ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਜ਼ਰਾਈਲ ਇਰਾਨ ਜੰਗਬੰਦੀ ਅਤੇ ਅਮਰੀਕੀ ਸਿਆਸਤ

ਡਾ. ਸੁਰਿੰਦਰ ਮੰਡ ਕੀ ਇਜ਼ਰਾਈਲ ਤੇ ਇਰਾਨ ਵਿਚਕਾਰ ਜੰਗਬੰਦੀ ਟੁੱਟ ਜਾਵੇਗੀ? ਅਮਰੀਕਾ ਨੇ ਬੜੇ ਨਾਟਕੀ ਢੰਗ ਨਾਲ ਇਹ ਜੰਗਬੰਦੀ 24 ਜੂਨ ਨੂੰ ਕਰਵਾਈ ਸੀ। ਅਸਲ ਵਿੱਚ, ਇਜ਼ਰਾਈਲ ਜੰਗ ਵਿਚ ਹੋਏ ਆਪਣੇ ਅਣਕਿਆਸੇ ਨੁਕਸਾਨ ਤੋਂ ਹਤਾਸ਼ ਹੈ। ਟਰੰਪ ਦੀ ਟੀਮ ਪ੍ਰਚਾਰ...
Advertisement

ਡਾ. ਸੁਰਿੰਦਰ ਮੰਡ

ਕੀ ਇਜ਼ਰਾਈਲ ਤੇ ਇਰਾਨ ਵਿਚਕਾਰ ਜੰਗਬੰਦੀ ਟੁੱਟ ਜਾਵੇਗੀ? ਅਮਰੀਕਾ ਨੇ ਬੜੇ ਨਾਟਕੀ ਢੰਗ ਨਾਲ ਇਹ ਜੰਗਬੰਦੀ 24 ਜੂਨ ਨੂੰ ਕਰਵਾਈ ਸੀ। ਅਸਲ ਵਿੱਚ, ਇਜ਼ਰਾਈਲ ਜੰਗ ਵਿਚ ਹੋਏ ਆਪਣੇ ਅਣਕਿਆਸੇ ਨੁਕਸਾਨ ਤੋਂ ਹਤਾਸ਼ ਹੈ। ਟਰੰਪ ਦੀ ਟੀਮ ਪ੍ਰਚਾਰ ਰਹੀ ਹੈ ਕਿ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਇੰਨਾ ਨੁਕਸਾਨ ਪਹੁੰਚਾ ਦਿੱਤਾ ਹੈ ਕਿ ਇਹ ਕਈ ਸਾਲ ਪਰਮਾਣੂ ਬੰਬ ਨਹੀਂ ਬਣਾ ਸਕਦਾ, ਪਰ ਅਮਰੀਕੀ ਏਜੰਸੀਆਂ ਅਤੇ ਮੀਡੀਆ ਕਹਿ ਰਹੇ ਹਨ ਕਿ ਕੋਈ ਖਾਸ ਨੁਕਸਾਨ ਨਹੀਂ ਹੋਇਆ; ਇਰਾਨ ਨੇ ਇਹ ਸਮਾਨ ਪਹਿਲਾਂ ਹੀ ਸੰਭਾਲ ਲਿਆ ਸੀ। ਇਰਾਨੀ ਅਧਿਕਾਰੀ ਬਿਆਨ ਦੇ ਰਹੇ ਹਨ ਕਿ ਪਰਮਾਣੂ ਸੋਧ ਪ੍ਰੋਗਰਾਮ ਜਾਰੀ ਰੱਖਾਂਗੇ। ਇਰਾਨ ਦਾ ਦੋਸ਼ ਹੈ ਕਿ ਕੌਮਾਂਤਰੀ ਪਰਮਾਣੂ ਏਜੰਸੀ (IAEA) ਨੇ ਜਸੂਸੀ ਕਰ ਕੇ ਫੋਰਦੋ ਅਤੇ ਹੋਰ ਥਾਈਂ ਹਮਲਾ ਕਰਵਾਇਆ ਹੈ। ਇਰਾਨੀ ਸੰਸਦ ਨੇ ਪਰਮਾਣੂ ਅਪ੍ਰਸਾਰ ਸੰਧੀ ਨਾਲੋਂ ਨਾਤਾ ਤੋੜਨ ਦਾ ਮਤਾ ਪਾਸ ਕਰ ਦਿੱਤਾ ਹੈ, ਜਿਵੇਂ ਉੱਤਰੀ ਕੋਰੀਆ ਨੇ 2003 ਵਿਚ ਕੀਤਾ ਸੀ ਤੇ ਫਿਰ ਪਰਮਾਣੂ ਬੰਬ ਬਣਾ ਲਿਆ ਸੀ।
Advertisement

ਉੱਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਉੱਤੇ ਅਦਾਲਤ ਵਿਚ ਭ੍ਰਿਸ਼ਟਾਚਾਰ ਦੇ ਗੰਭੀਰ ਕੇਸ ਹਨ। ਨੇਤਨਯਾਹੂ ਨੇ ਜਿਸ ਦਿਨ 13 ਜੂਨ ਦੀ ਰਾਤ ਨੂੰ ਸੁੱਤੇ ਇਰਾਨੀ ਫੌਜੀ ਅਫਸਰਾਂ ਅਤੇ ਵਿਗਿਆਨੀਆਂ ਉੱਤੇ ਹਮਲਾ ਕੀਤਾ ਸੀ, ਉਸ ਤੋਂ ਅਗਲੇ ਦਿਨ ਇਜ਼ਰਾਇਲੀ ਸੰਸਦ ਭੰਗ ਹੋਣੀ ਸੀ ਅਤੇ ਉਸ ਨੂੰ ਕੇਸ ਭੁਗਤਣੇ ਪੈਣੇ ਸਨ। ਨੇਤਨਯਾਹੂ ਨੇ 28 ਜੂਨ ਨੂੰ ਟਰੰਪ ਕੋਲੋਂ ਵੀ ਅਦਾਲਤ ਨੂੰ ਕਹਾਇਆ ਅਤੇ ਖ਼ੁਦ ਵੀ ਅਰਜ਼ੀ ਦਿੱਤੀ ਕਿ ਜੰਗ ਲੱਗੀ ਹੋਈ ਹੈ, ਇਸ ਲਈ ਓਨਾ ਚਿਰ ਕੇਸ ਨਾ ਚਲਾਓ ਪਰ ਅਦਾਲਤ ਨੇ ਸਭ ਅਪੀਲਾਂ-ਦਲੀਲਾਂ ਰੱਦ ਕਰ ਦਿੱਤੀਆਂ। ਇਸੇ ਦੌਰਾਨ ਤਾਜ਼ਾ ਖ਼ਬਰਾਂ ਹਨ ਕਿ ਪਿਛਲੇ ਤਿੰਨ ਦਿਨਾਂ ਤੋਂ ਇਜ਼ਰਾਈਲ ਨੇ ਇਰਾਨ ਅੰਦਰ ‘ਮੋਸਾਦ’ ਰਾਹੀਂ ਹਮਲੇ ਸ਼ੂਰੂ ਕਰ ਦਿੱਤੇ ਹਨ।

ਇਰਾਨ ਉੱਤੇ ਅਮਰੀਕੀ ਇਜ਼ਰਾਇਲੀ ਸ਼ਿਕੰਜਾ ਕੱਸਣ ਦੇ ਹੋਰ ਵੀ ਗੁੱਝੇ ਕਾਰਨ ਹਨ। ਇਰਾਨ 1980 ਤੋਂ ਸਖ਼ਤ ਅਮਰੀਕੀ ਪਾਬੰਦੀਆਂ ਦੀ ਮਾਰ ਹੇਠ ਹੈ। ਇਰਾਨ ਸਣੇ ਮੱਧ ਪੂਰਬ ਵਿਚ ਚਾਰ ਸਰਕਾਰਾਂ ਸਨ, ਜਿਨ੍ਹਾਂ ਆਪਣੇ ਕੌਮੀ ਹਿੱਤਾਂ ਉੱਤੇ ਪਹਿਰਾ ਦਿੰਦਿਆਂ ਤੇਲ ਦਾ ਕੌਮੀਕਰਨ ਕੀਤਾ ਅਤੇ ਅਮਰੀਕਾ ਤੇ ਪੱਛਮ ਦੀ ਤੇਲ ਕਬਜ਼ੇ ਵਾਲੀ ਈਨ ਨਾ ਮੰਨੀ। ਇਨ੍ਹਾਂ ਵਿੱਚੋਂ ਤਿੰਨ (ਇਰਾਕ, ਲਿਬੀਆ, ਸੀਰੀਆ) ਨੂੰ ਝੂਠੇ ਬਹਾਨੇ ਲਾ ਕੇ ਖ਼ਤਮ ਕਰ ਦਿੱਤਾ ਗਿਆ। ਇਰਾਕ ਬਾਰੇ ਇਹ ਪ੍ਰਚਾਰ ਕਰ ਕੇ ਹਮਲਾ ਕੀਤਾ ਕਿ ਸੱਦਾਮ ਹੁਸੈਨ ਨੇ ਸਾਰਾ ਸੰਸਾਰ ਤਬਾਹ ਕਰਨ ਜਿੰਨੇ ਰਸਾਇਣਕ ਹਥਿਆਰ ਇਕੱਠੇ ਕਰ ਲਏ ਹਨ। ਲਿਬੀਆ ਦੇ ਕਰਨਲ ਗੱਦਾਫੀ ਅਤੇ ਸੀਰੀਆ ਦੇ ਬਸ਼ਰ ਅਲ-ਅਸਦ ਦੀਆਂ ਸਰਕਾਰਾਂ ਨੂੰ ਤਾਨਾਸ਼ਾਹ ਆਖ ਕੇ ਬਦਲਿਆ ਅਤੇ ਇਨ੍ਹਾਂ ਮੁਲਕਾਂ ਨੂੰ ਖਾਨਾਜੰਗੀ ਵਿਚ ਧੱਕ ਦਿੱਤਾ। ਹੁਣ ਤਿੰਨੇ ਮੁਲਕ ਬਰਬਾਦ ਹਨ ਅਤੇ ਉੱਥੇ ਤੇਲ ਦੀ ਲੁੱਟ ਮਚੀ ਹੋਈ ਹੈ। ਹੁਣ ਇਰਾਨ ਦਾ ‘ਨੰਬਰ’ ਹੈ।

ਇਰਾਨ ਵਿਚ 1953 ਵਿਚ ਚੰਗੀ ਭਲੀ ਚੁਣੀ ਹੋਈ ਸਰਕਾਰ ਚੱਲ ਰਹੀ ਸੀ, ਉਹ ਤੇਲ ਦਾ ਕੌਮੀਕਰਨ ਕਰਨ ਦੇ ਰਾਹ ਪਈ, ਜੋ ਪੂੰਜੀਵਾਦੀ ਸਾਮਰਾਜ ਦੀ ਸਿੱਧੀ ਲੁੱਟ ਨੂੰ ਵਾਰਾ ਨਹੀਂ ਖਾਂਦਾ। ਅਮਰੀਕਾ ਨੇ ਤਖ਼ਤਾ ਪਲਟ ਕਰਵਾ ਕੇ ਉੱਥੇ ਸ਼ਾਹ ਰਜ਼ਾ ਪਹਿਲਵੀ ਨੂੰ ਕਾਬਜ਼ ਕਰਵਾਇਆ ਪਰ 1979 ਵਿਚ ਇਰਾਨੀਆਂ ਨੇ ਸ਼ਾਹ ਨੂੰ ਲਾਹ ਕੇ ਮੌਜੂਦਾ ਨਿਜ਼ਾਮ ਲਿਆਂਦਾ। ਸ਼ਾਹ ਅਮਰੀਕਾ ਜਾ ਲੁਕਿਆ। ਇਰਾਨ ਦਾ ਸੁਪਰੀਮ ਆਗੂ ਖਾਮਨੇਈ ਹੈ। ਸਵਾਲ ਹੈ: ਜੇ ਮੌਜੂਦਾ ਹਮਲਾ ਪਰਮਾਣੂ ਪ੍ਰੋਗਰਾਮ ਵਿਰੁੱਧ ਹੀ ਹੁੰਦਾ ਤਾਂ ਪਹਿਲਾਂ ਇਜ਼ਰਾਈਲ ਤੇ ਫਿਰ ਅਮਰੀਕਾ, ਸਰਕਾਰ ਬਦਲਣ ਦੀ ਰਟ ਕਿਉਂ ਲਾਉਂਦੇ? ਇਨ੍ਹਾਂ ਨੇ ਤਾਂ ਇਰਾਨ ਵਿਰੋਧੀ ਹਮਲੇ ਦਾ ਨਾਮ ਹੀ ‘ਰਾਈਜ਼ਿੰਗ ਲਾਇਨ’ ਰੱਖਿਆ ਜੋ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਦਾ ਚਿੰਨ੍ਹ ਸੀ। ਸੋ, ਅਸਲ ਮਕਸਦ ਕਠਪੁਤਲੀ ਸਰਕਾਰ ਬਣਾਉਣਾ ਹੈ। ਅਮਰੀਕਾ ਰਹਿੰਦੇ ਰਜ਼ਾ ਪਹਿਲਵੀ ਦੇ ਮੁੰਡੇ ਨੂੰ ਨਵੇਂ ਇਰਾਨੀ ਲੀਡਰ ਵਜੋਂ ਉਭਾਰਿਆ ਜਾ ਰਿਹਾ ਹੈ।

ਇਹ ਸਿਤਮਜ਼ਰੀਫ਼ੀ ਹੀ ਹੈ ਕਿ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕਣ ਦੀਆਂ ਗੱਲਾਂ ਉਹ ਮੁਲਕ ਕਰ ਰਹੇ ਹਨ, ਜਿਨ੍ਹਾਂ ਕੋਲ ਖੁਦ ਬੇਸ਼ੁਮਾਰ ਪਰਮਾਣੂ ਬੰਬ ਹਨ। ਇਨ੍ਹਾਂ ਨੇ ਕਿਸ ਦੀ ਆਗਿਆ ਨਾਲ ਬੰਬ ਬਣਾਏ? ਭਾਰਤ, ਪਾਕਿਸਤਾਨ, ਉੱਤਰੀ ਕੋਰੀਆ, ਇਜ਼ਰਾਈਲ ਸਮੇਤ ਹੋਰ ਕਿਹੜਾ ਮੁਲਕ ਹੈ, ਜਿਸ ਨੇ ਦੂਜਿਆਂ ਤੋਂ ਇਜਾਜ਼ਤ ਲੈ ਕੇ ਪਰਮਾਣੂ ਬੰਬ ਬਣਾਏ? ਚੰਗੀ ਗੱਲ ਤਾਂ ਇਹ ਹੈ ਕਿ ਪਰਮਾਣੂ ਬੰਬ ਕਿਸੇ ਕੋਲ ਵੀ ਨਾ ਹੋਣ, ਪਰ ਇੰਝ ਕਦੀ ਹੋਣਾ ਨਹੀਂ।

ਉਂਝ, ਇਜ਼ਰਾਈਲ ਬਾਰੇ ਲੱਗਦਾ ਹੈ ਕਿ ਇਸਾਈ ਮੁਲਕਾਂ ਦੀ ਦਾਅਪੇਚ ਨੀਤੀ ਸਫਲ ਰਹੀ ਹੈ। ਜਰਮਨ ਤਾਨਾਸ਼ਾਹ ਹਿਟਲਰ ਨੇ ਲੱਖਾਂ ਦੀ ਗਿਣਤੀ ਵਿਚ ਯਹੂਦੀ ਮਾਰੇ। ਦੂਜੇ ਕਈ ਯੂਰੋਪੀਅਨ ਮੁਲਕਾਂ ਵਿਚ ਵੀ ਉਨ੍ਹਾਂ ਨਾਲ ਵਿਤਕਰਾ ਹੁੰਦਾ ਰਿਹਾ। ਇਉਂ ਯਹੂਦੀਆਂ ਦੇ ਇਸਾਈਆਂ ਨਾਲ ਹਮੇਸ਼ਾ ਲਈ ਖੂਨੀ ਟਕਰਾਓ ਦਾ ਖ਼ਦਸ਼ਾ ਸੀ। ਇੰਗਲੈਂਡ ਤੇ ਅਮਰੀਕਾ ਨੇ 1947 ਵਿਚ ਫ਼ਲਸਤੀਨ ਨੂੰ ਤਕਰੀਬਨ ਅੱਧੋ-ਅੱਧ ਵੰਡ ਕੇ ਵਿੱਚ ਯਹੂਦੀਆਂ ਲਈ ਇਜ਼ਰਾਈਲ ਬਣਾ ਦਿੱਤਾ। ਯਹੂਦੀ ਅਮੀਰ ਅਤੇ ਧੱਕੇਸ਼ਾਹੀਆਂ ਦੇ ਫੱਟੇ ਸਨ। ਉਹ ਹੌਲੀ-ਹੌਲੀ ਸਾਰੇ ਫ਼ਲਸਤੀਨ ਉੱਤੇ ਕਾਬਜ਼ ਹੋ ਗਏ ਅਤੇ ਉਨ੍ਹਾਂ ਫ਼ਲਸਤੀਨੀਆਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਸ ਵਿੱਚੋਂ ਹੀ ਹਮਾਸ ਵਾਲੇ ਝਗੜੇ ਨੇ ਜਨਮ ਲਿਆ। ਇੰਝ, ਯੂਰੋਪੀਅਨ ਮੁਲਕ ਆਪਣਾ ਕਲੇਸ਼ ਮੁਸਲਮਾਨਾਂ ਦੇ ਗਲ ਪਵਾਉਣ ਵਿਚ ਕਾਮਯਾਬ ਹੋ ਗਏ ਅਤੇ ਅਮਰੀਕਾ, ਇੰਗਲੈਂਡ ਤੇ ਜਰਮਨ ਆਪ ਇਜ਼ਰਾਈਲ ਦੇ ਚਹੇਤੇ ਬਣ ਗਏ।

ਹੁਣ ਇਜ਼ਰਾਈਲ ਮੱਧ ਪੂਰਬ ਦਾ ਥਾਣੇਦਾਰ ਹੈ। ਆਕਾ ਅਮਰੀਕਾ ਹੈ। ਅਮਰੀਕਾ ਦੇ ਜਾਰਡਨ, ਬਹਿਰੀਨ, ਕਤਰ, ਸਾਊਦੀ ਅਰਬ, ਕੁਵੈਤ, ਸੰਯੁਕਤ ਅਰਬ ਅਮੀਰਾਤ, ਓਮਾਨ, ਇਰਾਕ, ਤੁਰਕੀ, ਸੀਰੀਆ ਵਿਚ ਫੌਜੀ ਅੱਡੇ ਹਨ। 40-50 ਹਜ਼ਾਰ ਫੌਜੀ ਤਾਇਨਾਤ ਹਨ। ਤੇਲ ਖਿੱਤੇ ਉੱਪਰ ਦਬਦਬਾ ਹੈ। ਇਕੱਲਾ ਇਰਾਨ ਹੈ ਜੋ ਈਨ ਨਹੀਂ ਮੰਨਦਾ। ਇਰਾਨ ਸਰਕਾਰ ਬਦਲਣ ਦੀ ਅਪੀਲ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੇ ਹਮਲੇ ਦੇ ਪਹਿਲੇ ਦਿਨ ਹੀ ਕਰ ਦਿੱਤੀ ਸੀ। ਇਜ਼ਰਾਈਲ ਦੇ ਹਮਲਿਆਂ ਨੂੰ ਟਰੰਪ ਨੇ ਸਲਾਹਿਆ, ਨਾਲ ਹੀ ਆਖਿਆ ਕਿ ਹੁਣ ਇਰਾਨ ਹਥਿਆਰ ਸੁੱਟ ਕੇ, ਹਾਰ ਮੰਨ ਕੇ ਆਤਮ-ਸਮਰਪਣ ਕਰੇ। ਸੰਪੂਰਨ ਸਰੈਂਡਰ, ਨਹੀਂ ਤਾਂ ਸੰਪੂਰਨ ਵਿਨਾਸ਼ ਹੋਵੇਗਾ। ਤਹਿਰਾਨ ਨੂੰ ਤੁਰੰਤ ਖਾਲੀ ਕਰਨ ਦਾ ਹੁਕਮ ਤੱਕ ਦਿੱਤਾ। ਟਰੰਪ ਨੇ ਤਾਂ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੂੰ ਖਾਮਨੇਈ ਦੇ ਟਿਕਾਣੇ ਬਾਰੇ ਪਤਾ ਹੈ ਪਰ ਇਰਾਨ ਦੀ ਜਵਾਬੀ ਕਾਰਵਾਈ, ਹੌਸਲੇ ਅਤੇ ਰਣਨੀਤੀ ਨੇ ਇਜ਼ਰਾਈਲ, ਅਮਰੀਕਾ ਅਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਰਾਨੀ ਮਿਜ਼ਾਈਲਾਂ ਨੇ ਹੈਰਾਨੀਜਨਕ ਤਬਾਹੀ ਮਚਾਈ। ਇਜ਼ਰਾਇਲੀ ਅਮਰੀਕੀ ਏਅਰ ਡਿਫੈਂਸ ਇਰਾਨੀ ਮਿਜ਼ਾਈਲ ਹਮਲੇ ਰੋਕ ਨਾ ਸਕੀ। ਖ਼ਬਰਾਂ ਆਉਣ ਲੱਗੀਆਂ ਕਿ ਤਬਾਹੀ ਦੇ ਪੱਖ ਤੋਂ ਹੁਣ ਇਜ਼ਰਾਈਲ ਵੀ ਉਸ ਗਾਜ਼ਾ ਵਰਗਾ ਲੱਗਦਾ ਹੈ ਜਿੱਥੇ ਇਜ਼ਰਾਈਲ ਨੇ ਬਹੁਤ ਜਿ਼ਆਦਾ ਤਬਾਹੀ ਮਚਾਈ ਹੈ।

ਇਜ਼ਰਾਈਲ ਅਮਰੀਕਾ ਨੂੰ ਉਦੋਂ ਜੰਗ ਵਿਚ ਸਿੱਧਾ ਘੜੀਸਣ ਵਿਚ ਸਫਲ ਹੋਇਆ ਜਦ ਅਮਰੀਕਾ ਨੇ ਬੀ2 ਬੰਬਾਰਾਂ ਨਾਲ ਇਰਾਨੀ ਪਰਮਾਣੂ ਕੇਂਦਰਾਂ ਉੱਤੇ ਬੰਕਰ ਤੋੜੂ ਬੰਬ ਸੁੱਟੇ। ਇਰਾਨੀ ਵਿਦੇਸ਼ ਮੰਤਰੀ ਨੇ 23 ਜੂਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਵੱਡੇ ਰੂਸੀ ਲੀਡਰ ਮੈਦਵੇਦੇਵ ਨੇ ਐਲਾਨ ਕੀਤਾ ਕਿ ਕਈ ਦੇਸ਼ ਇਰਾਨ ਨੂੰ ਪਰਮਾਣੂ ਬੰਬ ਦੇਣ ਨੂੰ ਤਿਆਰ ਹਨ। ਇਰਾਨ ਨੇ ਉਸੇ ਦਿਨ ਕਤਰ ਵਿਚਲੇ ਅਮਰੀਕੀ ਫੌਜੀ ਅੱਡੇ ਉੱਤੇ ਹਮਲਾ ਕੀਤਾ ਤਾਂ ਲੋਕਾਂ ਨੇ ਸੋਚਿਆ ਕਿ ਹੁਣ ਗੱਲ ਵਧ ਜਾਵੇਗੀ ਪਰ ਅਮਰੀਕਾ ਨੇ ਫੌਰੀ ਹੈਰਾਨਕੁਨ ਮੋੜਾ ਕੱਟਿਆ ਅਤੇ ਟਰੰਪ ਨੇ 24 ਜੂਨ ਦੀ ਸਵੇਰ ਨੂੰ ਐਲਾਨ ਕਰ ਦਿੱਤਾ ਕਿ ਇਰਾਨ ਇਜ਼ਰਾਈਲ ਵਿੱਚ ਜੰਗਬੰਦੀ ਕਰਵਾ ਦਿੱਤੀ ਹੈ। ਸੋ, ਜਿਹੜੀ ਜੰਗਬੰਦੀ ਫਿਲਹਾਲ ਹੋਈ ਹੈ, ਉਹ ਅਮਰੀਕਾ ਨੇ ਇਸ ਕਲੇਸ਼ ਵਿੱਚ ਖ਼ੁਦ ਸਿੱਧੇ ਉਲਝਣ ਤੋਂ ਬਚਾਅ ਲਈ ਸੀ।

ਇਉਂ ਇਸ ਸਾਜਿ਼ਸ਼ੀ ਕਿਸਮ ਦੇ ਇਜ਼ਰਾਇਲੀ ਅਮਰੀਕੀ ਹਮਲੇ ਦਾ ਉਲਟਾ ਅਸਰ ਹੋਇਆ। ਇਜ਼ਰਾਈਲ ਦਾ ਸੁਰੱਖਿਅਤ ਅਤੇ ਤਕੜੇ ਮੁਲਕ ਵਾਲਾ ਵੱਕਾਰ ਨਹੀਂ ਰਿਹਾ। ਭਵਿੱਖ ਵਿਚ ਮੱਧ ਪੂਰਬ ਦੇ ਮੁਲਕਾਂ ਉੱਪਰ ਉਸ ਦਾ ਜ਼ੋਰਾਵਰਾਂ ਵਾਲਾ ਰੋਹਬ ਚੁੱਕਿਆ ਜਾਵੇਗਾ। ਇਰਾਨ ਦਾ ਅਣਖੀ, ਦਲੇਰ, ਨਿੱਡਰ, ਲੜਾਕੂ ਕੌਮ ਵਜੋਂ ਵੱਕਾਰ ਵਧਿਆ ਹੈ। ਇਰਾਨ ਦੀ ਰੂਸ, ਚੀਨ, ਉੱਤਰੀ ਕੋਰੀਆ ਨਾਲ ਯਾਰੀ ਮਜ਼ਬੂਤ ਹੋਈ ਹੈ।

ਜ਼ਾਹਿਰ ਹੈ ਕਿ ਇਰਾਨ ਲੀਡਰਸ਼ਿਪ ਮਜ਼ਬੂਤ ਹੋਈ ਹੈ। ਟਰੰਪ ਨੇ ਇਰਾਨ ਨਾਲ ਵਪਾਰ ਦੀਆਂ ਬਚਗਾਨਾ ਤੇ ਬੇਮੌਕਾ ਗੱਲਾਂ ਕੀਤੀਆਂ। ਟਰੰਪ ਦਾ ਤਾਜ਼ਾ ਬਿਆਨ ਹੈ ਕਿ ਇਰਾਨ ਹੁਣ ਵਪਾਰਕ ਖੁਸ਼ਹਾਲੀ ਵੱਲ ਵਧੇਗਾ। ਟਰੰਪ ਨੇ ਇਹ ਐਲਾਨ ਵੀ ਕੀਤਾ ਕਿ ਇਰਾਨ ਹੁਣ ਚੀਨ ਨੂੰ ਤੇਲ ਵੇਚ ਸਕਦਾ ਹੈ, ਕੋਈ ਪਾਬੰਦੀ ਨਹੀਂ।

ਹਕੀਕਤ ਇਹ ਹੈ ਕਿ ਪਰਮਾਣੂ ਪ੍ਰੋਗਰਾਮ ਤਾਂ ਉਂਝ ਹੀ ਬਹਾਨਾ ਬਣਾ ਲਿਆ, ਅਮਰੀਕਾ ਨੂੰ ਇਰਾਨ ਵਿਚ ਉਹ ਸਰਕਾਰ ਚਾਹੀਦੀ ਹੈ ਜੋ ਬਾਕੀ ਅਰਬ ਮੁਲਕਾਂ ਵਾਂਗ ਉਸ ਮੁਤਾਬਿਕ ਚੱਲੇ। ਇਸ ਦੀ ਤੇਲ ਉੱਤੇ ਅੱਖ ਤਾਂ ਹੈ ਹੀ, ਇਹ ਉਸ ਖਿੱਤੇ ਵਿੱਚ ਇਜ਼ਰਾਈਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਖ਼ਤਮ ਕਰਨੀ ਚਾਹੁੰਦਾ ਹੈ ਅਤੇ ਰੂਸ ਸਮਰਥਕ ਆਖਿ਼ਰੀ ਕਿਲ੍ਹਾ ਢਾਹੁਣਾ ਚਾਹੁੰਦਾ ਹੈ। ਇਸੇ ਕਾਰਨ ਖ਼ਦਸ਼ਾ ਹੈ ਕਿ ਜੰਗਬੰਦੀ ਤੋੜਨ ਦੇ ਮੌਕੇ ਪੈਦਾ ਕੀਤੇ ਜਾਣਗੇ। ਉਂਝ, ਇਹ ਸਭ ਪਹਿਲਾਂ ਵਾਂਗ ਉਲਟ ਵੀ ਪੈ ਸਕਦਾ ਹੈ।

ਸੰਪਰਕ: 94173-24543

Advertisement