ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁੱਧ ਹੈਗਾ?

ਵਿਦੇਸ਼ ਤੋਂ ਆਏ ਜਿੰਦਰ ਲਈ ਕਈ ਗੱਲਾਂ ਨਵੀਆਂ ਸਨ। ਉਹ ਪੰਜਾਬ ਰਹਿੰਦੇ ਆਪਣੇ ਤਾਏ ਦੇ ਘਰ ਕੈਨੇਡਾ ਤੋਂ ਮਹੀਨਾ ਛੁੱਟੀਆਂ ਕੱਟਣ ਆਇਆ ਸੀ। ਪਹਿਲਾਂ ਵੀ ਉਹਦੇ ਮਾਪੇ ਉਹਨੂੰ ਦੂਜੇ-ਤੀਜੇ ਸਾਲ ਪੰਜਾਬ ਲੈ ਕੇ ਆਉਂਦੇ ਸਨ ਤਾਂ ਕਿ ਉਹ ਆਪਣੀਆਂ ਜੜ੍ਹਾਂ...
Advertisement

ਵਿਦੇਸ਼ ਤੋਂ ਆਏ ਜਿੰਦਰ ਲਈ ਕਈ ਗੱਲਾਂ ਨਵੀਆਂ ਸਨ। ਉਹ ਪੰਜਾਬ ਰਹਿੰਦੇ ਆਪਣੇ ਤਾਏ ਦੇ ਘਰ ਕੈਨੇਡਾ ਤੋਂ ਮਹੀਨਾ ਛੁੱਟੀਆਂ ਕੱਟਣ ਆਇਆ ਸੀ। ਪਹਿਲਾਂ ਵੀ ਉਹਦੇ ਮਾਪੇ ਉਹਨੂੰ ਦੂਜੇ-ਤੀਜੇ ਸਾਲ ਪੰਜਾਬ ਲੈ ਕੇ ਆਉਂਦੇ ਸਨ ਤਾਂ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ। ਉਸ ਵੇਲੇ ਉਹਦੀ ਉਮਰ ਦਾ ਪੜਾਅ ਬਚਪਨ ਵਾਲਾ ਸੀ। ਹੁਣ ਉਹ ਭਰ ਜਵਾਨ ਸੀ। ਕੈਨੇਡਾ ਅਤੇ ਪੰਜਾਬ ਦੇ ਸੱਭਿਆਚਾਰ ਦੇ ਫ਼ਰਕ ਦੀਆਂ ਬਰੀਕੀਆਂ ਸਮਝਦਾ ਸੀ।

ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਤੋਂ ਮਿਲੇ ਪਿਆਰ ਅਤੇ ਅਪਣੱਤ ਤੋਂ ਉਹ ਗਦਗਦ ਹੋ ਜਾਂਦਾ ਸੀ। ਫਿਰ ਤਾਏ ਦੇ ਪਰਿਵਾਰ ਦਾ ਰਿਸ਼ਤੇਦਾਰਾਂ ਦੇ ਘਰ ਘੁੰਮਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਹਰ ਦਿਨ ਨਵੇਂ ਪਿੰਡ ਲਈ ਤਿਆਰੀ ਹੋ ਜਾਂਦੀ। ਰਿਸ਼ਤੇਦਾਰ ਵਿਦੇਸ਼ੋਂ ਆਏ ਪ੍ਰਾਹੁਣੇ ਦੀ ਮਹਿਮਾਨ ਨਿਵਾਜੀ ਜਿੰਦਰ ਨੂੰ ਚੰਗੀ ਲਗਦੀ। ਵਾਪਸੀ ਵੇਲੇ ਰਿਸ਼ਤੇਦਾਰ ਪੈਸਿਆਂ ਦਾ ਦੇਣ-ਲੈਣ, ਮੋੜ-ਮੜਾਈ ਅਤੇ ਨਾਂਹ ਦੇਣ ਦੇ ਬਾਵਜੂਦ ਧੱਕੇ ਨਾਲ ਪੈਸੇ ਦੇਣੇ ਜਿੰਦਰ ਲਈ ਨਵੀਂ ਗੱਲ ਸੀ। ਉਹ ਸੋਚਦਾ, ਲੈਣ ਵਾਲਾ ਇਨਕਾਰੀ ਹੈ ਤਾਂ ਧੱਕੇ ਨਾਲ ਕਿਉਂ ਦਿੱਤੇ ਜਾ ਰਹੇ ਹਨ? ਜੇ ਦੇਣ ਵਾਲਾ ਜ਼ੋਰ ਪਾ ਰਿਹਾ ਹੈ ਤਾਂ ਅਗਲਾ ਕਿਉਂ ਨਹੀਂ ਲੈ ਰਿਹਾ? ਉਹਨੇ ਕੈਨੇਡਾ ’ਚ ਆਪਣੀ ਮੌਮ ਨੂੰ ਦੱਸਦਿਆਂ ਇਹਨੂੰ ‘ਮਨੀ ਫਾਈਟਿੰਗ’ ਦਾ ਨਾਂ ਦਿੱਤਾ ਸੀ। ਜਦੋਂ ਰਿਸ਼ਤੇਦਾਰ ਸ਼ਿਸ਼ਟਾਚਾਰ ਨਾਤੇ ਜਿੰਦਰ ਦੇ ਹੱਥ ਵੀ ਕੁਝ ਛਿੱਲੜ ਰੱਖਦੇ ਤਾਂ ਉਹ ਨਾਂਹ ਕਰਨ ਦੀ ਥਾਂ ਸਹਿਮਤੀ ਜਾਂ ਅਸਹਿਮਤੀ ਲਈ ਆਪਣੇ ਤਾਏ ਦੇ ਪੁੱਤ ਜਾਂ ਭਰਜਾਈ ਵੱਲ ਝਾਕਦਾ। ਕਈ ਦਿਨਾਂ ਬਾਅਦ ਉਹਦੀ ਸਮਝ ਵਿੱਚ ਆਇਆ ਕਿ ਇਹ ਸੱਭਿਆਚਾਰ ਦਾ ਹਿੱਸਾ ਹੈ।

Advertisement

ਇੱਕ ਹੋਰ ਪ੍ਰਸ਼ਨ ਉਸ ਲਈ ਨਵਾਂ ਸੀ ਜੋ ਹਰ ਰਿਸ਼ਤੇਦਾਰ ਸੁੱਖ-ਸਾਂਦ ਪੁੱਛਣ ਨਾਲ ਜ਼ਰੂਰ ਪੁੱਛਦਾ। ਇਹ ਪ੍ਰਸ਼ਨ ਵੀ ਪਰਿਵਾਰਕ ਖ਼ਬਰਸਾਰ ਦਾ ਹੀ ਹਿੱਸਾ ਸੀ। ਘਰ-ਪਰਿਵਾਰ ਦੇ ਜੀਆਂ ਦੀ ਰਾਜ਼ੀ-ਖੁਸ਼ੀ ਦੇ ਨਾਲ-ਨਾਲ ‘ਦੁੱਧ ਹੈਗਾ?” ਜ਼ਰੂਰ ਪੁੱਛਿਆ ਜਾਂਦਾ। ਇਸ ਦਾ ਭਾਵ ਦੁਧਾਰੂ ਪਸ਼ੂਆਂ ਤੋਂ ਸੀ। ਡੱਬਾਬੰਦ/ਪੈਕਟਾਂ ਦਾ ਦੁੱਧ ਪੀ ਕੇ ਵੱਡਾ ਹੋਣ ਵਾਲੇ ਜਿੰਦਰ ਲਈ ਇਸ ਸ਼ਬਦ ਦੇ ਅਰਥ ਕਰਨੇ ਔਖੇ ਸਨ। ਇਸ ਤੋਂ ਬਾਅਦ ਪਸ਼ੂਧਨ ਦੀ ਸੁੱਖ-ਸਾਂਦ ਅਤੇ ਤਫ਼ਸੀਲ ਵੀ ਪੁੱਛੀ ਜਾਂਦੀ। ਲਾਗੜ, ਤੋਕੜ ਅਤੇ ਆਸ ਵਾਲੇ ਦੁਧਾਰੂਆਂ ਬਾਰੇ ਪੁੱਛਿਆ-ਦੱਸਿਆ ਜਾਂਦਾ।

ਇਹ ਗੱਲਾਂ ਕਰੀਬ ਤੀਹ-ਬੱਤੀ ਸਾਲ ਪੁਰਾਣੀਆਂ ਹਨ। ਇਹ ਉਹ ਸਮਾਂ ਸੀ, ਜਦੋਂ ਦੁਧਾਰੂ ਪਸ਼ੂ ਪਿੰਡ ਦੇ ਕਰੀਬ ਹਰ ਘਰ ਦਾ ਹਿੱਸਾ ਹੁੰਦੇ ਸਨ। ਹਰ ਸਾਲ ਹੁੰਦੀ ਛਿੰਝ ਲਈ ਪਸ਼ੂਆਂ ਦੀ ਗਿਣਤੀ ਅਨੁਸਾਰ ਢਾਲ ਲਾਈ ਜਾਂਦੀ। ਦੁੱਧ ਕਦੇ ਮੁੱਕਣ ਨਹੀਂ ਸੀ ਦਿੱਤਾ ਜਾਂਦਾ। ਕੋਸ਼ਿਸ਼ ਇਹ ਹੁੰਦੀ ਸੀ ਕਿ ਲਾਗੜ ਮੱਝ ਮਗਰ ਤੋਕੜ ਮੱਝ ਹੋਵੇ, ਜੋ ਦੁੱਧ ਦੀ ਪੂਰਤੀ ਕਰਦੀ ਰਹੇ। ਇਹਦੀ ਭਰਪਾਈ ਲਈ ਬੱਕਰੀ ਵੀ ਰੱਖੀ ਜਾਂਦੀ। ਤਾਏ ਦੇ ਘਰ ਵੀ ਸੁੱਖ ਨਾਲ ਤਿੰਨ-ਚਾਰ ਲਵੇਰੀਆਂ ਸਨ।

ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਤਿੰਨ ਦਹਾਕੇ ਦਾ ਵਕਫ਼ਾ ਵੀ ਬਹੁਤ ਹੁੰਦਾ ਹੈ। ਜਿੰਦਰ ਨਾਲ ਐਤਕੀਂ ਉਹਦੇ ਜੁਆਕ ਅਤੇ ਪਤਨੀ ਵੀ ਸੀ। ਤਾਏ ਦਾ ਪੁੱਤ ਹੁਣ ਅਧੇੜ ਬਰੇਸ ਪਾਰ ਚੁੱਕਾ ਸੀ। ਰਿਸ਼ਤੇਦਾਰੀ ਵਿੱਚ ਜਾਣ ਲਈ ਗੱਡੀ ਚਲਾਉਣ ਲਈ ਤਾਏ ਦੇ ਪੋਤਰੇ ਦੀ ਜ਼ਿੰਮੇਵਾਰੀ ਲੱਗੀ। ਜਿੰਦਰ ਨੇ ਇਹ ਗੱਲ ਨੋਟ ਕੀਤੀ ਕਿ ਕਾਫੀ ਕੁਝ ਬਦਲ ਗਿਆ ਹੈ। ਪਹਿਲਾਂ ਜਿੰਨੇ ਮੋਹ ਪਿਆਰ ਦੀ ਥਾਂ ਰਸਮ ਜਿਹੀ ਪੂਰੀ ਕਰਨ ਵਾਲੀ ਗੱਲ ਸੀ। ਉਹਨੂੰ ਯਾਦ ਆਇਆ, ਜਦੋਂ ਉਹ ਪਿਛਲੀ ਵਾਰ ਆਇਆ ਸੀ, ਉਦੋਂ ਅੱਜ ਵਾਂਗ ਮੋਬਾਈਲ ਫੋਨ ਨਹੀਂ ਸੀ ਸਗੋਂ ਲੈਂਡਲਾਈਨ ਵੀ ਸਾਰੇ ਘਰਾਂ ਵਿੱਚ ਨਹੀਂ ਸਨ। ਅਗਾਊਂ ਸੂਚਨਾ ਨਾ ਦੇਣ ਦੇ ਬਾਵਜੂਦ ਰਿਸ਼ਤੇਦਾਰੀ ਵਿੱਚ ਕਿੰਨਾ ਮੋਹ-ਪਿਆਰ ਮਿਲਦਾ। ਹੁਣ ਤਾਂ ਮੋਬਾਈਲ ’ਤੇ ਸੂਚਨਾ ਦੇ ਕੇ ਤੁਰਦੇ ਹਾਂ। ਅਪਣੱਤ ਵਾਲੀ ਗੱਲ ਕਿਤੇ ਨਾ ਕਿਤੇ ਉਹਨੂੰ ਫਿੱਕੀ ਪੈ ਗਈ ਜਾਪਦੀ ਸੀ। ਹਾਂ, ‘ਮਨੀ ਫਾਈਟਿੰਗ’ ਵਾਲੀ ਰਸਮ ਪਹਿਲਾਂ ਵਾਂਗ ਹੀ ਸੀ, ਸਗੋਂ ਨੋਟ ਵੱਡੇ ਹੋ ਗਏ ਸਨ। ਪਰਿਵਾਰ ਦੀ ਸੁੱਖ-ਸਾਂਦ ਪੁੱਛਣ ਦੇ ਨਾਲ-ਨਾਲ ਮਾਲ-ਡੰਗਰ ਦੀ ਥਾਂ ਗੱਡੀਆਂ, ਮੋਬਾਈਲ ਫੋਨਾਂ, ਵਿਦੇਸ਼ ਵੱਸਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਅਤੇ ਆਧੁਨਿਕ ਸਹੂਲਤਾਂ ਵਾਲੀਆਂ ਹੋਰ ਵਸਤਾਂ ਨੇ ਲੈ ਲਈ ਸੀ। ਵੈਸੇ ਵੀ ਉਹਨੇ ਦੇਖਿਆ ਸੀ ਕਿ ਜ਼ਿਆਦਾਤਰ ਰਿਸ਼ਤੇਦਾਰ ਪਸ਼ੂ ਵੇਚ ਕੇ ਸੁਰਖਰੂ ਹੋ ਗਏ ਜਾਪਦੇ ਸਨ। ਅਖੇ, ਢੱਗੀ ਨਾ ਵੱਛੀ, ਨੀਂਦ ਆਵੇ ਅੱਛੀ। ਤਾਏ ਦੇ ਘਰ ਵੀ ਹੁਣ ਲਵੇਰੀਆਂ ਨਹੀਂ। ਭਰਜਾਈ ਨੇ ਸਪੱਸ਼ਟੀਕਰਨ ਦਿੱਤਾ ਸੀ, “ਵੀਰ ਜੀ, ਅਸੀਂ ਥੋੜ੍ਹਾ ਪਸ਼ੂ ਰੱਖੇ ਸੀ, ਸਗੋਂ ਪਸ਼ੂਆਂ ਨੇ ਸਾਨੂੰ ਰੱਖਿਆ ਹੋਇਆ ਸੀ। ਨਾ ਕਿਤੇ ਜਾਣ ਜੋਗੇ... ਜੇ ਕਿਤੇ ਚਲੇ ਵੀ ਜਾਂਦੇ ਸਾਂ ਤਾਂ ਪਿਛਲੀ ਝਾਕ ਰਹਿੰਦੀ ਸੀ। ਨਿਆਣੇ ਪਸ਼ੂਆਂ ਵੱਲ ਮੂੰਹ ਨੀ ਕਰਦੇ।”

ਪਿੰਡ ਦੀ ਸਵੇਰ ਦਾ ਦ੍ਰਿਸ਼ ਵੀ ਉਹਨੂੰ ਬਦਲਿਆ-ਬਦਲਿਆ ਜਾਪਿਆ। ਉਹ ਬੀਤੇ ਸਮੇਂ ਨਾਲ ਤੁਲਨਾ ਕਰਨ ਲੱਗਿਆ। ਰੋਜ਼ ਦੇ ਅਹੁੜ-ਪਹੁੜ ਦੀ ਥਾਂ ਹੁਣ ਵੱਡੀ ਗਿਣਤੀ ਲੋਕ ਸਵੇਰੇ-ਸਵੇਰੇ ਡੋਲੂ ਚੁੱਕੀ ਦੁੱਧ ਲੈਣ ਲਈ ਡੇਅਰੀ ਵੱਲ ਜਾ ਰਹੇ ਸਨ ਅਤੇ ਪਸ਼ੂ ਪਾਲਕ ਚੋਣਵੇਂ ਬੰਦੇ ਡੇਅਰੀ ਦੁੱਧ ਪਾਉਣ ਲਈ। ਹੁਣ ਰਿਸ਼ਤੇਦਾਰੀ ਵਿੱਚ ਰਾਜ਼ੀ-ਖੁਸ਼ੀ ਨਾਲ ‘ਦੁੱਧ ਹੈਗਾ’ ਵਾਲਾ ਪ੍ਰਸ਼ਨ ਗਾਇਬ ਸੀ, ਜਿਵੇਂ ਕਿਸੇ ਬੋਰਡ ਜਾਂ ਯੂਨੀਵਰਸਿਟੀ ਨੇ ਗੈਰ-ਜ਼ਰੂਰੀ ਅਤੇ ਸਮਾਂ ਵਿਹਾਅ ਚੁੱਕਿਆ ਹੋਣ ਕਰ ਕੇ ਸਿਲੇਬਸ ਵਿੱਚੋਂ ਕੱਢ ਦਿੱਤਾ ਹੋਵੇ!

ਸੰਪਰਕ: 94638-51568

Advertisement
Show comments