DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਖੀ ਜਾਊ...

ਸੁਪਿੰਦਰ ਸਿੰਘ ਰਾਣਾ ਟਰਾਲਾ ਵੱਡਾ ਹੋਣ ਕਾਰਨ ਉਹ ਅੱਗੇ ਨਿਕਲਣ ਤੋਂ ਕਤਰਾ ਰਿਹਾ ਸੀ ਪਰ ਸਕੂਟਰ ਪਿੱਛੇ ਬੈਠਾ ਮਿੱਤਰ ਵਾਰ-ਵਾਰ ਕਹਿ ਰਿਹਾ ਸੀ, “ਕਿਆ ਦੇਖੀ ਜਾਨਾ! ਕੱਢ ਕੇ ਪਰੇ ਮਾਰ।” ਮੈਂ ਕਿਹਾ, “ਆਪਾਂ ਨੂੰ ਕਿਹੜਾ ਕਾਹਲੀ ਏ, ਹੌਲੀ-ਹੌਲੀ ਚਲਦੇ ਆਂ।...
  • fb
  • twitter
  • whatsapp
  • whatsapp
Advertisement

ਸੁਪਿੰਦਰ ਸਿੰਘ ਰਾਣਾ

ਰਾਲਾ ਵੱਡਾ ਹੋਣ ਕਾਰਨ ਉਹ ਅੱਗੇ ਨਿਕਲਣ ਤੋਂ ਕਤਰਾ ਰਿਹਾ ਸੀ ਪਰ ਸਕੂਟਰ ਪਿੱਛੇ ਬੈਠਾ ਮਿੱਤਰ ਵਾਰ-ਵਾਰ ਕਹਿ ਰਿਹਾ ਸੀ, “ਕਿਆ ਦੇਖੀ ਜਾਨਾ! ਕੱਢ ਕੇ ਪਰੇ ਮਾਰ।” ਮੈਂ ਕਿਹਾ, “ਆਪਾਂ ਨੂੰ ਕਿਹੜਾ ਕਾਹਲੀ ਏ, ਹੌਲੀ-ਹੌਲੀ ਚਲਦੇ ਆਂ। ਭੋਗ ਇੱਕ ਵਜੇ ਪੈਣਾ।” ਅਸੀਂ ਆਪਣੇ ਆੜੀ ਦੇ ਪਿਤਾ ਜੀ ਦੇ ਭੋਗ ’ਤੇ ਜਾ ਰਹੇ ਸਾਂ। ਸੜਕ ਘੱਟ ਚੌੜੀ ਹੋਣ ਕਾਰਨ ਜਦੋਂ ਵੀ ਟਰਾਲੇ ਤੋਂ ਸਕੂਟਰ ਅੱਗੇ ਕੱਢਣ ਦੀ ਕੋਸ਼ਿਸ਼ ਕਰਦਾ, ਸਾਹਮਣੇ ਕੋਈ ਵਾਹਨ ਆ ਜਾਂਦਾ। ਸਕੂਟਰ ਦੀ ਰੇਸ ਘਟਾ ਕੇ ਫਿਰ ਟਰਾਲੇ ਪਿੱਛੇ ਕਰ ਲੈਂਦਾ। ਪੰਦਰਾਂ-ਵੀਹ ਮਿੰਟ ਇੰਝ ਹੀ ਚੱਲਦੇ ਰਹੇ। ਟਰਾਲੇ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਸਾਨੂੰ ਗੱਲ ਕਰਨ ਵੇਲੇ ਉੱਚੀ ਬੋਲਣਾ ਪੈ ਰਿਹਾ ਸੀ।

Advertisement

ਇਸ ਵਾਰ ਹਿੰਮਤ ਕਰ ਕੇ ਟਰਾਲੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਅੱਗਿਓਂ ਟਰੱਕ ਆ ਗਿਆ। ਪਿੱਛੇ ਬੈਠਾ ਦੋਸਤ ਬੋਲਿਆ, “ਲਿਆ ਫੜਾ ਮੇਰੇ ਕੋਲ ਸਕੂਟਰ, ਤੈਥੋਂ ਨਹੀਂ ਨਿਕਲਣਾ। ਤੈਨੂੰ ਦਿਖਾਉਨਾ, ਕਿਵੇਂ ਚਲਾਉਂਦੇ ਹੁੰਦੇ ਸਕੂਟਰ।” ਮੈਂ ਆਖਿਆ, “ਕੋਈ ਨਾ ਫਿਕਰ ਨਾ ਕਰ, ਇਸ ਵਾਰ ਕੱਢ ਹੀ ਦੇਣਾ।” ਸੜਕ ’ਤੇ ਥੋੜ੍ਹਾ ਵਿਹਲ ਦਿਸਿਆ ਤਾਂ ਸਕੂਟਰ ਟਰਾਲੇ ਤੋਂ ਅੱਗੇ ਕੱਢਣਾ ਸ਼ੁਰੂ ਕਰ ਦਿੱਤਾ। ਟਰਾਲੇ ਵਾਲਾ ਸਾਨੂੰ ਸ਼ੀਸ਼ੇ ਵਿੱਚੀਂ ਦੇਖ ਰਿਹਾ ਸੀ। ਐਨੇ ਨੂੰ ਅੱਗਿਓਂ ਕਾਰ ਆਉਂਦੀ ਦਿਸੀ। ਪਿੱਛੋਂ ਆਵਾਜ਼ ਆਈ, “ਕੱਢ ਦੇ ਹੁਣ ਦੇਖੀ ਜਾਊ...।” ਮੈਂ ਵੀ ਸਕੂਟਰ ਦੀ ਰੇਸ ਨੱਪ ਦਿੱਤੀ।

ਅਜੇ ਟਰਾਲੇ ਦੇ ਅੱਧ ਤੱਕ ਪਹੁੰਚੇ ਸਾਂ, ਸਕੂਟਰ ਦਾ ਰਿਜ਼ਰਵ ਲੱਗ ਗਿਆ। ਅੱਗਿਓਂ ਕਾਰ ਸਾਡੇ ਕੋਲ ਪਹੁੰਚਣ ਵਾਲੀ ਹੋ ਗਈ। ਮੈਂ ਕਾਰ ਵਾਲੇ ਨੂੰ ਹੱਥ ਮਾਰਿਆ। ਟਰਾਲੇ ਵਾਲਾ ਹੌਲੀ ਕਰਨ ਦਾ ਨਾਮ ਨਹੀਂ ਲੈ ਰਿਹਾ ਸੀ। ਟਰਾਲਾ ਅੱਗੇ ਨਿੱਕਲ ਗਿਆ। ਕਾਰ ਸਾਡੇ ਕੋਲੋਂ ਹਵਾ ਦੇ ਬੁੱਲੇ ਵਾਂਗ ਨਿਕਲੀ। ਪਿੱਛੋਂ ਕੋਈ ਗੱਡੀ ਨਹੀਂ ਆ ਰਹੀ ਸੀ। ਔਖਾ-ਸੌਖਾ ਸਕੂਟਰ ਆਪਣੀ ਸਾਈਡ ਕੀਤਾ। ਸੜਕ ਤੋਂ ਹੇਠਾਂ ਉਤਾਰਿਆ। ਰਿਜ਼ਰਵ ਲਾਇਆ। ਥੋੜ੍ਹਾ ਟੇਢਾ ਕਰ ਕੇ ਸਟਾਰਟ ਕੀਤਾ। ਪਹਿਲੀ ਕਿੱਕ ਹੀ ਸਟਾਰਟ ਹੋ ਗਿਆ। ਇਹ ਤਾਂ ਸਿਰਫ਼ ਚੈੱਕ ਹੀ ਕਰਨਾ ਸੀ ਕਿ ਰਿਜ਼ਰਵ ਹੀ ਲੱਗਿਆ, ਕਿਤੇ ਹੋਰ ਨੁਕਸ ਤਾਂ ਨਹੀਂ ਪੈ ਗਿਆ। ਸਕੂਟਰ ਬੰਦ ਕੀਤਾ। ਦੋਸਤ ਨੂੰ ਆਖਿਆ, “ਅੱਜ ਤੇਰੇ ‘ਦੇਖੂ ਜਾਊ’ ਨੇ ਮਰਵਾ ਦੇਣਾ’ਤਾ।”

ਘਟਨਾ ਨੂੰ ਯਾਦ ਕਰ ਕੇ ਡਰ ਜਿਹਾ ਲੱਗਿਆ। ਪਿਸ਼ਾਬ ਕਰਨ ਮਗਰੋਂ ਸਕੂਟਰ ਮੁੜ ਸਟਾਰਟ ਕੀਤਾ। ਪਹਿਲਾਂ ਨਾਲੋਂ ਵੀ ਹੌਲੀ-ਹੌਲੀ ਤੁਰਨ ਲੱਗੇ। ਹੁਣ ਦੋਸਤ ਤੇਜ਼ ਭਜਾਉਣ ਦੀ ਗੱਲ ਨਹੀਂ ਕਰ ਰਿਹਾ ਸੀ। ਥੋੜ੍ਹੀ ਦੇਰ ਮਗਰੋਂ ਮਿੱਥੇ ਥਾਂ ’ਤੇ ਪਹੁੰਚ ਗਏ। ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦੂਰੋਂ ਹੀ ਦਿਸ ਰਿਹਾ ਸੀ। ਸਕੂਟਰ ਖੜ੍ਹਾਇਆ। ਜੁੱਤੀਆਂ ਖੋਲ੍ਹਣ ਮਗਰੋਂ ਹੱਥ-ਮੂੰਹ ਧੋ ਕੇ ਹਾਲ ਅੰਦਰ ਚਲੇ ਗਏ। ਨਤਮਸਤਕ ਹੋਏ। ਮਗਰੋਂ ਦੋਸਤਾਂ ਨੂੰ ਮਿਲੇ ਤੇ ਮੁੜ ਘਰਾਂ ਨੂੰ ਤੁਰ ਪਏ।... ਰਸਤੇ ’ਚ ਦੋਸਤ ਆਖਣ ਲੱਗਿਆ, “ਅੱਜ ਵਾਕਿਆ ਹੀ ਰੱਬ ਨੇ ਹੱਥ ਕਰ ਕੇ ਬਚਾ ਲਿਆ। ਜੇ ਕਾਰ ਵਾਲਾ ਕੱਚੇ ਨਾ ਲਾਹੁੰਦਾ ਤਾਂ ਆਪਣੀ ਖ਼ੈਰ ਨਹੀਂ ਸੀ।” ਗੱਲਾਂ ਕਰਦੇ ਪਿੰਡ ਪਹੁੰਚ ਗਏ। ਉਹਨੂੰ ਉਤਾਰ ਕੇ ਆਪਣੇ ਘਰ ਪਹੁੰਚ ਗਿਆ। ਦੋ-ਤਿੰਨ ਦਿਨ ਸਕੂਟਰ ਵਾਲੀ ਘਟਨਾ ਯਾਦ ਆਉਂਦੀ ਰਹੀ। ‘ਦੇਖੀ ਜਾਊ’ ਸ਼ਬਦ ਕਈ ਵਾਰ ਚੇਤੇ ਆਏ। ਮਨ ’ਚ ਚੰਗੇ ਮਾੜੇ ਖਿਆਲ ਆਏ। ਫਿਰ ਸ਼ਬਦਾਂ ਵੱਲ ਜ਼ਿਆਦਾ ਧਿਆਨ ਗਿਆ। ‘ਦੇਖੀ ਜਾਊ’ ਕਹਿ ਕੇ ਪਤਾ ਨਹੀਂ ਕਿੰਨੀ ਵਾਰੀ ਜ਼ਿੰਦਗੀ ਦਾਅ ’ਤੇ ਲਾਈ।

ਨਿਆਣੀ ਉਮਰੇ ਜਦੋਂ ਸਕੂਲ ਪੜ੍ਹਦੇ ਸੀ ਤਾਂ ਮੁਹਾਲੀ ਵਿੱਚ ਬਾਸੀ ਸਿਨੇਮਾ ਬਣਿਆ। ਨੇੜੇ ਹੀ ਸਾਡਾ ਸਕੂਲ ਸੀ। ਕਈ ਦੋਸਤ ਘਰੋਂ ਸਕੂਲੇ ਆਉਂਦੇ ਪਰ ਸਿਨੇਮੇ ਜਾ ਵੜਦੇ। ਮਗਰੋਂ ਸਾਡੇ ਨਾਲ ਘਰਾਂ ਨੂੰ ਤੁਰ ਪੈਂਦੇ। ਉਨ੍ਹਾਂ ਦੀਆਂ ਸੁਣਾਈਆਂ ਫਿਲਮਾਂ ਦੀਆਂ ਕਹਾਣੀਆਂ ਕਰ ਕੇ ਸਾਡਾ ਮਨ ਵੀ ਫਿਲਮ ਦੇਖਣ ਨੂੰ ਕਰਦਾ। ਪਿਤਾ ਜੀ ਤੋਂ ਡਰਦੇ ਮਾਰੇ ਚੁੱਪ ਕਰ ਕੇ ਸਕੂਲ ਚਲੇ ਜਾਂਦੇ। ਸਾਡੇ ਬਾਰੇ ਉਹ ਆਖਦੇ, “ਇਹ ਤਾਂ ਮਾਪਿਆਂ ਤੋਂ ਡਰਦੇ। ਇਨ੍ਹਾਂ ਵਿੱਚ ਹਿੰਮਤ ਕਿੱਥੇ!” ਇੱਕ ਦਿਨ ਅਸੀਂ ਵੀ ‘ਚੱਲ ਦੇਖੀ ਜਾਊ’ ਕਹਿ ਕੇ ਦੂਜੇ ਮਿੱਤਰਾਂ ਨਾਲ ਸਕੂਲ ਵਾਲੇ ਝੋਲੇ ਲੈ ਕੇ ਸਿਨੇਮੇ ਪਹੁੰਚ ਗਏ। ਟਿਕਟ ਲੈ ਕੇ ਫਿਲਮ ਦੇਖੀ। ਦੁਪਹਿਰੇ ਛੁੱਟੀ ਵੇਲੇ ਘਰ ਜਾਂਦੇ ਡਰੀਏ। ਮਨ ਵਿੱਚ ਆਵੇ, ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਕੁੱਟ ਨਾਲ ਬੁਰਾ ਹਾਲ ਹੋ ਜਾਣਾ ਪਰ ਘਰਦਿਆਂ ਨੂੰ ਪਤਾ ਹੀ ਨਾ ਲੱਗਿਆ।

ਹੌਲੀ-ਹੌਲੀ ਇਹ ਆਦਤ ਵਧਦੀ ਗਈ। ਫਿਰ ਚੰਗੀ ਸੰਗਤ ਨਾਲ ਫਿਲਮਾਂ ਦੇਖਣੀਆਂ ਬੰਦ ਹੋਈਆਂ। ਦਸਵੀਂ ਦਾ ਨਤੀਜਾ ਆਇਆ ਤਾਂ ਮੈਂ ਸਕੂਲ ਵਿੱਚੋਂ ਦੂਜੇ ਨੰਬਰ ’ਤੇ ਆਇਆ। ਫਿਰ ਐੱਮਏ ਕਰਨ ਮਗਰੋਂ ਨੌਕਰੀ ਦੀ ਭਾਲ ਸ਼ੁਰੂ ਹੋ ਗਈ। ਬੜੀਆਂ ਅਸਾਮੀਆਂ ਲਈ ਫਾਰਮ ਭਰੇ। ਟੈਸਟ ਦਿੱਤੇ, ਕਿਤੇ ਗੱਲ ਨਾ ਬਣੀ। ਇੱਕ ਦਿਨ ਅਖ਼ਬਾਰ ’ਚ ਇੱਕ ਅਸਾਮੀ ਲਈ ਇਸ਼ਤਿਹਾਰ ਆਇਆ। ਕਈ ਵਾਰ ਮਨ ਬਣਿਆ, ਭਰ ਦੇਵਾਂ। ਫਿਰ ਸੋਚਾਂ ਕਿ ਐਨੇ ਫਾਰਮ ਭਰ-ਭਰ ਕੇ ਤਾਂ ਨੰਬਰ ਆਇਆ ਨਹੀਂ, ਹੁਣ ਕਿੱਥੇ ਆਉਣਾ? ਫਿਰ ਪਤਾ ਨਹੀਂ ‘ਦੇਖੂ ਜਾਊ’ ਕਹਿ ਕੇ ਕਦੋਂ ਫਾਰਮ ਭਰ ਦਿੱਤਾ! ਟੈਸਟ ਦਿੱਤਾ। ਪਾਸ ਹੋ ਗਿਆ। ਨੌਕਰੀ ਵੀ ਮਿਲ ਗਈ। ਸੋਚਦਾਂ, ਜੇ ‘ਦੇਖੂ ਜਾਊ’ ਕਹਿ ਕੇ ਫਾਰਮ ਨਾ ਭਰਦਾ ਤਾਂ ਸ਼ਾਇਦ ਨੌਕਰੀ ਨਾ ਮਿਲਦੀ।

ਫਿਰ ਵਿਆਹ ਵੇਲੇ ਨਾਰਾਜ਼ ਹੋਏ ਰਿਸ਼ਤੇਦਾਰਾਂ ਨੂੰ ਜਦੋਂ ‘ਦੇਖੀ ਜਾਊ’ ਸੋਚ ਕੇ ਕਾਰਡ ਦਿੱਤੇ ਤੇ ਆਦਰ ਸਤਿਕਾਰ ਸਹਿਤ ਬੁਲਾਇਆ ਤਾਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ। ਕਿਤਾਬਾਂ, ਅਖ਼ਬਾਰ, ਰਸਾਲੇ ਪੜ੍ਹਦਿਆਂ ਕੁਝ ਲਿਖਣ ਦਾ ਮਨ ਬਣਿਆ। ਕਈ ਦਿਨਾਂ ਦੀ ਮਿਹਨਤ ਮਗਰੋਂ ਰਚਨਾ ਲਿਖੀ। ਫਿਰ ਸੋਚਾਂ... ਅਖ਼ਬਾਰ ਨੂੰ ਭੇਜਾਂ ਜਾਂ ਨਾ? ਸਾਡੇ ਵਰਗੇ ਕੱਚ ਘਰੜ ਦੀ ਰਚਨਾ ਕਿਹੜਾ ਅਖ਼ਬਾਰ ਛਾਪੂ? ਫਿਰ ਮੂੰਹੋਂ ਨਿੱਕਲਿਆ- ‘ਦੇਖੀ ਜਾਊ...।’ ਅਖ਼ਬਾਰ ਵਿੱਚ ਰਚਨਾ ਛਪੀ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸੋ, ‘ਦੇਖੀ ਜਾਊ’ ਨੇ ਜਿੱਥੇ ਮੁਸੀਬਤਾਂ ’ਚ ਪਾਇਆ, ਉੱਥੇ ਖੁਸ਼ੀਆਂ ਵੀ ਦਿੱਤੀਆਂ। ਹੁਣ ਜਦੋਂ ਕਿਸੇ ਦੋਂ ਮੂੰਹੋਂ ਇਹ ਸ਼ਬਦ ਸੁਣੀਂਦਾ ਹੈ, ਜ਼ਿੰਦਗੀ ਦੇ ਦੋਵੇਂ ਰੰਗ ਉੱਘੜ ਆਉਂਦੇ ਨੇ।

ਸੰਪਰਕ: 98152-33232

Advertisement