮ ਹੋ ਜਾਣ ’ਤੇ ਉਨ੍ਹਾਂ ਨੂੰ ਰਾਹਤ ਕੇਂਦਰਾਂ ਵਿੱਚ ਰਹਿਣਾ ਪੈ ਰਿਹਾ ਹੈ। ਕਿੰਨਾ ਔਖਾ ਹੈ ਉਜੜ ਕੇ ਦੁਬਾਰਾ ਵੱਸਣਾ; ਇਹਨੂੰ ਭੁਗਤਣ ਵਾਲਾ ਹੀ ਮਹਿਸੂਸ ਕਰ ਸਕਦਾ ਹੈ।

Advertisement

ਕਿਸਾਨ ਜੋ ਪਹਿਲਾਂ ਹੀ ਮਾੜੀ ਆਰਥਿਕਤਾ ਕਾਰਨ ਪ੍ਰੇਸ਼ਾਨ ਹਨ, ਹੁਣ ਸਭ ਕੁਝ ਗਵਾਚ ਜਾਣ ’ਤੇ ਦੁਬਾਰਾ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਉਨ੍ਹਾਂ ਨੂੰ ਹੋਰ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਵੇਗਾ। ਅਜੇ ਤਾਂ ਉਹ ਸਭ ਕੁਝ ਗਵਾ ਕੇ ਉਹ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਕੋਈ ਦੇਸੀ ਬੇੜੀ ਬਣਾ ਕੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ ’ਤੇ ਲਿਜਾ ਰਿਹਾ ਸੀ, ਕੋਈ ਕਿਸੇ ਹੋਰ ਢੰਗ ਨਾਲ ਜਿਸ ਤਰ੍ਹਾਂ ਦਾ ਜੁਗਾੜ ਸੁਝਦਾ ਹੈ, ਬਣਾ ਕੇ ਪਾਣੀ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਰਕਾਰ ਨੇ ਵੀ ਲੋਕਾਂ ਨੂੰ ਹੜ੍ਹ ਦੇ ਪਾਣੀ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਯਤਨ ਕੀਤੇ। ਕੱਲ੍ਹ ਜੋ ਲੰਗਰ ਲਾ ਕੇ ਭੁੱਖਿਆਂ ਨੂੰ ਅੰਨ ਛਕਾਉਂਦੇ ਸਨ, ਉਹ ਖ਼ੁਦ ਦੋ ਰੋਟੀਆਂ ਲਈ ਦੂਜਿਆਂ ਦੇ ਹੱਥਾਂ ਵੱਲ ਝਾਕ ਰਹੇ ਸਨ।

ਅਜੇ ਤਾਂ ਪਾਣੀ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਵਾਂ ’ਤੇ ਹੀ ਜਾਣ ਦਾ ਫਿਕਰ ਸੀ, ਪਰ ਪਾਣੀ ਘਟਣ ਤੋਂ ਬਾਅਦ ਸਥਿਤੀ ਇਸ ਤੋਂ ਵੀ ਭਿਆਨਕ ਬਣ ਰਹੀ ਹੈ। ਇੱਕ ਪਾਸੇ ਸਿਰ ਲੁਕਾਉਣ ਲਈ ਛੱਤ ਦਾ ਫ਼ਿਕਰ, ਦੂਜੇ ਪਾਸੇ ਅਗਲੀ ਫ਼ਸਲ ਆਉਣ ਤੱਕ ਘਰੇਲੂ ਲੋੜਾਂ ਨੂੰ ਕਿਵੇਂ ਪੂਰਾ ਕਰਨਾ ਹੈ, ਇਹ ਚਿੰਤਾ ਵੱਢ-ਵੱਢ ਖਾ ਰਹੀ ਹੈ। ਬਹੁਤ ਮੁਸ਼ਕਿਲ ਹੈ ਦੁਬਾਰਾ ਪੈਰਾਂ ’ਤੇ ਖੜ੍ਹੇ ਹੋਣਾ, ਖਾਸ ਕਰ ਕੇ ਉਨ੍ਹਾਂ ਲਈ ਜਿਨ੍ਹਾਂ ਦੀ ਆਮਦਨ ਛੇ ਮਹੀਨੇ ਪਿਛੋਂ ਹੁੰਦੀ ਹੋਵੇ। ਇੱਥੇ ਤਾਂ ਹੁਣ ਛੇ ਮਹੀਨੇ ਬਾਅਦ ਵੀ ਹੋਣ ਦੀ ਆਸ ਨਹੀਂ...।

ਥਾਂ-ਥਾਂ ਮਰੇ ਪਸ਼ੂਆਂ ਕਾਰਨ ਅਤੇ ਖੜ੍ਹੇ ਪਾਣੀ ਤੋਂ ਪੈਦਾ ਹੋਏ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝਣਾ ਪਵੇਗਾ। ਚਮੜੀ ਦੀਆਂ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਗੀਆਂ।

ਕੀਮਤੀ ਜਾਨਾਂ ਜਾਣ ਦੇ ਨਾਲ-ਨਾਲ ਜੋ ਮਾਲੀ ਨੁਕਸਾਨ ਇਨ੍ਹਾਂ ਹੜ੍ਹਾਂ ਨਾਲ ਹੋਇਆ ਹੈ, ਉਸ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਉਂਝ ਹੜ੍ਹਾਂ ਦੀ ਤਬਾਹੀ ਰੋਕਣ ਲਈ ਪੰਜਾਬ ਵਿੱਚ ਡਰੇਨਾਂ ਦਾ ਜਾਲ ਵਿਛਿਆ ਹੋਇਆ ਹੈ, ਪਰ ਇਨ੍ਹਾਂ ਵਿੱਚ ਉੱਗੀ ਬੂਟੀ, ਝਾੜ-ਫੂਸ ਅਤੇ ਮਿੱਟੀ ਘੱਟੇ ਨਾਲ ਭਰੀਆਂ ਹੋਈਆਂ ਹੋਣ ਕਰ ਕੇ ਪਾਣੀ ਕਿੱਥੋਂ ਲੰਘਣਾ ਸੀ? ਡਰੇਨਜ਼ ਵਿਭਾਗ ਨੇ ਇਸ ਪਾਸੇ ਕਦੀ ਸੰਜੀਦਗੀ ਨਾਲ ਧਿਆਨ ਹੀ ਨਹੀਂ ਦਿੱਤਾ, ਬੀਤੇ ਤੋਂ ਸਬਕ ਹੀ ਨਹੀਂ ਸਿੱਖਿਆ। ਹਰ ਤੀਜੇ ਚੌਥੇ ਸਾਲ ਕਦੇ ਵੱਧ ਅਤੇ ਕਦੇ ਘੱਟ, ਹੁਣ ਵਰਗੇ ਹਾਲਾਤ ਬਣਦੇ ਹਨ।

ਹਾਲਾਤ ਬਹੁਤ ਮਾੜੇ ਹਨ। ਖੇਤਾਂ ਵਿੱਚੋਂ ਹੜ੍ਹਾਂ ਨਾਲ ਆਈ ਮਿੱਟੀ ਹਟਾਉਣੀ ਪਵੇਗੀ। ਆਸਰਿਆਂ ਨੂੰ ਦੁਬਾਰਾ ਰਹਿਣ ਯੋਗ ਬਣਾਉਣਾ ਪਵੇਗਾ। ਘਰੇਲੂ ਲੋੜਾਂ, ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਪ੍ਰਬੰਧ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਪੰਜਾਬ ਅਤੇ ਕੇਂਦਰ ਸਰਕਾਰਾਂ ਭਾਵੇਂ ਰਾਹਤ ਦੇਣਗੀਆਂ, ਪਰ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਮਦਦ ਦੇ ਹੱਥ ਵਧਾਈ ਰੱਖਣੇ ਪੈਣਗੇ।

ਪੰਜਾਬ ਹਾਲਾਤ ਅੱਗੇ ਕਦੇ ਹਾਰਿਆ ਨਹੀਂ, ਹਮੇਸ਼ਾ ਉੱਠਦਾ ਰਿਹਾ ਹੈ। ਇਹ ਪਹਿਲਾਂ ਵਾਂਗ ਹੁਣ ਵੀ ਉੱਠੇਗਾ ਕਿਉਂਕਿ ਉਸ ਦੇ ਭਰਾਵਾਂ ਦੇ ਹੱਥ ਉਨ੍ਹਾਂ ਵੱਲ ਵਧੇ ਹੋਏ ਹਨ, ਉਹ ਉਨ੍ਹਾਂ ਨੂੰ ਗਲੇ ਲਗਾ ਰਹੇ ਹਨ। ਘਰਾਂ ਦੀਆਂ ਛੱਤਾਂ ’ਤੇ ਬੈਠਿਆਂ ਨੂੰ ਅਤੇ ਰਾਹਤ ਕੈਂਪਾਂ ਵਾਲਿਆਂ ਨੂੰ ਪਾਣੀ ਵਿੱਚੋਂ ਲੰਘ ਕੇ ਪਾਣੀ ਪਹੁੰਚਾ ਰਹੇ ਹਨ, ਲੰਗਰ ਵਰਤਾ ਰਹੇ ਹਨ। ਪਸ਼ੂਆਂ ਲਈ ਤੂੜੀ ਤੇ ਚਾਰੇ ਦੀਆਂ ਟਰਾਲੀਆਂ ਜਾ ਰਹੀਆਂ ਹਨ। ਦਵਾਈਆਂ, ਕੱਪੜੇ, ਰਾਸ਼ਨ ਅਤੇ ਹੋਰ ਲੋੜੀਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਹਨ। ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਵੀ ਉਹ ਆਪਣੇ ਹਮਸਾਇਆਂ ਕੋਲ ਪਹੁੰਚ ਰਹੇ ਹਨ। ਬਾਹਰਲੇ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਆਪਣਾ ਯੋਗਦਾਨ ਪਾ ਰਹੇ ਹਨ।

ਪਾਣੀ ਉੱਤਰ ਰਿਹਾ ਹੈ। ਲੋਕ ਹੌਲੀ-ਹੌਲੀ ਘਰਾਂ ਨੂੰ ਪਰਤ ਰਹੇ ਹਨ। ਉਹ ਡਿੱਗੇ ਮਕਾਨਾਂ ਨੂੰ ਮੁੜ ਤੋਂ ਰਹਿਣ ਯੋਗ ਬਣਾਉਣਗੇ। ਖੇਤਾਂ ਵਿਚੋਂ ਰੇਤ ਚੁੱਕਣਗੇ ਤੇ ਮੁੜ ਫ਼ਸਲਾਂ ਬੀਜਣਗੇ। ਹਾਲਾਤ ਫਿਰ ਤੋਂ ਸੰਭਲਣਗੇ। ਜ਼ਿੰਦਗੀ ਚੱਲਦੀ ਰਹਿੰਦੀ ਹੈ, ਇਹ ਕਦੇ ਰੁਕਦੀ ਨਹੀਂ। ਤਦ ਤੱਕ ਉਨ੍ਹਾਂ ਦੀ ਬਾਂਹ ਫੜੀ ਰੱਖਣੀ ਹੋਵੇਗੀ, ਜਦ ਤੱਕ ਉਹ ਮੁੜ ਵੱਸਣ ਜੋਗੇ ਨਹੀਂ ਹੋ ਜਾਂਦੇ।

ਸੰਪਰਕ: 76260-63596

Advertisement
Show comments