ਆਓ ਬੱਚਿਆਂ ਦੇ ਸਵਾਗਤ ਲਈ ਫੁੱਲ ਵਿਛਾਈਏ...
ਸੋਹਣ ਲਾਲ ਗੁਪਤਾ
ਮਹਾਰਾਸ਼ਟਰ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ 16 ਜੂਨ ਨੂੰ ਮੁੜ ਸਕੂਲ ਖੁੱਲ੍ਹਦੇ ਹਨ। ਉਸ ਦਿਨ ਬੱਚਿਆਂ ਦਾ ਵੱਖ-ਵੱਖ ਢੰਗ ਨਾਲ ਸਵਾਗਤ ਕੀਤਾ ਜਾਂਦਾ ਹੈ। ਅਧਿਆਪਕ ਬੱਚਿਆਂ ਨੂੰ ਫੁੱਲ, ਮਿਠਾਈਆਂ, ਚਾਕਲੇਟ ਆਦਿ ਦਿੰਦੇ ਹਨ। ਕਾਪੀਆਂ, ਪੈੱਨ ਆਦਿ ਸਟੇਸ਼ਨਰੀ ਦਾ ਸਮਾਨ ਪਾ ਕੇ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਅਧਿਆਪਕ ਬੱਚਿਆਂ ਦੀ ਆਰਤੀ ਉਤਾਰਦੇ ਹਨ। ਸਾਰੀਆਂ ਅਧਿਆਪਕਾਵਾਂ ਨੇ ਇੱਕੋ ਰੰਗ ਦੀ ਸਾੜ੍ਹੀ ਪਹਿਨੀ ਹੁੰਦੀ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਉਸ ਦਿਨ ਫੁੱਲਾਂ ਨਾਲ ਸਜਾਈਆਂ ਬੈਲਗੱਡੀਆਂ ਵਿੱਚ ਸਵਾਰੀ ਕਰਵਾਈ ਜਾਂਦੀ ਹੈ। ਫੁੱਲਾਂ, ਗੁਬਾਰਿਆਂ, ਝੰਡੀਆਂ ਨਾਲ ਸਕੂਲਾਂ ਦੇ ਵਰਾਂਡਿਆਂ ਦੀ ਸਜਾਵਟ ਕੀਤੀ ਜਾਂਦੀ ਹੈ। ਦਿਲ ਖਿੱਚਵੀਆਂ ਰੰਗੋਲੀਆਂ ਬਣਾਈਆਂ ਹੁੰਦੀਆਂ। ਜਦੋਂ ਬੱਚੇ ਲੰਘ ਰਹੇ ਹੁੰਦੇ ਹਨ ਤਾਂ ਅਧਿਆਪਕਾਂ ਅਤੇ ਪ੍ਰੋਗਰਾਮ ’ਤੇ ਆਏ ਮਹਿਮਾਨ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰਦੇ ਹਨ। ਸਕੂਲ ਦੇ ਪੁਰਾਣੇ ਵਿਦਿਆਰਥੀ ਸੰਗੀਤ ਦੀਆਂ ਧੁਨਾਂ, ਵਾਜੇ, ਢੋਲ ਵਜਾ ਕੇ ਸਵਾਗਤੀ ਪ੍ਰੋਗਰਾਮ ਨੂੰ ਰੌਣਕਮਈ ਬਣਾ ਦਿੰਦੇ ਹਨ। ਛੁੱਟੀਆਂ ਕਾਰਨ ਹੋਏ ਲੰਮੇ ਚਿਰ ਦੇ ਵਿਛੋੜੇ ਤੋਂ ਬਾਅਦ ਸਕੂਲਾਂ ਵਿੱਚ ਆਏ ਵਿਦਿਆਰਥੀ ਇਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹਨ। ਨਵੇਂ ਦਾਖਲ ਹੋਏ ਬੱਚੇ ਵੀ ਪੁਰਾਣੇ ਵਿਦਿਆਰਥੀਆਂ ਨਾਲ ਇਕਦਮ ਘੁਲ-ਮਿਲ ਜਾਂਦੇ ਹਨ।
17 ਜੂਨ ਦੇ ਅਖ਼ਬਾਰ ਸਕੂਲਾਂ ਵਿੱਚ 16 ਤਾਰੀਖ ਨੂੰ ਹੋਏ ਸਵਾਗਤ ਦੀਆਂ ਖਬਰਾਂ ਅਤੇ ਫੋਟੋਆਂ ਨਾਲ ਭਰੇ ਹੁੰਦੇ ਹਨ। ਅਧਿਆਪਕ ਇਸ ਪ੍ਰੋਗਰਾਮ ਦੀ ਤਿਆਰੀ 16 ਜੂਨ ਤੋਂ ਕੁਝ ਦਿਨ ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੰਦੇ ਹਨ। ਸਿੱਖਿਆ ਮੰਤਰੀ, ਚੁਣੇ ਹੋਏ ਪ੍ਰਤੀਨਿਧ ਆਦਿ ਵੀ ਉਸ ਦਿਨ ਬੱਚਿਆਂ ਦੇ ਸਕੂਲ ਵਿੱਚ ਪਹੁੰਚਣ ਵੇਲੇ ਤਾੜੀਆਂ ਮਾਰ ਕੇ ਸਵਾਗਤ ਕਰ ਰਹੇ ਹੁੰਦੇ ਹਨ।
ਮਨੋਵਿਗਿਆਨਕ ਤੌਰ ’ਤੇ ਦੇਖਿਆ ਜਾਵੇ ਤਾਂ ਬੱਚਿਆਂ ਦਾ ਸਵਾਗਤ ਕਰਨਾ ਬਹੁਤ ਮਹੱਤਤਾ ਰੱਖਦਾ ਹੈ। ਵਿਦਿਆਰਥੀਆਂ ਦੇ ਅਚੇਤ ਮਨਾਂ ’ਤੇ ਅਧਿਆਪਕਾਂ ਅਤੇ ਸਕੂਲ ਬਾਰੇ ਡਰ ਪਿਆ ਹੁੰਦਾ ਹੈ। ਨਵੇਂ ਵਿਦਿਆਰਥੀਆਂ ’ਤੇ ਇਹ ਡਰ ਜਿ਼ਆਦਾ ਭਾਰੂ ਹੁੰਦਾ ਹੈ। ਸਕੂਲਾਂ ਵਿੱਚ ਨਵਾਂ ਅਧਿਆਪਕ ਆਉਣ ’ਤੇ ਵੀ ਵਿਦਿਆਰਥੀਆਂ ਨੂੰ ਉਸ ਦੇ ਸੁਭਾਅ ਬਾਰੇ ਜਾਨਣ ਦੀ ਬਹੁਤ ਇੱਛਾ ਹੁੰਦੀ ਹੈ। ਪਹਿਲੇ ਦਿਨ ਹੀ ਰੋਹਬ ਪਾਉਣ ਵਾਲਾ ਅਧਿਆਪਕ ਬੱਚਿਆਂ ਦੇ ਚਿਹਰੇ ਉਦਾਸ ਕਰ ਦਿੰਦਾ ਹੈ। ਬੱਚੇ ਅਕਸਰ ਉਸ ਵਿਸ਼ੇ ਵਿੱਚ ਵੱਧ ਹੁਸ਼ਿਆਰ ਹੁੰਦੇ ਹਨ ਜਿਸ ਵਿਸ਼ੇ ਨੂੰ ਪੜ੍ਹਾਉਣ ਵਾਲੇ ਅਧਿਆਪਕ ਉਨ੍ਹਾਂ ਨੂੰ ਚੰਗੇ ਲੱਗਦੇ ਹਨ। ਹਰ ਸਾਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਪਹੁੰਚਣ ’ਤੇ ਜਦੋਂ ਅਧਿਆਪਕ, ਪੁਰਾਣੇ ਵਿਦਿਆਰਥੀ, ਮਹਿਮਾਨ ਉਨ੍ਹਾਂ ਦਾ ਫਲਾਂ, ਮਿਠਾਈਆਂ ਆਦਿ ਨਾਲ ਸਵਾਗਤ ਕਰਦੇ ਹਨ ਤਾਂ ਬੱਚਿਆਂ ਦੇ ਮਨਾਂ ਵਿੱਚ ਪਿਆ ਡਰ ਹੀ ਨਹੀਂ ਨਿੱਕਲਦਾ ਸਗੋਂ ਉਨ੍ਹਾਂ ਨੂੰ ਅਧਿਆਪਕਾਂ ਨਾਲ ਅਪਣੱਤ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ। ਬੱਚੇ ਸੋਚਣ ਲੱਗ ਪੈਂਦੇ ਹਨ ਕਿ ਮਾਪਿਆਂ ਤੋਂ ਇਲਾਵਾ ਅਧਿਆਪਕ ਅਤੇ ਸਮਾਜ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਚੰਗਾ ਸਮਝਦਾ ਹੈ। ਸਵਾਗਤ ਹੋਣ ਦੀ ਮਿੱਠੀ ਯਾਦ ਜਿ਼ੰਦਗੀ ਭਰ ਲਈ ਬੱਚਿਆਂ ਦੇ ਦਿਲਾਂ ’ਤੇ ਉੱਕਰੀ ਜਾਂਦੀ ਹੈ।
ਬਹੁਗਿਣਤੀ ਹਾਕਮ, ਲੋਕ ਆਦਿ ਸਿੱਖਿਆ ਸੰਸਥਾਵਾਂ ਦੀਆਂ ਇਮਾਰਤਾਂ ’ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਨ ਨਾਲ ਹੀ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਰਦੇ ਹਨ। ਇਸ ਕੰਮ ਲਈ ਸਿਆਸੀ ਆਗੂ ਨੀਂਹ ਪੱਥਰ ਰੱਖਣ ’ਤੇ ਬੇਤਹਾਸ਼ਾ ਸਰਕਾਰੀ ਰਕਮ ਖਰਚ ਕਰਨਾ ਵੀ ਠੀਕ ਸਮਝਦੇ ਹਨ। ਜੇ ਰਾਬਿੰਦਰ ਨਾਥ ਟੈਗੋਰ ਦੇ ਚਲਾਏ ਸ਼ਾਂਤੀ ਨਿਕੇਤਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਦਰਤ ਦੀ ਗੋਦ ’ਚ ਦਰੱਖਤਾਂ ਥੱਲੇ ਬਿਠਾ ਕੇ ਹੀ ਪੜ੍ਹਾਉਣ ਨੂੰ ਤਰਜੀਹ ਦਿੱਤੀ ਸੀ। ਮੰਨਿਆ ਜਾ ਸਕਦਾ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬੈਠਣ, ਪੜ੍ਹਾਈ ਕਰਨ ਦੀਆਂ ਵਧੀਆ ਸਹੂਲਤਾਂ ਦੇਣ ਵਿੱਚ ਕੋਈ ਹਰਜ ਨਹੀਂ ਪਰ ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਜੇ ਵਧੀਆ ਵਰਤਾਉ ਨਹੀਂ ਤਾਂ ਵੱਡੀਆਂ ਇਮਾਰਤਾਂ ਦੇ ਰੱਖੇ ਨੀਂਹ ਪੱਥਰਾਂ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਣੀ।
ਫੇਸਬੁੱਕ ’ਤੇ ਦੇਖ ਰਿਹਾ ਸੀ ਕਿ ਕਿਸੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਦੀ ਆਪਣੇ ਪੋਤੇ ਦੀ ਮੁਸ਼ਕਿਲ ਦੱਸਣ ਗਈ। ਸਕੂਲ ਅਧਿਆਪਕਾ ਦਾਦੀ ਦੀ ਗੱਲ ਸੁਨਣ ਅਤੇ ਵਿਚਾਰਨ ਦੀ ਥਾਂ ਸਗੋਂ ਉਹਦੇ ਗਲ ਪੈ ਗਈ ਅਤੇ ਸਾਰੀ ਜਮਾਤ ਦੇ ਸਾਹਮਣੇ ਉਸ ਨਾਲ ਬਦਸਲੂਕੀ ਕੀਤੀ। ਅਜਿਹੇ ਸਕੂਲ ਵਿੱਚ ਨਾ ਤਾਂ ਉਹ ਬੱਚਾ ਕੁਝ ਸਿੱਖ ਸਕੇਗਾ ਅਤੇ ਨਾ ਹੀ ਅਜਿਹਾ ਦ੍ਰਿਸ਼ ਦੇਖਣ ਵਾਲੇ ਬੱਚੇ ਵਧੀਆ ਪੜ੍ਹ ਸਕਣਗੇ। ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨਾਲ ਭੈੜਾ ਵਰਤਾਉ ਕਰਨ ਦੀਆਂ ਘਟਨਾਵਾਂ ਨਿੱਤ ਦੇਖਣ-ਸੁਨਣ ਨੂੰ ਮਿਲਦੀਆਂ ਹਨ।
ਪਿਆਰ ਨਾਲ ਗੱਲ ਸੁਨਣ ਵਾਲੇ ਡਾਕਟਰ ਦੀ ਦੱਸੀ ਦਵਾਈ ਦਾ ਮਰੀਜ਼ ’ਤੇ ਜਲਦੀ ਅਤੇ ਵਧੀਆ ਅਸਰ ਹੁੰਦਾ ਹੈ। ਬੱਸ ਭਾਵੇਂ ਨਵੀਂ ਹੋਵੇ ਪਰ ਜੇ ਕੰਡਕਟਰ ਤੇ ਡਰਾਈਵਰ ਦਾ ਸੁਭਾਅ ਵਧੀਆ ਨਾ ਹੋਵੇ ਤਾਂ ਸਵਾਰੀ ਨੂੰ ਸਫ਼ਰ ਦਾ ਆਨੰਦ ਨਹੀਂ ਆਉਂਦਾ। ਇਸੇ ਤਰ੍ਹਾਂ ਜੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਅਤੇ ਚੰਗੇ ਨਾਗਰਿਕ ਬਣਾਉਣਾ ਹੈ ਤਾਂ ਪਹਿਲਾਂ ਉਨ੍ਹਾਂ ਦਾ ਸਤਿਕਾਰ ਕਰਨਾ ਪਵੇਗਾ। ਬੱਚਿਆਂ ਨੂੰ ਪਿਆਰ ਕਰਨ ਲਈ ਕਰੋੜਾਂ ਰੁਪਏ ਖਰਚਣ ਦੀ ਲੋੜ ਨਹੀਂ ਪੈਂਦੀ ਸਗੋਂ ਪਿਆਰ ਨਾਲ ਫੁੱਲ, ਪੈਨਸਿਲਾਂ, ਪੈੱਨ ਆਦਿ ਵਰਗੀਆਂ ਦਿੱਤੀਆਂ ਛੋਟੀਆਂ ਚੀਜ਼ਾਂ ਹੀ ਉਨ੍ਹਾਂ ’ਤੇ ਜਾਦੂਮਈ ਅਸਰ ਕਰਦੀਆਂ ਹਨ। ਸਾਰੀ ਕਲਾਸ ਜਾਂ ਸਾਰੇ ਸਕੂਲ ਦੇ ਬੱਚਿਆਂ ਸਾਹਮਣੇ ਸ਼ਾਬਾਸ਼ ਦੇਣੀ ਉਸ ਨੂੰ ਬੁਲੰਦੀਆਂ ’ਤੇ ਪਹੁੰਚਾ ਸਕਦੀ ਹੈ; ਸਾਰਿਆਂ ਸਾਹਮਣੇ ਦਿੱਤੀ ਨਾਜਾਇਜ਼ ਝਿੜਕ ਉਸ ਨੂੰ ਗ਼ਲਤ ਰਾਹ ’ਤੇ ਪਾ ਸਕਦੀ ਹੈ। ਅਜਿਹਾ ਬੱਚਾ ਵੱਡਾ ਹੋ ਕੇ ਸਮਾਜ ਲਈ ਵੀ ਨੁਕਸਾਨਦੇਹ ਸਿੱਧ ਹੁੰਦਾ ਹੈ।
ਅਧਿਆਪਕਾਂ, ਪ੍ਰਿੰਸੀਪਲਾਂ ਆਦਿ ਨੂੰ ਸਿਖਲਾਈ ਲਈ ਭਾਵੇਂ ਸਿੰਗਾਪੁਰ, ਇੰਗਲੈਂਡ, ਅਮਰੀਕਾ ਆਦਿ ਜਿਹੜੇ ਮਰਜ਼ੀ ਦੇਸ਼ ਵਿੱਚ ਭੇਜ ਦੇਵੋ ਪਰ ਇਸ ਨਾਲੋਂ ਵੱਧ ਜ਼ਰੂਰੀ ਅਧਿਆਪਕਾਂ ਦੇ ਦਿਲਾਂ ’ਚ ਬੱਚਿਆਂ ਲਈ ਹਮਦਰਦੀ ਅਤੇ ਪਿਆਰ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ। ਜੇ ਅਧਿਆਪਕਾਂ ਦੇ ਆਪਣੇ ਧੀ ਪੁੱਤਰ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹਦੇ ਤਾਂ ਕੋਈ ਗੱਲ ਨਹੀਂ ਪਰ ਕਲਾਸ ਵਿਚ ਪੜ੍ਹਾਏ ਜਾ ਰਹੇ ਬੱਚਿਆਂ ਨੂੰ ਆਪਣੇ ਧੀ ਪੁੱਤਰਾਂ ਵਾਂਗ ਪਿਆਰ ਕਰਨ ’ਤੇ ਤਾਂ ਕੋਈ ਮੁੱਲ ਨਹੀਂ ਲੱਗਦਾ। ਪੰਜਾਬ ਦੇ ਸਕੂਲ ਵੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹ ਗਏ ਹਨ। ਸਾਨੂੰ ਵੀ ਉਸ ਦਿਨ ਮਹਾਰਾਸ਼ਟਰ ਵਾਂਗ ਬੱਚਿਆਂ ਦਾ ਸਵਾਗਤ ਕਰਨ ਦੀ ਲੀਹ ਪਾਉਣੀ ਚਾਹੀਦੀ ਹੈ। ਇਸ ਵਡੇਰੇ ਕਾਰਜ ਵਿੱਚ ਅਧਿਆਪਕ, ਸਿੱਖਿਆ ਅਧਿਕਾਰੀ, ਚੁਣੇ ਹੋਏ ਪ੍ਰਤੀਨਿਧ, ਸਮਾਜ ਸੇਵੀ ਸੰਸਥਾਵਾਂ ਆਦਿ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਸਕੂਲਾਂ ਤੱਕ ਅਜਿਹੇ ਸਮਾਗਮ ਰਚਾਉਣ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇਹ ਕਦਮ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਰਾਹ ਨੂੰ ਜਾਵੇਗਾ।
ਸੰਪਰਕ: 98144-84161