DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਲਾਂ ਉਗਾਈਏ, ਆਪਣੀ ਅਤੇ ਧਰਤੀ ਦੀ ਸਿਹਤ ਬਣਾਈਏ

ਡਾ. ਰਣਜੀਤ ਸਿੰਘ ਆਪਣੇ ਲਈ ਦਾਲਾਂ ਆਪ ਉਗਾਈਏ ਤੇ ਸ਼ੁੱਧ ਦਾਲਾਂ ਖਾਈਏ। ਮਾਂਹ ਅਤੇ ਮੂੰਗੀ ਪੰਜਾਬੀਆਂ ਦੀਆਂ ਸਭ ਤੋਂ ਮਨਪਸੰਦ ਅਤੇ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਾਲਾਂ ਹਨ। ਇਹ ਫ਼ਸਲਾਂ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿੱਚ ਸਹਾਇਤਾ ਕਰਦੀਆਂ...
  • fb
  • twitter
  • whatsapp
  • whatsapp
Advertisement

ਡਾ. ਰਣਜੀਤ ਸਿੰਘ

ਆਪਣੇ ਲਈ ਦਾਲਾਂ ਆਪ ਉਗਾਈਏ ਤੇ ਸ਼ੁੱਧ ਦਾਲਾਂ ਖਾਈਏ। ਮਾਂਹ ਅਤੇ ਮੂੰਗੀ ਪੰਜਾਬੀਆਂ ਦੀਆਂ ਸਭ ਤੋਂ ਮਨਪਸੰਦ ਅਤੇ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਾਲਾਂ ਹਨ। ਇਹ ਫ਼ਸਲਾਂ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ। ਪੰਜਾਬੀਆਂ ਦਾ ਕੋਈ ਵੀ ਸਮਾਗਮ ਮਾਂਹ ਦੀ ਦਾਲ ਬਿਨਾਂ ਪੂਰਾ ਨਹੀਂ ਹੁੰਦਾ। ਮਾਂਹ ਦੀ ਦਾਲ ਬਣਾਉਣਾ ਸ਼ਗਨ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਮਾਂਹ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਹੁੰਦੇ ਹਨ। ਪੰਜਾਬੀਆਂ ਦੀ ਬਹੁਗਿਣਤੀ ਸ਼ਾਕਾਹਾਰੀ ਹੈ। ਉਨ੍ਹਾਂ ਨੂੰ ਮਾਂਹ ਦੀ ਦਾਲ ਤੋਂ ਲੋੜੀਂਦੇ ਖੁਰਾਕੀ ਤੱਤ ਮਿਲਦੇ ਹਨ।

Advertisement

ਮਾਂਹ ਤੋਂ ਪਿੱਛੋਂ ਮੂੰਗੀ ਦੀ ਪੰਜਾਬੀ ਘਰਾਂ ਵਿੱਚ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਇਹ ਛੇਤੀ ਹਜ਼ਮ ਹੋਣ ਵਾਲੀ ਦਾਲ ਹੈ। ਇਸੇ ਕਰ ਕੇ ਬਿਮਾਰ ਤੇ ਕਮਜ਼ੋਰ ਬੰਦਿਆਂ ਨੂੰ ਮੂੰਗੀ ਦੀ ਦਾਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਂਹ ਤੇ ਮੂੰਗੀ ਦੀਆਂ ਬੜੀਆਂ ਵੀ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀ ਬੜੀ ਸੁਆਦ ਸਬਜ਼ੀ ਬਣਦੀ ਹੈ। ਮਾਂਹ ਦੇ ਭੱਲੇ ਤਾਂ ਸਾਰੇ ਖੁਸ਼ ਹੋ ਕੇ ਖਾਂਦੇ ਹਨ। ਮੂੰਗੀ ਦੀ ਵਰਤੋਂ ਪਿੰਨੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਕੋਈ ਵੀ ਅਜਿਹਾ ਪੰਜਾਬੀ ਘਰ ਨਹੀਂ ਹੈ ਜਿਥੇ ਮਾਂਹ ਤੇ ਮੂੰਗੀ ਦੀ ਵਰਤੋਂ ਨਾ ਕੀਤੀ ਜਾਵੇ। ਜਿਥੇ ਇਹ ਫ਼ਸਲਾਂ ਧਰਤੀ ਦੀ ਸਿਹਤ ਨੂੰ ਠੀਕ ਰੱਖਦੀਆਂ ਹਨ, ਉੱਥੇ ਨਦੀਨਾਂ ਉਤੇ ਵੀ ਕਾਬੂ ਪਾਉਣ ਵਿੱਚ ਸਹਾਇਤਾ ਕਰਦੀਆਂ ਹਨ। ਕਿਸਾਨਾਂ ਨੂੰ ਕੁਝ ਰਕਬੇ ਵਿੱਚ ਹਰੇਕ ਵਰ੍ਹੇ ਬਦਲ-ਬਦਲ ਕੇ ਇਨ੍ਹਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਜੋ ਧਰਤੀ ਦੀ ਸਿਹਤ ਠੀਕ ਰਹੇ ਅਤੇ ਨਦੀਨਾਂ ਉਤੇ ਕਾਬੂ ਪਾਇਆ ਜਾ ਸਕੇ। ਇੰਝ ਅਸੀਂ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਘਟਾ ਸਕਦੇ ਹਾਂ, ਕਿਉਂਕਿ ਇਨ੍ਹਾਂ ਦੀ ਵਰਤੋਂ ਘਟਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਮਾਂਹ ਤਾਂ ਘਾਹ ਵਰਗੇ ਨਦੀਨ ਉਤੇ ਵੀ ਕਾਬੂ ਪਾ ਲੈਂਦੇ ਹਨ। ਪ੍ਰਸਿਧ ਅਖਾਣ ਹੈ:

ਜੱਟ ਕੀ ਜਾਣੇ ਰਾਹ ਨੂੰ,

ਮਾਂਹ ਕੀ ਜਾਣੇ ਘਾਹ ਨੂੰ।

ਕੁਝ ਸਾਲ ਪਹਿਲਾਂ ਤੱਕ ਸਾਰੇ ਪੰਜਾਬੀ ਕਿਸਾਨ ਮਾਂਹ ਤੇ ਮੂੰਗੀ ਦੀ ਕਾਸ਼ਤ ਘਰ ਦੀ ਲੋੜ ਪੂਰੀ ਕਰਨ ਲਈ ਕਰਦੇ ਸਨ। ਘਰ ਦੇ ਮਾਂਹ ਤੇ ਮੂੰਗੀ ਦੀ ਦਾਲ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਸਿੰਜਾਈ ਸਹੂਲਤਾਂ ਨਾਲ ਝੋਨੇ ਹੇਠ ਰਕਬੇ ਵਿੱਚ ਵਾਧੇ ਕਾਰਨ ਕਿਸਾਨਾਂ ਨੇ ਇਨ੍ਹਾਂ ਦਾਲਾਂ ਦੀ ਕਾਸ਼ਤ ਕਰਨੀ ਲਗਭਗ ਬੰਦ ਹੀ ਕਰ ਦਿੱਤੀ ਹੈ। ਇਹ ਮੰਨਿਆ ਜਾਂਦਾ ਹੈ ਕਿ ਵੱਧ ਮੀਂਹ ਪੈਣ ਨਾਲ ਫ਼ਸਲ ਖਰਾਬ ਹੋ ਜਾਂਦੀ ਹੈ ਪਰ ਜੇਕਰ ਫਸਲ ਖਰਾਬ ਹੋ ਜਾਵੇ ਤਾਂ ਖੇਤ ਵਿੱਚ ਵਾਹ ਦਿਓ, ਇਹ ਵਧੀਆ ਹਰੀ ਖਾਦ ਹੈ। ਇਨ੍ਹਾਂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਇਸ ਕਰ ਕੇ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਬਿਜਾਈ ਜ਼ਰੂਰ ਕਰੋ।

ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਅਤੇ ਮਾਂਹ ਦੀ ਬਿਜਾਈ ਸ਼ੁਰੂ ਵਿੱਚ ਕੀਤੀ ਜਾ ਸਕਦੀ ਹੈ। ਜੇ ਕੋਈ ਖੇਤ ਵਿਹਲਾ ਹੈ ਤਾਂ ਇਨ੍ਹਾਂ ਦਾਲਾਂ ਦੀ ਬਿਜਾਈ ਜ਼ਰੂਰ ਕਰੋ। ਇਨ੍ਹਾਂ ਨੂੰ ਰਸਾਇਣਾਂ ਦੀ ਲੋੜ ਨਹੀਂ ਪੈਂਦੀ ਸਗੋਂ ਇਸ ਨਾਲ ਰਸਾਇਣਾਂ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕਦਾ ਹੈ। ਬਾਜ਼ਾਰ ਵਿੱਚ ਮਿਲਣ ਵਾਲੀਆਂ ਦਾਲਾਂ ਉੱਤੇ ਕਈ ਵਾਰ ਰਸਾਇਣਾਂ ਦੀ ਵੀ ਵਰਤੋਂ ਕੀਤੀ ਹੁੰਦੀ ਹੈ। ਜਦੋਂ ਇਹ ਫ਼ਸਲ ਤਿਆਰ ਹੁੰਦੀ ਹੈ, ਉਦੋਂ ਤੱਕ ਬਰਸਾਤ ਘਟ ਜਾਂਦੀ ਹੈ। ਇਸ ਮੌਸਮ ਵਿੱਚ ਕਾਸ਼ਤ ਲਈ ਐੱਮਐੱਲ-1808, ਐੱਮਐੱਲ-2056 ਤੇ ਐੱਮਐੱਲ-818 ਮੂੰਗੀ ਦੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਕਿਸਮਾਂ 71 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਜੇ ਚੰਗੀ ਫ਼ਸਲ ਹੋਵੇ ਤਾਂ ਚਾਰ ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾ 8 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਤੋਂ ਕੋਈ ਚਾਰ ਹਫ਼ਤਿਆਂ ਪਿਛੋਂ ਪਹਿਲੀ ਗੋਡੀ ਕਰ ਦੇਣੀ ਚਾਹੀਦੀ ਹੈ। ਮੂੰਗੀ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਵੀ ਲਗਾਉਣਾ ਚਾਹੀਦਾ ਹੈ।

ਇਸ ਮੌਸਮ ਵਿੱਚ ਕਾਸ਼ਤ ਲਈ ਮਾਂਹ ਦੀਆਂ ਮਾਂਹ-883 ਅਤੇ ਮਾਂਹ-114 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਕਿਸਮਾਂ ਤਿਆਰ ਹੋਣ ਵਿੱਚ ਢਾਈ ਮਹੀਨੇ ਲੈਂਦੀਆਂ ਹਨ। ਮਾਂਹ ਵਿੱਚ ਕੋਈ 24 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ। ਇਕ ਏਕੜ ਲਈ 8 ਕਿਲੋ ਬੀਜ ਦੀ ਸਿਫਾਰਸ਼ ਕੀਤੀ ਗਈ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿਚਕਾਰ 30 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬੀਜ ਸਿਹਤਮੰਦ ਤੇ ਮੋਟਾ ਹੋਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ 3.6 ਮਿਲੀਮੀਟਰ ਮੋਟੀ ਛਾਨਣੀ ਨਾਲ ਛਾਣ ਲਿਆ ਜਾਵੇ। ਬਰੀਕ ਦਾਣੇ ਅੱਡ ਹੋ ਜਾਣਗੇ। ਬਿਜਾਈ ਤੋਂ ਇਕ ਮਹੀਨਾ ਪਿੱਛੋਂ ਗੋਡੀ ਕਰੋ। ਇਕ ਏਕੜ ਵਿੱਚੋਂ ਚਾਰ ਕੁਇੰਟਲ ਤਕ ਝਾੜ ਪ੍ਰਾਪਤ ਹੋ ਸਕਦਾ ਹੈ।

ਮਾਂਹ ਦੀ ਚੰਗੀ ਫਸਲ ਲਈ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਫ਼ਸਲਾਂ ਦੀ ਕਟਾਈ ਉਦੋਂ ਕਰੋ ਜਦੋਂ ਬਹੁਤ ਸਾਰੀਆਂ ਫ਼ਲੀਆਂ ਪੱਕ ਜਾਣ। ਫ਼ਸਲ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਉੱਤੇ ਕਈ ਕੀੜਿਆਂ ਦਾ ਹਮਲਾ ਵੀ ਹੋ ਸਕਦਾ ਹੈ। ਥਰਿੱਪ, ਫਲੀ ਛੇਦਕ ਸੁੰਡੀ ਅਤੇ ਤੰਬਾਕੂ ਸੁੰਡੀ ਮੁੱਖ ਕੀੜੇ ਹਨ। ਖੇਤ ਦੇ ਲਾਗੇ ਨਦੀਨ ਨਹੀਂ ਹੋਣੇ ਚਾਹੀਦੇ। ਜਦੋਂ ਵੀ ਕਿਸੇ ਬੂਟੇ ਉਤੇ ਇਹ ਹਮਲਾ ਦੇਖੋ ਤਾਂ ਹਮਲੇ ਵਾਲਾ ਪੱਤਾ ਤੋੜ ਦੇਵੋ। ਜੇ ਹਮਲਾ ਵੱਧ ਹੋਵੇ ਤਾਂ ਫਿਰ ਜ਼ਹਿਰਾਂ ਦਾ ਸਹਾਰਾ ਲਿਆ ਜਾਵੇ। ਕੇਵਲ ਸਿਫਾਰਸ਼ ਕੀਤੀ ਜ਼ਹਿਰ ਦੀ ਦੱਸੀ ਮਾਤਰਾ ਅਨੁਸਾਰ ਹੀ ਵਰਤੋਂ ਕੀਤੀ ਜਾਵੇ। ਫ਼ਸਲ ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਜਰੂਰ ਲਗਾਓ।

ਮਾਂਹ ਵਿੱਚ ਮੱਕੀ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਹਰੇਕ ਪੰਜਵੀਂ ਲਾਈਨ ਮੱਕੀ ਦੀ ਬੀਜੋ। ਫ਼ਸਲ ਦੀ ਵਾਢੀ ਉਦੋਂ ਕਰੋਂ ਜਦੋਂ ਫ਼ਲੀਆਂ ਸਲੇਟੀ ਜਾਂ ਕਾਲੀਆਂ ਹੋ ਜਾਣ। ਦਾਲਾਂ ਨੂੰ ਪਾਣੀ ਦੀ ਬਹੁਤ ਘਟ ਲੋੜ ਪੈਂਦੀ ਹੈ। ਇੰਝ ਪਾਣੀ ਦੀ ਵੀ ਬੱਚਤ ਹੋ ਜਾਂਦੀ ਹੈ।

ਸੰਪਰਕ: 94170-87328

Advertisement
×