ਅੱਖਾਂ ਦਾਨ ਕਰ ਕੇ ਚਾਨਣ ਵੰਡਣ ਦਾ ਪੁੰਨ ਕਮਾਈਏ
ਰੋਜ਼ ਵਾਂਗ ਡਿਊਟੀ ਦੌਰਾਨ ਵਾਰਡ ਵਿੱਚ ਮਰੀਜ਼ ਨੂੰ ਦਵਾਈ ਸਮਝਾ ਰਹੀ ਸੀ ਤਾਂ ਨਿਗ੍ਹਾ ਨਾਲ ਵਾਲੇ ਬੈੱਡ ’ਤੇ ਪਏ ਛੋਟੇ ਜਿਹੇ ਬੱਚੇ ਉਪਰ ਪਈ। ਉਹਦੀ ਅੱਖ ਦੀ ਪੁਤਲੀ ਬਿਲਕੁਲ ਧੁੰਦਲੀ ਹੋ ਚੁੱਕੀ ਸੀ ਜੋ ਕੌਰਨੀਅਲ ਬਲਾਈਂਡਨੈੱਸ ਤੋਂ ਪੀੜਤ ਸੀ। ਕੋਲ ਬੈਠੇ ਮਾਪਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਜਨਮ ਵੇਲੇ ਤੋਂ ਹੀ ਹੈ ਤੇ ਡਾਕਟਰ ਨੇ ਇਲਾਜ ਲਈ ਇਸ ਹਸਪਤਾਲ ਭੇਜਿਆ ਹੈ। ਕੁਝ ਦਿਨਾਂ ਬਾਅਦ ਬੱਚੇ ਦਾ ਕੌਰਨੀਆ ਟਰਾਂਸਪਲਾਂਟ ਹੋ ਗਿਆ। ਬੱਚਾ ਹੁਣ ਬਿਮਾਰੀ ਤੋਂ ਛੁਟਕਾਰਾ ਪਾ ਚੁੱਕਾ ਸੀ। ਬੱਚੇ ਦੀ ਖੁਸ਼ੀ ਅਤੇ ਮਾਪਿਆਂ ਦੇ ਸਕੂਨ ਵਾਲੇ ਚਿਹਰਿਆਂ ਨੇ ਵਾਰਡ ਦਾ ਮਾਹੌਲ ਖ਼ੁਸ਼ਗਵਾਰ ਬਣਾ ਦਿੱਤਾ ਸੀ। ਉਸ ਦਿਨ ਹੋਰ ਵੀ ਤੀਬਰ ਅਹਿਸਾਸ ਹੋਇਆ ਕਿ ਅੱਖਾਂ ਦਾਨ ਕਰਨ ਨਾਲ ਕਿਸੇ ਦੀ ਦੁਨੀਆ ਨੂੰ ਏਨਾ ਵੀ ਰੁਸ਼ਨਾਇਆ ਜਾ ਸਕਦਾ ਹੈ।
ਇਸ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਕਰਨ ਦਾ ਕੌਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਸਿਲਸਿਲਾ 1985 ਵਿੱਚ ‘ਰੌਸ਼ਨੀ ਦੇ ਤੋਹਫੇ’ ਵਜੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਬਾਰੇ ਪ੍ਰੇਰਨ ਨਾਲ ਆਰੰਭ ਹੋਇਆ ਸੀ। ਮੈਂ ਅਜਿਹੇ ਹੋਰ ਮਰੀਜ਼ਾਂ ਦਾ ਪਤਾ ਲਾਉਣਾ ਸ਼ੁਰੂ ਕੀਤਾ ਜੋ ਅੱਖਾਂ ਦੀ ਕੌਰਨੀਅਲ ਬਲਾਈਂਡਨੈੱਸ (ਪੁਤਲੀ ਦਾ ਧੁੰਦਲੀ ਹੋਣਾ) ਕਾਰਨ ਰੰਗ-ਬਰੰਗੀ ਦੁਨੀਆ ਦੇਖਣ ਨੂੰ ਤਰਸ ਰਹੇ ਹਨ। ਮੈਂ ਚੰਡੀਗੜ੍ਹ ਦੇ ਵੱਡੇ ਸਰਕਾਰੀ ਹਸਪਤਾਲ ਵਿੱਚ ਨਰਸਿੰਗ ਅਫਸਰ ਹਾਂ ਜਿੱਥੇ ਬਹੁਤ ਸਾਰੇ ਮਰੀਜ਼ ਘੱਟ ਪੜ੍ਹੇ-ਲਿਖੇ ਜਾਂ ਵਡੇਰੀ ਉਮਰ ਦੇ ਹੁੰਦੇ ਹਨ। ਮੈਂ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਅਤੇ ਅੱਖਾਂ ਦਾਨ ਕਰਨ ਦਾ ਪੁੰਨ ਸਮਝਾਇਆ ਕਿ ਕਿਵੇਂ ਅਸੀਂ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਵੀ ਹੋਰ ਲੋਕਾਂ ਦੀ ਜ਼ਿੰਦਗੀ ਰੁਸ਼ਨਾ ਸਕਦੇ ਹਾਂ; ਦੱਸਿਆ ਕਿ ਤੁਸੀਂ ਭਾਵੇਂ ਮੌਤ ਹੋ ਜਾਣ ’ਤੇ ਸਦਾ ਦੀ ਨੀਂਦ ਸੌਂ ਜਾਂਦੇ ਹੋ ਪਰ ਤੁਹਾਡੀਆਂ ਅੱਖਾਂ ਦੀ ਜੋਤ, ਮਰਨ ਤੋਂ ਕੁਝ ਘੰਟਿਆਂ ਬਾਅਦ ਵੀ ਜਗਦੀ ਰਹਿੰਦੀ ਹੈ। ਤੁਹਾਡੇ ਦੋ ਨੈਣ, ਦੋ ਇਨਸਾਨਾਂ ਦੀ ਜ਼ਿੰਦਗੀ ਜਗਮਗਾ ਸਕਦੇ ਹਨ। ਜਿਵੇਂ ਖੂਨਦਾਨ ਨਾਲ ਥੈਲੇਸੀਮੀਆ ਮਰੀਜ਼ ਜਾਂ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਬੰਦੇ ਦੀ ਜਾਨ ਬਚਾਈ ਜਾ ਸਕਦੀ ਹੈ, ਉਸੇ ਤਰ੍ਹਾਂ ਅੱਖਾਂ ਦਾ ਦਾਨ ਦੁਨੀਆ ਦੇਖਣ ਨੂੰ ਤਰਸ ਰਹੇ ਇਨਸਾਨ ਨੂੰ ਨਵਾਂ ਜੀਵਨ ਦੇ ਸਕਦਾ ਹੈ। ਹਸਪਤਾਲ ’ਚ ਹਾਜ਼ਰ ਮਰੀਜ਼ਾਂ ਨੇ ਭਾਸ਼ਣ ’ਚ ਬਹੁਤ ਦਿਲਚਸਪੀ ਦਿਖਾਈ; ਜਗਿਆਸਾ ਹੋਰ ਵਧਣ ਲੱਗੀ। ਮੈਂ ਉਨ੍ਹਾਂ ਨੂੰ ਹਸਪਤਾਲ ਵਿੱਚ ਅੱਖਾਂ ਦਾਨ ਕਰਨ ਲਈ ਬਣੀ ਬੈਂਕ (ਆਈ ਡੋਨੇਸ਼ਨ ਬੈਂਕ) ਬਾਰੇ ਜਾਣੂ ਕਰਵਾਇਆ। ਬਹੁਤੇ ਮਰੀਜ਼ਾਂ ਨੇ ਇਸ ਬੈਂਕ ਬਾਰੇ ਪਹਿਲੀ ਵਾਰ ਸੁਣਿਆ ਸੀ।
ਪੰਦਰਵਾੜਾ ਕਿਉਂ ਮਨਾਇਆ ਜਾਂਦਾ ਹੈ: ਅੱਖਾਂ ਗਈਆਂ, ਜਹਾਨ ਗਿਆ। ਵਿਸ਼ਵ ਭਰ ਵਿੱਚ ਵੱਖ-ਵੱਖ ਕਾਰਨਾਂ ਕਰ ਕੇ 3.50 ਕਰੋੜ ਲੋਕ ਅੱਖਾਂ ਦੀ ਜੋਤ ਤੋਂ ਵਿਹੂਣੇ ਹਨ ਜਿਨ੍ਹਾਂ ਲਈ ਰੁੱਤਾਂ ਦੇ ਬਦਲਦੇ ਰੰਗ ਕੋਈ ਮਾਇਨੇ ਨਹੀਂ ਰੱਖਦੇ। ਇਨ੍ਹਾਂ ਵਿੱਚੋਂ 30 ਲੱਖ ਲੋਕ ਕੌਰਨੀਅਲ ਬਲਾਈਂਡਨੈੱਸ (ਅੱਖ ਦੀ ਪੁਤਲੀ ਖਰਾਬ) ਹੋਣ ਕਾਰਨ ਨੇਤਰਹੀਣ ਹਨ ਅਤੇ ਜੇ ਇਨ੍ਹਾਂ ਨੂੰ ਦਾਨ ਕੀਤੀਆਂ ਅੱਖਾਂ ਮਿਲ ਜਾਣ ਤਾਂ ਉਹ ਕੁਦਰਤ ਦੇ ਰੰਗਾਂ ਦੇ ਦੀਦਾਰ ਕਰ ਸਕਦੇ ਹਨ। ਇਕੱਲੇ ਭਾਰਤ ਵਿੱਚ 10 ਲੱਖ ਲੋਕ ਇਸ ਤੋਂ ਪੀੜਤ ਹਨ ਅਤੇ ਹਰ ਸਾਲ 20,000 ਨਵੇਂ ਮਰੀਜ਼ ਇਸ ਸੂਚੀ ਵਿੱਚ ਸ਼ਾਮਲ ਹੋ ਜਾਂਦੇ ਹਨ।
ਇਨ੍ਹਾਂ 30 ਲੱਖ ਲੋਕਾਂ ਵਿੱਚ 60 ਫ਼ੀਸਦ 12 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਜਿਨ੍ਹਾਂ ਨੂੰ ਬਚਪਨ ਵਿੱਚ ਖ਼ੂਬਸੂਰਤ ਖਿਡੌਣੇ ਦੇਖਣੇ ਵੀ ਨਸੀਬ ਨਾ ਹੋਏ। ਬਹੁਤੇ ਪਰਿਵਾਰ ਗਰੀਬ ਅਤੇ ਘੱਟ ਪੜ੍ਹੇ-ਲਿਖੇ ਹੁੰਦੇ ਹਨ ਜੋ ਰੱਬ ਦਾ ਭਾਣਾ ਮੰਨ ਕੇ ਜੀਵਨ ਬਿਤਾਉਂਦੇ ਹਨ। ਜੇ ਅਸੀਂ ਅੱਖਾਂ ਦਾਨ ਕਰੀਏ ਤਾਂ ਇਨ੍ਹਾਂ ਬੱਚਿਆਂ ਦੀ ਨਜ਼ਰ ਵਾਪਸ ਆ ਸਕਦੀ ਹੈ। ਜਾਗਰੂਕਤਾ ਦੀ ਘਾਟ ਕਾਰਨ, ਖਾਸ ਕਰ ਕੇ ਸਾਡੇ ਦੇਸ਼ ਵਿੱਚ, ਲੋਕ ਅੱਖਾਂ ਦਾਨ ਕਰਨ ਤੋਂ ਹਿਚਕਚਾਉਂਦੇ ਹਨ। ਅਮਰੀਕਾ ਦੀ ਆਬਾਦੀ 32 ਕਰੋੜ ਹੈ ਅਤੇ ਹਰ ਸਾਲ ਡੇਢ ਲੱਖ ਲੋਕ ਅੱਖਾਂ ਦਾਨ ਕਰਦੇ ਹਨ। ਦੂਜੇ ਪਾਸੇ ਭਾਰਤ ਦੀ ਆਬਾਦੀ 142 ਕਰੋੜ ਹੈ ਪਰ ਹਰ ਸਾਲ ਸਿਰਫ 25000 ਲੋਕ ਅੱਖਾਂ ਦਾਨ ਕਰਦੇ ਹਨ। ਅੱਖਾਂ ਦਾਨ ਕਰਨ ਵਾਲਿਆਂ ਵਿੱਚ ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੁਜਰਾਤ ਵਰਗੇ ਸੂਬੇ ਮੋਹਰੀ ਹਨ। ਦਿੱਲੀ ਵਿੱਚ ਹਰ ਸਾਲ ਸਿਰਫ 3000 ਲੋਕ ਹੀ ਅੱਖਾਂ ਦਾਨ ਕਰਦੇ ਹਨ; ਚੰਡੀਗੜ੍ਹ ਵਿੱਚ ਇਹ ਗਿਣਤੀ 600 ਦੇ ਕਰੀਬ ਹੈ। ਕਰੋਨਾ ਮਹਾਮਾਰੀ ਨੇ ਇਸ ਮੁਹਿੰਮ ਨੂੰ ਵੱਡਾ ਧੱਕਾ ਲਾਇਆ ਸੀ ਜਿਸ ਨਾਲ ਪੀੜਤ ਲੋਕਾਂ ਦੀ ਸੂਚੀ ਹੋਰ ਲੰਮੀ ਹੋ ਗਈ।
ਕੌਰਨੀਅਲ ਬਲਾਈਂਡਨੈੱਸ ਕੀ ਹੁੰਦਾ ਹੈ: ਜਿਵੇਂ ਘੜੀ ਦਾ ਸ਼ੀਸ਼ਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਕੌਰਨੀਆ ਸ਼ੀਸ਼ੇ ਵਾਂਗ ਟਿਸ਼ੂ ਹੁੰਦਾ ਹੈ ਜੋ ਅੱਖ ਦੇ ਸਾਹਮਣੇ ਵਾਲੀ ਥਾਂ ਨੂੰ ਢਕਦਾ ਹੈ। ਇਸ ਨਾਲ ਅਸੀਂ ਆਪਣੀ ਅੱਖ ਦਾ ਧਿਆਨ ਇਕਾਗਰ ਕਰਦੇ ਹਾਂ। ਕਿਸੇ ਬਿਮਾਰੀ, ਸੱਟ, ਰਸਾਇਣ ਜਾਂ ਇਨਫੈਕਸ਼ਨ ਨਾਲ ਅੱਖਾਂ ਦੀ ਪੁਤਲੀ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਨਾਲ ਸਾਫ਼ ਦਿਸਣਾ ਬੰਦ ਹੋ ਜਾਂਦਾ ਹੈ। ਕੁਝ ਲੋਕ ਜਨਮ ਦੇ ਸਮੇਂ ਤੋਂ ਹੀ ਕੌਰਨੀਅਲ ਬਲਾਈਂਡਨੈੱਸ ਤੋਂ ਪੀੜਤ ਹੁੰਦੇ ਹਨ।
ਅੱਖਾਂ ਦਾਨ ਕੌਣ ਕਰ ਸਕਦਾ ਹੈ: ਹਰ ਸ਼ਖ਼ਸ ਅੱਖਾਂ ਦਾਨ ਕਰ ਸਕਦਾ ਹੈ- ਭਾਵੇਂ ਉਸ ਦੇ ਐਨਕ ਲੱਗੀ ਹੋਵੇ, ਭਾਵੇਂ ਉਹਨੂੰ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਹੋਵੇ, ਉਹ ਭਾਵੇਂ ਸ਼ੂਗਰ ਦਾ ਮਰੀਜ਼ ਹੋਵੇ ਜਾਂ ਅੱਖਾਂ ਦਾ ਅਪ੍ਰੇਸ਼ਨ ਹੋਇਆ ਹੋਵੇ। ਹਾਂ, ਐੱਚਆਈਵੀ, ਹੈਪੇਟਾਈਟਸ-ਬੀ ਜਾਂ ਸੀ, ਹਲਕਾਅ, ਬਲੱਡ ਕੈਂਸਰ ਵਰਗੇ ਰੋਗਾਂ ਤੋਂ ਪੀੜਤ ਮਰੀਜ਼ ਅੱਖਾਂ ਦਾਨ ਨਹੀਂ ਕਰ ਸਕਦਾ। ਜੇ ਕਿਸੇ ਨੇ ਮੌਤ ਤੋਂ ਪਹਿਲਾਂ ਅੱਖਾਂ ਦਾਨ ਕਰਨ ਵਾਲਾ ਫਾਰਮ ਨਹੀਂ ਭਰਿਆ ਤਾਂ ਵੀ ਪਰਿਵਾਰ ਦੇ ਜੀਅ ਉਸ ਦੀ ਮੌਤ ਹੋਣ ’ਤੇ ਨੇੜਲੀ ‘ਆਈ ਬੈਂਕ’ ਨੂੰ ਤੁਰੰਤ ਸੂਚਿਤ ਕਰ ਕੇ ਅੱਖਾਂ ਦਾਨ ਕਰ ਸਕਦੇ ਹਨ। ਇਹ ਧਿਆਨ ਰੱਖਣ ਯੋਗ ਹੈ ਕਿ ਜੇ ਮੌਤ ਹੋਣ ਦੇ 6 ਤੋਂ 8 ਘੰਟਿਆਂ ਦੇ ਅੰਦਰ-ਅੰਦਰ ਮੈਡੀਕਲ ਟੀਮ ਅੱਖਾਂ ਲੈ ਲੈਂਦੀ ਹੈ ਤਾਂ ਇਸ ਨਾਲ ਦੋ ਇਨਸਾਨਾਂ ਦੀ ਜ਼ਿੰਦਗੀ ਰੁਸ਼ਨਾਈ ਜਾ ਸਕਦੀ ਹੈ। ਇਸ ਕਰ ਕੇ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਖਾਂ ਲੈਣ ਦਾ ਤਰੀਕਾ ਬਹੁਤ ਸਰਲ ਹੈ; ਸਿਰਫ 10 ਤੋਂ 15 ਮਿੰਟ ਦਾ ਸਮਾਂ ਲਗਦਾ ਹੈ। ਅਸਲੀ ਅੱਖ ਦੀ ਥਾਂ ਨਕਲੀ ਅੱਖ ਪਾ ਦਿੱਤੀ ਜਾਂਦੀ ਹੈ ਜਿਸ ਨਾਲ ਚਿਹਰੇ ’ਤੇ ਕੋਈ ਫਰਕ ਨਜ਼ਰ ਨਹੀਂ ਆਉਂਦਾ।
ਮਿੱਥਾਂ ਅਤੇ ਵਹਿਮ-ਭਰਮ: ਅੱਖਾਂ ਦਾਨ ਕਰਨ ਬਾਰੇ ਬਹੁਤ ਸਾਰੀਆਂ ਮਿੱਥਾਂ ਅਤੇ ਵਹਿਮ-ਭਰਮ ਵੀ ਜੁੜੇ ਹੋਏ ਹਨ ਜਿਸ ਨਾਲ ਇਨਸਾਨ ਅਕਸਰ ਗੁਮਰਾਹ ਹੋ ਜਾਂਦਾ ਹੈ। ਇਹ ਭਰਮ ਫੈਲਾਇਆ ਜਾਂਦਾ ਹੈ ਕਿ ਜੇ ਅੱਖਾਂ ਦਾਨ ਕਰ ਦਿੱਤੀਆਂ ਤਾਂ ਅਗਲੇ ਜਨਮ ਵਿੱਚ ਇਨਸਾਨ ਅੰਨ੍ਹਾ ਪੈਦਾ ਹੁੰਦਾ ਹੈ। ਇਹ ਧਾਰਨਾ ਵੀ ਗ਼ਲਤ ਹੈ ਕਿ ਜੇ ਕਿਸੇ ਦੇ ਅੰਗ ਪੂਰੇ ਨਾ ਹੋਣ ਤਾਂ ਉਸ ਨੂੰ ਅਗਲੇ ਜਹਾਨ ਵਿੱਚ ਵਾਸਾ ਨਹੀਂ ਮਿਲਦਾ। ਜੇ ਇਨ੍ਹਾਂ ਗੱਲਾਂ ਵਿੱਚ ਰੱਤੀ ਭਰ ਵੀ ਸੱਚ ਹੁੰਦਾ ਤਾਂ ਫਿਲਮ ਅਦਾਕਾਰ ਅਮਿਤਾਭ ਬਚਨ, ਐਸ਼ਵਰਿਆ ਰਾਏ ਬਚਨ ਵਰਗੀਆਂ ਪ੍ਰਸਿੱਧ ਹਸਤੀਆਂ ਅੱਖਾਂ ਦਾਨ ਕਰਨ ਦਾ ਉਪਰਾਲਾ ਕਿਉਂ ਕਰਦੀਆਂ? ਅਜੋਕੇ ਯੁੱਗ ਵਿੱਚ ਅਜਿਹੇ ਵਹਿਮ-ਭਰਮਾਂ ਦੀ ਕੋਈ ਅਹਿਮੀਅਤ ਨਹੀਂ।
ਜਾਗਰੂਕਤਾ: ਸਰਕਾਰਾਂ ਭਾਵੇਂ ਆਪਣੇ ਪੱਧਰ ’ਤੇ ਉਪਰਾਲੇ ਕਰਦੀਆਂ ਹਨ ਪਰ ਇਸ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਲੋੜ ਹੈ। ਸਰਕਾਰ ਨੂੰ ਹਸਪਤਾਲਾਂ, ਡਿਸਪੈਂਸਰੀਆਂ ਤੇ ਹੋਰ ਸਿਹਤ ਸੰਸਥਾਵਾਂ ਵਿੱਚ ਜਾਗਰੂਕ ਕਰਨ ਵਾਲੇ ਬੋਰਡ ਲਾਉਣੇ ਚਾਹੀਦੇ ਹਨ। ਸਮਾਜ ਸੇਵੀ ਸੰਸਥਾਵਾਂ ਨੂੰ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ। ਵੱਡੇ ਜਨਤਕ ਸਮਾਗਮਾਂ ਵਿੱਚ ਪੈਂਫਲੈਂਟ ਵੰਡਣੇ ਚਾਹੀਦੇ ਹਨ। ਮੀਡੀਆ ਨੂੰ ਵੀ ਅੱਖਾਂ ਮਿਲਣ ਨਾਲ ਦੁਨੀਆ ਦੇ ਰੰਗ ਦੇਖਣ ਵਾਲੇ ਲੋਕਾਂ ਦੀ ਇੰਟਰਵਿਊਜ਼ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਬਾਕੀਆਂ ਨੂੰ ਪ੍ਰੇਰਨਾ ਮਿਲ ਸਕੇ। ਮੈਂ ਖ਼ੁਦ 15 ਸਾਲ ਪਹਿਲਾਂ ਫਾਰਮ ਭਰ ਕੇ ਅੱਖਾਂ ਦਾਨ ਕਰਨ ਦਾ ਸੰਕਲਪ ਲਿਆ ਸੀ। ਆਓ, ਆਪਾਂ ਨੇੜਲੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਜਾ ਕੇ ਅੱਖਾਂ ਦਾਨ ਕਰਨ ਦਾ ਫਾਰਮ ਭਰ ਕੇ ਨੇਤਰਹੀਣਾਂ ਲਈ ਪੁੰਨ ਕਮਾਉਣ ਦਾ ਉੱਦਮ ਕਰੀਏ। ਇਹ ਫਾਰਮ ਆਨਲਾਈਨ ਵੀ ਭਰਿਆ ਜਾ ਸਕਦਾ ਹੈ। ਤੁਹਾਡੇ ਉੱਦਮ ਨਾਲ ਨੇਤਰਹੀਣ ਬੱਚੇ ਆਪਣੇ ਮਾਪਿਆਂ ਦੇ ਚਿਹਰੇ ਅਤੇ ਕੁਦਰਤ ਦੇ ਰੰਗ ਦੇਖ ਸਕਦੇ ਹਨ। ਆਓ, ਉਸ ਇਨਸਾਨ ਦੀ ਦੁਨੀਆ ਰੁਸ਼ਨਾਈਏ ਜਿਸ ਲਈ ਇਸ ਸੰਸਾਰ ਦੇ ਮਾਇਨੇ ਸਿਰਫ ਹਨੇਰਾ ਹੈ।
ਸੰਪਰਕ: 94651-88506