ਅਕਾਲੀ ਦਲ ਦਾ ਪੰਥਕ ਕਵਚ ਸਨ ਜਥੇਦਾਰ ਗੁਰਚਰਨ ਸਿੰਘ ਟੌਹੜਾ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਉਹ ਸਿੱਖ ਆਗੂ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਸਿਆਸੀ, ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਇਆ। ਅਤਿ ਸਾਧਾਰਨ ਤੇ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਅਤੇ ਢਾਈ ਸਾਲ ਦੀ ਉਮਰ...
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਉਹ ਸਿੱਖ ਆਗੂ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਸਿਆਸੀ, ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਇਆ। ਅਤਿ ਸਾਧਾਰਨ ਤੇ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਅਤੇ ਢਾਈ ਸਾਲ ਦੀ ਉਮਰ ਵਿੱਚ ਬਾਪ-ਬਾਹਰੇ ਹੋ ਜਾਣ ਵਾਲੇ ਜਥੇਦਾਰ ਟੌਹੜਾ ਦਾ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ 27 ਸਾਲ ਪ੍ਰਧਾਨ ਅਤੇ 21 ਸਾਲ ਦੇ ਕਰੀਬ ਹਿੰਦੋਸਤਾਨ ਦੀ ਪਾਰਲੀਮੈਂਟ ਦਾ ਮੈਂਬਰ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਹ ਲੰਮਾ ਸਮਾਂ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੀ ਪ੍ਰਬੰਧਕੀ ਬੋਰਡ ਅਤੇ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਵੀ ਪ੍ਰਧਾਨ ਰਹੇ।
ਜਥੇਦਾਰ ਟੌਹੜਾ ਪੰਥਕ ਰੰਗ ਵਿੱਚ ਰੰਗੇ ਅਜਿਹੇ ਦੀਦਾਰੀ ਗੁਰਸਿੱਖ ਸਨ ਜਿਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਿੱਖੀ ਜੀਵਨ ਜਾਚ ਦੀ ਸਾਕਾਰ ਮੂਰਤ ਸੀ। ਉਨ੍ਹਾਂ 13 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ, ਸਾਰੀ ਉਮਰ ਨਿੱਤਨੇਮੀ ਰਹੇ ਅਤੇ ਕੀਰਤਨ ਦੀ ਨਿਸ਼ਕਾਮ ਸੇਵਾ ਰਾਹੀਂ ਸਿੱਖੀ ਦੇ ਪ੍ਰਚਾਰ-ਪਾਸਾਰ ਵਿੱਚ ਯੋਗਦਾਨ ਪਾਇਆ। ਆਪਣੇ ਪਿੰਡ ਤੋਂ ਲੈ ਕੇ ਅਮਰੀਕਾ ਤੱਕ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਧਰਮ ਪ੍ਰਚਾਰ ਸਰਗਰਮੀਆਂ ਅਤੇ ਅਕਾਲੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਹੱਥੀਂ ਕਿਰਤ ਕਰਦਿਆਂ ਹੱਡ-ਭੰਨਵੀਂ ਮਿਹਨਤ ਕੀਤੀ। ਬਲਦਾਂ ਦਾ ਹਲ ਵਾਹਿਆ, ਹਲਟ ਜੋੜਿਆ ਤੇ ਪਸ਼ੂ ਚਰਾਏ। ਰਾਜ ਸਭਾ ਲਈ ਨਾਮਜ਼ਦਗੀ ਕਰਨ ਲਈ ਤੁਰੰਤ ਚੰਡੀਗੜ੍ਹ ਪਹੁੰਚਣ ਦਾ ਸੁਨੇਹਾ ਵੀ ਉਨ੍ਹਾਂ ਨੂੰ ਖੇਤ ਗੰਢੇ ਗੁੱਡਦਿਆਂ ਨੂੰ ਮਿਲਿਆ ਸੀ। ਸਾਰੀ ਜ਼ਿੰਦਗੀ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਕਿਸੇ ਨਾ ਕਿਸੇ ਗੁਰਦੁਆਰੇ ਦੀ ਕਾਰ ਸੇਵਾ ਵਿੱਚ ਪਾਉਂਦੇ ਸਨ।
ਸਾਰੇ ਅਕਾਲੀ ਮੋਰਚਿਆਂ ਵਿੱਚ ਲੰਮਾ ਸਮਾਂ ਜੇਲ੍ਹਾਂ ਵਿੱਚ ਰਹਿਣ ਅਤੇ ਖਾੜਕੂਵਾਦ ਕਾਰਨ ਜਥੇਦਾਰ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਵਿੱਚ ਨਿੱਠ ਕੇ ਕੰਮ ਕਰਨ ਦਾ ਬਹੁਤ ਘੱਟ ਸਮਾਂ ਮਿਲਿਆ। ਫਿਰ ਵੀ ਉਨ੍ਹਾਂ ਦੀ ਪ੍ਰਧਾਨਗੀ ਵਾਲੇ ਦੌਰ ਨੂੰ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਸੁਨਹਿਰੀ ਯੁੱਗ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਵਲੋਂ 1973 ਵਿੱਚ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਸੰਭਾਲਣ ਸਮੇਂ ਕਮੇਟੀ ਸਿਰਫ਼ ਤਿੰਨ ਸਕੂਲ ਚਲਾ ਰਹੀ ਸੀ ਅਤੇ ਜਦੋਂ ਉਹ ਛੱਡ ਕੇ ਗਏ ਤਾਂ ਕਮੇਟੀ ਇੰਜਨੀਅਰਿੰਗ, ਮੈਡੀਕਲ, ਡੈਂਟਲ ਕਾਲਜ ਤੋਂ ਇਲਾਵਾ ਚਾਰ ਦਰਜਨ ਡਿਗਰੀ ਕਾਲਜ ਅਤੇ ਪਬਲਿਕ ਸਕੂਲ ਚਲਾ ਰਹੀ ਸੀ। ਇਸ ਦੌਰ ਵਿੱਚ ਹੀ ਗੁਰਦੁਆਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਬਣੀਆਂ, ਗੁਰਦੁਆਰਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਤੋਂ ਕਬਜ਼ੇ ਛੁਡਾਏ, ਪਬਲੀਕੇਸ਼ਨ ਬਿਊਰੋ ਤੇ ਗੋਲਡਨ ਆਫਸੈਟ ਪ੍ਰਿੰਟਿਗ ਪ੍ਰੈੱਸ ਸਥਾਪਤ ਕੀਤੇ, ਸਿੱਖੀ ਦੇ ਪ੍ਰਚਾਰ-ਪਾਸਾਰ ਲਈ ਆਧੁਨਿਕ ਮਾਧਿਅਮ ਵਰਤਣੇ ਸ਼ੁਰੂ ਹੋਏ ਅਤੇ ਇਤਿਹਾਸਕ ਸ਼ਤਾਬਦੀਆਂ ਮਨਾਈਆਂ ਗਈਆਂ। ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੋਣ ਦਾ ਲਕਬ ਵੀ ਇਸੇ ਦੌਰ ਵਿੱਚ ਮਿਲਿਆ। ਵਿਦਿਆ ਦੇ ਪਾਸਾਰ ਲਈ ਉਨ੍ਹਾਂ ਦੀ ਖਾਸ ਰੁਚੀ ਇਸ ਕਰ ਕੇ ਰਹੀ ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋਣ ਦੇ ਬਾਵਜੂਦ ਘਰ ਦੀ ਗਰੀਬੀ ਕਾਰਨ ਪੰਜਵੀਂ ਤੋਂ ਬਾਅਦ ਸਕੂਲੋਂ ਹਟਾ ਲੈਣ ਦਾ ਵਿਗੋਚਾ ਸੀ।
ਜਥੇਦਾਰ ਟੌਹੜਾ ਦਾ ਸਭ ਤੋਂ ਅਹਿਮ ਰੋਲ ਇਹ ਰਿਹਾ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਬਰਕਰਾਰ ਰੱਖਦਿਆਂ ਇਸ ਨੂੰ ਮੂਲ ਸਰੋਕਾਰਾਂ ਤੋਂ ਥਿੜਕਣ ਨਹੀਂ ਦਿੱਤਾ। ਤਖ਼ਤ ਸਾਹਿਬਾਨ ਅਤੇ ਇਨ੍ਹਾਂ ਉਤੇ ਸੁਸ਼ੋਭਿਤ ਜਥੇਦਾਰ ਸਾਹਿਬਾਨ ਦੀ ਸ਼ਾਨ ਤੇ ਰੁਤਬੇ ਨੂੰ ਕਾਇਮ ਰੱਖਿਆ। ਜਥੇਦਾਰ ਸਾਹਿਬਾਨ ਨੂੰ ਤਨਖ਼ਾਹ ਦੀ ਥਾਂ ਬਿਨਾਂ ਦਸਤਖ਼ਤ ਕੀਤਿਆਂ ਮਾਣ-ਭੱਤਾ ਦੇਣ ਅਤੇ ਸਫ਼ਰ ਲਈ ਕਾਰਾਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ।
1985 ਵਿੱਚ ਜੋਧਪੁਰ ਦੀ ਜੇਲ੍ਹ ਵਿੱਚੋਂ ਰਿਹਾਅ ਹੋਣ ਪਿੱਛੋਂ ਜਥੇਦਾਰ ਟੌਹੜਾ ਨੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਫ਼ੌਜੀ ਹਮਲੇ ਅਤੇ ਖਾੜਕੂਵਾਦ ਦੌਰਾਨ ਸਟੇਟ ਦੀ ਹਿੰਸਾ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਕਾਨੂੰਨੀ ਤੇ ਮਾਲੀ ਸਹਾਇਤਾ ਪਹੁੰਚਾਈ। ਪ੍ਰਮੁੱਖ ਪਰਿਵਾਰਾਂ ਕੋਲ ਖੁਦ ਚੱਲ ਕੇ ਗਏ। ਝੂਠੇ ਪੁਲੀਸ ਮਾਕਬਲਿਆਂ ਦੇ ਦੌਰ ਦੌਰਾਨ ਜਦੋਂ ਸਰਕਾਰੀ ਦਹਿਸ਼ਤ ਸਿਖਰ ਉਤੇ ਸੀ, ਉਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਸਸਕਾਰ ਕਰਵਾਏ ਅਤੇ ਭੋਗ ਪੁਆਏ। ਸਤਲੁਜ-ਯਮਨਾ ਨਹਿਰ ਦੀ ਉਸਾਰੀ ਰੁਕਵਾਉਣ ਲਈ ਐਕਸ਼ਨ ਕਰਨ ਵਾਲੇ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨਾ ਦੀਆਂ ਲਾਵਾਰਸ ਕਰਾਰ ਦੇ ਕੇ ਮੂਲੇਪੁਰ ਥਾਣੇ ਵਿੱਚ ਰੱਖੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਜਥੇਦਾਰ ਟੌਹੜਾ ਨੇ ਬੜੀ ਜੱਦੋ-ਜਹਿਦ ਤੋਂ ਬਾਅਦ ਕਰਵਾਇਆ ਸੀ।
ਸਿੱਖ ਪੰਥ ਦੇ ਇਸ ਚੂੜਾਮਣੀ ਜਥੇਦਾਰ ਦੀ ਜ਼ਿੰਦਗੀ ਅੰਗਰੇਜ਼ੀ ਸਰਕਾਰ, ਭਾਰਤੀ ਸਟੇਟ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਮੁੱਢਲੇ ਸਰੋਕਾਰਾਂ ਉਤੇ ਕਾਇਮ ਰੱਖਣ ਲਈ ਜੱਦੋ-ਜਹਿਦ ਕਰਦਿਆਂ ਲੰਘੀ। ਅਕਾਲੀ ਦਲ ਵਲੋਂ ਨਾਭੇ ਦੇ ਮਹਾਰਾਜਾ ਪ੍ਰਤਾਪ ਸਿੰਘ ਵਿਰੁੱਧ ਲਾਏ ਮੋਰਚੇ ਵਿੱਚ ਉਨ੍ਹਾਂ ਆਪਣੀ ਪਹਿਲੀ ਗ੍ਰਿਫਤਾਰੀ 1944 ਵਿੱਚ ਦਿੱਤੀ। ਕਰਨਾਲ, ਦਿੱਲੀ, ਪੰਜਾਬੀ ਸੂਬਾ, ਐਮਰਜੈਂਸੀ ਅਤੇ ਧਰਮ ਯੁੱਧ ਮੋਰਚਿਆਂ ਵਿੱਚ ਲੰਮੀ ਜੇਲ੍ਹ ਕੱਟੀ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਵਿੱਚ ਹਰ ਅਕਾਲੀ ਸਰਕਾਰ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ, ਪਰ ਹਰ ਸਰਕਾਰ ਵਲੋਂ ਹੀ ਪੰਥਕ ਸੰਸਥਾਵਾਂ, ਸਿਧਾਤਾਂ ਤੇ ਪ੍ਰੰਪਰਾਵਾਂ ਨੂੰ ਖੋਰਾ ਲਾਏ ਜਾਣ ਵਿਰੁੱਧ ਉਨ੍ਹਾਂ ਨੂੰ ਸਖ਼ਤ ਜੱਦੋ-ਜਹਿਦ ਕਰਨੀ ਪਈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ 1977 ਵਿੱਚ ਬਣੀ ਅਕਾਲੀ ਸਰਕਾਰ ਵਿੱਚ ਹਾਲਾਤ ਇਹ ਬਣਾ ਦਿੱਤੇ ਗਏ ਕਿ ਉਨ੍ਹਾਂ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਅਸਤੀਫ਼ੇ ਦੇਣੇ ਪੈ ਗਏ। ਫਿਰ 1985 ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਪੰਜਾਬ ਤੋਂ ਦੂਰ ਮੱਧ ਪ੍ਰਦੇਸ਼ ਦੀ ਰਾਇਪੁਰ ਜੇਲ੍ਹ ਵਿੱਚ ਲੰਮਾ ਸਮਾਂ ਬੰਦ ਰੱਖਿਆ। ਇਹ ਉਨ੍ਹਾਂ ਦੀ ਸਭ ਤੋਂ ਕਸ਼ਟਦਾਇਕ ਜੇਲ੍ਹ ਸੀ ਜਿੱਥੇ ਉਨ੍ਹਾਂ ਨੂੰ ਜੂਨ ਮਹੀਨੇ 50 ਡਿਗਰੀ ਤਾਪਮਾਨ ਵਿੱਚ ਇਕੱਲਿਆਂ ਟੀਨ ਦੀ ਛੱਤ ਵਾਲੇ ਕਮਰੇ ਵਿੱਚ ਰੱਖਿਆ ਗਿਆ। ਲੰਮੇ ਅਰਸੇ ਬਾਅਦ 1997 ਵਿੱਚ ਬਣੀ ਅਕਾਲੀ ਸਰਕਾਰ ਸਮੇਂ ਵੀ ਉਨ੍ਹਾਂ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹਿਆ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਿਆ ਗਿਆ।
ਇਹ ਸਮਾਂ ਉਨ੍ਹਾਂ ਲਈ ਘੋਰ ਨਿਰਾਸ਼ਾ ਤੇ ਉਦਾਸੀ ਵਾਲਾ ਸੀ। ਆਪਣੀ ਬੇਇਜ਼ਤੀ ਨਾਲੋਂ ਉਨ੍ਹਾਂ ਨੂੰ ਪੰਥਕ ਸੰਸਥਾਵਾਂ, ਸਿਧਾਂਤਾਂ ਅਤੇ ਅਮੀਰ ਪ੍ਰੰਪਰਾਵਾਂ ਨੂੰ ਮਿੱਥ ਕੇ ਲਾਏ ਜਾਂਦੇ ਖੋਰੇ ਦੀ ਚਿੰਤਾ ਸੀ। ਇੱਕ ਵਾਰ ਉਨ੍ਹਾਂ ਸ਼ਿਕਵਾ ਜ਼ਾਹਿਰ ਕੀਤਾ ਸੀ ਕਿ ਅਕਾਲੀ ਦਲ ਅੰਦਰਲੇ ਜਾਗੀਰਦਾਰ ਧੜੇ ਨੇ ਉਨ੍ਹਾਂ ਨੂੰ ਮਿੱਥ ਕੇ ਸ਼੍ਰੋਮਣੀ ਕਮੇਟੀ ਤੱਕ ਮਹਿਦੂਰ ਕਰ ਕੇ ਰੱਖਿਆ, ਉਨ੍ਹਾਂ ਦੀ ਅਸਲ ਰੁਚੀ ਸਰਗਰਮ ਸਿਆਸਤ ਵਿੱਚ ਸੀ।
ਜਥੇਦਾਰ ਟੌਹੜਾ ਦੀ ਜ਼ਿੰਦਗੀ ਤਾਂ ਵਿਲੱਖਣ ਸੀ ਹੀ, ਮੌਤ ਵੀ ਨਿਰਾਲੀ ਸੀ। 1973 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਕਾਰਜ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਕਰਾਉਣਾ ਸੀ ਅਤੇ ਆਪਣੀ ਪ੍ਰਧਾਨਗੀ ਦੇ ਆਖ਼ਿਰੀ ਦਿਨ ਵੀ ਉਹ ਇਸੇ ਸਰੋਵਰ ਦੀ ਕਾਰ ਸੇਵਾ ਵਿੱਚ ਹਿੱਸਾ ਲੈ ਰਹੇ ਸਨ। ਕਾਰ ਸੇਵਾ ਦੀ ਸ਼ੁਰੂਆਤ ਕਰਵਾਉਣ ਲਈ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਬੈਂਕ ਖਾਤੇ ਬੰਦ ਕਰਵਾ ਦਿੱਤੇ। ਇਨ੍ਹਾਂ ਪੈਸਿਆਂ ਵਿੱਚੋਂ ਕੁਝ ਆਪਣੀ ਪਤਨੀ, ਕੁਝ ਆਪਣੀ ਦੋਹਤੀ ਅਤੇ ਕੁਝ ਗੁਰਦੁਆਰੇ ਦੀ ਕਾਰ ਸੇਵਾ ਲਈ ਦੇ ਕੇ ਪੰਜ-ਪੰਜ ਸੌ ਦੇ ਦੋ ਨੋਟ ਆਪਣੀ ਜੇਬ ਵਿੱਚ ਰੱਖ ਲਏ। ਅੰਮ੍ਰਿਤਸਰ ਜਾ ਕੇ ਪੰਜ ਸੌ ਰੁਪਏ ਦੀ ਦੇਗ ਕਰਵਾਈ ਅਤੇ ਬਾਕੀ ਬਚੇ ਪੰਜ ਸੌ ਰੁਪਏ ਸ੍ਰੀ ਦਰਬਾਰ ਸਾਹਿਬ ਵਿੱਚ ਭੇਟ ਕਰ ਦਿੱਤੇ। ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰਦਿਆਂ ਜਦੋਂ ਉਨ੍ਹਾਂ ਨੂੰ ਜਾਨ ਲੇਵਾ ਦਿਲ ਦਾ ਦੌਰਾ ਪਿਆ ਤਾਂ ਇਕ ਵੀ ਪੈਸਾ ਨਾ ਉਨ੍ਹਾਂ ਦੀ ਜੇਬ ਵਿੱਚ ਸੀ ਅਤੇ ਨਾ ਕਿਸੇ ਬੈਂਕ ਵਿੱਚ।
ਸ਼੍ਰੋਮਣੀ ਅਕਾਲੀ ਦਲ ਅੱਜ ਜਿਸ ਅਧੋਗਤੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਉਸ ਨੂੰ ਦੇਖ ਕੇ ਜਥੇਦਾਰ ਟੌਹੜਾ ਦੀ ਅੰਤਿਮ ਅਰਦਾਸ ਮੌਕੇ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਦੀ ਟਿੱਪਣੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਸੀ, “ਜਥੇਦਾਰ ਟੌਹੜਾ ਦੇ ਤੁਰ ਜਾਣ ਨਾਲ ਬਾਦਲ ਅਕਾਲੀ ਦਲ ਦਾ ਪੰਥਕ ਕਵਚ ਪਾਟ ਗਿਆ ਹੈ, ਹੁਣ ਤੁਸੀਂ ਦੇਖਿਉ, ਥੋੜ੍ਹੇ ਸਾਲਾਂ ਵਿੱਚ ਇਸ ਦਾ ਕੀ ਹਾਲ ਹੁੰਦਾ ਹੈ।”
ਸੰਪਰਕ: 98789-50565