ਕਰੀਏ ਹੀਲਾ...
ਕੁਲਵਿੰਦਰ ਸਿੰਘ ਮਲੋਟ
ਗੱਲ 1987 ਦੀ ਗੱਲ ਹੈ। ਜੇਬੀਟੀ ਦੀ ਪੱਕੀ ਨਿਯੁਕਤੀ ਲਈ ਇੰਟਰਵਿਊ ਹੋਇਆਂ ਤਿੰਨ-ਚਾਰ ਦਿਨ ਹੋ ਚੁੱਕੇ ਸਨ। ਪਤਾ ਉਦੋਂ ਲੱਗਾ ਜਦੋਂ ਮਲੋਟ ਤੋਂ ਹਰੀਕੇ ਕਲਾਂ ਜਾ ਰਿਹਾ ਸਾਂ ਤਾਂ ਮੁਕਤਸਰ ਵਿੱਚ ਮੇਰਾ ਜਮਾਤੀ ਰਾਜਿੰਦਰਪਾਲ ਅਚਾਨਕ ਮਿਲ ਪਿਆ। ਮਿਲਦਿਆਂ ਹੀ ਉਹਨੇ ਪਹਿਲਾ ਸਵਾਲ ਦਾਗਿਆ, “ਤੂੰ ਜਲੰਧਰ ਨਹੀਂ ਮਿਲਿਆ?” ਮੇਰੇ ਚਿਹਰੇ ਤੋਂ ਸਵਾਲੀਆ ਚਿੰਨ੍ਹ ਪੜ੍ਹਦਿਆਂ ਉਹਨੇ ਤੁਰੰਤ ਆਖਿਆ, “ਆਪਣੀ ਇੰਟਰਵਿਊ ਸੀ ਪੱਕੀ ਭਰਤੀ ਵਾਸਤੇ।” ਮੈਂ ਅਗਿਆਨਤਾ ਜ਼ਾਹਿਰ ਕੀਤੀ। ਪਛਤਾਵੇ ਨਾਲ ਭਰਿਆ ਮੈਂ ਉਹਦੇ ਨਾਲ ਤੁਰਿਆ ਜਾਂਦਾ ਹੋਰ ਜਾਣਕਾਰੀ ਲੈਣ ਲਈ ਉਤਾਵਲਾ ਸਾਂ।
ਘਰ ਪਹੁੰਚ ਕੇ ਉਸ ਨੇ ਇੰਟਰਵਿਊ ਪੱਤਰ ਦਿਖਾਇਆ ਤਾਂ ਪੱਤਰ ਹੇਠਾਂ ਕੀਤੇ ਦਸਤਖਤਾਂ ਵਿੱਚੋਂ ‘ਬੇਦੀ’ ਸ਼ਬਦ ਪੜ੍ਹਦਿਆਂ ਮੇਰੀਆਂ ਅੱਖਾਂ ’ਚ ਚਮਕ ਆ ਗਈ। ਪਿੰਡੋਂ ਅਸਲ ਸਰਟੀਫਿਕੇਟ ਲੈ ਕੇ ਤੁਰੰਤ ਵਾਪਸ ਮਲੋਟ ਚੱਲ ਪਿਆ। ਮਲੋਟ ਮੇਰੇ ਨਾਨਕੇ ਨੇ ਜਿੱਥੇ ਮੇਰੇ ਮਾਸੜ ਤੇਜਾ ਸਿੰਘ ਵੀ ਛੁੱਟੀਆਂ ਕਾਰਨ ਜਲੰਧਰੋਂ ਆਏ ਹੋਏ ਸਨ। ਅਧਿਆਪਕ ਹੋਣ ਨਾਤੇ ਉਨ੍ਹਾਂ ਦੀ ਮੇਰੇ ਨਾਲ ਦੋਸਤਾਨਾ ਸਾਂਝ ਵੀ ਸੀ। ਉਹ ਅਕਸਰ ਆਪਣੇ ਤਜਰਬੇ ਸਾਂਝੇ ਕਰਦੇ ਰਹਿੰਦੇ ਸਨ। ਉਨ੍ਹਾਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ- ‘ਮਿਸ ਬੇਦੀ ਬੜੇ ਚੰਗੇ ਨੇ... ਹਰ ਕਿਸੇ ਦੀ ਕਾਬਲੀਅਤ ਦਾ ਮੁੱਲ ਪਾਉਣ ਵਾਲੇ ਨੇ।’
ਮਾਸੜ ਜੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੇਰੇ ਨਾਲ ਜਲੰਧਰ ਜਾਣ ਲਈ ਤਿਆਰ ਹੋ ਗਏ। ਪਰ ਮੇਰੇ ਮਾਮਿਆਂ ਨੂੰ ਇਹ ਗੱਲ ਅਹਿਮਕਾਨਾ ਲੱਗੀ- ‘ਈਦ ਪਿੱਛੋਂ ਤੰਬਾ ਫੂਕਣ ਵਾਲੀ ਬਾਤ’। ਉਨ੍ਹਾਂ ਚਿਹਰੇ ’ਤੇ ਵਿਅੰਗ ਵਾਲੀ ਮੁਸਕਰਾਹਟ ਬਿਖੇਰਦਿਆਂ ਆਖਿਆ, “ਕਮੇਟੀ ਬੈਠਦੀ ਐ, ਜਿਸ ਵਿੱਚ ਕਈ ਮੈਂਬਰ ਸ਼ਾਮਲ ਹੁੰਦੇ। ਹੁਣ ਕੀ ਬਣ ਸਕਦੈ।” ਹੌਸਲਾ ਢਾਹੁਣ ਵਾਲੀ ਇਹ ਗੱਲ ਸੱਚੀ ਜਾਪਣ ਦੇ ਬਾਵਜੂਦ ਮਾਸੜ ਜੀ ਉਤਸ਼ਾਹ ਵਿੱਚ ਸਨ, “ਯਤਨ ਤਾਂ ਕਰਨਾ ਈ ਚਾਹੀਦੈ, ਘਰ ਬੈਠਿਆਂ ਤਾਂ ਸਫਲ ਹੋਣ ਦੀ ਆਸ ਨਹੀਂ ਰੱਖੀ ਜਾ ਸਕਦੀ।”
ਅਗਲੇ ਦਿਨ ਪਹਿਲੀ ਬੱਸ ਜਾਣ ਦਾ ਫੈਸਲਾ ਕੀਤਾ। ਦੂਰੋਂ ਹੀ ਬੱਸ ਅੱਡੇ ਦੇ ਬਾਹਰ ਕੋਈ ਬੱਸ ਖੜ੍ਹੀ ਦਿਸੀ। ਉਦਾਸੀ ਕਰ ਕੇ ਮੇਰੀ ਚਾਲ ਮੱਧਮ ਸੀ। ਕੰਮ ਹੋਣ ਦਾ ਪੂਰਾ ਯਕੀਨ ਨਾ ਹੋਣ ਕਾਰਨ ਦੋ ਜਣਿਆਂ ਦਾ ਕਿਰਾਇਆ-ਭਾੜਾ ਪੱਟ ਕੇ ਅਜਾਈਂ ਵਾਪਸ ਆਉਣ ਦਾ ਤੌਖਲਾ ਵੀ ਸੀ। ਉਨ੍ਹਾਂ ਦੌੜਦਿਆਂ ਇਸ਼ਾਰਾ ਕਰਦਿਆਂ ‘ਆ ਜਾ, ਆ ਜਾ, ਕਰੀਏ ਹੀਲਾ ਤਾਂ ਬਣਦਾ ਵਸੀਲਾ’ ਕਹਿ ਕੇ ਮੇਰੇ ਕਦਮਾਂ ਨੂੰ ਰਵਾਨੀ ਦਿੱਤੀ।
ਅਸੀਂ ਜਾ ਕੇ ਜਲੰਧਰ ਸਿਖਲਾਈ ਸੰਸਥਾ ਦੇ ਹਾਲ ਵਿੱਚ ਬੈਠ ਗਏ। ਥੋੜ੍ਹੀ ਦੇਰ ਬਾਅਦ ਦੋ ਅਧਿਆਪਕਾਵਾਂ ਆਈਆਂ। ਦੁਆ-ਸਲਾਮ ਮਗਰੋਂ ਮਾਸੜ ਜੀ ਨੇ ਆਪਣੇ ਸੁਭਾਅ ਅਨੁਸਾਰ ਮੇਰੀ ਪੜ੍ਹਨ ਰੁਚੀ ਦੀਆਂ ਤਾਰੀਫਾਂ ਸ਼ੁਰੂ ਕਰ ਦਿੱਤੀਆਂ। ਪਰ ਮੇਰੇ ਅੰਦਰ ਇੰਟਰਵਿਊ ਦਾ ਪਤਾ ਨਾ ਲੱਗਣ ਕਾਰਨ ਗੁਨਾਹ ਦਾ ਅਹਿਸਾਸ ਹੋਣ ਕਰ ਕੇ ਤਾਰੀਫ ਖੁਸ਼ੀ ਦਾ ਸਬੱਬ ਨਹੀਂ ਬਣ ਰਹੀ ਸੀ। ਕੁਝ ਸਮੇਂ ਮਗਰੋਂ ਮੈਨੂੰ ਦਫਤਰ ਬੁਲਾਇਆ ਗਿਆ। ਬਾਅਦ ਵਿੱਚ ਆਈਆਂ ਦੋ ਅਧਿਆਪਕਾਵਾਂ ਵਿੱਚੋਂ ਇੱਕ ਪ੍ਰਿੰਸੀਪਲ ਦੀ ਕੁਰਸੀ ’ਤੇ ਬਿਰਾਜਮਾਨ ਸੀ। ਉਨ੍ਹਾਂ ਮੈਨੂੰ ਡਾਕ ਪ੍ਰਾਪਤੀ ਰਜਿਸਟਰ ਦੇਖਣ ਲਈ ਕਿਹਾ ਤਾਂ ਜੋ ਮੇਰਾ ਅਪਲਾਈ ਕਰਨਾ ਤਸਦੀਕ ਹੋ ਸਕੇ। ਦਫਤਰ ਦਾ ਕਰਮਚਾਰੀ ਰਜਿਸਟਰ ਦਾ ਪੰਨਾ-ਦਰ-ਪੰਨਾ ਪਲਟ ਰਿਹਾ ਸੀ। ਮਨ ਵਿੱਚ ਸਹਿਮ ਚੱਲ ਰਿਹਾ ਸੀ... ਪੰਜ-ਛੇ ਸਾਲ ਪੁਰਾਣੀ ਗੱਲ ਹੈ ਜਦੋਂ ਅਪਲਾਈ ਕਰਨਾ ਸੀ, ਪਤਾ ਨਹੀਂ ‘ਥਾਂ-ਪਤਾ’ ਠੀਕ ਵੀ ਲਿਖਿਆ ਸੀ ਕਿ ਨਹੀਂ?... ਆਖਿ਼ਰੀ ਪੰਨੇ ’ਤੇ ਨਾਮ ਦੇਖ ਕੇ ਸਾਹ ਵਿੱਚ ਸਾਹ ਆਇਆ। ਮੈਂ ਡਾਕ ਪ੍ਰਾਪਤੀ ਨੰਬਰ ਨੋਟ ਕੀਤਾ। ਉਨ੍ਹਾਂ ਅਗਲਾ ਰਸਤਾ ਦਿਖਾਉਂਦਿਆਂ ਕਿਹਾ, “ਹੁਣ ਡੀਈਓ ਸਾਹਿਬ ਕੋਲ ਜਾ ਕੇ ਪ੍ਰਵਾਨਗੀ ਲੈ ਆ।” ਰਜਿਸਟਰ ਵਿੱਚ ਨਾਮ ਦੇਖ ਕੇ ਜਿਹੜਾ ਹੌਸਲਾ ਹੋਇਆ ਸੀ, ਉਹ ਫਿਰ ਕਾਫੂਰ ਹੋ ਗਿਆ।
ਅਫਸਰਾਂ ਨਾਲ ਗੱਲਬਾਤ ਕਰਨ ਦਾ ਕੋਈ ਤਜਰਬਾ ਨਹੀਂ ਸੀ। ਗ਼ਲਤੀ ਨਾ ਹੋਣ ’ਤੇ ਵੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਸੀ। ਕੁਰੱਖਤ ਉੱਤਰ ਮਿਲਣ ਦਾ ਖ਼ਦਸ਼ਾ ਸੀ- ‘ਤੈਨੂੰ ਹੁਣ ਅਕਲ ਆਈ ਐ... ਤੈਨੂੰ ’ਕੱਲੇ ਨੂੰ ਹੀ ਚਿੱਠੀ ਨਹੀਂ ਮਿਲੀ... ਹੁਣ ਹਫਤੇ ਬਾਅਦ ਕੁਝ ਨਹੀਂ ਹੋ ਸਕਦਾ।’ ਬੇਚੈਨੀ ਦੇ ਆਲਮ ’ਚ ਮੈਂ ਜਿ਼ਲ੍ਹਾ ਸਿੱਖਿਆ ਅਫਸਰ ਦੇ ਕਮਰੇ ਅੰਦਰ ਗਿਆ।... ਇਉਂ ਲੱਗਿਆ ਜਿਵੇਂ ਮੇਰੇ ਸਾਹਮਣੇ ਕੋਈ ਸ਼ਖ਼ਸ ਨਹੀਂ, ਸਗੋਂ ਸ਼ਾਂਤ ਵਗਦਾ ਦਰਿਆ ਹੋਵੇ। ਖੁੱਲ੍ਹਾ ਸਫੇਦ ਦਾੜ੍ਹਾ। ਗੰਭੀਰ ਮੁਖੜਾ। ਸਿਰ ’ਤੇ ਸਜੀ ਪੱਗ।
ਆਪਣੀ ਸਮੱਸਿਆ ਦੱਸ ਕੇ ਬੇਨਤੀ ਕੀਤੀ। ਜਵਾਬ ਵਿਚ ਨਿਮਰ ਬੋਲਬਾਣੀ ਸੁਣਨ ਨੂੰ ਮਿਲੀ। ਕੋਈ ਅਫਸਰ ਐਨੀ ਨਿਮਰ ਭਾਸ਼ਾ ’ਚ ਗੱਲ ਕਰ ਸਕਦਾ, ਕਿਆਸ ਵੀ ਨਹੀਂ ਕੀਤਾ ਜਾ ਸਕਦਾ ਸੀ। ਉਨ੍ਹਾਂ ਇੰਟਰਵਿਊ ਲੈਣ ਲਈ ਹਾਮੀ ਭਰ ਦਿੱਤੀ। ਮੈਨੂੰ ਉਹ ਸੁੱਕੇ ਜੰਗਲ ਵਿੱਚ ਕੋਈ ‘ਹਰਿਆ ਬੂਟ’ ਜਾਪੇ।
ਇੰਟਰਵਿਊ ਵਜੋਂ ਪੰਜ-ਛੇ ਸਵਾਲ ਪੁੱਛੇ ਗਏ। ਦੋ ਪ੍ਰਸ਼ਨ ਅਧਿਆਪਨ ਕਾਰਗੁਜ਼ਾਰੀ ਪਰਖਣ ਲਈ ਸਨ ਤੇ ਤਿੰਨ-ਚਾਰ ਆਮ ਗਿਆਨ ਬਾਰੇ ਜਿਨ੍ਹਾਂ ਦੇ ਉੱਤਰ ਮੈਂ ਸਪਸ਼ਟ ਤੇ ਸੰਖੇਪ ਸ਼ਬਦਾਂ ਵਿੱਚ ਦਿੱਤੇ ਸਨ।
ਦੋ-ਤਿੰਨ ਮਹੀਨੇ ਬਾਅਦ ਮੇਰੇ ਦੋਸਤ ਬਸੰਤ ਕੁਮਾਰ ਨੇ ਮੇਰੀ ਅਤੇ ਆਪਣੀ ਪੱਕੀ ਨਿਯੁਕਤੀ ਬਾਰੇ ਖ਼ਬਰ ਦਿੱਤੀ। ਅਨੈਤਿਕ ਕੰਮਾਂ ਦੇ ਦੌਰ ਵਿੱਚ ਬਿਨਾਂ ਕਿਸੇ ਲਾਲਚ, ਇਮਾਨਦਾਰੀ ਤੇ ਸੰਜੀਦਗੀ ਨਾਲ ਕੰਮ ਕਰਨ ਵਾਲੀਆਂ ਅਜਿਹੀਆਂ ਸ਼ਖ਼ਸੀਅਤਾਂ ਅੱਗੇ ਹਰ ਕਿਸੇ ਦਾ ਮਸਤਕ ਹਮੇਸ਼ਾ ਸਿਜਦਾ ਕਰਦਾ ਰਿਹਾ ਹੈ।
ਸੰਪਰਕ: 98760-64576