DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਡੀ

ਸਰਕਾਰੀ ਅਧਿਆਪਕ ਵਜੋਂ ਪਹਿਲੀ ਨਿਯੁਕਤੀ ਇੱਕ ਅਧਿਆਪਕ ਵਾਲੇ ਸਕੂਲ ਵਿੱਚ ਹੋਈ ਸੀ। ਪੱਚੀ-ਤੀਹ ਘਰਾਂ ਵਾਲੇ ਪਿੰਡ ਦੇ ਬਾਹਰਵਾਰ ਪੰਚਾਇਤੀ ਜ਼ਮੀਨ ਵਿੱਚ ਨਵੀਂ ਬਣੀ ਦੋ ਕਮਰਿਆਂ ਦੀ ਇਮਾਰਤ ਦੇ ਆਲੇ-ਦੁਆਲੇ ਕੋਈ ਬਿਰਖ-ਬੂਟਾ ਨਹੀਂ ਸੀ। ਸਾਹਮਣੇ ਗੁਰਦੁਆਰੇ ਦੀ ਇਮਾਰਤ ਬਣ ਰਹੀ ਸੀ।...

  • fb
  • twitter
  • whatsapp
  • whatsapp
Advertisement

ਸਰਕਾਰੀ ਅਧਿਆਪਕ ਵਜੋਂ ਪਹਿਲੀ ਨਿਯੁਕਤੀ ਇੱਕ ਅਧਿਆਪਕ ਵਾਲੇ ਸਕੂਲ ਵਿੱਚ ਹੋਈ ਸੀ। ਪੱਚੀ-ਤੀਹ ਘਰਾਂ ਵਾਲੇ ਪਿੰਡ ਦੇ ਬਾਹਰਵਾਰ ਪੰਚਾਇਤੀ ਜ਼ਮੀਨ ਵਿੱਚ ਨਵੀਂ ਬਣੀ ਦੋ ਕਮਰਿਆਂ ਦੀ ਇਮਾਰਤ ਦੇ ਆਲੇ-ਦੁਆਲੇ ਕੋਈ ਬਿਰਖ-ਬੂਟਾ ਨਹੀਂ ਸੀ। ਸਾਹਮਣੇ ਗੁਰਦੁਆਰੇ ਦੀ ਇਮਾਰਤ ਬਣ ਰਹੀ ਸੀ। ਪਹਿਲੀ ਤੋਂ ਪੰਜਵੀਂ ਤੱਕ ਪੰਜ ਜਮਾਤਾਂ ਦੇ ਛੱਬੀ ਬੱਚੇ ਅਤੇ ਪੜ੍ਹਾਉਣ ਵਾਲਾ ਮੈਂ ਇਕੱਲਾ ਅਧਿਆਪਕ ਸਾਂ।

ਬੱਚਿਆਂ ਨੂੰ ਆਪਣੀ ਜਾਣ-ਪਛਾਣ ਕਰਵਾ ਰਿਹਾ ਸੀ ਤਾਂ ਦੋ ਵੱਡੇ ਬੱਚੇ ਚੁੱਪ-ਚੁਪੀਤੇ ਉੱਠ ਕੇ ਪਿੰਡ ਵੱਲ ਚਲੇ ਗਏ। ਥੋੜ੍ਹੇ ਚਿਰ ਬਾਅਦ ਵਾਪਸ ਮੁੜੇ ਤਾਂ ਇੱਕ ਦੇ ਹੱਥ ਵਿੱਚ ਗੜਵੀ ਅਤੇ ਦੂਜੇ ਨੇ ਲਿਫਾਫਾ ਫੜਿਆ ਹੋਇਆ ਸੀ ਜੋ ਉਨ੍ਹਾਂ ਮੇਰੇ ਸਾਹਮਣੇ ਪਏ ਮੇਜ਼ ਉੱਪਰ ਰੱਖ ਦਿੱਤੇ। ਦੂਜੇ ਕਮਰੇ ਵਿੱਚੋਂ ਪਿੱਤਲ ਦਾ ਗਿਲਾਸ ਲਿਆ ਕੇ ਗੜਵੀ ਵਿੱਚੋਂ ਜਦੋਂ ਉਨ੍ਹਾਂ ਚਾਹ ਉਲੱਦੀ ਤਾਂ ਮੈਨੂੰ ਸਮਝ ਆਈ ਕਿ ਉਹ ਘਰ ਤੋਂ ਮੇਰੇ ਲਈ ਚਾਹ-ਨਾਸ਼ਤਾ ਲੈਣ ਗਏ ਸਨ। ਅਖ਼ਬਾਰ ਦੇ ਬਣੇ ਲਿਫਾਫੇ ਵਿੱਚ ਘਰ ਦੇ ਦੇਸੀ ਘਿਉ ਦੀਆਂ ਬਣੀਆਂ ਦੋ ਪਿੰਨੀਆਂ ਸਨ।

Advertisement

ਬੱਚੇ ਚਾਹ ਲੈਣ ਗਏ ਮੇਰੇ ਆਉਣ ਬਾਰੇ ਦੱਸ ਆਏ ਸਨ। ਥੋੜ੍ਹੇ ਚਿਰ ਬਾਅਦ ਪਿੰਡ ਦਾ ਸਰਪੰਚ ਅਤੇ ਇੱਕ ਹੋਰ ਨੌਜਵਾਨ ਮੈਨੂੰ ਮਿਲਣ ਆ ਗਏ। ਨੌਜਵਾਨ ਮੇਰਾ ਜਮਾਤੀ ਸੀ, ਇਸ ਕਰ ਕੇ ਜਾਣ-ਪਛਾਣ ਕਰਵਾਉਣ ਦੀ ਜ਼ਰੂਰਤ ਨਹੀਂ ਪਈ। ਗੱਲੀਂ-ਬਾਤੀਂ ਮੈਂ ਸਕੂਲ ਦਾ ਵਿਹੜਾ ਸੰਵਾਰਨ ਲਈ ਸਰਪੰਚ ਤੋਂ ਸਹਿਯੋਗ ਮੰਗਿਆ। ਉਨ੍ਹਾਂ ਵਾਅਦਾ ਕੀਤਾ ਕਿ ਵਿਹੜੇ ਦੀ ਚਾਰਦੀਵਾਰੀ ਥੋੜ੍ਹੇ ਦਿਨਾਂ ਵਿੱਚ ਕਰਵਾ ਦੇਣਗੇ।

Advertisement

ਨਵਾਂ-ਨਵਾਂ ਸਿਖਲਾਈ ਲੈ ਕੇ ਆਇਆ ਹੋਣ ਕਰ ਕੇ ਮੈਨੂੰ ਕੰਮ ਕਰਨ ਦਾ ਚਾਅ ਸੀ। ਮੈਂ ਇੱਕ-ਇੱਕ ਬੱਚੇ ਦੇ ਗਿਆਨ ਦਾ ਪੱਧਰ ਜਾਚਿਆ ਅਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪੰਜ ਜਮਾਤਾਂ ਨੂੰ ਇਕੱਠਾ ਤਾਂ ਪੜ੍ਹਾਇਆ ਨਹੀਂ ਜਾ ਸਕਦਾ, ਪੰਜਵੀਂ ਦੇ ਬੱਚਿਆਂ ਨੂੰ ਸਬਕ ਦੇ ਕੇ ਮੈਂ ਚੌਥੀ ਨੂੰ ਸੰਭਾਲਦਾ ਅਤੇ ਪੰਜਵੀਂ ਦੇ ਤਿੰਨ ਹੁਸ਼ਿਆਰ ਬੱਚੇ ਪਹਿਲੀ, ਦੂਜੀ, ਤੀਜੀ ਜਮਾਤ ਨੂੰ ਪੜ੍ਹਾਉਂਦੇ। ਹਫਤਾ ਕੁ ਬੀਤਿਆ ਤਾਂ ਸਕੂਲ ਦੀ ਚਾਰਦੀਵਾਰੀ ਹੋਣੀ ਸ਼ੁਰੂ ਹੋ ਗਈ। ਮੈਨੂੰ ਕਮਰਿਆਂ ਦਾ ਆਲਾ-ਦੁਆਲਾ ਉਜਾੜ ਜਿਹਾ ਮਹਿਸੂਸ ਹੋਵੇ। ਪਿੰਡ ਵਿੱਚ ਇੱਕ ਕਿਸਾਨ ਕੋਲ ਹੀ ਟਰੈਕਟਰ ਸੀ। ਟਰੈਕਟਰ ਮਾਲਕ ਨੂੰ ਬੇਨਤੀ ਕਰ ਕੇ ਊਭੜ-ਖਾਬੜ ਵਿਹੜਾ ਵਹਾ ਕੇ ਸੁਹਾਗਾ ਫਿਰਵਾਇਆ। ਸਬੱਬੀਂ ਦੂਜੇ ਦਿਨ ਹਲਕਾ ਜਿਹਾ ਮੀਂਹ ਪੈ ਗਿਆ। ਮੇਰੇ ਮਨ ਨੂੰ ਵਿਹੜਾ ਹਰਿਆ-ਭਰਿਆ ਦੇਖਣ ਦੀ ਅੱਚੋਆਈ ਲੱਗੀ ਹੋਈ ਸੀ। ਵਿਉਂਤ ਬਣਾਈ ਕਿ ਬੱਚਿਆਂ ਨੂੰ ਨਾਲ ਲਗਾ ਕੇ ਕਿਆਰੀਆਂ ਬਣਾ ਕੇ ਸਜਾਵਟੀ ਬੂਟੇ ਲਾਏ ਜਾਣ। ਬੱਚੇ ਘਰਾਂ ਤੋਂ ਕਹੀਆਂ-ਰੰਬੇ ਲੈ ਆਏ। ਬੱਚਿਆਂ ਦੀਆਂ ਫੱਟੀਆਂ ਨਾਲ ਮਿੱਟੀ ਖਿੱਚ-ਖਿੱਚ ਚਾਰ ਦਿਨਾਂ ਵਿੱਚ ਸਾਰਾ ਵਿਹੜਾ ਇੱਕਸਾਰ ਕਰ ਲਿਆ।

ਫਿਰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕਹਿ ਕੇ ਲੋੜ ਜੋਗੀਆਂ ਇੱਟਾਂ ਲੈ ਕੇ ਕਿਆਰੀਆਂ ਬਣਾਈਆਂ। ਫੁੱਲਦਾਰ ਬੂਟਿਆਂ ਦੀ ਪਨੀਰੀ ਲਗਾ ਦਿੱਤੀ। ਅੱਧਾ ਘੰਟਾ ਫੁਲਵਾੜੀ ਦੀ ਸੰਭਾਲ ਲਈ ਰੱਖ ਲਿਆ। ਬੱਚੇ ਵਾਰੀ-ਵਾਰੀ ਨਲਕਾ ਗੇੜ ਕੇ ਬੂਟਿਆਂ ਨੂੰ ਪਾਣੀ ਲਗਾ ਕੇ ਖੁਸ਼ੀ ਮਹਿਸੂਸ ਕਰਦੇ, ਗੋਡੀ ਕਰਦੇ, ਛੁੱਟੀ ਤੋਂ ਬਾਅਦ ਵੀ ਵਾਰੀ-ਵਾਰੀ ਪਹਿਰੇਦਾਰੀ ਕਰਦੇ।

ਇੱਕ ਦਿਨ ਮੈਂ ਸਕੂਲ ਪਹੁੰਚਿਆ ਤਾਂ ਸਾਰੇ ਬੱਚੇ ਕਿਆਰੀ ਦੁਆਲੇ ਝੁਰਮਟ ਬਣਾ ਕੇ ਖੜ੍ਹੇ ਸਨ। ਮੈਨੂੰ ਦੇਖ ਕੇ ਖਿੰਡਰ ਗਏ ਪਰ ਬੋਲਿਆ ਕੋਈ ਨਾ। ਕਿਆਰੀ ਵੱਲ ਨਜ਼ਰ ਗਈ ਤਾਂ ਦੇਖਿਆ ਕਿ ਅੱਠ-ਦਸ ਫੁੱਲ ਲੱਗੇ ਬੂਟੇ ਵੱਢੇ ਪਏ ਸਨ। ਛੋਟੇ-ਛੋਟੇ ਬੱਚਿਆਂ ਦੀ ਮਿਹਨਤ ਨਾਲ ਪਾਲੇ ਬੂਟਿਆਂ ਦਾ ਇਹ ਹਾਲ ਦੇਖ ਕੇ ਮਨ ਰੋ ਪਿਆ। ਬੱਚੇ ਕਤਾਰਾਂ ਵਿੱਚ ਬੈਠ ਚੁੱਕੇ ਸਨ, ਮੈਂ ਵੀ ਕੁਰਸੀ ’ਤੇ ਬੈਠ ਗਿਆ। ਕਾਫੀ ਸਮਾਂ ਮੈਂ ਬੋਲ ਨਾ ਸਕਿਆ, ਸਵਾਲੀਆ ਨਜ਼ਰਾਂ ਬੱਚਿਆਂ ਤੋਂ ਕਾਰਨ ਪੁੱਛਦੀਆਂ ਰਹੀਆਂ। ਸਭ ਬੱਚੇ ਚੁੱਪ ਸਨ ਪਰ ਉਨ੍ਹਾਂ ਦੇ ਮਨਾਂ ਦੀ ਉਦਾਸੀ ਚਿਹਰਿਆਂ ਤੋਂ ਝਲਕਦੀ ਸੀ। ਆਖਿ਼ਰ ਮੈਂ ਪੁੱਛਿਆ, “ਤੁਹਾਡੇ ਵਿੱਚੋਂ ਕਿਸੇ ਨੂੰ ਬੂਟੇ ਵੱਢਣ ਵਾਲੇ ਬਾਰੇ ਪਤਾ ਹੈ?” ਕੋਈ ਨਹੀਂ ਬੋਲਿਆ। ਪੰਜ-ਸੱਤ ਮਿੰਟ ਦੀ ਚੁੱਪ ਤੋਂ ਬਾਅਦ ਪਹਿਲੀ ਜਮਾਤ ਦਾ ਛੋਟਾ ਜਿਹਾ ਬੱਚਾ ਅੱਖਾਂ ਅੱਗੇ ਬਾਂਹ ਕਰ ਕੇ ਭੁੱਬੀਂ ਰੋਂਦਾ ਖੜ੍ਹਾ ਹੋ ਗਿਆ। ਤੋਤਲੀ ਆਵਾਜ਼ ਵਿੱਚ ਬੋਲਿਆ, “ਜੀ ਮੈਂ ਵੱਢੇ ਆ।” ਮੇਰੇ ‘ਕਿਉਂ’ ਦੇ ਸਵਾਲ ’ਤੇ ਕਹਿਣ ਲੱਗਾ, “ਜੀ ਮੈਂ ਸਵੇਰੇ-ਸਵੇਰੇ ਰੰਬੇ ਨਾਲ ਗੋਡੀ ਕੀਤੀ ਸੀ।”

ਬੂਟੇ ਵੱਢਣ ਦਾ ਦੁੱਖ ਭੁੱਲ ਕੇ ਮੈਂ ਉਸ ਮਾਸੂਮ ਬੱਚੇ ਨੂੰ ਕਲਾਵੇ ਵਿੱਚ ਲੈ ਲਿਆ। ਉਸ ਦੇ ਮੂੰਹੋਂ ਸੱਚ ਬੋਲਣ ਦੀ ਜੁਰਅਤ ਨੇ ਮੇਰਾ ਦਿਲ ਜਿੱਤ ਲਿਆ ਸੀ।

ਸੰਪਰਕ: 98728-30235

Advertisement
×