ਜਾਣਹੁ ਜੋਤਿ ਨ ਪੂਛਹੁ ਜਾਤੀ
ਮਨੁੱਖੀ ਬਰਾਬਰੀ ਦੇ ਸਿੱਖੀ ਸਿਧਾਂਤ ਦੀਆਂ ਅਲੰਬਰਦਾਰ ਸੰਸਥਾਵਾਂ ਨੇ ਦਲਿਤ ਮੁੜ ਪ੍ਰਵੇਸ਼ ਦਿਹਾੜੇ ਨੂੰ ਯਾਦ ਕਰਨ ਅਤੇ ਡੂੰਘੀ ਵਿਚਾਰ ਚਰਚਾ ਦਾ ਫੈਸਲਾ ਕੀਤਾ ਹੈ। 12 ਅਕਤੂਬਰ 1920 ਨੂੰ ਅਛੂਤ ਸਿੱਖਾਂ ਦਾ ਬੜੀ ਜੱਦੋ-ਜਹਿਦ ਮਗਰੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੜ-ਪ੍ਰਵੇਸ਼ ਹੋਇਆ...
ਮਨੁੱਖੀ ਬਰਾਬਰੀ ਦੇ ਸਿੱਖੀ ਸਿਧਾਂਤ ਦੀਆਂ ਅਲੰਬਰਦਾਰ ਸੰਸਥਾਵਾਂ ਨੇ ਦਲਿਤ ਮੁੜ ਪ੍ਰਵੇਸ਼ ਦਿਹਾੜੇ ਨੂੰ ਯਾਦ ਕਰਨ ਅਤੇ ਡੂੰਘੀ ਵਿਚਾਰ ਚਰਚਾ ਦਾ ਫੈਸਲਾ ਕੀਤਾ ਹੈ। 12 ਅਕਤੂਬਰ 1920 ਨੂੰ ਅਛੂਤ ਸਿੱਖਾਂ ਦਾ ਬੜੀ ਜੱਦੋ-ਜਹਿਦ ਮਗਰੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੜ-ਪ੍ਰਵੇਸ਼ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਦਲਿਤ ਸਿੱਖਾਂ ’ਤੇ ਦਰਬਾਰ ਸਾਹਿਬ ਵਿਖੇ ਧਾਰਮਿਕ ਪੱਧਰ ’ਤੇ ਬੰਦਸ਼ਾਂ ਲੱਗਣੀਆਂ ਸ਼ੁਰੂ ਹੋਈਆਂ ਸਨ। ਸਿੱਖ ਰਾਜ ਦੇ ਖ਼ਤਮ ਹੁੰਦੀਆਂ ਹੀ ਖਾਸ ਸੋਚ ਦੇ ਧਾਰਨੀ ਪੁਜਾਰੀ, ਮਹੰਤਾਂ ਨੂੰ ਮਨਮਾਨੀਆਂ ਕਰਨ ਦਾ ਬਲ ਮਿਲਿਆ। ਇਨ੍ਹਾਂ ਨੇ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਤੋਂ ਉਲਟ ਜਾਤ-ਪਾਤ ਵਧਾਉਣ ਦਾ ਯਤਨ ਕੀਤਾ।
1849 ਤੋਂ ਬਾਅਦ ਬਸਤੀਵਾਦੀ ਰਾਜ ਦੀਆਂ ਨੀਤੀਆਂ ਨਾਲ ਅਜਿਹੀਆਂ ਤਾਕਤਾਂ ਨੂੰ ਸ਼ਕਤੀ ਮਿਲੀ ਤੇ ਇਨ੍ਹਾਂ ਨੇ ਸਿੱਖਾਂ ਦੇ ਮੁੱਖ ਅਤੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ’ਤੇ ਕਬਜ਼ੇ ਦੌਰਾਨ ਦਰਬਾਰ ਸਾਹਿਬ ਵਿੱਚ ਮੂਰਤੀ ਪੂਜਾ, ਛੂਆ-ਛਾਤ ਅਤੇ ਹੋਰ ਬਹੁਤ ਸਾਰੇ ਅਧਾਰਮਿਕ, ਗੈਰ-ਸਮਾਜਿਕ ਕਾਰਜ ਕੀਤੇ ਜਾਂਦੇ ਸਨ। ਇਹ ਤਾਕਤਾਂ ਸਿੱਖ ਧਰਮ ਦੀ ਸੱਚੀ-ਸੁੱਚੀ ਵਿਚਾਰਧਾਰਾ ਨੂੰ ਢਾਹ ਲਾ ਰਹੀਆਂ ਸਨ। ਕੋਈ ਅਛੂਤ ਸਿੱਖ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਨਹੀਂ ਸੀ ਹੋ ਸਕਦਾ, ਉਸ ਦੀ ਅਰਦਾਸ ਪੁਜਾਰੀ ਨਹੀਂ ਸੀ ਕਰਦੇ ਤੇ ਨਾ ਹੀ ਉਸ ਦਾ ਕੜਾਹ ਪ੍ਰਸ਼ਾਦ ਪ੍ਰਵਾਨ ਹੁੰਦਾ ਸੀ; ਜੇ ਉਹੀ ਸਿੱਖ ਇਸਾਈ ਧਰਮ ਗ੍ਰਹਿਣ ਕਰ ਕੇ ਟੋਪੀ ਪਾ ਕੇ ਆ ਜਾਂਦਾ ਤਾਂ ਪੁਜਾਰੀ ਤੇ ਮਹੰਤ ਉਸ ਦੇ ਅੱਗੇ-ਪਿੱਛੇ ਘੁੰਮਦੇ ਸਨ।
ਇਸ ਵਰਤਾਰੇ ਨੂੰ ਨੱਥ ਪਾਉਣ ਲਈ 10, 11 ਤੇ 12 ਅਕਤੂਬਰ 1920 ਨੂੰ ਅਛੂਤ ਸਿੱਖ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖ, ਜਿਨ੍ਹਾਂ ਵਿੱਚ ਵੱਡੀ ਗਿਣਤੀ ਮਾਝੇ ਦੇ ਮਜ਼ਹਬੀ ਸਿੱਖ (ਰਵਿਦਾਸੀਆ ਸਿੱਖ, ਕਬੀਰ ਪੰਥੀ ਤੇ ਹੋਰ ਅਛੂਤ ਜਾਤੀਆਂ ਦੇ ਸਿੱਖ) ਸਨ, ਜੱਲਿਆਂ ਵਾਲੇ ਬਾਗ ’ਚ ਇੱਕਤਰ ਹੋਏ ਅਤੇ ਲਗਾਤਾਰ ਦੋ ਦਿਨ ਦੀਵਾਨ ਸਜਾਏ ਗਏ ਜਿਸ ਨੂੰ ਸੁੰਦਰ ਸਿੰਘ ਮਜੀਠੀਆ ਵਰਗੇ ਨਾਮੀ ਤੇ ਸਮਰੱਥਾਵਾਨ ਵਿਅਕਤੀਆਂ ਨੇ ਥਾਪੜਾ ਵੀ ਦਿੱਤਾ ਸੀ। ਉਹ 11 ਅਕਤੂਬਰ 1920 ਦੇ ਦਿਨ ਦੀਵਾਨ ’ਚ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨਾਲ ਸ਼ਾਮਿਲ ਵੀ ਹੋਏ। 12 ਅਕਤੂਬਰ 1920 ਨੂੰ ਵੱਡੇ ਇੱਕਠ ਦੇ ਰੂਪ ’ਚ ਦਲਿਤ ਸਿੱਖ ਮਤਾਬ ਸਿੰਘ ਬੀਰ (ਮੁਖੀ ‘ਖਾਲਸਾ ਬਰਾਦਰੀ’) ਜੋ ਅਛੂਤ ਸਿੱਖਾਂ ਦੀ ਜਥੇਬੰਦੀ ਦੇ ਮੁਖੀ ਸਨ ਅਤੇ ਮਜ਼ਹਬੀ ਸਿੱਖ ਆਗੂ ਢੇਰਾ ਸਿੰਘ, ਜੋ ਮਾਰਚ ਦੀ ਅਗਵਾਈ ਕਰ ਰਹੇ ਸਨ, ਦਰਬਾਰ ਸਾਹਿਬ ਪਹੁੰਚੇ। ਇਨ੍ਹਾਂ ਦਾ ਸਾਥ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ ਤੇ ਵਿਦਿਆਰਥੀਆਂ ਤੋਂ ਇਲਾਵਾ ‘ਅਕਾਲੀ ਦਲ ਖਰਾ ਸੌਦਾ ਬਾਰ’ ਦੇ ਅਹੁਦੇਦਾਰਾਂ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਆਦਿ ਨੇ ਦਿੱਤਾ। ਦਰਬਾਰ ਸਾਹਿਬ ਦੇ ਅੰਦਰ ਅਛੂਤ ਸਿੱਖਾਂ ਦੀ ਅਰਦਾਸ ਕਰਨ ਤੇ ਕੜਾਹ ਪ੍ਰਸ਼ਾਦ ਨੂੰ ਪ੍ਰਵਾਨ ਕਰਨ ਨੂੰ ਲੈ ਕੇ ਇਨ੍ਹਾਂ ਸਿੱਖ ਆਗੂਆਂ ਅਤੇ ਪੁਜਾਰੀ ਮਹੰਤਾਂ ਵਿਚਕਾਰ ਕਾਫ਼ੀ ਬਹਿਸ ਹੋਈ, ਅੰਤ ਫੈਸਲਾ ਗੁਰੂ ਗ੍ਰੰਥ ਸਾਹਿਬ ’ਤੇ ਛੱਡ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲਿਆ ਗਿਆ। ਇਹ ਵਾਕ ਗੁਰੂ ਅਮਰਦਾਸ ਜੀ ਦੀ ਬਾਣੀ (638) ’ਚੋਂ ਆਇਆ- ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਇ॥ ਅਛੂਤ ਸਿੱਖਾਂ ਦੇ ਹੱਕ ਵਿਚ ਰਿਹਾ। ਫਿਰ ਅਰਦਾਸ ਹੋਈ, ਕੜਾਹ ਪ੍ਰਸ਼ਾਦ ਵਰਤਾਇਆ ਗਿਆ, ਸੰਗਤ ਉਸੇ ਤਰ੍ਹਾਂ ਅਕਾਲ ਤਖਤ ਸਾਹਿਬ ਪਹੁੰਚੀ।
ਦਰਬਾਰ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਵਾਲੀ ਘਟਨਾ ਨੂੰ ਸੁਣ ਕੇ ਪੁਜਾਰੀ ਉਥੋਂ ਭੱਜ ਗਏ ਸਨ, ਜੋ ਬੁਲਾਉਣ ’ਤੇ ਵੀ ਵਾਪਿਸ ਨਾ ਪਹੁੰਚੇ। ਇਸ ਉਪਰੰਤ ਕਰਤਾਰ ਸਿੰਘ ਝੱਬਰ ਅਤੇ ਹੋਰ ਆਗੂ ਸਿੱਖਾਂ ਨੇ ਉਥੋਂ ਦੀ ਸੇਵਾ ਸੰਭਾਲਣ ਲਈ 17 ਮੈਂਬਰੀ ਕਮੇਟੀ (ਕੁਝ ਲੇਖਕ 25 ਲਿਖਦੇ ਹਨ) ਬਣਾ ਕੇ ਤੇਜਾ ਸਿੰਘ ਭੁੱਚਰ ਨੂੰ ਕਮੇਟੀ ਦਾ ਜਥੇਦਾਰ ਬਣਾਇਆ। ਇਸ 17 ਮੈਂਬਰੀ ਕਮੇਟੀ ਵਿੱਚੋਂ 10 ਮਜ਼ਹਬੀ ਸਿੱਖ ਤੇ ਰਾਮਦਾਸੀਆ ਸਿੱਖ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਬਜ਼ਾ ਕਰਨ ਵੇਲੇ ਉਥੇ ਮੌਜੂਦ ਸਿੱਖ ਆਗੂਆਂ ਨੇ ਡਾ. ਸੈਫੂਦੀਨ ਕਿਚਲੂ ਦੀ ਵੀ ਸਲਾਹ ਲਈ, ਜਿਸ ਨੇ ਇਸ ਕਦਮ ਨੂੰ ਠੀਕ ਦੱਸਿਆ। ਬਾਹਰ ਇਸ ਗੱਲ ਦਾ ਰੌਲਾ ਸੀ ਕਿ ਅਕਾਲ ਤਖ਼ਤ ’ਤੇ ਮਜ਼ਹਬੀਆਂ ਨੇ ਕਬਜ਼ਾ ਕਰ ਲਿਆ ਹੈ। ਇਸ ਦਿਨ ਤੋਂ ਅਕਾਲ ਤਖਤ ਦੇ ‘ਜਥੇਦਾਰ’ ਦਾ ਅਹੁਦਾ ਪਹਿਲੀ ਵਾਰ ਹੋਂਦ ’ਚ ਆਇਆ। ਇਹ ਘਟਨਾ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਦਾ ਫਲਸਰੂਪ ਸੀ।
ਕਰਤਾਰ ਸਿੰਘ ਝੱਬਰ ਨੇ ਪ੍ਰਸਤਾਵ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਨੂੰ ਗ੍ਰੰਥੀ ਸਿੰਘ ਤੋਂ ਬਿਨਾਂ ਛੱਡਿਆ ਨਹੀਂ ਜਾ ਸਕਦਾ ਅਤੇ 25 ਵਾਲੰਟੀਅਰਾਂ ਨੂੰ ਅਪੀਲ ਕੀਤੀ ਜੋ ਤਖ਼ਤ ਵਿਖੇ ਸਮਾਗਮਾਂ ਦੀ ਨਿਗਰਾਨੀ ਕਰਨਗੇ। ਸ਼ੁਰੂਆਤੀ ਸਮੂਹ ਜਿਸ ਵਿੱਚੋਂ 10 ਦਲਿਤ ਸਨ, ਅਗਲੇ ਮਹੀਨੇ ਸ਼੍ਰੋਮਣੀ ਕਮੇਟੀ ਵਜੋਂ ਉੱਭਰ ਕੇ ਸਾਹਮਣੇ ਆਇਆ। ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਇਤਿਹਾਸਕ ਗੁਰਦੁਆਰਾ ਸੁਧਾਰ ਲਹਿਰ ਦੀ ਨੀਂਹ ਰੱਖੀ ਗਈ ਅਤੇ ਇਸ ਤੋਂ ਬਾਅਦ ਵਿਚ ਅਕਾਲੀ ਦਲ ਦਾ ਜਨਮ ਹੋਇਆ।
ਦਲਿਤਾਂ ਦੇ ਕਿਸੇ ਅਜਿਹੇ ਸਥਾਨ ਉੱਤੇ ਦਾਖਲ ਹੋਣ ’ਤੇ ਪਾਬੰਦੀਆਂ ਕਦੋਂ ਲਾਗੂ ਕੀਤੀਆਂ ਗਈਆਂ ਸਨ? ਇਹ ਪਾਬੰਦੀਆਂ ਕਿਉਂ ਲਗਾਈਆਂ ਗਈਆਂ ਅਤੇ ਕਿਸ ਨੇ ਲਗਾਈਆਂ?
ਇਤਿਹਾਸਕ ਸਬੂਤ ਦੱਸਦੇ ਹਨ ਕਿ ਇਸ ਪ੍ਰਥਾ ਦੀਆਂ ਜੜ੍ਹਾਂ ਦਾ ਪਤਾ 18ਵੀਂ ਸਦੀ ਦੇ ਖਾਸ ਹਾਲਾਤ ਵਿਚ ਪਾਇਆ ਜਾ ਸਕਦਾ ਹੈ, ਜਦੋਂ ਸਿੱਖ ਕੌਮ ਮੁਗਲ ਸਾਮਰਾਜ ਦੇ ਸ਼ਕਤੀਸ਼ਾਲੀ ਸ਼ਾਸਕਾਂ ਵਿਰੁੱਧ ਹਥਿਆਰਬੰਦ ਲੜਾਈ ਵਿੱਚ ਸ਼ਾਮਿਲ ਸੀ। ਜੰਗਲਾਂ ਵਿਚ ਰਹਿੰਦੇ ਹਥਿਆਰਬੰਦ ਸਿੱਖ ਗੁਰੀਲੇ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰ ਸਕਦੇ ਸਨ।
ਦਰਬਾਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਗੁਰਦੁਆਰੇ ਸ਼ਾਂਤੀਵਾਦੀ ਸਨ ਅਤੇ ਉਦਾਸੀ ਤੇ ਨਿਰਮਲਾ ਸੰਪਰਦਾਵਾਂ ਦੇ ਪ੍ਰਬੰਧ ਅਧੀਨ ਆ ਗਏ ਸਨ। ਉਦਾਸੀ ਸੰਪਰਦਾ ਦੇ ਬਾਨੀ ਬਾਬਾ ਸ੍ਰੀ ਚੰਦ, ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ, ਇਸ ਲਈ ਸਿੱਖ ਇਸ ਸੰਪਰਦਾ ਦਾ ਸਤਿਕਾਰ ਕਰਦੇ ਸਨ। ਕਮਜ਼ੋਰ ਮੁਗਲ ਸ਼ਾਸਕਾਂ ਨੇ ਵੀ ਇਸ ਪੰਥ ਨੂੰ ਸਿੱਖ ਵਿਰੋਧ ਦੇ ਹਥਿਆਰਬੰਦ ਗੁਰੀਲਾ ਬੈਂਡਾਂ ਵਿਰੁੱਧ ਚਾਲ ਵਜੋਂ ਬਰਦਾਸ਼ਤ ਕੀਤਾ। ਉਦਾਸੀ ਸੰਪਰਦਾ ਦੇ ਮਹੰਤਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਨ ਵਿਚ ਜਾਤੀਵਾਦ ਸਮੇਤ ਕਈ ਹੋਰ ਰੀਤਾਂ ਨੂੰ ਦੁਬਾਰਾ ਚਾਲੂ ਕੀਤਾ।
ਅੰਗਰੇਜ਼ ਹਾਕਮਾਂ ਨੇ ਉੱਚ ਜਾਤੀ ਦੇ ਸਿੱਖਾਂ ਨੂੰ ਉਨ੍ਹਾਂ ਦੇ ਸਾਮਰਾਜੀ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਸਰਪ੍ਰਸਤੀ ਦੇ ਕੰਮਾਂ ਰਾਹੀਂ ਅੱਗੇ ਤਾਕਤ ਦਿੱਤੀ। ਇਸ ਰੁਝਾਨ ਦੇ ਇਤਿਹਾਸਕ ਸਿੱਟੇ ਵਜੋਂ ਗੁਰਦੁਆਰਿਆਂ ਵਿਚ ਸਿੱਖ ਗੁਰੂਆਂ ਦੀਆਂ ਸਮਾਨਤਾਵਾਦੀ ਸਿੱਖਿਆਵਾਂ ਦੇ ਵਿਰੁੱਧ ਦਲਿਤ ਸਿੱਖਾਂ ਨਾਲ ਵਿਤਕਰਾ ਕਰਨ ਦੀ ਪ੍ਰਥਾ ਦਾ ਸਿੱਟਾ ਨਿਕਲਿਆ। ਇਸ ਲਈ 12 ਅਕਤੂਬਰ 1920 ਵਾਲੇ ਪ੍ਰਸੰਗ ਵਿੱਚ ਇਹ ਮੁੜ ਵਿਚਾਰ ਕੀਤਾ ਜਾਵੇ ਕਿ ਸਿੱਖ ਸਿਧਾਂਤ ਨੂੰ ਕਿੱਥੇ, ਕਿਵੇਂ ਤੇ ਕਿਉਂ ਢਾਹ ਲੱਗ ਰਹੀ ਹੈ। ਮੌਜੂਦਾ ਸਮੇਂ ਵੀ ਇਹ ਦੇਖਣ ਵਿਚ ਆਇਆ ਹੈ ਕਿ 105 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਜਾਤ ਹੰਕਾਰੀ ਲੋਕ ਪਿੰਡਾਂ ’ਚ ਦਲਿਤਾਂ ਨਾਲ ਜ਼ਿਆਦਤੀਆਂ ਕਰਦੇ ਹਨ ਅਤੇ ਗੁਰਦੁਆਰਿਆ ’ਚੋਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਫਰਮਾਨ ਜਾਰੀ ਕਰਦੇ ਹਨ, ਗੁਰਦੁਆਰਿਆਂ ਤੇ ਪੰਚਾਇਤਾਂ ਦਾ ਇਸਤੇਮਾਲ ਦਲਿਤਾਂ ਖਿਲਾਫ ਮਤੇ ਪਾਉਣ ਲਈ ਕਰਦੇ ਹਨ। ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਅੱਖੋਂ ਉਹਲੇ ਕਰ ਕੇ ਵੱਖਰੇ ਬਾਟੇ, ਵੱਖਰੇ ਸਥਾਨ ਤੇ ਅਖੌਤੀ ਉੱਚ ਜਾਤਾਂ ਦੇ ਅੰਮ੍ਰਿਤ ਅਭਿਲਾਖੀਆਂ ਤੋਂ ਵੱਖ ਅੰਮ੍ਰਿਤ ਛਕਾਇਆ ਜਾਂਦਾ ਹੈ। ਕਈ ਸੰਪਰਦਾਵਾਂ ਦੇ ਡੇਰਿਆਂ ਜੋ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ਵੱਲੋਂ ਦਲਿਤ ਅੰਮ੍ਰਿਤਧਾਰੀ ਸਿੱਖਾਂ ਨੂੰ ਲੰਗਰ ਛਕਾਉਣ ਸਮੇਂ ਵੱਖਰੀ ਪੰਗਤ, ਵੱਖਰੇ ਭਾਂਡੇ ਦਿੱਤੇ ਜਾਂਦੇ ਹਨ ਜੋ ਪਹਿਲਾਂ ਹੀ ਵੱਖਰੇ ਰੱਖੇ ਹੁੰਦੇ ਹਨ। ਦਲਿਤਾਂ ਨੂੰ ਉਥੇ ਤਿਆਰ ਕੀਤੇ ਜਾਂਦੇ ਲੰਗਰ ਨੂੰ ਵਰਤਾਉਣ ਤੇ ਬਣਾਉਣ ’ਤੇ ਪਾਬੰਦੀ ਆਦਿ ਵਰਤਾਰਾ ਦੇਖਣ ’ਚ ਆਇਆ ਹੈ। ਗੁਰਦੁਆਰੇ ਜਾਤ ਆਧਾਰਿਤ ਉਸਾਰੇ ਜਾ ਰਹੇ ਹਨ; ਇੱਥੋਂ ਤੱਕ ਕਿ ਦਲਿਤਾਂ ਦੇ ਸ਼ਮਸ਼ਾਨਘਾਟ ਵੀ ਵੱਖਰੇ ਹਨ। ਦਲਿਤਾਂ ਦੇ ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਨਾ ਕਰਨ ਵਾਲੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਅੱਜ ਉੱਚ ਜਾਤ ਸਿੱਖਾਂ ਵੱਲੋਂ ਦਲਿਤ ਸਿੱਖਾਂ ਨੂੰ ਅਣਗੌਲਿਆ ਜਾ ਰਿਹਾ ਹੈ। ਉੱਚ ਜਾਤੀ ਵਾਲਿਆਂ ਨੂੰ ਅਖੌਤੀ ਉੱਚ ਜਾਤ ਦਾ ਅਭਿਮਾਨ ਛੱਡ ਕੇ, ਜਿਵੇਂ ਗੁਰੂ ਸਾਹਿਬਾਨ ਨੇ ਅਛੂਤ, ਦੱਬਿਆਂ-ਕੁਚਲਿਆਂ ਨੂੰ ਛਾਤੀ ਨਾਲ ਲਾਇਆ ਸੀ, ਉਸੇ ਤਰ੍ਹਾਂ ਆਪਣੇ ਗਲ ਨਾਲ ਲਾਉਣਾ ਚਾਹੀਦਾ ਹੈ। ਅੱਜ ਦੇ ਸਮਰੱਥ ਸਿੱਖ ਅਤੇ ਸਿੱਖ ਸੰਸਥਾਵਾਂ ਨੂੰ ਦਲਿਤਾਂ ਨੂੰ ਆਪਣੇ ਕਲਾਵੇ ’ਚ ਲੈ ਕੇ ਇਨ੍ਹਾਂ ਦਾ ਜੀਵਨ ਪੱਧਰ ਸੁਧਾਰਨ ਲਈ ਪੂਰੇ ਤਨ ਮਨ ਨਾਲ, ਗੁਰੂ ਸਾਹਿਬਾਨ ਦੇ ਸੰਕਲਪ ’ਤੇ ਦ੍ਰਿੜ੍ਹ ਰਹਿ ਕੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥’ ਉੱਤੇ ਚੱਲ ਕੇ, ਸਿੱਖ ਧਰਮ ਨੂੰ ਸਾਂਝੀਵਾਲਤਾ ਦਾ ‘ਸੰਸਾਰ ਧਰਮ’ ਬਣਾਉਣਾ ਚਾਹੀਦਾ ਹੈ।
ਸੰਪਰਕ: 93161-07093