ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦੀ ਹਾਕੀ ਏਸ਼ੀਆ ਕੱਪ ’ਚ ਖਿਤਾਬੀ ਜਿੱਤ ਅਤੇ ਦਰਸ਼ਕਾਂ ਦਾ ਉਤਸ਼ਾਹ

ਰਾਜਗੀਰ (ਬਿਹਾਰ) ਵਿੱਚ ਏਸ਼ੀਆ ਕੱਪ ਦੀ ਜਿੱਤ ਨਾਲ ਜਿੱਥੇ ਭਾਰਤ ਨੇ ਅਗਲੇ ਸਾਲ ਬੈਲਜੀਅਮ ਅਤੇ ਹਾਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ, ਉਥੇ ਭਾਰਤ ਨੇ ਏਸ਼ੀਅਨ ਹਾਕੀ ਵਿੱਚ ਆਪਣੀ ਬਾਦਸ਼ਾਹਤ ਵੀ...
Advertisement

ਰਾਜਗੀਰ (ਬਿਹਾਰ) ਵਿੱਚ ਏਸ਼ੀਆ ਕੱਪ ਦੀ ਜਿੱਤ ਨਾਲ ਜਿੱਥੇ ਭਾਰਤ ਨੇ ਅਗਲੇ ਸਾਲ ਬੈਲਜੀਅਮ ਅਤੇ ਹਾਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ, ਉਥੇ ਭਾਰਤ ਨੇ ਏਸ਼ੀਅਨ ਹਾਕੀ ਵਿੱਚ ਆਪਣੀ ਬਾਦਸ਼ਾਹਤ ਵੀ ਪੂਰੀ ਤਰ੍ਹਾਂ ਕਾਇਮ ਕਰ ਲਈ। ਭਾਰਤ ਨੇ ਫਾਈਨਲ ਮੈਚ ਵਿੱਚ ਕੋਰੀਆ ਨੂੰ 4-1 ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ। ਦਿਲਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਸੁਖਜੀਤ ਸਿੰਘ ਅਤੇ ਅਮਿਤ ਰੋਹੀਦਾਸ ਨੇ ਇਕ-ਇੱਕ ਗੋਲ ਕੀਤਾ। ਭਾਰਤ ਅਜਿਹਾ ਇਕਲੌਤਾ ਏਸ਼ੀਅਨ ਮੁਲਕ ਬਣ ਗਿਆ ਹੈ ਜਿਸ ਨੇ ਹਾਕੀ ਵਿੱਚ ਏਸ਼ੀਆ ਦੇ ਤਿੰਨੇ ਵੱਡੇ ਟੂਰਨਾਮੈਂਟ ਇੱਕੋ ਸਮੇਂ ਜਿੱਤੇ ਹਨ। ਭਾਰਤ ਨੇ 2023 ਵਿੱਚ ਹਾਂਗਜ਼ੂ ਏਸ਼ਿਆਈ ਖੇਡਾਂ (ਚੀਨ) ਅਤੇ 2024 ਵਿੱਚ ਹੂਲਨੁਬਿਓਰ (ਚੀਨ) ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਹੁਣ 2025 ਵਿੱਚ ਏਸ਼ੀਆ ਕੱਪ ਜਿੱਤ ਲਿਆ ਹੈ। ਇਹ ਭਾਰਤ ਦਾ ਚੌਥਾ ਏਸ਼ੀਆ ਕੱਪ ਖਿਤਾਬ ਹੈ। ਇਨ੍ਹਾਂ ਤਿੰਨਾਂ ਟੂਰਨਾਮੈਂਟਾਂ ਨੂੰ ਮਿਲਾ ਕੇ ਏਸ਼ੀਆ ਵਿੱਚ ਇਹ ਭਾਰਤ ਦਾ 13ਵਾਂ ਖਿਤਾਬ ਹੈ।

ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਰਾਜਗੀਰ ਸਪੋਰਟਸ ਕੰਪਲੈਕਸ ਜਿੱਥੇ ਇਕ ਹਫ਼ਤੇ ਤੋਂ ਏਸ਼ੀਅਨ ਹਾਕੀ ਦੀਆਂ ਸੁਰਖ਼ੀਆਂ ਦਾ ਕੇਂਦਰ ਬਣਿਆ ਰਿਹਾ, ਉਥੇ ਰਾਜਗੀਰ ਖੇਤਰ ਸਮੇਤ ਸਮੁੱਚੇ ਬਿਹਾਰ ਦੇ ਖੇਡ ਪ੍ਰੇਮੀਆਂ ਦਾ ਕੇਂਦਰ ਵੀ ਬਣਿਆ ਰਿਹਾ। ਏਸ਼ੀਆ ਕੱਪ ਕੌਮੀ ਖੇਡ ਹਾਕੀ ਦੀ ਨਵੀਂ ਪੌਦ ਨੂੰ ਜਾਗ ਲਾਉਣ ਵਿੱਚ ਵੀ ਸਫਲ ਰਿਹਾ ਹੈ। ਹਾਕੀ ਅਤੇ ਬਿਹਾਰ ਦਾ ਕੋਈ ਗੂੜ੍ਹਾ ਰਿਸ਼ਤਾ ਨਹੀਂ ਰਿਹਾ ਹੈ ਪਰ ਰਾਜਗੀਰ ਵਿੱਚ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਪੁਰਸ਼ਾਂ ਦੇ ਏਸ਼ੀਆ ਕੱਪ ਕਰਵਾਉਣ ਤੋਂ ਬਾਅਦ ਅੱਠ ਵਰ੍ਹਿਆਂ ਦਾ ਆਰੁਸ਼ ਤੇ ਸੱਤ ਵਰ੍ਹਿਆਂ ਦੀ ਅਨੰਨਿਆ ਹਾਕੀ ਨਾਲ ਪੂਰੀ ਤਰ੍ਹਾਂ ਜੁੜ ਗਏ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਹਾਕੀ ਖੇਡਣੀ ਦੇਖਣੀ ਤਾਂ ਇਕ ਪਾਸੇ, ਬਲਕਿ ਹਾਕੀ ਦਾ ਨਾਮ ਵੀ ਨਹੀਂ ਸੀ ਸੁਣਿਆ। ਦੋਵੇਂ ਨਿਆਣੇ ਆਪੋ-ਆਪਣੇ ਮਾਪਿਆਂ ਦੀ ਉਂਗਲ ਫੜੀ ਰਾਜਗੀਰ ਸਪੋਰਟਸ ਕੰਪਲੈਕਸ ਦੇ ਬਾਹਰ ਦਰਸ਼ਕਾਂ ਦੀਆਂ ਲੰਮੀਆਂ ਲਾਈਨਾਂ ਵਿੱਚ ਚਾਵਾਂ ਨਾਲ ਮੈਚ ਦੇਖਣ ਆਉਂਦੇ ਹਨ। ਚਿਹਰਿਆਂ ਉੱਪਰ ਤਿਰੰਗੇ ਝੰਡੇ ਦੀ ਪੇਂਟਿੰਗ ਲਗਾਈ ਆਏ ਇਹ ਬੱਚੇ ਹਰ ਮੈਚ ਵਿੱਚ ਹੁੰਮ-ਹੁਮਾ ਕੇ ਪੁੱਜੇ।

Advertisement

ਨੌਜਵਾਨ ਦੇਵਰਾਜ ਅਤੇ ਲਵ ਕੁਸ਼ ਕੁਮਾਰ ਨੂੰ ਜਦੋਂ ਪਸੰਦੀਦਾ ਖਿਡਾਰੀਆਂ ਦਾ ਨਾਂ ਪੁੱਛਿਆਂ ਤਾਂ ਉਨ੍ਹਾਂ ਨੇ ਹੁੱਬ ਕੇ ਹਰਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਦਾ ਨਾਂ ਲਿਆ। ਇਸ ਤੋਂ ਪਹਿਲਾਂ ਉਹ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਦੀਵਾਨੇ ਸਨ ਜੋ ਅਣਵੰਡੇ ਬਿਹਾਰ (ਹੁਣ ਝਾਰਖੰਡ) ਦਾ ਜੰਮਪਲ ਹੈ। ਰਾਜਗੀਰ ਪੁੱਜ ਰਹੇ ਹਰ ਹਾਕੀ ਪ੍ਰੇਮੀ ਦੀ ਜ਼ੁਬਾਨ ਉੱਤੇ ਇਹੋ ਗੱਲ ਹੈ ਕਿ ਹੁਣ ਉਹ ਹਰ ਹਾਕੀ ਮੈਚ ਟੀਵੀ ਉੱਪਰ ਦੇਖਿਆ ਕਰਨਗੇ ਅਤੇ ਭਾਰਤੀ ਟੀਮ ਨੂੰ ਸਮਰਥਨ ਦੇਣਗੇ। ਅਨਵਰ ਅਲੀ ਦਾ ਕਹਿਣਾ ਸੀ ਕਿ ਉਸ ਨੇ ਪਹਿਲੀ ਵਾਰ ਵੱਡੇ ਖਿਡਾਰੀਆਂ ਨੂੰ ਨੇੜਿਓਂ ਦੇਖਿਆ ਹੈ ਅਤੇ ਇਹ ਉਸ ਨੂੰ ਉਮਰ ਭਰ ਯਾਦ ਰਹੇਗਾ। ਮੈਚਾਂ ਦੀ ਕੁਆਰਟਰ ਬਰੇਕ ਦੌਰਾਨ ਸਟੇਡੀਅਮ ਅੰਦਰ ਚੱਲਦੇ ਹਿੰਦੀ ਅਤੇ ਭੋਜਪੁਰੀ ਗੀਤ ਦਰਸ਼ਕਾਂ ਨੂੰ ਪੈਰ ਥਿਰਕਾਉਣ ਲਈ ਮਜਬੂਰ ਕਰਦੇ ਹਨ। ਜੂੜਿਆਂ ਵਾਲੇ ਖਿਡਾਰੀਆਂ ਨੂੰ ਦੇਖ ਕੇ ਡੀਜੇ ਵਾਲਾ ਵਿੱਚ-ਵਿੱਚ ਪੰਜਾਬੀ ਗੀਤ ਵੀ ਚਲਾ ਦਿੰਦਾ ਹੈ।

ਬਿਹਾਰ ਵੱਲੋਂ ਰਗਬੀ ਖੇਡ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਅਤੇ ਕੌਮੀ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀਆਂ ਪੰਜ ਖਿਡਾਰਨਾਂ- ਕਾਜਲ, ਸੰਧਿਆ, ਸੋਨਾਲੀ, ਅਰਚਨਾ ਤੇ ਨੇਹਾ, ਜੋ ਹਾਲ ਹੀ ਵਿੱਚ ਬਿਹਾਰ ਪੁਲੀਸ ਵਿੱਚ ਏਐੱਸਆਈ ਭਰਤੀ ਹੋਈਆਂ, ਰਾਜਗੀਰ ਵਿੱਚ ਡਿਊਟੀ ਨਿਭਾਅ ਰਹੀਆਂ ਹਨ। ਉਹ ਪੁਲੀਸ ਡਿਊਟੀ ਦੇ ਮੁਕਾਬਲੇ ਏਸ਼ੀਆ ਕੱਪ ਦੀ ਡਿਊਟੀ ਕਰ ਕੇ ਬਹੁਤ ਖੁਸ਼ ਸਨ। ਇਸੇ ਤਰ੍ਹਾਂ ਬਿਹਾਰ ਦੇ ਕੌਮੀ ਪੱਧਰ ਦੇ ਡਿਸਕਸ ਥਰੋਅਰ ਇੰਸਪੈਕਟਰ ਕੇਕੇ ਸ਼ਰਮਾ ਨੇ ਭਾਰਤੀ ਹਾਕੀ ਟੀਮ ਵਿੱਚ ਪੰਜਾਬੀ ਖਿਡਾਰੀਆਂ ਨੂੰ ਦੇਖਦਿਆਂ ਐੱਨਆਈਐੱਸ ਪਟਿਆਲਾ ਵਿੱਚ ਬਿਤਾਏ ਦਿਨਾਂ ਨੂੰ ਬੜੇ ਚਾਅ ਨਾਲ ਯਾਦ ਕੀਤਾ।

ਭਾਰਤੀ ਟੀਮ ਦਾ ਦਮਦਾਰ ਪ੍ਰਦਰਸ਼ਨ ਵੀ ਦਰਸ਼ਕਾਂ ਲਈ ਹਾਕੀ ਪ੍ਰਤੀ ਖਿੱਚ ਦਾ ਇਕ ਕਾਰਨ ਰਿਹਾ। ਏਸ਼ੀਆ ਕੱਪ ਵਿੱਚ ਭਾਰਤੀ ਟੀਮ ਅਜੇਤੂ ਰਹੀ। ਕੋਰੀਆ ਨਾਲ ਸੁਪਰ ਚਾਰ ਦਾ ਇੱਕ ਮੈਚ ਡਰਾਅ ਖੇਡਣ ਤੋਂ ਇਲਾਵਾ ਭਾਰਤ ਨੇ ਆਪਣੇ ਖੇਡੇ ਬਾਕੀ ਛੇ ਮੈਚਾਂ ਵਿੱਚ ਜਿੱਤ ਹਾਸਲ ਕੀਤੀ। ਲੀਗ ਦੌਰ ਤੋਂ ਬਾਅਦ ਭਾਰਤੀ ਫਾਰਵਰਡਾਂ ਨੇ ਫੀਲਡ ਗੋਲ ਦੀ ਘਾਟ ਵੀ ਦੂਰ ਕੀਤੀ। ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਕੁੱਲ 39 ਗੋਲ ਕੀਤੇ ਅਤੇ ਆਪਣੇ ਸਿਰ 9 ਗੋਲ ਕਰਵਾਏ।

ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਮਨਦੀਪ ਸਿੰਘ, ਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਅਤੇ ਕ੍ਰਿਸ਼ਨ ਪਾਠਕ ਦਾ ਕਹਿਣਾ ਹੈ ਕਿ ਹਾਕੀ ਪ੍ਰੇਮੀਆਂ ਵੱਲੋਂ ਮਿਲ ਰਹੇ ਅਥਾਹ ਪਿਆਰ ਨਾਲ ਉਨ੍ਹਾਂ ਨੂੰ ਜਿੱਥੇ ਹੌਸਲਾ ਮਿਲਦਾ ਹੈ, ਉੱਥੇ ਚੰਗਾ ਖੇਡਣ ਦੀ ਚੁਣੌਤੀ ਨਾਲ ਪ੍ਰੇਰਨਾ ਵੀ ਮਿਲਦੀ ਹੈ। ਸਾਬਕਾ ਹਾਕੀ ਖਿਡਾਰੀ ਰਾਜਦੀਪ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਦੋ ਵਾਰ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਦਰਸ਼ਕਾਂ ਦਾ ਉਲਾਂਭਾ ਵੀ ਲਾਹ ਦਿੱਤਾ ਹੈ। ਟੀਮ ਵਿੱਚ 10 ਪੰਜਾਬੀ ਖਿਡਾਰੀ ਹਨ ਜਿਸ ਕਾਰਨ ਦਰਸ਼ਕਾਂ ਵਿੱਚ ਪੰਜਾਬੀ ਵੀ ਦੇਖਣ ਨੂੰ ਮਿਲੇ ਜੋ ਹਾਕੀ ਮੈਚ ਦੇਖਣ ਤੋਂ ਇਲਾਵਾ ਰਾਜਗੀਰ ਸਥਿਤ ਸ੍ਰੀ ਗੁਰੂ ਨਾਨਕ ਸ਼ੀਤਲ ਕੁੰਡ ਅਤੇ ਤਖ਼ਤ ਪਟਨਾ ਸਾਹਿਬ ਦੇ ਦਰਸ਼ਨ ਕਰ ਕੇ ਆਏ।

‘ਹਾਕੀ ਕਾ ਪਰਵ, ਬਿਹਾਰ ਕਾ ਗਰਵ’ ਦੇ ਬੈਨਰ ਹੇਠ ਕਰਵਾਏ ਗਏ ਏਸ਼ੀਆ ਕੱਪ ਦੇ ਸਫਲ ਪ੍ਰਬੰਧਨ ਤੋਂ ਬਾਅਦ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਰੱਖਦਾ ਨਾਲੰਦਾ ਜ਼ਿਲ੍ਹੇ ਦਾ ਪਹਾੜੀਆਂ ਦੀ ਗੋਦ ਵਿੱਚ ਵਸਿਆ ਕਸਬਾ ਰਾਜਗੀਰ ਭਾਰਤ ਵਿੱਚ ਖੇਡਾਂ ਦੇ ਕੇਂਦਰ ਵਜੋਂ ਵੀ ਉੱਭਰ ਕੇ ਸਾਹਮਣੇ ਆਇਆ ਹੈ। ਪਟਨਾ ਤੋਂ ਸੌ ਕਿਲੋਮੀਟਰ ਦੂਰੀ ਉੱਤੇ ਮੱਧ ਬਿਹਾਰ ਵਿੱਚ ਸਥਿਤ ਰਾਜਗੀਰ ਦਾ ਅਮੀਰ ਵਿਰਸਾ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਧਰਤੀ ਰਾਜਗੀਰ ਬੁੱਧ ਅਤੇ ਜੈਨ ਧਰਮ ਦਾ ਵੀ ਪਵਿੱਤਰ ਅਸਥਾਨ ਹੈ। ਮਗਧ ਸਮਰਾਜ ਦੇ ਸਮੇਂ ਤੋਂ ਇਹ ਸ਼ਹਿਰ ਗਿਆਨ, ਆਧਿਆਤਮਕ ਅਤੇ ਸੱਭਿਆਚਾਰਕ ਕੇਂਦਰ ਵਜੋਂ ਮੰਨਿਆ ਜਾਂਦਾ ਰਿਹਾ ਹੈ। ਇੱਥੇ ਦੇਸ਼-ਵਿਦੇਸ਼ ਤੋਂ ਯਾਤਰੀ ਪਹੁੰਚਦੇ ਹਨ। ਪ੍ਰਾਚੀਨ ਕਾਲ ਤੋਂ ਸਿੱਖਿਆ ਦੇ ਕੇਂਦਰ ਰਹੇ ਨਾਲੰਦਾ ਵਿੱਚ ਬਣੀ ਨਵੀਂ ਨਾਲੰਦਾ ਯੂਨੀਵਰਸਿਟੀ ਵਿੱਚ ਖਿਡਾਰੀਆਂ ਦੀ ਰਿਹਾਇਸ਼ ਬਣਾਈ ਗਈ। ਰਾਜਗੀਰ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਦਰਸ਼ਕਾਂ ਲਈ ਬੁੱਧ ਧਰਮ ਦੇ ਅਹਿਮ ਅਸਥਾਨ ਬੋਧ ਗਯਾ ਜਾਣ ਦਾ ਸਬੱਬ ਵੀ ਬਣਿਆ।

ਸੰਪਰਕ: 97800-36216

Advertisement
Show comments