DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਗਾਂ ਵਿੱਚ ਅੰਤਰ-ਫ਼ਸਲਾਂ ਦੀ ਕਾਸ਼ਤ: ਕੁਝ ਜ਼ਰੂਰੀ ਨੁਕਤੇ

ਹਰਜੋਤ ਸਿੰਘ ਸੋਹੀ/ਸੁਖਜਿੰਦਰ ਸਿੰਘ ਮਾਨ ਫ਼ਲਦਾਰ ਬੂਟਿਆਂ ਨੂੰ ਵਪਾਰਕ ਫਲ ਆਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਇਸ ਲਈ ਮੁੱਢਲੇ ਸਾਲਾਂ ਦੌਰਾਨ ਫ਼ਲਦਾਰ ਬੂਟਿਆਂ ਦੇ ਫੈਲਾਓ, ਬਾਗ ਵਿੱਚ ਬੂਟੇ ਲਗਾਉਣ ਲਈ ਵਰਤਿਆ ਗਏ ਢੰਗ ਅਤੇ ਬੂਟਿਆਂ ਵਿਚਕਾਰ ਫ਼ਾਸਲੇ ਦੇ ਹਿਸਾਬ...
  • fb
  • twitter
  • whatsapp
  • whatsapp
Advertisement
ਹਰਜੋਤ ਸਿੰਘ ਸੋਹੀ/ਸੁਖਜਿੰਦਰ ਸਿੰਘ ਮਾਨ

ਫ਼ਲਦਾਰ ਬੂਟਿਆਂ ਨੂੰ ਵਪਾਰਕ ਫਲ ਆਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਇਸ ਲਈ ਮੁੱਢਲੇ ਸਾਲਾਂ ਦੌਰਾਨ ਫ਼ਲਦਾਰ ਬੂਟਿਆਂ ਦੇ ਫੈਲਾਓ, ਬਾਗ ਵਿੱਚ ਬੂਟੇ ਲਗਾਉਣ ਲਈ ਵਰਤਿਆ ਗਏ ਢੰਗ ਅਤੇ ਬੂਟਿਆਂ ਵਿਚਕਾਰ ਫ਼ਾਸਲੇ ਦੇ ਹਿਸਾਬ ਨਾਲ ਮੁੱਢਲੇ ਕੁਝ ਸਾਲਾਂ ਵਿਚ ਤਕਰੀਬਨ 70 ਤੋਂ 80 ਪ੍ਰਤੀਸ਼ਤ ਜ਼ਮੀਨ ਅੰਤਰ-ਫ਼ਸਲਾਂ ਦੀ ਕਾਸ਼ਤ ਲਈ ਵਰਤੀ ਜਾ ਸਕਦੀ ਹੈ। ਅੰਤਰ-ਫ਼ਸਲਾਂ ਦੀ ਕਾਸ਼ਤ ਕਰਨ ਦਾ ਮੁੱਖ ਮੰਤਵ ਬਾਗ ਵਿੱਚ ਖਾਲੀ ਪਈ ਜ਼ਮੀਨ ਦੇ ਹਿੱਸੇ ਵਿੱਚੋਂ ਵਾਧੂ ਆਮਦਨ ਪ੍ਰਾਪਤ ਕਰਨ ਤੋਂ ਇਲਾਵਾ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਨਦੀਨਾਂ ਦੀ ਮਿਕਦਾਰ ਨੂੰ ਘਟਾ ਕੇ ਮੁੱਖ ਫ਼ਲਦਾਰ ਫਸਲ ਨੂੰ ਬਿਹਤਰ ਬਣਾਉਣਾ ਹੁੰਦਾ ਹੈ। ਅੰਤਰ-ਫਸਲਾਂ ਦੀ ਕਾਸ਼ਤ ਕਰਨ ਨਾਲ ਤੇਜ਼ ਪਾਣੀ ਅਤੇ ਹਵਾ ਦੇ ਵਹਾਅ ਕਰ ਕੇ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਥੱਲੇ ਜਾਣ ਜਾਂ ਰੁੜ੍ਹ ਜਾਣ ਵਾਲੇ ਨੁਕਸਾਨ ਨੂੰ ਵੀ ਘਟਾਇਆ ਜਾ ਸਕਦਾ ਹੈ। ਖੇਤੀ ਆਮਦਨ ਵਧਾਉਣ ਤੋਂ ਇਲਾਵਾ ਬਾਗਾਂ ਵਿੱਚ ਅੰਤਰ-ਫ਼ਸਲੀ ਕਾਸ਼ਤ ਪੌਸ਼ਟਿਕ ਸੁਰੱਖਿਆ ਵਿੱਚ ਵੀ ਵਾਧਾ ਕਰਦੀ ਹੈ।

Advertisement

ਅੰਤਰ-ਫ਼ਸਲਾਂ ਦੀ ਚੋਣ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਾਲਾਂ ਅਤੇ ਸਬਜ਼ੀਆਂ ਜਿਵੇਂ ਮਟਰ, ਮੂਲੀ, ਗਾਜਰ, ਭਿੰਡੀ, ਬੈਂਗਣ, ਲੋਬੀਆ, ਟਮਾਟਰ, ਮੂਲੀ, ਗੋਭੀ, ਬੰਦਗੋਭੀ, ਗੰਢੇ, ਬੀਨ ਦੀਆਂ ਫਲੀਆਂ, ਪੱਤਿਆਂ ਵਾਲੀਆਂ ਸਬਜ਼ੀਆਂ ਆਦਿ ਦੀ ਕਾਸ਼ਤ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਬਾਗਾਂ ਵਿਚ ਵੇਲਾਂ ਵਾਲੀਆਂ ਸਬਜੀਆਂ ਜਿਵੇਂ ਘੀਆ ਕੱਦੂ, ਤੋਰੀ, ਪੇਠਾ, ਮਤੀਰਾ, ਖੀਰਾ ਆਦਿ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਜ਼ਿਆਦਾ ਫ਼ੈਲਾਓ, ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਜਵਾਰ, ਚਰੀ, ਨਰਮਾ/ਕਪਾਹ, ਮੱਕੀ, ਗੰਨਾ, ਬਰਸੀਮ ਜਾਂ ਲੂਸਣ, ਬਾਜਰਾ ਆਦਿ ਦੀ ਖੁਰਾਕੀ ਤੱਤਾਂ ਅਤੇ ਪਾਣੀ ਦੀ ਮੰਗ ਬਹੁਤ ਜਿ਼ਆਦਾ ਹੈ। ਇਹ ਫ਼ਸਲਾਂ ਜ਼ਮੀਨ ਵਿਚਲੇ ਤੱਤ ਵੱਡੀ ਮਿੱਕਦਾਰ ਵਿੱਚ ਖਿੱਚ ਲੈਂਦੀਆਂ ਹਨ ਅਤੇ ਇਹ ਫ਼ਲਦਾਰ ਬੂਟਿਆਂ ਨਾਲ ਰੌਸ਼ਨੀ ਲੈਣ ਲਈ ਵੀ ਮੁਕਾਬਲਾ ਕਰਦੀਆਂ ਹਨ। ਇਸ ਲਈ ਇਨ੍ਹਾਂ ਫਸਲਾਂ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਅੰਤਰ-ਫ਼ਸਲਾਂ ਦੀ ਚੋਣ ਮਿੱਟੀ ਦੀ ਕਿਸਮ, ਪੌਣ-ਪਾਣੀ ਅਤੇ ਮੰਡੀਕਰਨ ਦੀਆਂ ਸਹੂਲਤਾਂ ’ਤੇ ਨਿਰਭਰ ਕਰਦੀ ਹੈ; ਆਮ ਤੌਰ ’ਤੇ ਬਾਗਾਂ ਵਿੱਚ ਕਾਸ਼ਤ ਕਰਨ ਲਈ ਅੰਤਰ-ਫਸਲਾਂ ਘੱਟ ਉਚਾਈ ਵਾਲੀਆਂ, ਥੋੜ੍ਹੇ ਪਾਣੀ ਦੀ ਮੰਗ ਅਤੇ ਘੱਟ ਸਮੇਂ ਵਿੱਚ ਪੱਕ ਜਾਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।

ਅੰਤਰ-ਕਾਸ਼ਤ ਲਈ ਫ਼ਲੀਦਾਰ ਫ਼ਸਲਾਂ ਜਿਵੇਂ ਮੂੰਗੀ, ਮਾਂਹ, ਗੁਆਰਾ, ਛੋਲੇ, ਬੀਨਜ਼ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਫਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਜੜ੍ਹਾਂ ਰਾਹੀਂ ਮਿੱਟੀ ਵਿੱਚ ਜਮ੍ਹਾਂ ਕਰਨ ਦੇ ਸਮਰੱਥ ਹਨ। ਇਸ ਲਈ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਦੋਹਰਾ ਫਾਇਦਾ ਲਿਆ ਜਾ ਸਕਦਾ ਹੈ।

ਕੁਝ ਫ਼ਲਦਾਰ ਬੂਟੇ ਜਿਵੇਂ ਅੰਬ, ਲੀਚੀ, ਨਾਸ਼ਪਾਤੀ, ਚੀਕੂ ਆਦਿ ਲੰਬੇ ਸਮੇਂ ਬਾਅਦ ਫਲ ਦੇਣ ਲੱਗਦੇ ਹਨ ਅਤੇ ਇਨ੍ਹਾਂ ਦੇ ਬਾਗ ਵਧੇਰੇ ਫਾਸਲੇ ਉੱਪਰ ਵੀ ਲੱਗੇ ਹੁੰਦੇ ਹਨ। ਇਸ ਲਈ ਇਨ੍ਹਾਂ ਬਾਗਾਂ ਵਿਚ ਛੋਟੇ ਕੱਦ ਅਤੇ ਛੇਤੀ ਫਲ ਦੇਣ ਵਾਲੇ ਫਲਦਾਰ ਬੂਟੇ ਜਿਵੇਂ ਅਮਰੂਦ, ਪਪੀਤਾ, ਅਲੂਚਾ, ਆੜੂ, ਕਿੰਨੂ, ਫਾਲਸਾ, ਅਨਾਰ ਆਦਿ ਪੂਰਕ ਪੌਦਿਆਂ ਵਜੋਂ ਵੀ ਲਾਏ ਜਾ ਸਕਦੇ ਹਨ। ਜਦੋਂ ਮੁੱਖ ਫ਼ਲਦਾਰ ਬੂਟਿਆਂ ਦਾ ਭਰਪੂਰ ਵਿਕਾਸ ਹੋ ਜਾਵੇ ਅਤੇ ਉਹ ਪੂਰਾ ਫਲ ਦੇਣ ਲੱਗ ਜਾਣ ਤਾਂ ਇਹ ਪੂਰਕ ਪੌਦੇ ਪੁੱਟ ਦੇਣੇ ਚਾਹੀਦੇ ਹਨ।

ਅੰਤਰ-ਫ਼ਸਲਾਂ ਦੀ ਕਾਸ਼ਤ ਬਾਰੇ ਧਿਆਨ ਦੇਣ ਵਾਲੀਆਂ ਗੱਲਾਂ

ਬਾਗ ਦੀ ਜ਼ਮੀਨ ਵਿੱਚ ਪ੍ਰਮੁੱਖ ਫ਼ਸਲ ਫ਼ਲਦਾਰ ਬੂਟੇ ਹਨ, ਇਸ ਕਰ ਕੇ ਬਾਗ ਮਾਲਕਾਂ ਨੂੰ ਅੰਨ੍ਹੇਵਾਹ ਅੰਤਰ-ਫ਼ਸਲਾਂ ਦੀ ਕਾਸ਼ਤ ਕਰਨ ਦੀ ਬਜਾਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਅੰਤਰ-ਫ਼ਸਲਾਂ ਦੀ ਕਾਸ਼ਤ ਕਰਨ ਸਬੰਧੀ ਸਿਫਾਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਜਿਸ ਵੇਲੇ ਬੂਟਿਆਂ ਨੂੰ ਫਲ ਲੱਗਦਾ ਹੋਵੇ, ਉਸ ਸਮੇਂ ਬਾਗ ਵਿੱਚ ਹੋਰ ਫ਼ਸਲਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ।

ਅੰਤਰ-ਫ਼ਸਲਾਂ ਦੀ ਕਾਸ਼ਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੇ ਫਾਸਲੇ ’ਤੇ ਲਗਾਏ ਬਾਗਾਂ ਵਿੱਚ ਹੀ ਕਰਨੀ ਚਾਹੀਦੀ ਹੈ। ਘੱਟ ਫਾਸਲੇ ’ਤੇ ਲਗਾਏ ਗਏ ਬਾਗਾਂ ਵਿੱਚ ਅੰਤਰ-ਫ਼ਸਲਾਂ ਦੀ ਕਾਸ਼ਤ ਨਾਲ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਹੋ ਸਕਦਾ ਹੈ ਅਤੇ ਫ਼ਲ ਉਤਪਾਦਨ ਵਿੱਚ ਦੇਰੀ ਹੋ ਸਕਦੀ ਹੈ।

ਅੰਤਰ-ਫ਼ਸਲਾਂ ਦੀ ਕਾਸ਼ਤ ਫ਼ਲਦਾਰ ਬੂਟਿਆਂ ਦੀਆਂ ਵੱਟਾਂ ਵਿਚਕਾਰ ਖਾਲੀ ਪਈ ਜਗ੍ਹਾ (ਕਿਆਰੀ) ਵਿੱਚ ਹੀ ਕਰਨੀ ਚਾਹੀਦੀ ਹੈ। ਬਾਗ ਲਾਉਣ ਤੋਂ ਤੁਰੰਤ ਬਾਅਦ ਬੂਟਿਆਂ ਦੁਆਲੇ ਲੰਬਾਈ ਵਾਲੇ ਪਾਸੇ ਵੱਲ ਇੱਕ ਮੀਟਰ ਚੌੜੇ ਖਾਲ ਪਾ ਦੇਣੇ ਚਾਹੀਦੇ ਹਨ ਤਾਂ ਜੋ ਫ਼ਲਦਾਰ ਬੂਟਿਆਂ ਅਤੇ ਅੰਤਰ-ਫ਼ਸਲਾਂ ਦੀ ਸਿੰਜਾਈ ਲੋੜ ਮੁਤਾਬਿਕ ਅਲੱਗ-ਅਲੱਗ ਕੀਤੀ ਜਾ ਸਕੇ।

ਫ਼ਲਦਾਰ ਬੂਟਿਆਂ ਅਤੇ ਅੰਤਰ-ਫ਼ਸਲਾਂ ਦੀਆਂ ਖਾਦ-ਖੁਰਾਕ ਪਾਉਣ ਅਤੇ ਸਿੰਜਾਈ ਕਰਨ ਦਾ ਸਮਾਂ ਸਮਾਨਅੰਤਰ ਹੋਣਾ ਚਾਹੀਦਾ ਹੈ। ਅੰਤਰ-ਫ਼ਸਲਾਂ ਅਤੇ ਫਿੱਲਰ ਫ਼ਲਦਾਰ ਬੂਟਿਆਂ ਦਾ ਸਿਫ਼ਾਰਿਸ਼ ਮੁਤਾਬਿਕ ਰੂੜੀ, ਰਸਾਇਣਿਕ ਖਾਦਾਂ ਅਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਪੱਤਝੜ ਵਾਲੇ ਬੂਟੇ ਜਦੋਂ ਸਥਿਲ ਅਵਸਥਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਉਸ ਸਮੇਂ ਅੰਤਰ-ਫ਼ਸਲਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ।

ਬਾਗਬਾਨ ਵੀਰੋ, ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਬਾਗਾਂ ਵਿੱਚ ਸਾਰਾ ਸਾਲ ਅੰਤਰ-ਫ਼ਸਲਾਂ ਦੀ ਕਾਸ਼ਤ ਕਰ ਕੇ ਵਧੇਰੇ ਆਮਦਨੀ ਕੀਤੀ ਜਾ ਸਕਦੀ ਹੈ।

*ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ।

ਸੰਪਰਕ: 98154-42559

Advertisement
×