ਇੰਦਰਾ, ਸਾਇਨਾ, ਰੂਪਾ...
ਚਿਹਰੇ ਦਾ ਰੰਗ ਉੱਡਿਆ ਦੇਖ ਮੈਂ ਆਪਣੇ ਦੋਸਤ ਨੂੰ ਪੁੱਛਿਆ, “ਕੀ ਗੱਲ ਐਨਾ ਘਬਰਾਇਆ ਹੋਇਆ ਕਿਉਂ ਆਂ। ਬੈਠ, ਪਾਣੀ ਪੀ ਪਹਿਲਾਂ, ਫੇਰ ਦੱਸ ਕੀ ਗੱਲ ਆ। ਐਸਾ ਕਿਆ ਦੇਖ ਲਿਆ ਬਾਜ਼ਾਰ ਵਿੱਚ?” ਪਾਣੀ ਦਾ ਗਿਲਾਸ ਗੱਟ-ਗੱਟ ਕਰ ਕੇ ਨਿਘਾਰਨ ਪਿੱਛੋਂ ਉਹ ਦੱਸਣ ਲੱਗਿਆ, “ਮੈਂ ਕਰਿਆਨੇ ਦੀ ਪੁਰਾਣੀ ਦੁਕਾਨ ’ਤੇ ਗਿਆ ਸੀ ਕੁਝ ਜੜੀ-ਬੂਟੀਆਂ ਲੈਣ। ਪਿੰਡ ਭੇਜਣੀਆਂ ਸੀ। ਉੱਥੇ ਇੱਕ ਬਜ਼ੁਰਗ ਪਹਿਲਾਂ ਹੀ ਸੌਦਾ ਤੁਲਾ ਰਿਹਾ ਸੀ। ਉਸ ਨੇ ਔਲ਼ਿਆਂ ਦਾ ਮੁਰੱਬਾ ਤੇ ਹੋਰ ਨਿੱਕ-ਸੁੱਕ ਲਿਆ। ਉਸ ਦੇ ਹੱਥ ਲਗਾਤਾਰ ਕੰਬ ਰਹੇ ਸਨ। ਜਦ ਉਹ ਸਾਮਾਨ ਦਾ ਪੈਕਟ ਚੁੱਕ ਕੇ ਜਾਣ ਹੀ ਲੱਗਿਆ ਤਾਂ ਦੁਕਾਨਦਾਰ ਲਾਲਾ ਜੀ ਨੇ ਫ਼ਿਕਰ ਕਰਦਿਆਂ ਪੁੱਛ ਲਿਆ ਕਿ ਭਾਰੀ ਲਿਫ਼ਾਫ਼ਾ ਚੱਕ ਕੇ ਤੁਰ ਸਕੋਗੇ? ਬਾਬਾ ਥਾਏਂ ਸਟੂਲ ’ਤੇ ਬੈਠ ਗਿਆ, ਅੱਖਾਂ ਭਰ ਆਈਆਂ, ਕਹਿਣ ਲੱਗਾ, “ਬੱਸ ਬੇਵਸੀ ਆ, ਹੋਰ ਕੋਈ ਹੈ ਨੀ ਸਾਮਾਨ ਲੈ ਕੇ ਜਾਣ ਵਾਲ਼ਾ। ਤਿੰਨ ਧੀਆਂ ਹੀ ਧੀਆਂ ਹਨ, ਆਪਣੇ-ਆਪਣੇ ਘਰ ਰਾਜ਼ੀ ਹਨ। ਘਰ ਆਲ਼ੀ ਬਿਮਾਰ ਰਹਿੰਦੀ ਆ, ਕਿਸੇ ਨੇ ਉਹਨੂੰ ਮੁਰੱਬਾ ਦੇਣ ਲਈ ਕਿਹਾ ਤਾ... ਤਾਂ ਆਉਣਾ ਪਿਆ। ਬੱਸ ਰੱਬ ਆਸਰੇ ਹੀ ਆ ਜ਼ਿੰਦਗੀ।” ਬਜ਼ੁਰਗ ਦੇ ਚਿਹਰੇ ’ਤੇ ਪੱਸਰੀ ਬੇਉਮੀਦੀ ਮੈਨੂੰ ਪੂਰੀ ਤਰ੍ਹਾਂ ਝੰਜੋੜ ਗਈ।
ਪਲ ਕੁ ਚੁੱਪ ਰਹਿਣ ਪਿੱਛੋਂ ਅਸੀਂ ਦੋਵੇਂ ਇਸ ਮੁੱਦੇ ਨੂੰ ਮੁੜ ਕੁਰੇਦਣ ਲੱਗੇ। ਅਸਲ ਵਿੱਚ ਅਜਿਹੀ ਹਾਲਤ ਸਾਡੇ ਦੇਸ਼ ਵਿੱਚ ਬਹੁਤ ਪਰਿਵਾਰਾਂ ਦੀ ਹੋ ਚੁੱਕੀ ਹੈ। ਬੱਚੇ ਵਿਦੇਸ਼ਾਂ ਵਿੱਚ ਵਸ ਗਏ ਹਨ ਤੇ ਮਾਪੇ ਬੱਚਿਆਂ ਨੂੰ ਦੇਖਣ ਲਈ ਤੜਫਦੇ ਰਹਿੰਦੇ ਹਨ। ਖ਼ਲੂਸ ਤੇ ਫ਼ਰਜ਼ ਨੂੰ ਪੈਸੇ ਨੇ ਪਛਾੜ ਦਿੱਤਾ ਹੈ। ਵਿਦੇਸ਼ ਬੱਚਿਆਂ ਕੋਲ ਰਹਿੰਦੇ ਮਾਪਿਆਂ ਦੀਆਂ ਹੋਰ ਵੀ ਗੁੰਝਲਦਾਰ ਸਮੱਸਿਆਵਾਂ ਹਨ। ਅਸਲ ’ਚ ਵਾਧੂ ਦੇ ਵਪਾਰੀਕਰਨ ਨੇ ਸਮਾਜ ਦਾ ਸਮਤੋਲ ਵਿਗਾੜ ਦਿੱਤਾ ਹੈ। ਲਾਲਚ ਨੇ ਸੇਵਾ ਭਾਵਨਾ ਨੂੰ ਪਿੱਛੇ ਧੱਕ ਦਿੱਤਾ ਹੈ। ਦੋਸਤ ਨੂੰ ਇਹ ਵੀ ਲੱਗਿਆ ਕਿ ਬਜ਼ੁਰਗ ਦੀਆਂ ਧੀਆਂ ਜਾਂ ਤਾਂ ਦੂਰ ਰਹਿੰਦੀਆਂ ਹਨ ਕਿ ਜਲਦੀ-ਜਲਦੀ ਪੇਕੇ ਘਰ ਆ ਨਹੀਂ ਸਕਦੀਆਂ, ਜਾਂ ਕੋਈ ਹੋਰ ਮਜਬੂਰੀ ਹੋਵੇਗੀ ਜੋ ਬਾਬੇ ਨੇ ਸਪੱਸ਼ਟ ਨਹੀਂ ਕੀਤੀ। ਬਾਹਰਹਾਲ ਇਸ ਸਮੱਸਿਆ ਨੇ ਸਮਾਜ ਨੂੰ ਜਕੜ ਲਿਆ ਹੈ। ਬਿਰਧ ਆਸ਼ਰਮ ਵੀ ਸ਼ਾਇਦ ਇਸ ਦਾ ਵਧੀਆ ਹੱਲ ਨਹੀਂ ਬਣ ਸਕੇ।
ਪਰਿਵਾਰ ਵਿੱਚ ਮੁੰਡਾ ਨਾ ਹੋਣ ਵਾਲੀ ਗੱਲ ਮੈਨੂੰ ਹਜ਼ਮ ਨਹੀਂ ਸੀ ਹੋ ਰਹੀ। ਅੱਜ ਕੱਲ੍ਹ ਤਾਂ ਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਖੇਤਰ ਵਿੱਚ ਮੁੰਡਿਆਂ ਤੋਂ ਦੋ ਕਦਮ ਅੱਗੇ ਹੀ ਹਨ। ਸਮਾਜ ਧੀ-ਪੁੱਤ ਦੋਹਾਂ ਨਾਲ ਅੱਗੇ ਵਧੇਗਾ। ਲੜਕੀਆਂ ਨੂੰ ਤੁਸੀਂ ਬਰਾਬਰ ਮੌਕੇ ਦੇ ਕੇ ਤਾਂ ਦੇਖੋ, ਫੇਰ ਦੇਖਣਾ... ਕੀ ਹੈਰਾਨੀਜਨਕ ਨਤੀਜੇ ਲਿਆਉਂਦੀਆਂ ਹਨ। ਕਿਸੇ ਵੱਡੇ ਹਸਪਤਾਲ ਜਾ ਕੇ ਤਾਂ ਦੇਖੋ, ਕਿਵੇਂ ਧੀਆਂ/ਦੋਹਤੀਆਂ ਮਾਪਿਆਂ ਨੂੰ ਡਾਕਟਰਾਂ ਕੋਲ ਲਈ ਫਿਰਦੀਆਂ ਹਨ। ਮੁੰਡੇ ਦੀ ਇੱਛਾ ਲਈ ਛੇ-ਛੇ ਕੁੜੀਆਂ ਪੈਦਾ ਕਰ ਲੈਣਾ ਹੁਣ ਬੀਤੇ ਦੀ ਗੱਲ ਬਣ ਕੇ ਰਹਿ ਗਈ ਹੈ।
ਪਿਆਜ਼ ਦੀਆਂ ਪਰਤਾਂ ਵਾਂਗ ਗੱਲ ’ਚੋਂ ਗੱਲ ਨਿਕਲਦੀ-ਨਿਕਲਦੀ ਇੰਦਰਾ ਗਾਂਧੀ ’ਤੇ ਜਾ ਰੁਕੀ। ਹਾਂ ਜੀ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ। ਕਿਸ ਕਦਰ ਉਹ ਦੁਨੀਆ ਦੇ ਨਕਸ਼ੇ ’ਤੇ ਉੱਭਰੇ ਕਿ ਪੂਰਾ ਜਹਾਨ ਦੰਗ ਰਹਿ ਗਿਆ। ਆਖ਼ਿਰ ਉਹ ਵੀ ਤਾਂ ਕੁੜੀ ਹੀ ਸਨ ਪਰ ਆਪਣੀ ਲਿਆਕਤ ਤੇ ਵੱਡੇ-ਵੱਡੇ ਫ਼ੈਸਲਿਆਂ ਨਾਲ ਤਾਕਤਵਰ ਖਿੱਤਿਆਂ ਦੇ ਮੁਖੀਆਂ ਨੂੰ ਹਿਲਾ ਕੇ ਰੱਖ ਦਿੱਤਾ। ਗੱਲ ਤਾਂ ਸਵੈ-ਭਰੋਸਾ ਪੈਦਾ ਕਰਨ ਦੀ ਆ; ਜਿਸ ਨੇ ਆਪਣੀਆਂ ਬੱਚੀਆਂ ਵਿੱਚ ਅਜਿਹਾ ਯਕੀਨ ਭਰ ਦਿੱਤਾ, ਉਨ੍ਹਾਂ ਦਾ ਅੰਬਰਾਂ ’ਤੇ ਚਮਕਣਾ ਲਾਜ਼ਮ ਹੈ। ਸਾਇਨਾ ਨੇਹਵਾਲ ਦਾ ਭਰੋਸਾ ਦੇਖਿਆ? ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਆ। ਉਸ ਦੇ ਮਾਪਿਆਂ ਨੇ ਨਾ ਸਿਰਫ ਧੀ ਦੇ ਹੁਨਰ ਨੂੰ ਪਛਾਣਿਆ ਸਗੋਂ ਇਸ ਨਾਯਾਬ ਪ੍ਰਤਿਭਾ ਨੂੰ ਪ੍ਰਫੁੱਲਤ ਹੋਣ ਵਿੱਚ ਪੂਰੀ ਮਦਦ ਦਿੱਤੀ। ਫੇਰ ਕਿੱਥੇ ਪਹੁੰਚੀ ਉਹ... ਕੁੱਲ ਆਲਮ ਦੀ ਚੋਟੀ ਦੀ ਖਿਡਾਰਨ ਬਣੀ; ਨਾ ਸਿਰਫ ਆਪਣਾ ਤੇ ਆਪਣੇ ਮਾਪਿਆਂ ਦਾ ਹੀ ਨਾਂ ਚਮਕਾਇਆ ਸਗੋਂ ਪੂਰੇ ਭਾਰਤੀਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ।
ਮੇਰਾ ਦੋਸਤ ਹਾਕੀ ਪ੍ਰੇਮੀ ਹੈ। ਉਹ ਰੂਪਾ ਸੈਣੀ ਦੀ ਗੱਲ ਛੇੜ ਦਿੰਦਾ ਹੈ। ਮਾਲੀ ਸਨ ਸ਼ਾਇਦ ਉਸ ਦੇ ਪਿਤਾ। ਕੀ ਸੀ ਪਿਤਾ ਕੋਲ ਧੀਆਂ ਨੂੰ ਦੇਣ ਲਈ? ਪਰ ਅਜਿਹਾ ਹੌਸਲਾ ਤੇ ਹੱਲਾਸ਼ੇਰੀ ਦਿੱਤੀ ਕਿ ਬੱਚੀਆਂ ਵਿਸ਼ਵ ਹਾਕੀ ਦੇ ਅੰਬਰ ’ਤੇ ਸਿਤਾਰੇ ਵਾਂਗ ਚਮਕੀਆਂ। ਰੂਪਾ ਸੈਣੀ ਦੇਸ਼ ਦੀ ਹਾਕੀ ਟੀਮ ਦੀ ਕਪਤਾਨ ਰਹੀ ਤੇ ਕੌਮਾਂਤਰੀ ਪੱਧਰ ’ਤੇ ਬਹੁਤ ਮੱਲਾਂ ਮਾਰੀਆਂ। ਖੇਡ ਤੋਂ ਸਨਿਆਸ ਲੈਣ ਪਿੱਛੋਂ ਵੀ ਰੂਪਾ ਨੇ ਵੱਡੇ-ਵੱਡੇ ਅਹੁਦਿਆਂ ’ਤੇ ਕੰਮ ਕੀਤਾ। ਲਉ ਜੀ ਕਿਰਨ ਬੇਦੀ ਨੂੰ ਤਾਂ ਭੁੱਲ ਹੀ ਚੱਲੇ ਸੀ। ਦੇਸ਼ ਦੀ ਪਹਿਲੀ ਆਈਪੀਐੱਸ ਅਫਸਰ। ਕਾਨੂੰਨ ਲਾਗੂ ਕਰਨ ਪੱਖੋਂ ਜੋ ਨਾਮ ਇਸ ਮਹਿਲਾ ਉੱਚ ਅਧਿਕਾਰੀ ਨੇ ਖੱਟਿਆ, ਹੋਰ ਕੋਈ ਉਸ ਪ੍ਰਾਪਤੀ ਦੇ ਨੇੜੇ-ਤੇੜੇ ਢੁੱਕ ਵੀ ਨਹੀਂ ਸਕਿਆ। ਭੁੱਲ ਤਾਂ ਕੁੱਲ ਆਲਮ ਫਤਿਹ ਕਰਨ ਵਾਲੀ ਮੁੱਕੇਬਾਜ਼ ਮੈਰੀ ਕੌਮ, ਉੜਨ ਪਰੀ ਪੀਟੀ ਊਸ਼ਾ, ਆਸਮਾਨ ਸਰ ਕਰਨ ਵਾਲੀ ਕਲਪਨਾ ਚਾਵਲਾ, ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲੀ ਬਛੇਂਦਰੀ ਪਾਲ, ਬਿਹਤਰੀਨ ਕ੍ਰਿਕਟਰ ਹਰਮਨਪ੍ਰੀਤ ਕੌਰ, ਅੰਮ੍ਰਿਤਾ ਪ੍ਰੀਤਮ, ਲਤਾ ਮੰਗੇਸ਼ਕਰ ਤੇ ਹੋਰ ਅਣਗਿਣਤ ਵਿਲੱਖਣ ਕੁੜੀਆਂ ਨੂੰ ਵੀ ਗਏ ਹਾਂ ਜਿਨ੍ਹਾਂ ਦੇ ਕਾਰਨਾਮਿਆਂ ਨੇ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ। ਫੇਰ ਕੁੜੀਆਂ ਦੇ ਜਨਮ ’ਤੇ ਕਾਹਦਾ ਰੋਣਾ!
ਇੱਕੋ ਝਟਕੇ ਨਾਲ ਮੇਰਾ ਧਿਆਨ ਕੰਬਦੇ ਹੱਥਾਂ ਵਾਲੇ ਬਾਬੇ ਵੱਲ ਪਰਤ ਆਇਆ। ਮੈਂ ਫ਼ਿਕਰ ਜ਼ਾਹਿਰ ਕਰਦਿਆਂ ਦੋਸਤ ਨੂੰ ਪੁੱਛਿਆ, “ਬਾਬਾ ਘਰ ਠੀਕ-ਠਾਕ ਪਹੁੰਚ ਗਿਆ ਹੋਵੇਗਾ, ਚੱਲ ਉੱਠ ਉਸੇ ਪੁਰਾਣੀ ਦੁਕਾਨ ਤੋਂ ਬਾਬੇ ਦਾ ਥਹੁ-ਟਿਕਾਣਾ ਪਤਾ ਕਰੀਏ ਤੇ ਜ਼ਰੂਰੀ ਮਦਦ ਕਰੀਏ। ਉਸ ਨੂੰ ਦੱਸੀਏ ਕਿ ਆਪਣੀਆਂ ਧੀਆਂ ਨੂੰ ਸਾਰੀ ਸਮੱਸਿਆ ਬਿਆਨ ਕਰੇ, ਧੀਆਂ ਹਰ ਹਾਲ ਉਨ੍ਹਾਂ ਦਾ ਦੁੱਖ ਵੰਡਾਉਣਗੀਆਂ, ਇਹ ਮੇਰਾ ਨਿੱਜੀ ਤਜਰਬਾ ਹੈ।” ਦੁਕਾਨਦਾਰ ਨੂੰ ਕੰਬਦੇ ਹੱਥਾਂ ਵਾਲੇ ਬਾਬੇ ਬਾਰੇ ਯਾਦ ਤਾਂ ਸੀ ਪਰ ਬਾਬੇ ਦਾ ਥਹੁ-ਟਿਕਾਣਾ ਪਤਾ ਨਹੀਂ ਸੀ। ਅਸੀਂ ਮਾਯੂਸ ਹੋ ਗਏ। ਇੱਕ ਭਲਾ ਕੰਮ ਸਾਥੋਂ ਹੁੰਦਾ-ਹੁੰਦਾ ਰਹਿ ਗਿਆ ਸੀ।
ਸੰਪਰਕ: 98720-73035