ਕਿਸਾਨਾਂ ਲਈ ਗਿਆਨ ਪ੍ਰਾਪਤੀ ਦੇ ਸੋਮੇ ਕਿਸਾਨ ਮੇਲੇ
ਡਾ. ਸਤਬੀਰ ਸਿੰਘ ਗੋਸਲ* ਡਾ. ਰਣਜੀਤ ਸਿੰਘ**
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦੇ ਕਿਸਾਨ ਅਗਾਂਹਵਧੂ ਹਨ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਾਰੀ ਧਰਤੀ ਸੇਂਜੂ ਹੋਣ ਨਾਲ ਖੇਤੀ ਵਿੱਚ ਨਵੇਂ ਤਜਰਬੇ ਕੀਤੇ ਜਾ ਸਕਦੇ ਹਨ। ਇਸੇ ਕਰ ਕੇ ਕਿਸਾਨਾਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਨੇੜਲੇ ਸਬੰਧ ਹਨ। ਇਥੋਂ ਗਿਆਨ ਪ੍ਰਾਪਤ ਕਰ ਕੇ ਕਿਸਾਨਾਂ ਨੇ ਦੇਸ਼ ਵਿੱਚ ਹਰਾ ਇਨਕਲਾਬ ਸਿਰਜਿਆ ਅਤੇ ਲੋਕਾਈ ਨੂੰ ਭੁੱਖਮਰੀ ਤੋਂ ਬਚਾਇਆ। ਗਿਆਨ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਇਨ੍ਹਾਂ ਮੇਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਉਂਦੇ ਹਨ। ਅਜਿਹਾ ਹੋਰ ਕਿਸੇ ਸੰਸਥਾ ਵਿੱਚ ਨਹੀਂ ਹੁੰਦਾ।
ਯੂਨੀਵਰਸਿਟੀ ਨੇ ਖੇਤੀ ਵਿੱਚ ਆਪਣੇ ਅਹਿਮ ਯੋਗਦਾਨ ਦੇ ਨਾਲ-ਨਾਲ ਰੁੱਖਾਂ ਦੀ ਸਾਂਭ-ਸੰਭਾਲ ਵੱਲ ਵੀ ਧਿਆਨ ਦਿੱਤਾ ਹੈ। ਇਸ ਪੱਖੋਂ ਯੂਨੀਵਰਸਿਟੀ ਨੂੰ ਪੰਜਾਬ ਦੀ ਸਭ ਤੋਂ ਸੁੰਦਰ ਸੰਸਥਾ ਗਿਣਿਆ ਗਿਆ ਹੈ। ਇਥੋਂ ਦਾ ਹਰ ਵਿਦਿਆਰਥੀ ਇੱਕ ਰੁੱਖ ਪਾਲਦਾ ਹੈ। ਇੱਥੋਂ ਦੇ ਸਾਰੇ ਘਰਾਂ ਵਿੱਚ ਫਲਦਾਰ ਬੂਟੇ ਹਨ।
ਦੇਖਣ ਵਿੱਚ ਆਇਆ ਹੈ ਕਿ ਮੇਲੇ ਵਿੱਚ ਆ ਕੇ ਕਿਸਾਨਾਂ ਦੀ ਮੁੱਖ ਰੁਚੀ ਨਵੇਂ ਬੀਜ ਖਰੀਦਣ ਵਿੱਚ ਹੀ ਹੁੰਦੀ ਹੈ। ਆਪਣੀਆਂ ਖੇਤੀ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਉਹ ਬਹੁਤ ਘੱਟ ਵਿਚਾਰ ਵਟਾਂਦਰਾ ਕਰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਰਸਾਇਣਾਂ ਦੀ ਵਰਤੋਂ ਫ਼ਸਲਾਂ ਉਤੇ ਕਿਸੇ ਕੀੜੇ ਜਾਂ ਬਿਮਾਰੀ ਦੇ ਹਮਲੇ ਸਮੇਂ ਦੁਕਾਨਦਾਰਾਂ ਦੀ ਸਲਾਹ ਨਾਲ ਹੀ ਕਰਦੇ ਹਨ। ਇਸ ਨਾਲ ਜਿੱਥੇ ਖਰਚੇ ਵਿੱਚ ਵਾਧਾ ਹੁੰਦਾ ਹੈ ਉਥੇ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ।
ਕਿਸਾਨਾਂ ਨੂੰ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਮਾਹਿਰਾਂ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਵੱਲੋਂ ਹਰ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਏ ਗਏ ਹਨ। ਲੋੜ ਸਮੇਂ ਉਥੋਂ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਯੂਨੀਵਰਸਿਟੀ ਨੂੰ ਮੁੜ ਸ਼ਿੰਗਾਰਨ ਦਾ ਕੰਮ ਅਰੰਭਿਆ ਗਿਆ ਹੈ। ਯੂਨੀਵਰਸਿਟੀ ਦੇ ਫ਼ੈਸਲੇ ਅਨੁਸਾਰ ਇੱਥੇ ਦਾਖਲ ਹੋਣ ਵਾਲਾ ਹਰ ਵਿਦਿਆਰਥੀ ਇੱਕ ਰੁੱਖ ਲਗਾਏਗਾ ਅਤੇ ਜਿੰਨਾ ਸਮਾਂ ਉਹ ਯੂਨੀਵਰਸਿਟੀ ਵਿੱਚ ਰਹੇਗਾ, ਰੁੱਖ ਦੀ ਸਾਂਭ-ਸੰਭਾਲ ਉਸ ਦੀ ਜ਼ੁੰਮੇਵਾਰੀ ਹੋਵੇਗੀ। ਕਿਸਾਨ ਵੀ ਇਸ ਤੋਂ ਪ੍ਰੇਰਨਾ ਲੈ ਸਕਦੇ ਹਨ ਅਤੇ ਪਿੰਡ ਵਿੱਚ ਹਰ ਪਰਿਵਾਰ ਇੱਕ ਰੁੱਖ ਲਗਾਉਣ ਅਤੇ ਉਸ ਦੀ ਸਾਂਭ-ਸੰਭਾਲ ਕਰਨ ਦਾ ਫੈਸਲਾ ਕਰ ਸਕਦਾ ਹੈ। ਇੰਝ ਪੰਜਾਬ ਮੁੜ ਹਰਿਆ ਭਰਿਆ ਹੋ ਜਾਵੇਗਾ ਅਤੇ ਵਧ ਰਹੀ ਤਪਸ਼ ਨੂੰ ਠੱਲ੍ਹ ਪਾਈ ਜਾ ਸਕੇਗੀ ਕਿਉਂਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੁੰਦਾ ਹੈ।
ਯੂਨੀਵਰਸਿਟੀ ਨੇ ਕੁਝ ਨਵੇਂ ਉਪਰਾਲੇ ਕਰਨ ਦਾ ਫ਼ੈਸਲਾ ਕੀਤਾ ਹੈ। ਯੂਨੀਵਰਸਿਟੀ ਵਿੱਚ ਸਮਾਰਟ ਖੇਤੀਬਾੜੀ ਲਈ ਡਿਜੀਟਲ ਤਕਨਾਲੋਜੀ ਪਾਰਕ ਬਣਾਈ ਜਾ ਰਹੀ ਹੈ। ਇਸ ਵਿੱਚ ਸੈਂਸਰ ਆਧਾਰਿਤ ਸਵੈ-ਚਾਲਿਤ ਸਿੰਜਾਈ ਪ੍ਰਬੰਧ, ਸਵੈ-ਚਾਲਿਤ ਮੌਸਮ ਕੇਂਦਰ, ਖੇਤੀ ਵਿੱਚ ਡਰੋਨ ਦੀ ਵਰਤੋਂ, ਮਸ਼ੀਨ ਸਿਖਲਾਈ ਆਧਾਰਿਤ ਸੂਖਮ ਸਹਿਯੋਗੀ ਪ੍ਰਬੰਧ ਆਦਿ ਸ਼ਾਮਿਲ ਕੀਤਾ ਜਾਵੇਗਾ।
ਭਾਰਤ ਸਰਕਾਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦੇ ਰਹੀ ਹੈ ਪਰ ਪੰਜਾਬ ਵਿੱਚ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋਣ ਕਰ ਕੇ ਰੂੜ੍ਹੀ ਉਪਲਬਧ ਨਹੀਂ ਹੈ। ਫ਼ਸਲਾਂ ਤੋਂ ਵੱਧ ਝਾੜ ਲੈਣ ਲਈ ਕੁਦਰਤੀ ਖੇਤੀ ਦੇ ਢੰਗ ਤਰੀਕੇ ਵਿਕਸਤ ਕਰਨ ਬਾਰੇ ਵਿਸ਼ੇਸ਼ ਖੋਜ ਕੀਤੀ ਜਾਂਦੀ ਹੈ। ਜਦੋਂ 1967 ਵਿੱਚ ਮੇਲਾ ਸ਼ੁਰੂ ਹੋਇਆ ਸੀ, ਉਦੋਂ ਅਤੇ ਹੁਣ ਦੀ ਖੇਤੀ ਵਿੱਚ ਬਹੁਤ ਫ਼ਰਕ ਆ ਗਿਆ ਹੈ। ਵਿਭਾਗਾਂ ਦੇ ਸਟਾਲਾਂ ਵਿੱਚ ਬਹੁਤ ਸਾਰੇ ਚਾਰਟ ਲਗਾਏ ਜਾਂਦੇ ਹਨ ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਯਤਨ ਕੀਤਾ ਜਾਂਦਾ ਹੈ।
ਮੇਲੇ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਅਪੀਲ ਹੈ ਕਿ ਜੇ ਹੋ ਸਕੇ ਤਾਂ ਆਪਣੇ ਨਾਲ ਆਪਣੀਆਂ ਜੀਵਨ ਸਾਥਣਾਂ ਨੂੰ ਵੀ ਜ਼ਰੂਰ ਲਿਆਵੋ। ਉਨ੍ਹਾਂ ਦੇ ਸਿੱਖਣ ਲਈ ਵੀ ਬਹੁਤ ਕੁਝ ਹੈ। ਤੁਸੀਂ ਦੂਰੋਂ-ਦੂਰੋਂ ਪੈਸੇ ਖਰਚ ਕਰ ਕੇ ਆਉਂਦੇ ਹੋ, ਇਸ ਕਰ ਕੇ ਕੇਵਲ ਬੀਜ ਖਰੀਦ ਕੇ ਹੀ ਵਾਪਸ ਨਾ ਚਲੇ ਜਾਵੋ ਸਗੋਂ ਨਵੀਆਂ ਜਾਣਕਾਰੀਆਂ ਵਾਲੀਆਂ ਪ੍ਰਦਰਸ਼ਨੀਆਂ ਜ਼ਰੂਰ ਦੇਖੋ। ਸਿੱਧੀ ਬਿਜਾਈ ਵਾਲੇ ਕਣਕ ਦੇ ਖੇਤ, ਕੁਦਰਤੀ ਖੇਤੀ ਵਾਲੇ ਖੇਤ, ਪਰਾਲੀ ਦੀ ਸਾਂਭ-ਸੰਭਾਲ ਦੇ ਢੰਗ ਤਰੀਕਿਆਂ ਦੇ ਪ੍ਰਦਰਸ਼ਨ ਜ਼ਰੂਰ ਦੇਖੇ ਜਾਣ। ਬੀਬੀਆਂ ਨੂੰ ਭੋਜਨ ਵਿਗਿਆਨ ਅਤੇ ਕਮਿਊਨਿਟੀ ਕਾਲਜ ਦੀਆਂ ਪ੍ਰਦਰਸ਼ਨੀਆਂ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ। ਸਸਤਾ ਅਤੇ ਸੰਤੁਲਿਤ ਭੋਜਨ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਵਾਸੀਆਂ ਵਿੱਚ ਸੰਤੁਲਿਤ ਭੋਜਨ ਦੀ ਘਾਟ ਆ ਰਹੀ ਹੈ ਜਿਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪੈ ਰਿਹਾ ਹੈ।
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਹੈ। ਉਨ੍ਹਾਂ ਕਿਸਮਾਂ ਬਾਰੇ ਗਿਆਨ ਪ੍ਰਾਪਤ ਕਰੋ ਜਿਹੜੀਆਂ ਮੌਸਮੀ ਤਬਦੀਲੀਆਂ ਦਾ ਮੁਕਾਬਲਾ ਕਰ ਸਕਦੀਆਂ ਹਨ। ਵੱਧ ਝਾੜ ਦੇਣ ਵਾਲੀਆਂ ਸਰੋਂ ਰਾਇਆ ਅਤੇ ਤੋਰੀਏ ਦੀਆਂ ਕਿਸਮਾਂ ਦੇ ਖੇਤ ਦੇਖੋ। ਖੇਤੀ ਵਿੱਚ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਲਿਖ ਕੇ ਲਿਆਵੋ ਤਾਂ ਜੋ ਸਬੰਧਿਤ ਮਾਹਿਰ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਹੋ ਰਹੀ ਹੈ। ਸਬਜ਼ੀਆਂ ਦੇ ਬੀਜਾਂ ਵਾਲੀ ਕਿੱਟ ਜ਼ਰੂਰ ਲੈ ਕੇ ਜਾਵੋ ਅਤੇ ਬੰਬੀ ਲਾਗੇ ਸਬਜ਼ੀ ਬਗੀਚੀ ਬਣਾਈ ਜਾਵੇ।
ਭੋਜਨ ਵਿੱਚ ਸਬਜ਼ੀਆਂ ਦਾ ਹੋਣਾ ਜ਼ਰੂਰੀ ਹੈ ਪਰ ਇਨ੍ਹਾਂ ਦਾ ਪੂਰਾ ਲਾਭ ਘਰ ਦੀ ਤਾਜ਼ੀ ਸਬਜ਼ੀ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਫ਼ਲਦਾਰ ਬੂਟੇ ਅਜੇ ਵੀ ਲਗਾਏ ਜਾ ਸਕਦੇ ਹਨ। ਘੱਟੋ-ਘੱਟ ਨਿੰਬੂ ਅਤੇ ਅਮਰੂਦ ਦਾ ਇੱਕ-ਇੱਕ ਬੂਟਾ ਜ਼ਰੂਰ ਲੈ ਕੇ ਜਾਵੋ। ਅੰਬ ਅਤੇ ਕਿੰਨੂ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ।
ਯੂਨੀਵਰਸਿਟੀ ਦੀਆਂ ਕਿਤਾਬਾਂ ਦੇ ਸਟਾਲ ’ਤੇ ਜ਼ਰੂਰ ਜਾਵੋ ਅਤੇ ਆਪਣੀ ਲੋੜ ਅਨੁਸਾਰ ਕਿਤਾਬਾਂ ਖਰੀਦੋ। ਇਹ ਗਿਆਨ ਦਾ ਮੇਲਾ ਹੈ। ਇਥੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰ ਕੇ ਜਾਣਾ ਚਾਹੀਦਾ ਹੈ ਤਾਂ ਜੋ ਮੇਲੇ ਵਿੱਚ ਆਉਣ ਦਾ ਪੂਰਾ ਲਾਭ ਪ੍ਰਾਪਤ ਹੋ ਸਕੇ।
ਲੁਧਿਆਣੇ ਵਾਲਾ ਮੇਲਾ 21-22 ਮਾਰਚ ਨੂੰ ਹੋ ਰਿਹਾ ਹੈ। ਜੇ ਕਿਸੇ ਕਾਰਨ ਇਥੇ ਨਾ ਆਇਆ ਜਾ ਸਕੇ ਤਾਂ ਆਪਣੇ ਇਲਾਕੇ ਵਿੱਚ ਲੱਗਣ ਵਾਲੇ ਮੇਲੇ ਵਿੱਚ ਜ਼ਰੂਰ ਜਾਵੋ। ਅੰਮ੍ਰਿਤਸਰ ਨੇੜੇ ਨਾਗ ਕਲਾਂ ਵਿੱਚ ਕਿਸਾਨ ਮੇਲਾ 5 ਮਾਰਚ, ਬੱਲੋਵਾਲ ਸੌਂਖੜੀ (ਨਵਾਂ ਸ਼ਹਿਰ) 7 ਮਾਰਚ, ਫ਼ਰੀਦਕੋਟ 11 ਮਾਰਚ, ਗੁਰਦਾਸਪੁਰ 13 ਮਾਰਚ, ਬਠਿੰਡਾ 18 ਮਾਰਚ ਅਤੇ ਰੌਣੀ (ਪਟਿਆਲਾ) 25 ਮਾਰਚ ਨੂੰ ਲਗਾਇਆ ਜਾਵੇਗਾ। ਮੇਲੇ ਵਿੱਚ ਹੁੰਮ-ਹੁਮਾ ਕੇ ਆਵੋ, ਯੂਨੀਵਰਸਿਟੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
*ਉਪ ਕੁਲਪਤੀ ਪੀਏਯੂ, ਲੁਧਿਆਣਾ।
ਸੰਪਰਕ: *98140-91255 **94170-87328