ਇਜ਼ਰਾਈਲ-ਅਮਰੀਕਾ ਦੇ ਹਿਤ ਬਨਾਮ ਫ਼ਲਸਤੀਨੀਆਂ ਦਾ ਜਜ਼ਬਾ
7 ਅਕਤੂਬਰ 2023 ਨੂੰ ਹਮਾਸ ਵੱਲੋਂ 1300 ਇਜ਼ਰਾਇਲੀਆਂ ਨੂੰ ਮਾਰ ਦੇਣ ਅਤੇ 251 ਇਜ਼ਰਾਇਲੀਆਂ ਨੂੰ ਬੰਦੀ ਬਣਾਉਣ ਤੋਂ ਬਾਅਦ ਜ਼ਿਓਨਵਾਦੀ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਮਰੀਕੀ ਸ਼ਹਿ ’ਤੇ ਫ਼ਲਸਤੀਨੀਆਂ ਦੀ ਬੇਰੋਕ ਨਸਲਕੁਸ਼ੀ ਭਿਆਨਕ ਰੂਪ ਅਖ਼ਤਿਆਰ ਕਰ ਗਈ ਹੈ। ਪਹਿਲਾਂ ਤਤਕਾਲੀ...
7 ਅਕਤੂਬਰ 2023 ਨੂੰ ਹਮਾਸ ਵੱਲੋਂ 1300 ਇਜ਼ਰਾਇਲੀਆਂ ਨੂੰ ਮਾਰ ਦੇਣ ਅਤੇ 251 ਇਜ਼ਰਾਇਲੀਆਂ ਨੂੰ ਬੰਦੀ ਬਣਾਉਣ ਤੋਂ ਬਾਅਦ ਜ਼ਿਓਨਵਾਦੀ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਮਰੀਕੀ ਸ਼ਹਿ ’ਤੇ ਫ਼ਲਸਤੀਨੀਆਂ ਦੀ ਬੇਰੋਕ ਨਸਲਕੁਸ਼ੀ ਭਿਆਨਕ ਰੂਪ ਅਖ਼ਤਿਆਰ ਕਰ ਗਈ ਹੈ। ਪਹਿਲਾਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੁਣ ਡੋਨਲਡ ਟਰੰਪ ਦੀ ਸਿੱਧੀ ਹਮਾਇਤ ਅਤੇ ਸਾਮਰਾਜੀਆਂ ਦੇ ਆਪਣੇ ਆਰਥਿਕ ਸਿਆਸੀ ਹਿੱਤਾਂ ਕਾਰਨ ਨੇਤਨਯਾਹੂ ਦਾ ਵਾਲ ਵੀ ਵਿੰਙਾ ਨਹੀਂ ਹੋਇਆ। ਹੁਣ ਤੱਕ ਤਕਰੀਬਨ 65 ਹਜ਼ਾਰ (ਅੱਧ ਤੋਂ ਵੱਧ ਬੱਚੇ ਤੇ ਔਰਤਾਂ) ਫ਼ਲਸਤੀਨੀਆਂ ਦਾ ਕਤਲੇਆਮ ਹੋ ਚੁੱਕਾ ਹੈ। 19 ਲੱਖ (90%) ਆਬਾਦੀ ਉਜਾੜ ਦਿੱਤੀ ਗਈ ਹੈ। ਇੱਕ ਹੋਰ ਰਿਪੋਰਟ ਅਨੁਸਾਰ, ਇਜ਼ਰਾਇਲੀ ਰੱਖਿਆ ਬਲਾਂ ਨੇ 680,000 ਫਲਸਤੀਨੀ ਮਾਰ ਦਿੱਤੇ ਹਨ। 97% ਵਿੱਦਿਅਕ ਅਦਾਰੇ, 94% ਹਸਪਤਾਲਾਂ ਸਮੇਤ 92% (4,36,00) ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਬੰਬਾਰੀ ਕਰ ਕੇ ਖੰਡਰਾਂ ਵਿੱਚ ਤਬਦੀਲ ਕਰ ਦਿੱਤਾ ਹੈ। 30% (6,41,000) ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਜ਼ਰੂਰੀ ਸਮਾਨ ਲੈ ਕੇ ਆ ਰਹੀਆਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਫ਼ਲਸਤੀਨੀਆਂ ਦੀ ਹਮਾਇਤ ਕਰਨ ਤੱਕ ਪਹੁੰਚਣ ਤੋਂ ਦੂਰ ਭਜਾਇਆ ਜਾ ਰਿਹਾ ਹੈ। ਭੁੱਖਮਰੀ ਦਾ ਸ਼ਿਕਾਰ ਫ਼ਲਸਤੀਨੀਆਂ ’ਤੇ ਇਜ਼ਰਾਇਲੀ ਫ਼ੌਜ ਅੰਨ੍ਹੇਵਾਹ ਗੋਲੀਆਂ ਚਲਾ ਰਹੀ ਹੈ।
ਦੂਜੇ ਪਾਸੇ, ਟਰੰਪ ਨੇ ਸਮੁੰਦਰ ਕੰਢੇ ਵਸੇ ਫ਼ਲਸਤੀਨ ਨੂੰ ਫ਼ੌਜੀ ਬੂਟਾਂ ਹੇਠ ਦਰੜ ਕੇ, ਇਸ ਦੀ ਹੋਂਦ ਮਿਟਾ ਕੇ ਇਸ ਨੂੰ ਕੌਮਾਂਤਰੀ ਸੈਰਗਾਹ ਬਣਾਉਣ ਲਈ ਨੇਤਨਯਾਹੂ ਦੀਆਂ ਵਾਗਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ।
ਇਜ਼ਰਾਈਲ ਨੇ ਗਾਜ਼ਾ ਲਈ ਅਮਰੀਕਾ ਦੁਆਰਾ ਪ੍ਰਸਤਾਵਿਤ ਜੰਗਬੰਦੀ ’ਤੇ ਚਰਚਾ ਲਈ ਮੀਟਿੰਗ ਦੌਰਾਨ ਕਤਰ ਦੀ ਰਾਜਧਾਨੀ ਦੋਹਾ ਵਿੱਚ ਹਮਾਸ ਲੀਡਰਸ਼ਿਪ ਕੰਪਲੈਕਸ ’ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਛੇ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਹਮਾਸ ਦੇ ਸੀਨੀਅਰ ਨੇਤਾ ਖਲੀਲ ਅਲ-ਹਯਾ ਦਾ ਪੁੱਤਰ, ਅਲ-ਹਯਾ ਦੇ ਦਫਤਰ ਦਾ ਡਾਇਰੈਕਟਰ, ਤਿੰਨ ਅੰਗ ਰੱਖਿਅਕ ਅਤੇ ਇੱਕ ਕਤਰ ਸੁਰੱਖਿਆ ਅਧਿਕਾਰੀ ਸ਼ਾਮਲ ਸੀ।
ਫ਼ਲਸਤੀਨੀਆਂ ਦੀ ਨਸਲਕੁਸ਼ੀ ਬੰਦ ਕਰਨ ਦੀ ਗੂੰਜ ਸੰਸਾਰ ਪੱਧਰ ’ਤੇ ਸੁਣਾਈ ਦਿੱਤੀ ਹੈ। ਲੱਖਾਂ ਲੋਕਾਂ ਦੇ ਅਮਰੀਕਾ (ਤੇ ਇਜ਼ਰਾਈਲ ਅੰਦਰ ਵੀ) ਅੰਦਰ ਇਸ ਅਣਮਨੁੱਖੀ ਕਤਲੇਆਮ ਖਿ਼ਲਾਫ਼ ਵਿਰੋਧ ਦੇ ਸੁਰ ਤੇਜ਼ ਹੋ ਰਹੇ ਹਨ। ਫਿਲਮ ਉਦਯੋਗ ਨਾਲ ਜੁੜੀਆਂ ਹਸਤੀਆਂ ਵੀ ਇਸ ਵਿੱਚ ਸ਼ਾਮਿਲ ਹੋ ਗਈਆਂ ਹਨ। ਸ਼ਾਲਾ, ਇਹ ਆਵਾਜ਼ ਇੰਨੀ ਉੱਚੀ ਹੋਵੇ ਕਿ ਫ਼ਲਸਤੀਨੀਆਂ ਦੀ ਨਸਲਕੁਸ਼ੀ ਬੰਦ ਕਰਨ ਲਈ ਟਰੰਪ-ਨੇਤਨਯਾਹੂ ਗੱਠਜੋੜ ਮਜਬੂਰ ਹੋ ਜਾਵੇ। ਫਿਲਮ ਉਦਯੋਗ ਨਾਲ ਜੁੜੇ ਇਨ੍ਹਾਂ ਲੋਕਾਂ ਨੇ ਐਲਾਨਨਾਮੇ ’ਤੇ ਦਸਤਖ਼ਤ ਕੀਤੇ ਹਨ ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਇਜ਼ਰਾਇਲੀ ਫਿਲਮ ਸੰਸਥਾਵਾਂ ਨਾਲ ਕੰਮ ਨਾ ਕਰਨ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਨੂੰ ਉਹ ਫ਼ਲਸਤੀਨੀਆਂ ਵਿਰੁੱਧ ਨਸਲਕੁਸ਼ੀ ਅਤੇ ਨਸਲੀ ਵਿਤਕਰੇ ਵਿੱਚ ਸ਼ਾਮਿਲ ਮੰਨਦੇ ਹਨ। ਇਸ ਐਲਾਨਨਾਮੇ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਓਲੀਵੀਆ ਕੋਲਮਨ, ਮਾਰਕ ਰਫਾਲੋ, ਟਿਲਡਾ ਸਵਿੰਟਨ, ਜੇਵੀਅਰ ਬਾਰਡੇਮ, ਰਿਜ਼ ਅਹਿਮਦ, ਸਿੰਥੀਆ ਨਿਕਸਨ ਸਮੇਤ ਬਹੁਤ ਸਾਰੇ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸ਼ਾਮਿਲ ਹਨ। ਇਹ ਬਿਆਨ ‘ਫਿਲਮ ਵਰਕਰਜ਼ ਫਾਰ ਫ਼ਲਸਤੀਨ’ ਦੁਆਰਾ ਜਾਰੀ ਕੀਤਾ ਗਿਆ ਹੈ।
ਚਾਰ ਦਿਨ ਪਹਿਲਾਂ ਡੋਨਲਡ ਟਰੰਪ ਨੇ 20 ਨੁਕਾਤੀ ਇਜ਼ਰਾਈਲ-ਫ਼ਲਸਤੀਨ ਸ਼ਾਂਤੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ’ਤੇ ਸਰਸਰੀ ਨਜ਼ਰ ਮਾਰਿਆਂ ਇਹ ਸਮਝੌਤਾ ਦੋ ਦੇਸ਼ਾਂ ਵਿੱਚ 2 ਸਾਲ ਤੋਂ ਚੱਲ ਰਹੀ ਜੰਗ ਖ਼ਤਮ ਕਰਨ ਦਾ ਮਸੌਦਾ ਜਾਪਦਾ ਹੈ ਪਰ ਇਸ ਨੂੰ ਬਾਰੀਕੀ ਨਾਲ ਘੋਖਿਆ ਜਾਵੇ ਤਾਂ ਇਸ ਵਿੱਚੋਂ ਟਰੰਪ ਦੇ ਹਿੱਤਾਂ ਦੀ ਸਮਝ ਪੈ ਜਾਂਦੀ ਹੈ। ਇਹ ਅਸਲ ਵਿੱਚ ਅਮਰੀਕੀ-ਇਜ਼ਰਾਇਲੀ ਗੱਠਜੋੜ ਦੇ ਹਿੱਤਾਂ ਨੂੰ ਸ਼ਾਂਤੀ ਯੋਜਨਾ ਦੇ ਨਾਂ ਹੇਠ ਅੱਗੇ ਵਧਾਉਣ ਦਾ ਨਵਾਂ ਫਾਰਮੂਲਾ ਹੈ। ਇਹ ਉਹੀ ਅਮਰੀਕੀ ਸਾਮਰਾਜੀ ਸਰਗਨਾ ਜੰਗੀ ਹਥਿਆਰਾਂ ਦਾ ਸਭ ਤੋਂ ਵੱਡਾ ਵਪਾਰੀ ਹੈ ਜੋ ਸੰਸਾਰ ਪੱਧਰ ’ਤੇ ਜੰਗੀ ਮਹੌਲ ਸਿਰਜਦਾ ਹੈ।
ਲੀਕ ਹੋਏ ਵੇਰਵਿਆਂ ਮੁਤਾਬਿਕ, ਅਮਰੀਕਾ ਨੇ ਇਜ਼ਰਾਈਲ ਦੀ ਬੇਨਤੀ ’ਤੇ ਲੇਜ਼ਰ-ਗਾਈਡਡ ਮਿਜ਼ਾਇਲਾਂ, 155 ਐੱਮ ਐੱਮ ਸ਼ੈੱਲ, ਨਵੇਂ ਫੌਜੀ ਵਾਹਨ ਆਦਿ ਭੇਜੇ ਹਨ। ਬ੍ਰਾਊਨ ਯੂਨੀਵਰਸਿਟੀ ਦੇ ਜੰਗੀ ਪ੍ਰਾਜੈਕਟ ਦੀ ਲਾਗਤ ਅਨੁਸਾਰ, ਅਮਰੀਕਾ ਨੇ ਅਕਤੂਬਰ 2023 ਤੋਂ ਅਕਤੂਬਰ 2024 ਤੱਕ ਇਜ਼ਰਾਈਲ ਨੂੰ ਫੌਜੀ ਸਹਾਇਤਾ ’ਤੇ 17.9 ਬਿਲੀਅਨ ਡਾਲਰ ਖਰਚੇ ਹਨ।
ਉਂਝ ਵੀ, ਹੁਣ ਟਰੰਪ ਨੂੰ ਸ਼ਾਂਤੀ ਦੂਤ ਬਣਨ ਦੀ ਖ਼ੁਮਾਰੀ ਚੜ੍ਹੀ ਹੋਈ ਹੈ। ਇਸ ਕਰ ਕੇ ਹੁਣ ਇਹ ਕਦੇ ਭਾਰਤ-ਪਾਕਿਸਤਾਨ, ਕਦੇ ਇਜ਼ਰਾਈਲ-ਇਰਾਨ, ਕਦੇ ਕਿਸੇ ਹੋਰ ਮੁਲਕ ਦੀ ਜੰਗ ਰੁਕਵਾਉਣ ਦਾ ਸਿਹਰਾ ਆਪਣੇ ਸਿਰ ਖੁਦ ਹੀ ਹਾਸਲ ਕਰਨ ਲਈ ਆਪਣੀ ਪਿੱਠ ਥਾਪੜ ਰਿਹਾ ਹੈ। ਇਸ ਸ਼ਾਂਤੀ ਯੋਜਨਾ ਦਾ ਅਸਲ ਮਕਸਦ ਹਮਾਸ ਦਾ ਖੁਰਾ ਖ਼ੋਜ ਮਿਟਾਉਣ ਲਈ ਸਿੱਧਾ ਜੰਗ ਵਿੱਚ ਕੁੱਦਣਾ ਹੈ ਕਿਉਂਕਿ ਹਮਾਸ ਬੁਰੀ ਤਰ੍ਹਾਂ ਕਮਜ਼ੋਰ ਹੋਣ ਦੇ ਬਾਵਜੂਦ ਇਜ਼ਰਾਈਲ ਅੱਗੇ ਹਥਿਆਰ ਨਹੀਂ ਸੁੱਟ ਰਿਹਾ। ਟਰੰਪ ਇਜ਼ਰਾਈਲ-ਇਰਾਨ ਜੰਗ ਦੌਰਾਨ ਵੀ ਇਵੇਂ ਹੀ ਜੰਗ ਵਿੱਚ ਕੁੱਦਿਆ ਸੀ। ਇੱਕ ਪੱਖ ਹੋਰ ਵੀ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਖ਼ੁਦ ਆਪਣੇ ਮੁਲਕ ਅੰਦਰੋਂ 2 ਸਾਲ ਤੋਂ ਅਗਵਾ ਕੀਤੇ ਬੰਦੀਆਂ ਨੂੰ ਹਰ ਜਾਬਰ ਹੱਥਕੰਡਾ ਵਰਤਣ ਦੇ ਬਾਵਜੂਦ ਰਿਹਾਅ ਨਾ ਕਰਵਾ ਸਕਣ ਕਰ ਕੇ ਜੰਗ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮਾਂਤਰੀ ਪੱਧਰ ’ਤੇ ਵੀ ਇਜ਼ਰਾਈਲ ਨੂੰ ਅਲੱਗ-ਥਲੱਗ ਪੈਣ ਕਰ ਕੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਮੁਲਕਾਂ ਦੇ ਹਾਕਮ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਣ ਲਈ ਮਜਬੂਰ ਹੋ ਰਹੇ ਹਨ। 1948 ਤੋਂ ਪਹਿਲਾਂ ਜਿਸ ਇਜ਼ਰਾਈਲ ਦਾ ਕੋਈ ਵਜੂਦ ਨਹੀਂ ਸੀ, ਉਸ ਨੂੰ ਸੰਸਾਰ ਪੱਧਰ ’ਤੇ ਅਮਰੀਕਾ ਸਥਾਪਤ ਕਰ ਰਿਹਾ ਹੈ। ਇਸ ਲਈ ਇਹ ਯੋਜਨਾ ਫ਼ਲਸਤੀਨ ਨੂੰ ਦੁਨੀਆ ਦੇ ਨਕਸ਼ੇ ਤੋਂ ਖ਼ਤਮ ਕਰਨ ਦੀ ਯੋਜਨਾ ਹੈ। ਅਮਰੀਕਾ ਇਸ ਸ਼ਾਂਤੀ ਯੋਜਨਾ ਦੇ ਨਾਂ ਹੇਠ ਹਮਾਸ ਨੂੰ ਸੱਤਾ ਤੋਂ ਪਾਸੇ ਕਰ ਕੇ ਜੰਗਬੰਦੀ ਕਰਵਾਉਣ ਅਤੇ ਆਪਣੀ ਮਰਜ਼ੀ ਦੀ ਸੱਤਾ ਸਥਾਪਤ ਕਰਨਾ ਚਾਹੁੰਦਾ ਹੈ। ਇਸ ਨਾਲ ਦੋਵੇਂ ਹਿਤ- ਆਰਥਿਕ ਤੇ ਸਿਆਸੀ, ਪੂਰੇ ਕਰਨ ਦੀ ਲੰਮੇ ਦਾਅ ਦੀ ਯੋਜਨਾ ਹੈ। ਅਮਰੀਕਾ ਦਾ ਹਿੱਤ ਉਸ ਨਾਲ ਬਗਲਗੀਰ ਹੋ ਕੇ ਚੱਲ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਮੁਲਕ ਅੰਦਰੋਂ ਅਤੇ ਸੰਸਾਰ ਭਰ ’ਚੋਂ ਉੱਠ ਰਹੇ ਵਿਰੋਧ ਤੋਂ ਬਚਾ ਕੇ ਉਸ ਦੀ ਗੱਦੀ ਸਲਾਮਤ ਰੱਖਣਾ ਵੀ ਹੈ।
ਇਜ਼ਰਾਇਲੀ ਹਾਕਮਾਂ ਦੇ ਅੰਨ੍ਹੇ ਜਬਰ ਅਤੇ ਅਣਮਨੁੱਖੀ ਹਾਲਾਤ ਦੇ ਬਾਵਜੂਦ ਫ਼ਲਸਤੀਨੀਆਂ ਦੀ ਜਿਊਣ ਦੀ ਤਾਂਘ ਬਰਕਰਾਰ ਹੈ। ਉਹ ਕਿਸੇ ਵੀ ਸੂਰਤ ਵਿੱਚ ਆਪਣੀ ਮਿੱਟੀ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ। ਫ਼ਲਸਤੀਨੀਆਂ ਦੀ ਤਕਰੀਬਨ 2 ਸਾਲ ਤੋਂ ਕੀਤੀ ਜਾ ਰਹੀ ਨਸਲਕੁਸ਼ੀ ਦੇ ਬਾਵਜੂਦ ਨੇਤਨਯਾਹੂ ਮੂਹਰੇ ਗੋਡੇ ਟੇਕਣ ਨਾਲੋਂ ਕੁਰਬਾਨ ਹੋਣ ਦੇ ਜਜ਼ਬੇ ਦਾ ਪੱਖ ਸਾਹਮਣੇ ਆਉਣਾ, ਸਾਮਰਾਜਵਾਦੀ ਢਾਂਚੇ ਵਿਰੁੱਧ ਜੂਝ ਰਹੇ ਲੋਕਾਂ ਦੀ ਹੌਸਲਾ ਅਫਜ਼ਾਈ ਕਰਦਾ ਹੈ। ਇਹ ਹਾਰ ਜੇ ਹੋਈ ਤਾਂ ਫ਼ਲਸਤੀਨੀਆਂ ਦੀ ਹਾਰ ਨਹੀਂ ਹੋਵੇਗੀ, ਹਾਰ ਜੇਤੂ ਦਿਸ ਰਹੇ ਨੇਤਨਯਾਹੂ ਦੀ ਹੋਵੇਗੀ ਜੋ ਅਤਿਅੰਤ ਤਬਾਹੀ ਦੇ ਬਾਵਜੂਦ ਬੰਦੀਆਂ ਨੂੰ ਫ਼ਲਸਤੀਨੀ ਜੁਝਾਰੂਆਂ ਦੀ ਕੈਦ ਤੋਂ ਮੁਕਤ ਨਹੀਂ ਕਰਵਾ ਸਕਿਆ। ਜਦੋਂ ਇੱਕ ਹੀ ਰਾਤ ’ਚ ਹਮਲਾ ਕਰ ਕੇ 50-50 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੋਵੇ, ਭੁੱਖ ਨਾਲ ਤੜਫ-ਤੜਫ ਕੇ ਹੋ ਰਹੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੋਵੇ, ਅਜਿਹੇ ਹਾਲਾਤ ਵਿੱਚ ਫ਼ਲਸਤੀਨੀਆਂ ਦਾ ਵਰ੍ਹਦੀਆਂ ਗੋਲੀਆਂ ’ਚ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦਾ ਜਨੂੰਨ, ਸਿਹਤ ਸੇਵਾਵਾਂ ਦੀਆਂ ਨਾਸਾਜ਼ਗਾਰ ਹਾਲਾਤ ਅੰਦਰ ਆਪਣੇ ਪਿਆਰਿਆਂ ਤੇ ਹੋਰ ਜ਼ਖ਼ਮੀਆਂ ਦੀ ਤੀਮਾਰਦਾਰੀ ਕਰਨ ਦੇ ਇਰਾਦੇ ਅਤੇ ਆਪਣੇ ਵਤਨ, ਆਪਣੀ ਮਿੱਟੀ ਲਈ ਮਰ ਮਿਟ ਜਾਣ ਦੇ ਜਜ਼ਬੇ ਨੂੰ ਸਲਾਮ!
ਸੰਪਰਕ: 84275-11770