ਆਪਣੇ ਸਰੀਰ ਬਾਰੇ ਜਾਣੋ ਤੇ ਬਿਮਾਰੀ ਤੋਂ ਬਚੋ
ਮਨੁੱਖੀ ਸਰੀਰ ਦੀ ਤੰਦਰੁਸਤੀ ਸੁਖੀ ਜੀਵਨ ਦਾ ਆਧਾਰ ਹੈ। ਸਮਾਜ ਦੇ ਸਮੁੱਚੇ ਵਿਕਾਸ ਦਾ ਵੱਡਾ ਹਿੱਸਾ ਮੈਡੀਕਲ ਸਾਇੰਸ ਦੀ ਤਰੱਕੀ ਹੈ। ਸਾਡੀ ਉਮਰ ਵਿੱਚ ਦੇਖਦਿਆਂ-ਦੇਖਦਿਆਂ ਮੈਡੀਕਲ ਸਾਇੰਸ ਨੇ ਹੁਣ ਤੱਕ ਮਨੁੱਖ ਦੀ ਤੰਦਰੁਸਤੀ ਲਈ ਨਿੱਤ ਨਵੀਆਂ ਕਾਢਾਂ ਕੱਢ ਕੇ ਰੋਜ਼-ਬ-ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਹਨ। ਫਿਰ ਵੀ ਅਜੋਕੇ ਭਾਰਤੀ ਸਮਾਜ ਵਿਚ ਸਿਹਤ ਸਹੂਲਤਾਂ ਪੱਖੋਂ ਇਕ ਖ਼ਾਸ ਕਮਤਰੀ ਅਤੇ ਬਦਹਾਲੀ ਬਰਪੀ ਹੋਈ ਹੈ। ਵੱਡੇ-ਵੱਡੇ ਹਸਪਤਾਲਾਂ ਵਿਚ ਦੂਰੋਂ ਨੇੜਿਉਂ ਅਤੇ ਪਛੜੇ ਹੋਏ ਇਲਾਕਿਆਂ ਵਿੱਚੋਂ ਪੁੱਜਦੇ ਮਰੀਜ਼ਾਂ ਦੀ ਗਿਣਤੀ ਦਿਨ ਪਰ ਦਿਨ ਵਧ ਰਹੀ ਹੈ। ਅਜੋਕਾ ਸਿਹਤ ਤੰਤਰ ਨਵੀਆਂ ਤਕਨੀਕਾਂ ਅਪਣਾ ਕੇ ਆਮ ਆਦਮੀ ਲਈ ਜੋਖਿ਼ਮ ਭਰਿਆ ਵੀ ਹੋ ਗਿਆ ਹੈ। ਇੱਕ-ਇੱਕ ਬਿਮਾਰੀ ਲਈ ਕਈ-ਕਈ ਟੈਸਟ ਕਰਵਾਉਣੇ ਜ਼ਰੂਰੀ ਹੋ ਗਏ ਹਨ। ਬਿਜਲਾਣੂ ਮਾਧਿਅਮਾਂ ਅਤੇ ਨਵੀਂ ਤਕਨਾਲੋਜੀ ਆਧਾਰਿਤ ਇਲਾਜ ਪ੍ਰਣਾਲੀ ਹੁਣ ਹੱਦੋਂ ਵਧ ਬਰੀਕਬੀਨੀ ਅਖ਼ਤਿਆਰ ਕਰ ਗਈ ਹੈ। ਕਿਸੇ ਵੀ ਮਰਜ਼ ਦੀ ਸ਼ਨਾਖ਼ਤ ਹੁਣ ਬਹੁ-ਪੱਧਰੀ ਅਤੇ ਬਹੁ-ਪਾਸਾਰੀ ਟੈਸਟਾਂ ਦੇ ਨਤੀਜਿਆਂ ਉਤੇ ਨਿਰਭਰ ਕਰਦੀ ਹੈ। ਬਿਮਾਰੀ ਦੀ ਅਜਿਹੀ ਪਛਾਣ ਲਈ ਹੀ ਮਰੀਜ਼ ਅਤੇ ਉਨ੍ਹਾਂ ਦੇ ਸਾਥੀ/ਸਹਾਇਕ (ਅਟੈਂਡੈਂਟ) ਘਰ-ਬਾਰ ਛੱਡ ਕੇ ਵੱਡੇ ਹਸਪਤਾਲਾਂ ਵਿਚ ਰੁਲਣ ਲਈ ਮਜਬੂਰ ਹੁੰਦੇ ਹਨ। ਇਹ ਕਸ਼ਟਦਾਈ ਪ੍ਰਕਿਰਿਆ ਹੈ।
ਸਿਹਤ ਸਹੂਲਤ ਅਤੇ ਸਿਹਤਯਾਬੀ ਬੰਦੇ ਦੀ ਜੀਵਨ ਜਾਚ ਦਾ ਅਹਿਮ ਹਿੱਸਾ ਬਣ ਜਾਣੀ ਚਾਹੀਦੀ ਹੈ। ਸਰੀਰ ਬਾਰੇ ਬੁਨਿਆਦੀ ਗਿਆਨ ਹਾਸਲ ਕਰਾਉਣਾ ਸਾਡੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਗਿਆਨ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਹਰ ਸ਼ਖ਼ਸ ਨੂੰ ਘੱਟੋ-ਘੱਟ ਇੰਨੀ ਸੋਝੀ ਕਰਾ ਦੇਵੇ ਕਿ ਸਰੀਰ ਉਸ ਦੀ ਉਹ ਮਲਕੀਅਤ ਹੈ ਜਿਸ ਨੂੰ ਠੀਕ ਅਤੇ ਸਿਹਤਮੰਦ ਰੱਖਣਾ ਜੀਵਨ ਦਾ ਪਰਮ ਉਦੇਸ਼ ਹੈ। ਆਪਣੀ ਕਾਇਆ ਨਾਲ ਇਕਸੁਰ ਹੋ ਕੇ ਜਿਊਣ ਨਾਲ ਬੰਦਾ ਆਪਣੇ ਲਈ ਅੱਧਾ ਡਾਕਟਰ ਬਣ ਸਕਦਾ ਹੈ, ਪਰ ਅਜਿਹੀ ਵਿਵਸਥਾ ਲਈ ਜਿਸ ਪ੍ਰਬੰਧ ਦੀ ਲੋੜ ਹੈ, ਉਹ ਹਰ ਆਮ-ਖ਼ਾਸ ਦੀ ਨਿਰੋਗਤਾ ਨੂੰ ਆਪਣਾ ਮੁੱਖ ਉਦੇਸ਼ ਬਣਾਵੇ। ਸਾਡੇ ਸਿਹਤ ਮੰਤਰਾਲੇ ਅਤੇ ਉਨ੍ਹਾਂ ਦੇ ਸੂਤਰਧਾਰ ਜੇਕਰ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਅਜਿਹਾ ਪੈਰਾ-ਮੈਡੀਕਲ ਅਮਲਾ ਤਾਇਨਾਤ ਕਰ ਦੇਣ ਜੋ ਲੋਕਾਂ ਨੂੰ ਦਵਾਈ ਵੰਡਣ ਦੇ ਨਾਲ-ਨਾਲ ਸਰੀਰ ਬਾਰੇ ਗਿਆਨ ਵੀ ਮੁਹੱਈਆ ਕਰਾਵੇ ਤਾਂ ਜਨਤਾ ਦਾ ਭਲਾ ਹੋ ਸਕਦਾ ਹੈ।
ਬਦਕਿਸਮਤੀ ਨਾਲ ਸਾਡੇ ਪ੍ਰਬੰਧਕਾਂ ਅਤੇ ਸਮੁੱਚੀ ਵਿਵਸਥਾ ਦਾ ਵਾਹ ਜਿਹੜੀ ਸਿਆਸੀ ਸੱਤਾ ਨਾਲ ਹੈ, ਉਸ ਦੀਆਂ ਨੀਤੀਆਂ ਅਤੇ ਪੈਂਤੜੇ ਜਨਹਿਤ ਆਧਾਰਿਤ ਨਹੀਂ ਹਨ। ਸਾਡੇ ਸੱਤਾਧਾਰੀ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਹਰ ਖੇਤਰ ਵਿਚਲੀ ਸਹੂਲਤ ਨੂੰ ਪਹਿਲਾਂ ਆਪਣੀ ਵੋਟ ਗਿਣਤੀ ਜਾਂ ਆਪਣੇ ਵਰਗਿਆਂ ਲਈ ਵਰਤਣ ਦਾ ਵਿਸ਼ੇਸ਼ ਅਧਿਕਾਰ ਵਰਤਦੇ ਹਨ। ਇਨ੍ਹਾਂ ਨੂੰ ਫਿ਼ਕਰ ਰਹਿੰਦੀ ਹੈ ਤਾਂ ਸਿਰਫ਼ ਆਪਣੇ ਮੰਤਰੀਆਂ, ਸੰਸਦ ਮੈਂਬਰਾਂ, ਸੰਸਦੀ ਸਕੱਤਰਾਂ ਆਦਿ ਦੇ ਮੈਡੀਕਲ ਭੱਤਿਆਂ ਅਤੇ ਸਿਹਤ ਸਹੂਲਤਾਂ ਵਿਚ ਵਾਧੇ ਦੀ। ਇਨ੍ਹਾਂ ਦਾ ਵੋਟਰ ਸਿਹਤ ਪੱਖੋਂ ਕਿਸ ਤਰ੍ਹਾਂ ਦਾ ਜੀਵਨ ਜਿਉ ਰਿਹਾ ਹੈ, ਉਹ ਇਨ੍ਹਾਂ ਦੀਆਂ ਤਰਜੀਹਾਂ ਵਿਚ ਸ਼ਾਮਿਲ ਹੀ ਨਹੀਂ ਹੈ।
ਸਾਡੇ ਬਚਪਨ ਵਿਚ ਹਸਪਤਾਲ ਲਈ ਇਕ ਸ਼ਬਦ ਸ਼ਫ਼ਾਖਾਨਾ ਵੀ ਵਰਤਿਆ ਜਾਂਦਾ ਸੀ। ਸ਼ਫ਼ਾਖਾਨਾ ਯਾਨੀ ਉਹ ਜਗ੍ਹਾ ਜਿਥੋਂ ਸ਼ਫ਼ਾ ਜਾਂ ਤੰਦਰੁਸਤੀ ਲਈ ਦਵਾਈ ਮਿਲੇ। ਹੁਣ ਕਿਸੇ ਦੀ ‘ਹਸਪਤਾਲ’ ਪਹੁੰਚਣ ਦੀ ਖ਼ਬਰ ਸੁਣ ਕੇ ਧੱਕਾ ਜਿਹਾ ਲਗਦਾ ਹੈ ਤੇ ਬੰਦਾ ਫ਼ਿਕਰ ’ਚ ਗ੍ਰਸਿਆ ਜਾਂਦਾ ਹੈ। ਹੁਣ ਹੈਲਥ ਇੰਸ਼ੋਰੈਂਸ, ਆਯੁਸ਼ਮਾਨ ਭਾਰਤ ਅਤੇ ਗਲੀ ਮਹੱਲਾ ਜਾਂ ਆਮ ਆਦਮੀ ਕਲੀਨਿਕ ਵਰਗੀਆਂ ਕਈ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਤਾਂ ਭਾਵੇਂ ਮੁਹੱਈਆ ਹੋ ਰਹੀਆਂ ਹਨ ਪਰ ਲੋਕਾਂ ਦੀ ਸਿਹਤ ਦਾ ਮਿਆਰ ਫਿਰ ਵੀ ਥੱਲੇ ਹੈ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਖਾਣ-ਪੀਣ, ਰਹਿਣ-ਸਹਿਣ, ਉੱਠਣ-ਬਹਿਣ ਅਤੇ ਸਜਣ-ਸੰਵਰਨ ਦੇ ਤੌਰ-ਤਰੀਕੇ ਬਹੁਤ ਤੇਜ਼ੀ ਨਾਲ ਬਦਲ ਚੁੱਕੇ ਹਨ ਤੇ ਬਦਲ ਰਹੇ ਹਨ। ਇਸ ਸਾਰੀ ਰੱਦੋ-ਬਦਲ ਦੇ ਸਨਮੁਖ ਇਹ ਤੱਥ ਫਿਰ ਵੀ ਸਦੀਵੀ ਹੈ ਕਿ ਮਨੁੱਖੀ ਸਰੀਰ ਉਹੀ ਹੈ ਜੋ ਪਹਿਲਾਂ ਸੀ। ਬਦਲੇ ਹਾਲਾਤ ਨਾਲ ਨਜਿੱਠਦਿਆਂ ਸਰੀਰ ਦੀ ਸਰਗਰਮੀ ਕਮਜ਼ੋਰ ਪੈ ਰਹੀ ਹੈ। ਜਵਾਨ ਲੋਕ ਦਿਲ ਦੇ ਦੌਰੇ ਕਾਰਨ ਮਰ ਰਹੇ ਹਨ। ਨੌਜਵਾਨਾਂ ਨੂੰ ਲਾਇਲਾਜ ਹੋ ਜਾਣ ਦੀ ਇੰਤਹਾ ਤੱਕ ਸ਼ੂਗਰ (ਡਾਇਬਿਟੀਜ਼) ਘੇਰ ਲੈਂਦੀ ਹੈ ਤੇ ਪਿੱਛਾ ਨਹੀਂ ਛੱਡਦੀ।
ਇਸ ਸਾਰੇ ਹਾਲਾਤ ਨੂੰ ਮੁੱਖ ਰੱਖ ਕੇ ਸਾਡੀ ਸਿਹਤ ਪ੍ਰਣਾਲੀ ਵਿਚ ਵੱਡੇ ਰੱਦੋ-ਬਦਲ ਅਤੇ ਸੁਧਾਰ ਦੀ ਲੋੜ ਹੈ। ਵੱਧ ਹਸਪਤਾਲ ਜਾਂ ਵੱਧ ਡਾਕਟਰ ਮੁਹੱਈਆ ਕਰਾ ਦੇਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ। ਲੋਕਾਂ ਨੂੰ ਅਤੇ ਖ਼ਾਸ ਕਰ ਕੇ ਸਾਧਾਰਨ ਤਬਕੇ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਦਵਾਈਆਂ ਜਾਂ ਸਹੂਲਤਾਂ ਦੇਣ ਤੋਂ ਵੱਧ ਜ਼ਰੂਰੀ ਹੈ। ਕੈਂਸਰ ਅਤੇ ਏਡਜ਼ ਵਰਗੀਆਂ ਗੰਭੀਰ ਬਿਮਾਰੀਆਂ ਰੋਕਣ ਲਈ ਮੁਹਿੰਮਾਂ, ਚੇਤਨਾ ਪ੍ਰੋਗਰਾਮ ਆਦਿ ਚਲਦੇ ਰਹਿੰਦੇ ਹਨ। ਖਾਂਦੇ ਪੀਂਦੇ ਤਬਕੇ ਅਤੇ ਪ੍ਰਬੰਧਕੀ ਅਦਾਰੇ ਸਾਈਕਲ ਯਾਤਰਾਵਾਂ, ਦੌੜਾਂ ਜਾਂ ਸਕੂਲਾਂ ਆਦਿ ਵਿੱਚ ਰੈਲੀਆਂ, ਸਭਾਵਾਂ ਵੀ ਕਰਵਾਉਂਦੇ ਰਹਿੰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਆਮ ਆਦਮੀ ਦੀ ਸਿਹਤ ਪੱਖੋਂ ਸੋਝੀ ਜਾਂ ਸਿਆਣਪ ਵਿੱਚ ਸੁਧਾਰ ਦੀ ਲੋੜ ਹੈ।
ਬੰਦੇ ਦੀ ਆਪਣੇ ਸਰੀਰ ਪ੍ਰਤੀ ਸੋਚ ਨੂੰ ਵਿਗਿਆਨਕ ਬਣਾ ਕੇ ਉਸ ਨੂੰ ਸਭ ਤੋਂ ਸੌਖੀਆਂ ਪੈਥੀਆਂ- ਹਰਬਲ ਜਾਂ ਹੋਮੀਓ ਵੱਲ ਪ੍ਰੇਰਨ ਦੇ ਸਿੱਟੇ ਲਾਭਦਾਇਕ ਹੋ ਸਕਦੇ ਹਨ। ਛੋਟੀ ਜਿਹੀ ਤਕਲੀਫ਼ ਤੋਂ ਘਬਰਾ ਕੇ ਬੰਦਾ ਝੱਟ ਡਾਕਟਰ ਜਾਂ ਹਸਪਤਾਲ ਵੱਲ ਭੱਜਦਾ ਹੈ। ਡਾਕਟਰੀ ਪੇਸ਼ਾ ਹੁਣ ਵਪਾਰ ਆਧਾਰਿਤ ਹੋ ਗਿਆ ਹੈ। ਇਸ ਵਪਾਰੀ ਭੇਡਚਾਲ ਨੇ ਡਾਕਟਰੀ ਕਸਬ ਨੂੰ ਮੈਡੀਕਲ ਤੰਤਰ ਅਤੇ ਮੈਡੀਕਲ ਉਦਯੋਗ ਬਣਾ ਦਿੱਤਾ ਹੈ। ਭਾਰਤ ਵਿਚ ਜਨਤਾ ਦੀ ਇਸ ਤੰਤਰ ਹੱਥੋਂ ਖੁਆਰੀ ਰੋਕਣ ਦਾ ਇੱਕੋ-ਇੱਕ ਰਾਹ ਬਦਲਵੀਆਂ ਪੈਥੀਆਂ ਦੀ ਵਰਤੋਂ ਅਤੇ ਸਰੀਰ ਪ੍ਰਤੀ ਚੇਤਨਾ ਹੈ। ਵੱਡੇ ਹਸਪਤਾਲਾਂ ਨੂੰ ਸਰਜਰੀਆਂ ਅਤੇ ਦੁਰਘਟਨਾਵਾਂ ਲਈ ਰਾਖਵੇਂ ਰੱਖ ਕੇ ਆਮ ਬੰਦੇ ਨੂੰ ਸਿਹਤ ਬਾਰੇ ਵੱਧ ਤੋਂ ਵੱਧ ਜਾਗਰੂਕ ਬਣਾਉਣ ਦੀ ਲੋੜ ਹੈ।
ਸੰਪਰਕ: 98149-02564