ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਛਾਣ

ਦਰਸ਼ਨ ਸਿੰਘ ਉਹਨੇ ਮੇਰੇ ਕੋਲ ਰੁਕਦੇ ਹੋਏ ਕਿਹਾ, “ਲਗਦੈ, ਤੂੰ ਮੈਨੂੰ ਪਛਾਣਿਆਂ ਨਹੀਂ...।” ਮੈਂ ਕਿਹਾ, “ਜਾਪਦੈ ਕਿਤੇ ਮਿਲੇ ਤਾਂ ਹਾਂ, ਪਰ ਕਿੱਥੇ... ਯਾਦ ਨਹੀਂ ਆ ਰਿਹਾ...।” ਮੈਂ ਉਸ ਨੂੰ ਇਕ ਦਮ ਪਛਾਣ ਵੀ ਨਹੀਂ ਸੀ ਸਕਿਆ। ਬਦਲਿਆ ਮੂੰਹ ਮੁਹਾਂਦਰਾ ਸਿਆਣ...
Advertisement

ਦਰਸ਼ਨ ਸਿੰਘ

ਉਹਨੇ ਮੇਰੇ ਕੋਲ ਰੁਕਦੇ ਹੋਏ ਕਿਹਾ, “ਲਗਦੈ, ਤੂੰ ਮੈਨੂੰ ਪਛਾਣਿਆਂ ਨਹੀਂ...।” ਮੈਂ ਕਿਹਾ, “ਜਾਪਦੈ ਕਿਤੇ ਮਿਲੇ ਤਾਂ ਹਾਂ, ਪਰ ਕਿੱਥੇ... ਯਾਦ ਨਹੀਂ ਆ ਰਿਹਾ...।” ਮੈਂ ਉਸ ਨੂੰ ਇਕ ਦਮ ਪਛਾਣ ਵੀ ਨਹੀਂ ਸੀ ਸਕਿਆ। ਬਦਲਿਆ ਮੂੰਹ ਮੁਹਾਂਦਰਾ ਸਿਆਣ ਤੋਂ ਬਾਹਰੀ ਸੀ। ਵਰ੍ਹਿਆਂ ਦੀਆਂ ਵਿੱਥਾਂ ਅੱਖਾਂ ਕੋਲੋਂ ਪਛਾਣ ਖੋਹ ਹੀ ਲੈਂਦੀਆਂ।

Advertisement

“ਰਵਿੰਦਰ...!” ਚੇਤਿਆਂ ਦੀਆਂ ਪਰਤਾਂ ਫਰੋਲਦਿਆਂ ਯਾਦ ਆਇਆ। ਦਸ ਕੁ ਸਾਲ ਪਹਿਲੋਂ ਅਸੀਂ ਦੋਵੇਂ ਇਕੋ ਰੇਲ ਗੱਡੀ ਦੇ ਮੁਸਾਫ਼ਿਰ ਹੁੰਦੇ ਸਾਂ। ਖੜ੍ਹੇ-ਖੜ੍ਹੇ ਯਾਦਾਂ ਸਾਂਝੀਆਂ ਹੁੰਦੀਆਂ ਰਹੀਆਂ, ਪਰ ਮੈਂ ਇਹ ਸੋਚਦਾ ਜ਼ਰੂਰ ਰਿਹਾ ਕਿ ਦੌੜ ਭੱਜ ਦੀ ਜ਼ਿੰਦਗੀ ਨੇ ਗੂੜ੍ਹੀਆਂ ਨੇੜਤਾਵਾਂ ਵੀ ਫਿੱਕੀਆਂ ਪਾ ਦਿੱਤੀਆਂ।

“ਤੇਰਾ ਨਾਂ ਕੀ ਹੈ? ਕੀਹਦਾ ਪੁੱਤ ਤੂੰ? ਕਿਹੜੀ ਜਮਾਤੇ ਪੜ੍ਹਦੈਂ? ਕਿਹੜੇ ਸਕੂਲ?” ਨਿਆਣੀ ਉਮਰੇ ਇਨ੍ਹਾਂ ਸਵਾਲਾਂ ਦੇ ਜਵਾਬ ਮੇਰੀ ਪਛਾਣ ਹੁੰਦੇ। ਹਰ ਥਾਂ ਮੁੱਢਲੀ ਪਛਾਣ ਦੀ ਲੋੜ ਹੁੰਦੀ ਹੀ ਹੈ। ਦਸਵੀਂ ’ਚ ਮੇਰੀ ਸ਼ਾਨਦਾਰ ਪ੍ਰਾਪਤੀ ਕਾਰਨ ਜਾਪਿਆ, ਮੈਨੂੰ ਹੁਣ ਆਪਣਾ ਨਾਂ ਦੱਸਣ ਦੀ ਲੋੜ ਨਹੀਂ ਸੀ, ਪਰ ਕਾਲਜ ਜਾ ਕੇ ਅਹਿਸਾਸ ਹੋਇਆ, ਇਹ ਭੁਲੇਖਾ ਹੀ ਸੀ ਤੇ ਕੁਝ ਭੁਲੇਖਿਆਂ ਦੀ ਮੌਜੂਦਗੀ ਸਾਡੇ ਜ਼ਿਹਨ ’ਚ ਸਦਾ ਰਹਿੰਦੀ ਹੈ।

ਹਰ ਕਿਸੇ ਦਾ ਸੁਫਨਾ ਪਛਾਣ ਬਣਾਉਣ ਦਾ ਹੁੰਦਾ ਹੈ। ਮਨ ਦੀ ਤਾਂਘ ਹੁੰਦੀ ਕਿ ਕੋਈ ਉਸ ਨੂੰ ਜਾਣੇ। ਬਿਨਾਂ ਪਛਾਣ ਬਣਾਏ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਲੈਣਾ ਵਿਅਰਥ ਹੀ ਹੁੰਦਾ। ਸ਼ਾਇਦ ਇਸੇ ਲਈ ਕਈਆਂ ਨੇ ਆਪਣੀਆਂ ਲੰਮੀਆਂ ਉਦਾਸੀਆਂ ’ਚ ਵੀ ਆਪਣੀ ਵੱਖਰੀ ਪਛਾਣ ਲਈ ਰੰਗ ਚੁਣੇ, ਹੱਥਾਂ ’ਚ ਬੁਰਸ਼ ਫੜੇ ਤੇ ਘਰਾਂ ਦੀਆਂ ਅਲਮਾਰੀਆਂ ਕਿਤਾਬਾਂ ਨਾਲ ਸਜਾ ਲਈਆਂ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ-ਨਾਲ ਤੁਰਦੀਆਂ ਰਹੀਆਂ। ਮੇਰੀ ਜ਼ਿੰਦਗੀ ਨੇ ਕਈਆਂ ਨੂੰ ਆਪਣੇ ਘਰ ਸਮਾਨ ਨਾਲ ਭਰਦੇ ਵੀ ਦੇਖਿਆ ਤੇ ਸਮਾਨ ਨੂੰ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਲਿਜਾਂਦੇ ਹੋਏ ਵੀ। ਬਸ! ਉਨ੍ਹਾਂ ਦੀ ਜ਼ਿੰਦਗੀ ਸਮਾਨ ਦੇ ਫ਼ਿਕਰ ’ਚ ਇਉਂ ਹੀ ਲੰਘ ਗਈ। ਨਾ ਕੋਈ ਨਾਂ, ਨਾ ਪਛਾਣ। ਬਹੁਤ ਵਾਰ ਇਨ੍ਹਾਂ ਘਰਾਂ ’ਚ ਆਉਂਦਿਆਂ ਜਾਂਦਿਆਂ ਉਨ੍ਹਾਂ ਦੀ ਆਖ਼ਿਰੀ ਉਮਰੇ ਉਨ੍ਹਾਂ ਨੂੰ ਹੋ ਰਹੇ ਅਜਿਹੇ ਪਛਤਾਵੇ ਮੈਂ ਮਹਿਸੂਸ ਵੀ ਕੀਤੇ।

ਉਦੋਂ ਜ਼ਿੰਦਗੀ ਬਾਰੇ ਗੂੜ੍ਹ ਗਿਆਨ ਨਹੀਂ ਸੀ, ਅਗਾਂਹ ਤੁਰਨ ਲਈ ਅਜੇ ਰਾਹ ਹੀ ਚੁਣੇ ਸਨ। ਇਹ ਵੀ ਪਤਾ ਨਹੀਂ ਸੀ ਕਿ ਇਨ੍ਹਾਂ ਰਾਹਾਂ ਨੇ ਕਿੱਧਰ ਲਿਜਾਣਾ ਹੈ, ਪਰ ਇਹ ਸੋਚ ਦਿਮਾਗ ਦੀਆਂ ਪਰਤਾਂ ’ਚ ਉੱਭਰ ਆਈ ਸੀ ਕਿ ‘ਬੰਦੇ ਦੀ ਬਾਹਰੀ ਤੇ ਅੰਦਰੂਨੀ ਪਛਾਣ’ ਕਿਉਂ ਜ਼ਰੂਰੀ ਹੈ। ਅੰਦਰ ਇਹ ਵਿਸ਼ਵਾਸ ਸੀ ਕਿ ਪਛਾਣ ਬਣਾਉਣ ਤੇ ਨਾਮਣਾ ਖੱਟਣ ਦੀਆਂ ਕੋਸ਼ਿਸ਼ਾਂ ਬਚਪਨ ਵਿੱਚ ਹੀ ਸ਼ੁਰੂ ਹੋ ਜਾਣੀਆਂ ਚਾਹੀਦੀਆਂ।

ਪਿੱਛੇ ਜਿਹੇ ਫੋਨ ਆਇਆ- “ਚੱਲ ਚੱਲੀਏ, ਅਮਨ ਪੈਲੇਸ ਕੁਝ ਖਾ ਪੀ ਕੇ ਆਉਂਦੇ ਹਾਂ।” ਮਨ ’ਚ ਆਇਆ- ਬੰਦੇ ਨੂੰ ਘੁੰਮਣਾ ਫਿਰਨਾ ਵੀ ਚਾਹੀਦੈ। ਮੀਂਹ ਕਣੀ ਕਾਰਨ ਮੌਸਮ ਵੀ ਸੁਹਾਵਣਾ ਸੀ। ਥੋੜ੍ਹੀ ਕੁ ਦੂਰ ਗਏ ਤਾਂ ਉਹਨੇ ਇਹ ਪਲ ਕੈਮਰੇ ’ਚ ਬੰਦ ਕਰ ਕੇ ਆਪਣੇ ਫੇਸਬੁੱਕ ਪੇਜ ’ਤੇ ਸਾਂਝੇ ਕੀਤੇ। ਇਸ ਨੂੰ ਮਿਲੇ ਲਾਈਕ, ਕੁਮੈਂਟਸ, ਵਿਊਜ਼ ਤੇ ਸ਼ੇਅਰ ਉਸ ਨੇ ਮੇਰੇ ਨਾਲ ਸਾਂਝੇ ਕਰਦਿਆਂ ਅਥਾਹ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਤੇ ਕਿਹਾ, “ਇੱਦਾਂ ਦੇ ਅਸੀਂ ਸਭ ਨੂੰ ਲੱਗਣੇ ਤੇ ਦਿੱਸਣੇ ਚਾਹੀਦੇ...।” ਸੋਚਦਾ ਸਾਂ ਕਿ ਕਿਸੇ ਨੇ ਕੀ ਪਾਇਆ? ਕਿਹੜੇ ਕੱਪੜੇ ਪਾਏ? ਇਹ ਪਛਾਣ ਨਹੀਂ ਪਰ ਅਜਿਹੀ ਪਛਾਣ ਦੀ ਦੌੜ ਨੇ ਸੋਸ਼ਲ ਮੀਡੀਆ ’ਤੇ ਰਫ਼ਤਾਰ ਫੜੀ ਹੋਈ ਹੈ ਤੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਮੈਂ ਵੀ ਕੁਝ ਹਾਂ। ‘ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ।’ ਸਰੀਰ ਤੋਂ ਪਰ੍ਹਾਂ ਹੋ ਕੇ ਸੋਹਣੇ ਮਨ ਤੇ ਰੂਹ ਦੀ ਪਛਾਣ ਗੁਣਾਂ ਕਾਰਨ ਹੀ ਬਣਦੀ ਹੈ।

ਪੰਜ ਕੁ ਵਰ੍ਹੇ ਪਹਿਲੋਂ ਯਮੁਨਾਨਗਰ ’ਚ ਪੰਜਾਬੀ ਕਵਿਤਾ ਤੇ ਵਾਰਤਕ ਬਾਰੇ ਤਿੰਨ ਰੋਜ਼ਾ ਸੈਮੀਨਾਰ ਸੀ। ਮੈਂ ਵੀ ਆਪਣੀ ਦਿਲਚਸਪੀ ਅਨੁਸਾਰ ਇਸ ਦਾ ਹਿੱਸਾ ਸਾਂ। ਵਕਤ ਸਿਰ ਜਾਂਦਾ, ਬੈਠਦਾ ਤੇ ਪੂਰੇ ਧਿਆਨ ਨਾਲ ਹਰ ਕਿਸੇ ਨੂੰ ਸੁਣਦਾ। ਜ਼ਿਹਨ ’ਚ ਤੁਰਦੀਆਂ ਕਵਿਤਾਵਾਂ ਤੇ ਕਦੀ ਕਹਾਣੀਆਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦੀ ਖ਼ੂਬਸੂਰਤੀ ਕਾਰਨ ਤਿੰਨ ਦਿਨ ਕਦੋਂ ਬੀਤ ਗਏ, ਪਤਾ ਹੀ ਨਾ ਲੱਗਾ। ਆਖ਼ਿਰੀ ਸਮੇਂ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। “ਇਕ ਸਨਮਾਨ ਦੇਣਾ ਅਜੇ ਬਾਕੀ ਹੈ, ਤੇ ਇਹ ਉਸ ਸ਼ਖ਼ਸ ਨੂੰ ਦੇਣਾ ਹੈ ਜਿਨ੍ਹਾਂ ਨੂੰ ਸੈਮੀਨਾਰ ਦੇ ਪਹਿਲੇ ਮਿੰਟ ਤੋਂ ਆਖ਼ਿਰੀ ਮਿੰਟ ਤਕ ਸੁਣਦੇ ਤੇ ਲਗਾਤਾਰ ਬੈਠੇ ਕੁਝ-ਕੁਝ ਆਪਣੀ ਡਾਇਰੀ ’ਚ ਨੋਟ ਕਰਦੇ ਅਸੀਂ ਸਭ ਨੇ ਦੇਖਿਆ।” ... ਤੇ ਮੰਚ ਸੰਚਾਲਕ ਅਨੁਸਾਰ ਉਹ ਸ਼ਖ਼ਸ ਮੈਂ ਸੀ। ਇਹ ਮੇਰੀ ਅੰਤਰੀਵੀ ਪਛਾਣ ਦਾ ਮਾਣ ਸੀ। ਸੋਚਦਾ ਸਾਂ, ਪਛਾਣ ਬਣਾਉਣ ਲਈ ਤਰਲੋਮੱਛੀ ਹੋਣ ਦੀ ਲੋੜ ਨਹੀਂ ਹੁੰਦੀ, ਵਿਹਾਰ ’ਚੋਂ ਨਿਕਲੀਆਂ ਚੀਜ਼ਾਂ ਹੀ ਬੰਦੇ ਦੀ ਪਛਾਣ ਬਣਦੀਆਂ।

ਸਭ ਕੁਝ ਕਦੀ ਵੀ ਸੌਖਾ ਨਹੀਂ ਹੁੰਦਾ। ਕਾਮਯਾਬੀ ਦੇ ਰਾਹ ਪਤਾ ਨਹੀਂ ਕਿੱਥੋਂ-ਕਿਥੋਂ ਹੋ ਕੇ ਆਉਂਦੇ ਹਨ। ਵੱਡੇ ਨਾਂ ਮਿਹਨਤਾਂ, ਕਿਰਦਾਰ ਜਾਂ ਇਤਿਹਾਸਕ ਕਾਰਨਾਮਿਆਂ ਨਾਲ ਹੀ ਬਣਦੇ ਹਨ। ਪਛਾਣ ਵੀ ਉਹ ਜੋ ਮੂੰਹੋਂ ਬੋਲੇ। ਪਛਾਣ ਲਈ ਕੁਝ ਨਾ ਕੁਝ ਵਿਲੱਖਣ ਕਰਨਾ ਜ਼ਰੂਰੀ ਹੁੰਦਾ ਹੈ ਤੇ ਇਹ ਅਜਿਹੀ ਹੋਣੀ ਚਾਹੀਦੀ ਕਿ ਇਸ ਰੰਗਲੀ ਦੁਨੀਆ ਨੂੰ ‘ਅਲਵਿਦਾ’ ਕਹਿਣ ਸਮੇਂ ਪਿੱਛੋਂ ਹਰ ਬੰਦੇ ਨੂੰ ਇਉਂ ਲੱਗੇ ਕਿ ਉਹ ਤਾਂ ਆਪਣਾ ਹੀ ਸੀ... ਬਹੁਤ ਅਪਣੱਤ ਭਰਪੂਰ...।

ਸੰਪਰਕ: 94667-37933

Advertisement