ਤਰੱਕੀ ਦਾ ਰਾਹ ਕਿਸਾਨ ਮੇਲਾ
ਅੱਜ ਦੇ ਯੁੱਗ ਵਿੱਚ ਰਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਕੁਝ ਇਸੇ ਤਰ੍ਹਾਂ ਦਾ ਹੀ ਰੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਕਿਸਾਨ ਮੇਲਿਆਂ ਦੀ ਸ਼ੁਰੂਆਤ ਯੂਨੀਵਰਸਿਟੀ ਨੇ 1967 ਵਿੱਚ ਕੀਤੀ ਸੀ। ਹਰੀ ਕ੍ਰਾਂਤੀ ਨੂੰ ਸਫਲ ਬਣਾਉਣ ਵਿੱਚ ਇਨ੍ਹਾਂ ਕਿਸਾਨ ਮੇਲਿਆਂ ਨੇ ਦੀਵੇ ਦੀ ਬੱਤੀ ਵਾਲੀ ਭੂਮਿਕਾ ਨਿਭਾਈ ਅਤੇ ਹਰੀ ਕ੍ਰਾਂਤੀ ਦੇ ਦੀਵੇ ਨਾਲ ਰੋਸ਼ਨ ਹੋਏ ਮੁਲਕ ਦੇ ਹੱਥ ਫੜਿਆ ਠੂਠਾ ਛੁੱਟਿਆ। ਯੂਨੀਵਰਸਿਟੀ ਵੱਲੋਂ ਸਾਲ ਵਿੱਚ ਦੋ ਵਾਰ ਮੇਲੇ ਲਾਉਂਦੀ ਹੈ: ਸਾਉਣੀ ਦੀਆਂ ਫ਼ਸਲਾਂ ਸਬੰਧੀ ਮਾਰਚ ਅਤੇ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਸਤੰਬਰ ਦੇ ਮਹੀਨੇ। ਯੂਨੀਵਰਸਿਟੀ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਵਿੱਚ ਲਗਾਏ ਜਾਂਦੇ ਮੇਲਿਆਂ ਵਿੱਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ, ਇਨ੍ਹਾਂ ਮੇਲਿਆਂ ਪ੍ਰਤੀ ਉਤਸ਼ਾਹ ਦੀ ਤਸਵੀਰ ਪੇਸ਼ ਕਰਦੇ ਹਨ। ਕਿਸਾਨਾਂ ਦਾ ਇਨ੍ਹਾਂ ਮੇਲਿਆਂ ਵਿੱਚ ਭਾਗ ਲੈਣਾ ਪੰਜਾਬ ਦੀ ਵਿਕਾਸਮਈ ਕਿਰਸਾਨੀ ਸੋਚ ਦੀ ਜਿਊਂਦੀ ਜਾਗਦੀ ਮਿਸਾਲ ਹੈ।
ਯੂਨੀਵਰਸਿਟੀ ਦੇ ਕਿਸਾਨ ਮੇਲੇ ਸਤੰਬਰ ਮਹੀਨੇ ਸ਼ੁਰੂ ਹੋ ਜਾਂਦੇ ਹਨ। ਯੂਨੀਵਰਸਿਟੀ ਕੈਂਪਸ ਵਾਲਾ ਮੇਲਾ 26-27 ਸਤੰਬਰ ਨੂੰ ਲੱਗ ਰਿਹਾ ਹੈ। ਇਸ ਦੇ ਖੇਤਰੀ ਕੇਂਦਰਾਂ- ਫਰੀਦਕੋਟ ਅਤੇ ਬੱਲੋਵਾਲ ਸੌਖੜੀ ਵਿੱਚ ਮੇਲੇ ਲੱਗ ਚੁੱਕੇ ਹਨ। ਬਠਿੰਡਾ ਵਿੱਚ ਮੇਲਾ 30 ਸਤੰਬਰ ਨੂੰ ਲਾਇਆ ਜਾਵੇਗਾ। ਇਨ੍ਹਾਂ ਮੇਲਿਆਂ ਦਾ ਮੰਤਵ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਖੇਤੀਬਾੜੀ ਕਰਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਬੱਚਤ ਕਰਨਾ, ਖੇਤੀ ਲਾਗਤਾਂ ਘਟਾਉਣਾ, ਹੱਥੀਂ ਮਿਹਨਤ ਕਰਨ ਬਾਰੇ ਸੰਦੇਸ਼ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਨਿੱਤ ਜੀਵਨ ਦੇ ਖਰਚੇ ਕੱਢਣ ਲਈ ਸਹਾਇਕ ਧੰਦੇ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਆਪਣੀ ਫ਼ਸਲ ਦਾ ਖ਼ੁਦ ਮੰਡੀਕਰਨ ਕਰ ਕੇ ਵਿਚੋਲਿਆਂ ਦੀ ਲੁੱਟ ਤੋਂ ਬਚਾਉਣ ਬਾਰੇ ਜਾਗਰੂਕ ਕਰਨਾ ਵੀ ਇਨ੍ਹਾਂ ਮੇਲਿਆਂ ਦਾ ਉਦੇਸ਼ ਹੈ।
ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਖੋਜਾਂ ਤੇ ਤਕਨੀਕਾਂ ਬਾਰੇ ਜਾਗਰੂਕ ਕਰਨਾ ਅਤੇ ਆਉਣ ਵਾਲੀ ਰੁੱਤ ਲਈ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਨਾ ਇਨ੍ਹਾਂ ਮੇਲਿਆਂ ਦਾ ਅਹਿਮ ਪੱਖ ਹੁੰਦਾ ਹੈ। ਸੁਧਰੇ ਬੀਜਾਂ ਤੋਂ ਇਲਾਵਾ ਕਿਸਾਨਾਂ ਨੂੰ ਫ਼ਲਦਾਰ ਬੂਟੇ, ਸਬਜ਼ੀਆਂ ਤੇ ਫ਼ੁੱਲਾਂ ਦੇ ਬੀਜ ਤੇ ਪਨੀਰੀ ਵੀ ਮੁਹੱਈਆ ਕਰਵਾਏ ਜਾਂਦੇ ਹਨ। ਕਦਰਤੀ ਸਰੋਤਾਂ ਦੀ ਬੱਚਤ ਲਈ ਸਿੰਜਾਈ ਸਾਧਨਾ ਦੀ ਸੁਚੱਜੀ ਵਰਤੋਂ, ਮਿੱਟੀ ਤੇ ਪਾਣੀ ਦੀ ਪਰਖ, ਜੀਵਾਣੂ ਖਾਦਾਂ, ਮੌਸਮ ਦੀ ਅਗਾਊਂ ਜਾਣਕਾਰੀ ਦੀ ਮਹੱਤਤਾ ਬਾਰੇ ਵਿਚਾਰ-ਚਰਚਾ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗ ਫ਼ਸਲਾਂ, ਸਬਜ਼ੀਆਂ, ਫ਼ਲਾਂ, ਫੁੱਲਾਂ ਦੀਆਂ ਕਿਸਮਾਂ, ਪੈਦਾਵਾਰ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤੀ ਜਿਣਸਾਂ ਤੋਂ ਬਣਨ ਵਾਲੇ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਦੀਆਂ ਪ੍ਰਦਰਸ਼ਨੀਆਂ ਲਗਾਉਂਦੇ ਹਨ। ਖੇਤੀ ਮਸ਼ੀਨਰੀ ਦੀ ਵਰਤੋਂ ਅਤੇ ਸੰਭਾਲ ਬਾਰੇ ਜਾਣਕਾਰੀ ਕਿਸਾਨਾਂ ਲਈ ਲਾਹੇਵੰਦ ਸਿੱਧ ਹੰਦੀ ਹੈ।
ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨ ਮੇਲਿਆਂ ਵਿੱਚ ਲਗਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਖੇਤੀਬਾੜੀ ਦੇ ਹਰ ਪਹਿਲੂ ਵਿੱਚ ਸਮੇਂ ਅਨੁਸਾਰ ਹੋਈ ਤਰੱਕੀ ਦੀ ਗਵਾਹੀ ਭਰਦੀਆਂ ਹਨ। ਖੇਤੀਬਾੜੀ ਦੇ ਸੰਦ-ਸੰਦੇੜੇ ਅਤੇ ਮਸ਼ੀਨਰੀ ਦੀਆਂ ਸਟਾਲਾਂ ਕਿਸਾਨ ਨਵੇਂ ਆਏ ਆਧੁਨਿਕ ਸੰਦਾਂ ਦੀ ਜਾਣਕਾਰੀ ਮੁਹੱਈਆ ਕਰਦੀਆਂ ਹਨ। ਨਾਲ-ਨਾਲ, ਗ੍ਰਹਿ ਵਿਗਿਆਨ ਵਿਭਾਗ ਆਪਣੇ ਸਟਾਲਾਂ ’ਤੇ ਘਰੇਲੂ ਵਰਤੋਂ ਦੀਆਂ ਹੱਥ ਦੀਆਂ ਬਣੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਉਂਦਾ ਹੈ ਜੋ ਕਿਸਾਨ ਬੀਬੀਆਂ ਲਈ ਜਾਣਕਾਰੀ ਨਾਲ ਭਰਪੂਰ ਹੁੰਦੀ ਹੈ। ਕਿਸਾਨ ਬੀਬੀਆਂ ਨੂੰ ਘਰੇਲੂ ਵਸਤੂਆਂ ਜਿਵੇਂ ਸਿਲਾਈ, ਕਢਾਈ, ਅਚਾਰ, ਚਟਣੀਆਂ, ਮੁਰੱਬੇ ਆਦਿ ਬਣਾਉਣ ਦੀਆਂ ਵਿਧੀਆਂ ਅਤੇ ਇਨ੍ਹਾਂ ਦੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰ ਸਕਣ। ਪੌਸ਼ਟਿਕ ਭੋਜਨ ਬਾਰੇ ਵੀ ਦੱਸਿਆ ਜਾਂਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮਹੀਨਾਵਾਰ ਰਸਾਲਾ ‘ਚੰਗੀ ਖੇਤੀ’ ਪੰਜਾਬੀ ਵਿੱਚ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਅੰਗਰੇਜ਼ੀ ਵਿੱਚ ਹਰ ਮਹੀਨੇ ਖੇਤੀਬਾੜੀ ਨਾਲ ਸਬੰਧਿਤ ਜਾਣਕਾਰੀ ਲੈ ਕੇ ਆਉਂਦਾ ਹੈ। ਕਿਸਾਨ ਮੇਲੇ ਵਿੱਚ ਇਸ ਰਸਾਲੇ ਦੇ ਮੈਂਬਰ ਬਣਨ ਲਈ ਖ਼ਾਸ ਤੌਰ ’ਤੇ ਸਟਾਲ ਲੱਗਿਆ ਹੁੰਦਾ ਹੈ, ਜਿੱਥੇ ਕਿਸਾਨ ਰਸਾਲੇ ਦੀ ਮੈਂਬਰਸ਼ਿਪ ਲੈ ਸਕਦੇ ਹਨ। ਇਉਂ ਹਰ ਮਹੀਨੇ ਵਿਗਿਆਨਕ ਜਾਣਕਾਰੀ ਖ਼ੁਦ ਤੁਹਾਡੇ ਘਰ ਡਾਕ ਰਾਹੀਂ ਪਹੁੰਚ ਜਾਇਆ ਕਰੇਗੀ। ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀਆਂ ਕਾਸ਼ਤ ਤਕਨੀਕਾਂ ਲਈ ਯੂਨੀਵਰਸਿਟੀ ਵੱਲੋਂ ਛਪੀਆਂ ਕਿਤਾਬਾਂ ‘ਪੰਜਾਬ ਦੀਆਂ ਫ਼ਸਲਾਂ ਲਈ ਸਿਫਾਰਿਸ਼ਾਂ- ਸਾਉਣੀ/ਹਾੜ੍ਹੀ’ ਵੀ ਖਰੀਦੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਫ਼ਸਲ ਦੀ ਬਿਜਾਈ, ਸਿਫਾਰਿਸ਼ ਕੀਤੀਆਂ ਕਿਸਮਾਂ ਤੋਂ ਲੈ ਕੇ ਫ਼ਸਲ ਦੀ ਵਾਢੀ ਤੱਕ ਅਹਿਮ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਕਿਤਾਬਾਂ ਦੇ ਸਟਾਲ ਮੇਲਾ ਗਰਾਊਂਡ ਵਿੱਚ ਵੜਨ ਸਾਰ ਹੀ ਕਿਸਾਨ ਵੀਰਾਂ ਦੀ ਨਜ਼ਰੀਂ ਪੈਂ ਜਾਂਦੇ ਹਨ।
ਇਸ ਕਿਸਾਨ ਮੇਲੇ ਦੇ ਨਾਲ-ਨਾਲ ਦੋ ਦਿਨਾਂ ਪਸ਼ੂ ਪਾਲਣ ਮੇਲਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਇੰਸਸ ਯੂਨੀਵਰਸਿਟੀ ਵਿਚ ਲਗਾਇਆ ਜਾਂਦਾ ਹੈ। ਇਸ ਮੇਲੇ ਵਿਚ ਦੁਧਾਰੂ ਪਸ਼ੂਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਪਸ਼ੂ-ਧਨ ਪ੍ਰਦਰਨਸ਼ਨੀਆਂ ਦੀਆਂ ਸਟਾਲਾਂ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣਦੀਆਂ ਹਨ। ਚੰਗੀ ਨਸਲ ਦੀਆਂ ਮੱਝਾਂ, ਗਾਵਾਂ, ਬੱਕਰੀਆਂ, ਸੂਰ, ਮੁਰਗੀਆਂ, ਮੱਛੀਆਂ ਆਦਿ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪਸ਼ੂ ਮੇਲਾ ਗਰਾਊਂਡ ਪ੍ਰਦਰਸ਼ਨੀ ਵਿਚ ਸਾਂਝੀ ਕੀਤੀ ਜਾਂਦੀ ਹੈ। ਪਸ਼ੂਆਂ ਦੇ ਸੰਤੁਲਿਤ ਚਾਰੇ ਅਤੇ ਪੌਸ਼ਟਿਕਤਾ ਭਰਪੂਰ ਫੀਡ ਵੀ ਕਿਸਾਨ ਮੇਲੇ ’ਤੇ ਸਟਾਲਾਂ ਦਾ ਸ਼ਿੰਗਾਰ ਬਣਦੇ ਹਨ।
ਯੂਨੀਵਰਸਿਟੀ ਨੇ ‘ਖੇਤੀ ਸੰਦੇਸ਼’ ਨਾਮ ਦਾ ਡਿਜੀਟਲ ਅਖ਼ਬਾਰ ਜਾਰੀ ਕੀਤਾ ਹੈ, ਜੋ ਕਿਸਾਨਾਂ ਲਈ ਖੇਤੀ ਨਾਲ ਸਬੰਧਿਤ ਜਾਣਕਾਰੀ ਲੈ ਕੇ ਆਉਂਦਾ ਹੈ। ਇਹ ਸਿੱਧਾ ਤੁਹਾਡੇ ਮੋਬਾਇਲ ਫੋਨ ਉੱਪਰ ਪਹੁੰਚਦਾ ਹੈ। ਇਹ ਅਖ਼ਬਾਰ ਹਾਸਿਲ ਕਰਨ ਲਈ ਮੋਬਾਈਲ ਨੰਬਰ 8288057707 ’ਤੇ ਮਿਸ ਕਾਲ ਕਰੋ ਜਾਂ ਇਸੇ ਹੀ ਨੰਬਰ ’ਤੇ ਵ੍ਹਟਸਐਪ ਰਾਹੀਂ ਆਪਣਾ ਨਾਂ, ਪਿੰਡ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਮੈਸਜ ਕਰੋ। ਪਿਛਲੇ ਕਿਸਾਨ ਮੇਲੇ ’ਤੇ ਯੂਨੀਵਰਸਿਟੀ ਨੇ ਮੋਬਾਈਲ ਐਪ ‘ਪੀਏਯੂ ਕਿਸਾਨ ਐਪ’ ਵੀ ਮੁਹੱਈਆ ਕਰਵਾਈ ਸੀ ਜੋ ਕਿਸੇ ਵੀ ਸਮਾਰਟ ਫੋਨ ’ਤੇ ਡਾਊਨਲੋਡ ਕਰੀ ਜਾ ਸਕਦੀ ਹੈ। ਇਸ ਕਿਸਾਨ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਖੇਤੀਬਾੜੀ ਨਾਲ ਸਬੰਧਿਤ ਜ਼ਿਲ੍ਹਾ ਪੱਧਰੀ ਜਾਣਕਾਰੀ ਪੰਜਾਬੀ ਵਿੱਚ ਮੁਹੱਈਆ ਕਰਵਾਈ ਗਈ ਹੈ।
ਯੂਨੀਵਰਸਿਟੀ ਕਿਸਾਨਾਂ ਨੂੰ ਸਮਾਜਿਕ ਪੱਖਾਂ ਅਤੇ ਜਿ਼ੰਮੇਵਾਰੀਆਂ ਬਾਰੇ ਵੀ ਸੁਚੇਤ ਕਰਦੀ ਹੈ। ‘ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਵੱਲ ਕਿਸਾਨਾਂ ਦਾ ਧਿਆਨ ਕੇਂਦਰਿਤ ਕਰਨ ਨਾਲ ਕਿਸਾਨਾਂ ਨੂੰ ਪ੍ਰੇਰਿਆ ਜਾਂਦਾ ਹੈ। ਕਿਸਾਨਾਂ ਨੂੰ ਖੁਸ਼ੀ ਤੇ ਗ਼ਮੀ ਮੌਕੇ ਸਾਦੇ ਸਮਾਗਮ ਕਰਨ ਲਈ ਪ੍ਰੇਰਿਆ ਜਾਂਦਾ ਹੈ। ਪਿਛਲੇ ਮੇਲਿਆਂ ਵਿੱਚ ਹਜ਼ਾਰਾਂ ਕਿਸਾਨਾਂ ਨੇ ਸਾਧਾਰਨ ਅਤੇ ਘੱਟ ਖਰਚ ਵਾਲੇ ਪ੍ਰੋਗਰਾਮ ਕਰਨ ਦਾ ਪ੍ਰਣ ਲਿਆ ਹੈ।
ਕਿਸਾਨ ਮੇਲੇ ਵਿੱਚ ਖੇਤੀ ਜਿਣਸਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਅਗਾਂਹਵਧੂ ਕਿਸਾਨਾਂ ਨੂੰ ਵਿਗਿਆਨਕ ਢੰਗਾਂ ਨਾਲ ਖੇਤੀ ਕਰ ਕੇ ਖੇਤੀ ਖੇਤਰ ਵਿੱਚ ਮਾਰੀਆਂ ਮੱਲਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਬਾਕੀ ਕਿਸਾਨ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਵਿਗਿਆਨਕ ਖੇਤੀਬਾੜੀ ਵੱਲ ਉਤਸ਼ਾਹਿਤ ਹੋਣ।
ਕਿਸਾਨਾਂ ਨੂੰ ਕਿਸਾਨ ਮੇਲਿਆਂ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ। ਚੰਗਾ ਹੋਵੇਗਾ ਜੇ ਕਿਸਾਨਾਂ ਦੇ ਬੱਚੇ ਬੱਚੀਆਂ ਵੀ ਇਨ੍ਹਾਂ ਮੇਲਿਆਂ ਵਿੱਚ ਸ਼ਿਰਕਤ ਕਰਨ। ਵਿਗਿਆਨੀਆਂ ਦੇ ਰੂ-ਬ-ਰੂ ਹੋ ਕੇ ਬੱਚਿਆਂ ਅੰਦਰ ਕਈ ਤਰ੍ਹਾਂ ਦੇ ਨਵੇਂ ਵਿਚਾਰ ਬਣਦੇ ਹਨ ਅਤੇ ਉਹ ਵਿਗਿਆਨੀ ਬਣਨ ਦਾ ਸੁਪਨਾ ਵੀ ਦੇਖ ਸਕਦੇ ਹਨ। ਇਨ੍ਹਾਂ ਮੇਲਿਆਂ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਏ ਜਾ ਰਹੇ ਡਿਗਰੀ ਅਤੇ ਡਿਪਲੋਮਾ ਕੋਰਸਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਪੁਰਾਣੇ ਸੱਭਿਆਚਾਰ ਵਾਲਾ ਅਜਾਇਬ ਘਰ ਵੀ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇੱਥੇ ਪੁਰਾਣੀਆਂ ਪੰਜਾਬੀ ਵਸਤੂਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਰੂ-ਬ-ਰੂ ਕਰਵਾਉਣ ਲਈ ਅਜਾਇਬ ਘਰ ਦਾ ਚੱਕਰ ਜ਼ਰੂਰ ਲਗਵਾਉ ਤਾਂ ਜੋ ਨਵੀਆਂ ਕਰੂੰਬਲਾਂ ਨੂੰ ਡੂੰਘੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ਜਾ ਸਕੇ।
*ਪਸਾਰ ਸਿੱਖਿਆ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।