ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਾਰਿਆਂ ਦੀ ਛਾਵੇਂ...

ਕੁਲਦੀਪ ਧਨੌਲਾ ‘ਤਾਰਿਆਂ ਦੀ ਛਾਵੇਂ ਸੌਣਾ ਭੁੱਲ ਗਏ’ ਗੀਤ ਸੁਣ ਕੇ ਅਤੇ ਇਸ ਦਾ ਫਿਲਮਾਂਕਣ ਦੇਖ ਕੇ ਬੈਠੇ-ਬੈਠੇ ਬਚਪਨ ਪੀਂਘ ਦੇ ਹੁਲਾਰੇ ਵਾਂਗ ਚੇਤੇ ਆ ਗਿਆ। ਇਸ ਗੀਤ ਵਿੱਚ ਸਾਂਝੇ ਪੰਜਾਬ ਦੀ ਕਹਾਣੀ ਹੈ। ਮੁਲਕ ਨੇ ‘ਆਜ਼ਾਦੀ’ ਬਾਅਦ ਅਜਿਹੀ ‘ਤਰੱਕੀ’...
Advertisement

ਕੁਲਦੀਪ ਧਨੌਲਾ

‘ਤਾਰਿਆਂ ਦੀ ਛਾਵੇਂ ਸੌਣਾ ਭੁੱਲ ਗਏ’ ਗੀਤ ਸੁਣ ਕੇ ਅਤੇ ਇਸ ਦਾ ਫਿਲਮਾਂਕਣ ਦੇਖ ਕੇ ਬੈਠੇ-ਬੈਠੇ ਬਚਪਨ ਪੀਂਘ ਦੇ ਹੁਲਾਰੇ ਵਾਂਗ ਚੇਤੇ ਆ ਗਿਆ। ਇਸ ਗੀਤ ਵਿੱਚ ਸਾਂਝੇ ਪੰਜਾਬ ਦੀ ਕਹਾਣੀ ਹੈ। ਮੁਲਕ ਨੇ ‘ਆਜ਼ਾਦੀ’ ਬਾਅਦ ਅਜਿਹੀ ‘ਤਰੱਕੀ’ ਕੀਤੀ ਕਿ ਸਾਡੀ ਵਿਰਾਸਤ ਹੀ ਨਿਗਲ ਲਈ।... ਹਾਂ, ਪਾਕਿਸਤਾਨੀ ਪੰਜਾਬ ਵਿੱਚ ਅਜੇ ਵੀ ਇਹ ਸਾਰਾ ਕੁਝ ਜਿਉਂ ਦਾ ਤਿਉਂ ਦੇਖਣ ਨੂੰ ਮਿਲਦਾ ਹੈ। ਬਿਨਾਂ ਟੀਪ ਕੀਤੇ, ਮਿੱਟੀ-ਗਾਰੇ ਵਾਲੇ ਵੱਡੇ-ਵੱਡੇ ਘਰ ਨਜ਼ਰ ਆਉਂਦੇ ਹਨ। ਕੜੀਆਂ, ਬਾਲਿਆਂ ਅਤੇ ਲਟੈਣਾਂ ਵਾਲੀਆਂ ਛੱਤਾਂ ਵਿੱਚ ਚਿੜੀਆਂ, ਕਬੂਤਰ, ਘੁੱਗੀਆਂ, ਗੁਟਾਰਾਂ ਉੱਡਦੀਆਂ ਆਲ੍ਹਣੇ ਪਾਉਂਦੀਆਂ ਦਿਖਾਈ ਦਿੰਦੀਆਂ ਹਨ। ਸਣ ਦੇ ਕੱਢੇ ਹੋਏ ਗਰ੍ਹਨਿਆਂ ਦੇ ਤੀਲ੍ਹਿਆਂ ਵਿੱਚ ਰਹਿ ਗਏ ਸਣ ਦੇ ਟੁਕੜੇ ਚੁੱਕ-ਚੁੱਕ ਕੇ ਚਿੜੀਆਂ ਆਲ੍ਹਣੇ ਪਾਉਂਦੀਆਂ ਦਿਸਦੀਆਂ ਹਨ। ਫਿਰ ਇਨ੍ਹਾਂ ਤੀਲ੍ਹਿਆਂ ਨਾਲ ਜਦੋਂ ਚੁੱਲ੍ਹੇ ਵਿੱਚ ਅੱਗ ਮਚਾਈ ਜਾਂਦੀ ਸੀ ਤਾਂ ਤੀਲ੍ਹਿਆਂ ਵਿੱਚੋਂ ਨਿਕਲਦਾ ਧੂੰਆਂ ਮੂੰਹ ਰਾਹੀਂ ਅੰਦਰ ਲੰਘਾ ਕੇ ਨਾਸਾਂ ਥਾਈਂ ਕੱਢਿਆ ਵੀ ਹਰੇਕ ਦੇ ਚੇਤੇ ਆਉਂਦਾ ਹੋਵੇਗਾ।

Advertisement

ਅਸਲ ਵਿੱਚ, ਅਸੀਂ ਆਧੁਨਿਕਤਾ ਦੇ ਨਾਂ ਉੱਤੇ ਪਲੱਸਤਰਾਂ, ਟਾਈਲਾਂ ਤੇ ਦਰਵਾਜ਼ਿਆਂ ਉੱਤੋਂ ਦੀ ਦੂਹਰੇ ਜਾਲੀਆਂ ਵਾਲੇ ਦਰਵਾਜ਼ਿਆਂ ਨਾਲ ਆਪਣੇ ਆਪ ਨੂੰ ‘ਕੈਦ’ ਕਰ ਲਿਆ ਹੈ। ਅਜਿਹੀਆਂ ‘ਬੰਦ’ ਬੈਠਕਾਂ ਵਿੱਚ ਜਿੱਥੇ ਮੱਛਰ ਮੱਖੀ ਤੱਕ ਅੰਦਰ ਨਹੀਂ ਆ ਸਕਦੇ, ਉੱਥੇ ਪੰਛੀਆਂ ਦੀ ਕੀ ਤਾਕਤ ਕਿ ਅੰਦਰ ਲੰਘ ਆਉਣ। ਇਸੇ ਕਾਰਨ ਇਨ੍ਹਾਂ ਦੀ ਗਿਣਤੀ ਘਟ ਗਈ ਹੈ। ਕਈ ਨਸਲਾਂ ਤਾਂ ਖ਼ਤਮ ਹੋ ਚੱਲੀਆਂ ਹਨ।

ਪਿੰਡ ਘਰ ਨੂੰ ਲੱਗੀ ਟੰਬਿਆਂ ਵਾਲੀ ਪੌੜੀ ਯਾਦ ਆ ਗਈ, ਜਿਸ ਉੱਤੇ ਚੜ੍ਹਨ ਦਾ ਯਤਨ ਕਰਦਿਆਂ ਅਨੇਕ ਵਾਰ ਸੱਟਾਂ ਖਾਧੀਆਂ। ਸ਼ਤੀਰੀਆਂ ਵਾਲੀ ਛੱਤ ਵਿੱਚੋਂ ਚੋਂਦੇ ਮੀਂਹ ਦੇ ਪਾਣੀ ਨੂੰ ਇਹਦੇ ਹੀ ਸਹਾਰੇ ਬੋਰੀ ਦੀ ਝੁੰਬੀ ਬਣਾ ਕੇ ਬੰਦ ਕਰਨ ਲਈ ਚੜ੍ਹੀਦਾ ਸੀ। ਬਨੇਰੇ ਵਿੱਚ ਮੰਜਾ ਟੰਗ ਕੇ ਫਿਰ ਉਪਰ ਜਾ ਕੇ ਖਿੱਚ ਲੈਣਾ ਤੇ ਰਾਤ ਨੂੰ ਕਈ ਵਾਰੀ ਮੀਂਹ ਆਉਣ ’ਤੇ ਇਸੇ ਤਰੀਕੇ ਥੱਲੇ ਲੈ ਆਉਂਦੇ।... ਸਾਈਕਲ ਦਾ ਟਾਇਰ ਮਿਲ ਜਾਂਦਾ ਤਾਂ ਉਸੇ ਨੂੰ ‘ਵਡਮੁੱਲੀ’ ਖੇਡ ਸਮਝ ਕੇ ਡੰਡੇ ਨਾਲ ਭਜਾਈ ਫਿਰਦੇ। ਲੱਕੜ ਦੇ ਟਰੈਕਟਰਾਂ ਉੱਤੇ ਝੂਟੀਆਂ ਲੈਣੀਆਂ, ਗੁੱਲੀ ਡੰਡਾ, ਬਾਂਦਰ ਕੀਲਾ, ਖੋ-ਖੋ, ਹਾਕੀ, ਫੁੱਟਬਾਲ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਹੁੰਦੀਆਂ। ਹੁਣ ਜੰਮਦੇ ਬੱਚੇ ਦੇ ਹੱਥ ਵਿੱਚ ਬੈਟ ਹੀ ਨਜ਼ਰ ਆਉਂਦਾ ਹੈ। ਸਾਈਕਲ ਦੀ ਅੱਧੀ ਕੈਂਚੀ ਸਿੱਖ ਕੇ ਮਾਊਂਟ ਐਵਰੈਸਟ ਸਰ ਕਰਨ ਜਿੰਨਾ ਚਾਅ ਚੜ੍ਹ ਜਾਂਦਾ ਸੀ।

ਲੇਖੂ ਤਾਏ ਦੀ ਹੱਟੀ ਦਾ ਰੂੰਗਾ ਯਾਦ ਆਉਂਦਾ ਹੈ। ਅੱਜ ਦੇ ਬੱਚਿਆਂ ਨੂੰ ਇਹੀ ਪਤਾ ਨਹੀਂ ਕਿ ਰੂੰਗਾ ਹੁੰਦਾ ਕੀ ਹੈ? ਗਿੱਲਾਂ ਦੀ ਕੰਧ ਨਾਲ ਲਗਦੀ ਚੰਦ ਕੁਰ ਤਾਈ ਦੀ ਭੱਠੀ ਅੱਖਾਂ ਮੂਹਰੇ ਆ ਗਈ, ਜਿੱਥੇ ਆਥਣ ਵੇਲੇ ਦਾਣੇ ਭੁਨਾਉਣ ਵਾਲਿਆਂ ਦੀ ਭੀੜ ਹੁੰਦੀ ਸੀ। ਮੱਕੀ ਦੀਆਂ ਖਿੱਲਾਂ, ਮੁਰਮਰੇ, ਬਾਜਰੇ ਦੀਆਂ ਖਿੱਲਾਂ ਦੇ ਭੂਤ ਪਿੰਨੇ, ਮੂੰਗਫਲੀ, ਛੋਲਿਆਂ ਦੇ ਦਾਣੇ ਮੂੰਹੋਂ ਨਹੀਂ ਸਨ ਲਹਿੰਦੇ। ਸ਼ਿਵ ਬਟਾਲਵੀ ਨੇ ਲਿਖਿਆ ਸੀ: ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਨੀ ਭੱਠੀ ਵਾਲੀਏ...।’

ਉਨ੍ਹਾਂ ਵੇਲਿਆਂ ਵਿੱਚ ਸਿਆਣੇ ਬਜ਼ੁਰਗਾਂ ਦੇ ਮੰਜੇ ਗਲੀਆਂ ਵਿੱਚ ਅਤੇ ਹੋਰਨਾਂ ਦੇ ਵਿਹੜਿਆਂ ਤੇ ਕੋਠਿਆਂ ਉੱਤੇ ਹੁੰਦੇ ਸਨ। ਰਾਤ ਨੂੰ ਰਾਮ ਲੀਲ੍ਹਾ ਦੇਖ ਕੇ ਆਉਣਾ ਤਾਂ ਕਿਸੇ ਦੇ ਦਰਵਾਜ਼ੇ ਉੱਤੇ ਨਵੀਂ ਲੱਗੀ ਘੰਟੀ ਵਜਾਉਣ ਦਾ ਵੱਖਰਾ ਹੀ ਸੁਆਦ ਆਉਂਦਾ ਸੀ ਪਰ ਕਈ ਸ਼ਰਾਰਤੀ ਤਾਂ ਘੰਟੀ ਵਿੱਚ ਡੱਕਾ ਹੀ ਫਸਾ ਦਿੰਦੇ ਸਨ। ਟੰਬਿਆਂ ਵਾਲੀ ਪੌੜੀ ਰਾਹੀਂ ਕੋਠੇ ਉੱਤੇ ਸੌਣ ਦਾ ਨਜ਼ਾਰਾ ਵੱਖਰਾ ਹੀ ਸੀ। ਰਾਤ ਨੂੰ ਪੈਣ ਸਮੇਂ ਆਂਢੀਆਂ-ਗੁਆਂਢੀਆਂ ਨਾਲ ਬਾਤਾਂ ਪਾਈ ਜਾਣੀਆਂ। ਫਿਰ ਗਲੀਆਂ ’ਚ ਸੌਣਾ ਹਟਦੇ-ਹਟਦੇ ਲੋਕ ਕੋਠਿਆਂ ਉੱਤੇ ਵੀ ਸੌਣਾ ਛੱਡ ਗਏ।

ਸਾਢੇ ਕੁ ਤਿੰਨ ਦਹਾਕੇ ਜਦੋਂ ਚੰਡੀਗੜ੍ਹ ਪੈਰ ਪਾਇਆ ਤਾਂ ਇੱਥੇ ਵੀ ਰਾਤਾਂ ਕਮਰਿਆਂ ਵਿੱਚ ਹੀ ਕੱਟੀਆਂ। ਫਲੈਟਾਂ ਵਾਲੇ ਬਹੁਤੇ ਮਕਾਨ ਹੇਠਲੀ ਮੰਜ਼ਿਲ ਵਾਲੇ ਹੀ ਸਨ ਤੇ ਇਨ੍ਹਾਂ ਦੀਆਂ ਛੱਤਾਂ ਉੱਤੇ ਚੜ੍ਹਨਾ ਬਹੁਤ ਔਖਾ ਸੀ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਛੱਤ ਨੂੰ ਪੌੜੀ ਚੜ੍ਹਾਉਣ ਦੀ ਥਾਂ ਪਿੰਡਾਂ ਵਿੱਚ ਹਾਰੇ ਵਿੱਚੋਂ ਧੂੰਆਂ ਨਿਕਲਣ ਲਈ ਚਿਮਨੀ ਵਰਗਾ ਮੋਘਾ ਜਿਹਾ ਰੱਖਿਆ ਹੋਇਆ ਹੈ, ਜਿਸ ਵਿੱਚੋਂ ਤੁਸੀਂ ਪਾਣੀ ਦਾ ਟੈਂਕੀ ਦੀ ਖ਼ਰਾਬੀ ਦੇਖਣ ਹੀ ਚੜ੍ਹ ਸਕਦੇ ਸੀ। ਹੋਰ ਤਾਂ ਹੋਰ, ਸਿਰਫ਼ ਇਕ ਜਾਂ ਦੋ ਇੱਟਾਂ ਦੇ ਰਦੇ ਦਾ ਹੀ ਬਨੇਰਾ ਸੀ, ਅਨੇਕ ਬੱਚੇ ਪਤੰਗ ਚੜ੍ਹਾਉਂਦੇ ਬਨੇਰਿਆਂ ਤੋਂ ਥੱਲੇ ਡਿੱਗ ਕੇ ਜਾਨਾਂ ਗੁਆ ਚੁੱਕੇ ਸਨ।

ਅਸੀਂ ਜਦੋਂ ਸਿਖਰਲੀ ਮੰਜ਼ਿਲ ਵਾਲਾ ਮਕਾਨ ਖਰੀਦਿਆ ਤਾਂ ਉਹਦਾ ਵੀ ਉਹੀ ਹਾਲ ਸੀ। ਗੁਆਂਢੀਆਂ ਨਾਲ ਗੱਲ ਕੀਤੀ, ਉਹ ਵੀ ਮੋਘੇ ਵਾਲੇ ਇਸ ਰਾਹ ਤੋਂ ਤੰਗ ਸੀ ਪਰ ਇਸ ਦੀ ਥਾਂ ਪੌੜੀਆਂ ਚੜ੍ਹਾਉਣ ਲਈ ਸਾਡੇ ਵਾਲਾ ਮਕਾਨ ਮਾਲਕ ਹਾਮੀ ਨਹੀਂ ਭਰਦਾ ਸੀ। ਜਦੋਂ ਅਸੀਂ ਉਨ੍ਹਾਂ ਨਾਲ ਮੋਘੇ ਦੀ ਥਾਂ ਪੌੜੀ ਚੜ੍ਹਾਉਣ ਦੀ ਗੱਲ ਤੋਰੀ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਗਿਆ। ਮੁੱਕਦੀ ਗੱਲ, ਦੋਵਾਂ ਘਰਾਂ ਨੇ ਰਲ ਕੇ ਪੌੜੀ ਚੜ੍ਹਾ ਲਈ ਤੇ ਉਪਰ ਚਾਰਦੀਵਾਰੀ ਕਰ ਕੇ ਛੱਤ ਉੱਤੇ ਟਾਈਲਾਂ ਵੀ ਲਾ ਲਈਆਂ। ਹੁਣ ਮੱਲੋ-ਮੱਲੀ ਛੱਤ ’ਤੇ ਜਾਣ ਨੂੰ ਜੀਅ ਕਰਦਾ।

ਹੁਣ ਆਪਾਂ ਬਚਪਨ ਵੱਲ ਮੋੜਾ ਕੱਟਦਿਆਂ ਕੋਠੇ ਉੱਤੇ ਮੰਜਾ ਚਾੜ੍ਹ ਲਈਦਾ। ਘਰ ਨੇੜੇ ਮੁਹਾਲੀ ਵਾਲਾ ਹਵਾਈ ਅੱਡਾ ਹੋਣ ਕਰ ਕੇ ਚੜ੍ਹਦੇ-ਉਤਰਦੇ ਜਹਾਜ਼ ਨਜ਼ਰੀਂ ਪੈਂਦੇ ਹਨ। ਚੰਡੀਗੜ੍ਹ, ਮੁਹਾਲੀ ਵਾਲੀ ਅੰਮ੍ਰਿਤਸਰ ਨੂੰ ਜਾਂਦੀ-ਆਉਂਦੀ ਰੇਲ ਗੱਡੀ ਦੀ ਆਵਾਜ਼ ਵੀ ਕੰਨੀਂ ਪੈਂਦੀ ਹੈ। ਨਾ ਕੂਲਰ, ਨਾ ਏਸੀ; ਤਾਰਿਆਂ ਦੀ ਛਾਂ ਥੱਲੇ ਸੌਣ ਦਾ ਨਜ਼ਾਰਾ ਹੀ ਵੱਖਰਾ ਹੈ। ਜਿਸ ਦਾ ਆਨੰਦ ਸਿਰਫ਼ ਮਾਣਿਆ ਜਾ ਸਕਦਾ ਹੈ, ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।

ਸੰਪਰਕ: 94642-91023

Advertisement