ਜਿਊਂਦਿਆਂ ’ਚ...
ਇੱਕ ਦਿਨ ਉਹ ਜਵਾਨੀ ਵੇਲੇ ਦੀ ਫੋਟੋ ਚੁੱਕ ਲਿਆਇਆ ਤੇ ਮੇਰੇ ਵੱਲ ਵਧਾਈ। ਬੋਲਿਆ ਕੁਝ ਨਹੀਂ, ਬਸ ਮੇਰਾ ਚਿਹਰਾ ਦੇਖਣ ਲੱਗਿਆ। ਮੈਂ ਫੋਟੋ ਨੀਝ ਨਾਲ ਦੇਖੀ। ਜਾਣ ਬੁੱਝ ਕੇ ਰਤਾ ਵੱਧ ਸਮਾਂ ਲਾਇਆ। ਫਿਰ ਉਹਦੇ ਵੱਲ ਦੇਖਿਆ। ਉਹ ਮੇਰੇ ਬੋਲ ਸੁਣਨ ਲਈ ਕਾਹਲਾ ਸੀ। “ਫੋਟੋ ਬੜੀ ਕਮਾਲ ਦੀ ਐ, ਤੁਸੀਂ ਤਾਂ ਸੁਹਣੇ ਈ ਬਹੁਤ ਹੁੰਦੇ ਸੀ ਜਵਾਨੀ ਵੇਲੇ।” ਉਹਦੇ ਚਿਹਰੇ ’ਤੇ ਰੰਗਤ ਉੱਭਰ ਆਈ। ਫਿਰ ਮਨ ਵਿੱਚ ਸ਼ਰਾਰਤ ਸੁੱਝੀ। ਪਹਿਲਾਂ ਤਾਂ ਮੈਂ ਸੋਚਿਆ, ਰਹਿਣ ਦੇਵਾਂ, ਪਰ ਮੈਥੋਂ ਰੁਕਿਆ ਨਾ ਗਿਆ। “ਜਵਾਨੀ ਵੇਲੇ ਦਾ ਸੁਣਾ ਦਿਓ ਫਿਰ ਕੋਈ ਕਿੱਸਾ।” ਉਹਦੇ ਢਲੇ ਹੋਏ ਚਿਹਰੇ ’ਤੇ ਹਲਕੀ ਜਿਹੀ ਸੰਗ ਉੱਭਰ ਆਈ, “ਹੁਣ ਤਾਂ ਸ਼ੇਰਾ, ਸਭ ਕੁਝ ਭੁੱਲੇ ਪਏ ਆਂ।”
“ਕੋਈ ਤਾਂ ਯਾਦ ਹੋਊ।” ਮੈਂ ਸ਼ਰਾਰਤ ਨੂੰ ਲਮਕਾਉਣਾ ਚਾਹੁੰਦਾ ਸੀ, ਪਰ ਉਹਨੇ ਮੂੰਹ ਨਾ ਖ੍ਹੋਲਿਆ।...
ਪਿੱਛੇ ਜਿਹੇ ਖਿਆਲ ਆਇਆ ਕਿ ਕਿਉਂ ਨਾ ਆਪਣੇ ਘਰ ਨਾਲ ਖ਼ਾਲੀ ਪਈ ਦੁਕਾਨ, ਲਾਇਬ੍ਰੇਰੀ ’ਚ ਤਬਦੀਲ ਕਰ ਲਈ ਜਾਵੇ। ਖਿਆਲ ਨੂੰ ਅਗਲੇ ਕੁਝ ਦਿਨਾਂ ’ਚ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ। ਰੰਗ ਰੋਗਨ ਕਰ ਕੇ ਅੰਦਰ ਮੇਜ਼ ਅਤੇ ਤਿੰਨ-ਚਾਰ ਕੁਰਸੀਆਂ ਰੱਖ ਲਏ। ਰੈਕ ਬਣਾ ਕੇ ਕਿਤਾਬਾਂ ਵੀ ਟਿਕਾ ਲਈਆਂ। ਦਿਨ ਦਾ ਬਹੁਤਾ ਸਮਾਂ ਉੱਥੇ ਬਤੀਤ ਕਰਦਾ। ਕੋਈ ਨਾ ਕੋਈ ਕਿਤਾਬ ਪੜ੍ਹਨ ਲੱਗ ਜਾਂਦਾ ਜਾਂ ਕਦੇ-ਕਦਾਈਂ ਕੋਈ ਗੁਆਂਢੀ ਆ ਬਹਿੰਦਾ।
ਇੱਕ ਦਿਨ ਆਥਣੇ ਜਿਹੇ ਮੇਰਾ ਗੁਆਂਢੀ ਅਜਮੇਰ ਸਿੰਘ ਅੱਗਿਓਂ ਦੀ ਲੰਘਿਆ। ਉਹਨੂੰ ਆਵਾਜ਼ ਮਾਰ ਲਈ, ਉਹ ਝੱਟ ਮੇਰੇ ਵੱਲ ਆ ਗਿਆ, ਜਿਵੇਂ ਇਸ ਬੁਲਾਵੇ ਨੂੰ ਪਹਿਲਾਂ ਹੀ ਉਡੀਕਦਾ ਹੋਵੇ। ਗੁਆਂਢੀ ਹੋਣ ਨਾਤੇ ਦੁਆ ਸਲਾਮ ਤਾਂ ਪਹਿਲਾਂ ਵੀ ਹੋ ਜਾਂਦੀ ਸੀ ਪਰ ਬੈਠਣ ਦਾ ਸਬੱਬ ਪਹਿਲੀ ਵਾਰ ਬਣਿਆ ਸੀ। ਬੜੇ ਅਦਬ ਨਾਲ ਉਹਨੂੰ ਕੁਰਸੀ ’ਤੇ ਬਹਾਇਆ। ਸਰਸਰੀ ਗੱਲਾਂ ਛੇੜ ਲਈਆਂ। ਵਾਹਵਾ ਚਿਰ ਗੱਲਾਂ ਕਰਦੇ ਰਹੇ। ਮੈਂ ਦੇਖਿਆ, ਉਹਦੀਆਂ ਗੱਲਾਂ ’ਚ ਨਿਰਾਸ਼ਾ ਸੀ, ਉਦਾਸੀ ਸੀ। ਮਨ ਅੰਦਰ ਉਹਦੇ ਲਈ ਹਮਦਰਦੀ ਜਾਗਣ ਲੱਗੀ।
“ਚੰਗਾ, ਮੈਂ ਚਲਦੈਂ।” ਇੰਨਾ ਆਖ ਉਹ ਉੱਠ ਖੜ੍ਹਿਆ। “ਆ ਜਿਆ ਕਰੋ।” ਮੈਂ ਦਿਲੋਂ ਉਹਨੂੰ ਕਿਹਾ। ਉਹ ਮੇਰੇ ਵੱਲ ਝਾਕਿਆ ਜਿਵੇਂ ਮੇਰੇ ਕਹੇ ਨੂੰ ਤੋਲ ਰਿਹਾ ਹੋਵੇ। ਉਹ ਪਹਿਲਾਂ ਦੂਏ, ਤੀਏ ਦਿਨ ਤੇ ਫੇਰ ਬਿਨਾਂ ਨਾਗਾ ਆਉਣ ਲੱਗ ਪਿਆ। ਮੈਂ ਹਥਲਾ ਕੰਮ ਛੱਡ ਕੇ ਉਹਦੇ ਨਾਲ ਗੱਲੀਂ ਪੈ ਜਾਂਦਾ। ਬਹੁਤਾ ਕਰ ਕੇ ਮੈਂ ਸਰੋਤਾ ਹੀ ਹੁੰਦਾ ਤੇ ਉਹਦੇ ਕੋਲੋਂ ਉਹਦੇ ਬੀਤੇ ਦੀਆਂ ਗੱਲਾਂ ਸੁਣਦਾ। ਉਹ ਬੜੇ ਚਾਅ ਨਾਲ ਗੱਲਾਂ ਦੱਸਦਾ। ਪੁਰਾਣੇ ਵਕਤ ਦੀ ਫਰੋਲਾ-ਫਰਾਲੀ ਕਰਦਿਆਂ ਉਹਦੇ ਚਿਹਰੇ ’ਤੇ ਰੌਣਕ ਆ ਜਾਂਦੀ। ਲਗਭਗ ਚਾਲੀ ਸਾਲ ਉਹਨੇ ਰਾਜ ਮਿਸਤਰੀ ਦਾ ਕੰਮ ਕੀਤਾ ਸੀ। ਸ਼ਹਿਰ ਦਾ ਉਹ ਮੰਨਿਆ ਰਾਜ ਮਿਸਤਰੀ ਸੀ।
ਇੱਕ ਦਿਨ ਐਵੇਂ ਭੁੱਲ ਭੁਲੇਖੇ ਉਹਦੀ ਦੁਖਦੀ ਰਗ ਛੇੜ ਬੈਠਾ। ਉਂਝ ਹੀ ਪੁੱਛ ਬੈਠਾ, “ਹੋਰ, ਘਰ ਪਰਿਵਾਰ ਦਾ ਕੀ ਹਾਲ ਐ?” ਉਹਦੇ ਚਿਹਰੇ ਦਾ ਰੰਗ ਇੱਕਦਮ ਬਦਲ ਗਿਆ। ਮੈਂ ਆਪਣੀ ਗੱਲ ਬਦਲਣੀ ਚਾਹੀ, ਪਰ ਉਹਦੀ ਸੂਈ ਉੱਥੇ ਹੀ ਅਟਕ ਗਈ, “ਮੇਰਾ ਘਰ ਕਿਹੜੈ ਸ਼ੇਰਾ... ਮੇਰੀ ਕੋਈ ਜੂਨ ਐ... ਨਾ ਮੈਨੂੰ ਘਰ ’ਚ ਕੋਈ ਪੁੱਛਦੈ, ਨਾ ਦੱਸਦੈ... ਆਹ ਨੂੰਹ ਤਾਂ ਮੈਨੂੰ ਦੇਖ ਕੇ ਊਈਂ ਰਾਜ਼ੀ ਨ੍ਹੀਂ... ਪਰ ਜਦੋਂ ਆਵਦੀ ’ਲਾਦ ਈ ਗੰਦੀ ਨਿੱਕਲ ’ਜੇ... ਤਾਂ ਬਿਗਾਨੀ ਧੀ ਦਾ ਕੀ ਦੋਸ਼... ਜੇ ਮੈਂ ਗੁਰੋ (ਪਤਨੀ) ਕੋਲ ਗੱਲ ਕਰਦੈਂ... ਤਾਂ ਉਹ ਵੀ ਉਨ੍ਹਾਂ ਦੀ ਬੋਲੀ ਬੋਲਦੀ।” ਥੋੜ੍ਹਾ ਚਿਰ ਚੁੱਪ ਰਹਿਣ ਮਗਰੋਂ ਫਿਰ ਬੋਲਣ ਲੱਗ ਪਿਆ, “ਦੇਖ ਸ਼ੇਰਾ, ਜਿੰਨਾ ਚਿਰ ਤਾਂ ਮੈਂ ਕਮਾਉਂਦਾ ਸੀ, ਓਨਾ ਚਿਰ ਤਾਂ ਸਾਰਾ ਟੱਬਰ ਅੱਗੇ ਪਿੱਛੇ ਭੱਜਿਆ ਫਿਰਦਾ ਸੀ, ਜਦੋਂ ਦਾ ਘਰ ਬੈਠ ਗਿਆ... ਹੁਣ ਤੂੰ ਕੌਣ ਤੇ ਮੈਂ ਕੌਣ। ਆਹ ਜੇ ਪੈੜ ਤੋਂ ਡਿੱਗ ਕੇ ਮੇਰਾ ਚੂਲਾ ਨਾ ਟੁੱਟਦਾ ਤਾਂ ਅਜੇ ਕਿਹੜਾ ਮੈਂ ਘਰ ਬੈਠਣਾ ਸੀ।”
“ਰੋਟੀ ਪਾਣੀ ਤਾਂ ਟੈਮ ’ਤੇ ਮਿਲ ਜਾਂਦੈ?” ਮੈਂ ਉਹਦੇ ਦੁੱਖ ਵਿਚ ਸ਼ਰੀਕ ਹੁੰਦੇ ਨੇ ਪੁੱਛਿਆ। “ਰੋਟੀ ਪਾਣੀ ਦਾ ਕੀ ਐ, ਗੱਲ ਤਾਂ ਆਦਰ ਮਾਣ ਦੀ ਐ... ਜਦੋਂ ਆਦਰ ਮਾਣ ਈ ਨ੍ਹੀਂ ਬੰਦੇ ਦਾ, ਤਾਂ ’ਕੱਲੀ ਰੋਟੀ ਨੂੰ ਕੀ ਕਰਨੈਂ।” ਉਹਦੇ ਅੰਦਰ ਦਾ ਦਰਦ ਬਾਹਰ ਵਹਿ ਤੁਰਿਆ ਸੀ। ਅੱਖਾਂ ਵਿੱਚ ਪਾਣੀ ਦੀ ਚਮਕ ਉੱਭਰ ਆਈ ਸੀ। “ਚੱਲ ਅੰਕਲ, ਤੁਸੀਂ ਬਾਹਲੀ ਪਰਵਾਹ ਨਾ ਕਰਿਆ ਕਰੋ, ਆਵਦਾ ਮਸਤ ਰਿਹਾ ਕਰੋ।” ਮੈਂ ਉਹਦਾ ਹੌਸਲਾ ਵਧਾਇਆ। ਉਹ ਚੁੱਪ ਕਰ ਗਿਆ ਤੇ ਫਿਰ ਕੋਈ ਕਿਤਾਬ ਲੈ ਕੇ ਪੜ੍ਹਨ ਬੈਠ ਗਿਆ।
ਰੈਕ ਵਿੱਚੋਂ ਕਿਤਾਬਾਂ ਫਰੋਲਦਿਆਂ ਇੱਕ ਦਿਨ ਉਹਦੇ ਹੱਥ ਮੇਰੀ ਕਿਤਾਬ ਲੱਗ ਗਈ। “ਆਹ ਕਿਤਾਬ ਤੁਸੀਂ ਲਿਖੀ ਐ?” ਉਹਨੇ ਹੈਰਾਨ ਹੁੰਦੇ ਪੁੱਛਿਆ। ਮੇਰੇ ‘ਹਾਂ’ ਵਿੱਚ ਸਿਰ ਹਿਲਾਉਣ ’ਤੇ ਉਹਨੇ ਖੁਸ਼ੀ-ਖੁਸ਼ੀ ਦੱਸਿਆ ਕਿ ਜਵਾਨੀ ਵੇਲੇ ਉਹਨੂੰ ਵੀ ਕਵਿਤਾ ਲਿਖਣ ਦਾ ਸ਼ੌਕ ਸੀ। ਇਹ ਵੀ ਦੱਸਿਆ ਕਿ ਕਿਸੇ ਸਮੇਂ ਕਿਤਾਬਾਂ ਪੜ੍ਹਨ ਦਾ ਸ਼ੌਕ ਵੀ ਸੀ। ਕੰਮ ਤੋਂ ਆ ਕੇ ਉਹ ਨਾਨਕ ਸਿੰਘ ਦੇ ਨਾਵਲ ਪੜ੍ਹਦਾ ਹੁੰਦਾ ਸੀ, ਉਹਨੇ ਫਸਟ ਡਿਵੀਜ਼ਨ ਨਾਲ 10ਵੀਂ ਪਾਸ ਕੀਤੀ ਸੀ। ਉਹ ਅਗਾਂਹ ਪੜ੍ਹਨਾ ਚਾਹੁੰਦਾ ਸੀ, ਪਰ ਘਰ ਦੇ ਹਾਲਾਤ ਨੇ ਪੜ੍ਹਨ ਨਾ ਦਿੱਤਾ। 10ਵੀਂ ਮਗਰੋਂ ਪਿਤਾ ਨੇ ਉਹਨੂੰ ਆਪਣੇ ਨਾਲ ਕੰਮ ’ਤੇ ਲਾ ਲਿਆ ਸੀ।
ਜਾਂਦਾ ਹੋਇਆ ਉਹ ਮੇਰੀ ਕਿਤਾਬ ਘਰ ਲੈ ਗਿਆ।
ਫਿਰ ਤਾਂ ਕਿਤਾਬਾਂ ਪੜ੍ਹਨ ਦੀ ਉਹਦੀ ਦਬੀ ਰੁਚੀ ਮੁੜ ਅੰਗੜਾਈਆਂ ਲੈਣ ਲੱਗੀ। ਜਿਹੜੀ ਕਿਤਾਬ ਉਹਨੂੰ ਪਸੰਦ ਆਉਂਦੀ, ਪੜ੍ਹਨ ਨੂੰ ਲੈ ਜਾਂਦਾ। ਹਫ਼ਤੇ ਕੁ ਵਿਚ ਹੀ ਕਿਤਾਬ ਪੜ੍ਹ ਦਿੰਦਾ। ਇੱਕ ਦਿਨ ਉਹਨੇ ਮੇਰੇ ਹੱਥਾਂ ਵਿੱਚ ਫਟੀ ਪੁਰਾਣੀ ਡਾਇਰੀ ਫੜਾਈ। ਉਹਦੀਆਂ ਕਵਿਤਾਵਾਂ ਦੀ ਡਾਇਰੀ ਸੀ। “ਇਹ ਡਾਇਰੀ ਮੈਨੂੰ ਦੇ ਦਿਓ ਪੜ੍ਹਨ ਵਾਸਤੇ।” ਮੈਂ ਉਹਨੂੰ ਕਿਹਾ। “ਸ਼ੇਰਾ, ਤੇਰੇ ਲਈ ਈ ਲਿਆਇਐਂ।” ਉਹਨੇ ਮਾਣ ਨਾਲ ਕਿਹਾ। ਮੈਂ ਉੱਥੇ ਬੈਠਾ-ਬੈਠਾ ਹੀ ਉਹਦੀਆਂ ਕਵਿਤਾਵਾਂ ਪੜ੍ਹਨ ਲੱਗਾ। “ਤੁਸੀਂ ਤਾਂ ਕਵਿਤਾ ਈ ਬਹੁਤ ਸੁਹਣੀ ਲਿਖਦੇ ਸੀ।” ਮੇਰੇ ਇੰਨਾ ਕਹਿੰਦੇ ਹੀ ਉਹਦੇ ਮੁੱਖ ’ਤੇ ਬੱਚਿਆਂ ਵਰਗੀ ਖੁਸ਼ੀ ਨੱਚ ਉੱਠੀ। “ਇੱਕ ਕਵਿਤਾ ਤੁਸੀਂ ਆਪ ਸੁਣਾਓ।”
ਮੇਰੇ ਆਖਣ ਦੀ ਦੇਰ ਸੀ ਕਿ ਉਹਨੇ ਮੇਰੇ ਹੱਥੋਂ ਡਾਇਰੀ ਫੜ ਲਈ ਅਤੇ ਕਵਿਤਾ ਸੁਣਾਉਣ ਲੱਗਾ। ਫਿਰ ਇੱਕ ਨਹੀਂ, ਕਈ ਕਵਿਤਾਵਾਂ ਸੁਣਾਈਆਂ। ਕਵਿਤਾਵਾਂ ਸੁਣਾਉਂਦਾ-ਸੁਣਾਉਂਦਾ ਉਹ ਇੰਨਾ ਲੀਨ ਹੋ ਗਿਆ ਕਿ ਇਹ ਸਮਝਣਾ ਔਖਾ ਲੱਗ ਰਿਹਾ ਸੀ, ਉਨ੍ਹਾਂ ਦੋਵਾਂ ਵਿੱਚੋਂ ਕਵੀ ਕੌਣ ਹੈ ਤੇ ਕਵਿਤਾ ਕੌਣ ਹੈ! ‘ਕਵੀ ਦਰਬਾਰ’ ਮੁੱਕਣ ਬਾਅਦ ਜਦ ਉਹ ਉੱਠ ਕੇ ਘਰ ਜਾਣ ਲੱਗਿਆ ਤਾਂ ਮੈਂ ਆਖਿਆ, “ਆਥਣੇ ਫੇਰ ਆ ਜਿਓ।”
“ਲੈ... ਆਥਣੇ ਕਿਉਂ ਨਾ ਆਊਂ! ਏਥੇ ਆਉਣ ਨਾਲ ਤਾਂ ਜਿਊਂਦਿਆਂ ’ਚ ਹੋਇਆਂ।” ਉਹਦਾ ਚਿਹਰਾ ਉਹਦੇ ਕਹੇ ਦੀ ਗਵਾਹੀ ਭਰ ਰਿਹਾ ਸੀ।
ਸੰਪਰਕ: 94174-48436