ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਲਵੱਕੜੀ

ਸਕੂਲ ਵੱਲੋਂ ਕਿਸ਼ੋਰ ਅਵਸਥਾ ਬਾਰੇ ਕੌਮੀ ਪ੍ਰੋਗਰਾਮ ਉੱਤੇ ਸਿਖਲਾਈ ਦਾ ਮੌਕਾ ਮਿਲਿਆ। ਇਹ ਪਟਿਆਲੇ ਜ਼ਿਲ੍ਹੇ ਦੇ ਇੱਕ ਵੱਡੇ ਸਰਕਾਰੀ ਸਕੂਲ ਵਿੱਚ ਸੀ। ਸਿਖਲਾਈ ਦਾ ਵਿਸ਼ਾ ਸੀ- ਕਿਸ਼ੋਰ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਆਉਂਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ। ਮੈਂ ਸਿਖਲਾਈ ਲਈ...
Advertisement

ਸਕੂਲ ਵੱਲੋਂ ਕਿਸ਼ੋਰ ਅਵਸਥਾ ਬਾਰੇ ਕੌਮੀ ਪ੍ਰੋਗਰਾਮ ਉੱਤੇ ਸਿਖਲਾਈ ਦਾ ਮੌਕਾ ਮਿਲਿਆ। ਇਹ ਪਟਿਆਲੇ ਜ਼ਿਲ੍ਹੇ ਦੇ ਇੱਕ ਵੱਡੇ ਸਰਕਾਰੀ ਸਕੂਲ ਵਿੱਚ ਸੀ। ਸਿਖਲਾਈ ਦਾ ਵਿਸ਼ਾ ਸੀ- ਕਿਸ਼ੋਰ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਆਉਂਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ। ਮੈਂ ਸਿਖਲਾਈ ਲਈ ਪਹੁੰਚੀ, ਹਾਜ਼ਰੀ ਲਗਵਾਈ ਤੇ ਚੁੱਪ-ਚਾਪ ਆਪਣੀ ਸੀਟ ’ਤੇ ਬੈਠ ਗਈ। ਉੱਥੇ ਆਉਂਦੇ ਜਾਂਦੇ ਬਹੁਤ ਸਾਰੇ ਸਾਥੀ ਅਧਿਆਪਕਾਂ ਨੂੰ ਗੌਰ ਨਾਲ ਦੇਖ ਰਹੀ ਸੀ। ਅਚਾਨਕ ਇੱਕ ਚਿਹਰਾ ਦੇਖ ਕੇ ਮੇਰੇ ਅੰਦਰ ਅਜੀਬ ਜਿਹਾ ਉਤਸ਼ਾਹ ਆ ਗਿਆ। ਮੈਨੂੰ ਲੱਗਾ, ਇਹ ਉਹੀ ਸਾਇੰਸ ਵਾਲੇ ਮੈਡਮ ਹਨ ਜਿਨ੍ਹਾਂ ਸਾਨੂੰ ਸਾਇੰਸ ਪੜ੍ਹਨ ਦੀ ਚੇਟਕ ਲਾਈ ਸੀ। ਚੇਤਿਆਂ ਵਿੱਚ 15 ਕੁ ਸਾਲ ਪਹਿਲਾਂ ਵਾਲਾ ਉਹ ਸਮਾਂ ਘੁੰਮਣ ਲੱਗਿਆ ਜਦੋਂ ਮੈਂ ਪਿੰਡ ਦੇ ਹੀ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਹੋਈ ਸੀ। ਸਾਡਾ ਹੁਸ਼ਿਆਰ ਕੁੜੀਆਂ ਦਾ ਗਰੁੱਪ ਸੀ। ਕਮੀ ਇਹ ਸੀ ਕਿ ਸਾਨੂੰ ਸਾਇੰਸ ਪੜ੍ਹਾਉਣ ਵਾਲਾ ਅਧਿਆਪਕ ਸਕੂਲ ਵਿੱਚ ਨਹੀਂ ਸੀ। ਸੁਨਹਿਰੇ ਵਾਲਾਂ ਤੇ ਸੁਰਮਈ ਅੱਖਾਂ ਵਾਲੇ ਸਾਡੇ ਸਾਇੰਸ ਵਾਲੇ ਮੈਡਮ ਸਾਡੇ ਲਈ ਚਾਨਣ ਮੁਨਾਰਾ ਬਣ ਕੇ ਆਏ।

ਉਹ ਸੱਚੀਂ ਇੰਨੇ ਸੋਹਣੇ ਸਨ ਕਿ ਉਨ੍ਹਾਂ ਦਾ ਮੂੰਹ ਸਰਦੀਆਂ ਵਿੱਚ ਕਸ਼ਮੀਰੀ ਸੇਬ ਵਾਂਗ ਲਾਲ ਹੋ ਜਾਂਦਾ। ਅਸੀਂ ਸਾਰੇ ਉਨ੍ਹਾਂ ਨੂੰ ਦੇਖ-ਦੇਖ ਬਹੁਤ ਖੁਸ਼ ਹੁੰਦੇ। ਜਦੋਂ ਉਹ ਪੜ੍ਹਾ ਰਹੇ ਹੁੰਦੇ ਤਾਂ ਸਾਡਾ ਸਾਰਾ ਧਿਆਨ ਉਨ੍ਹਾਂ ਦੇ ਚਿਹਰੇ ’ਤੇ ਹੁੰਦਾ। ਸਾਇੰਸ ਪੜ੍ਹਦੇ ਅਸੀਂ ਨਾ ਅੱਕਦੇ ਨਾ ਥੱਕਦੇ, ਉਨ੍ਹਾਂ ਦਾ ਪੜ੍ਹਾਉਣ ਦਾ ਤਰੀਕਾ ਹੀ ਅਜਿਹਾ ਸੀ ਕਿ ਉਹ ਬਹੁਤ ਔਖੀਆਂ ਚੀਜ਼ਾਂ ਵੀ ਸਰਲ ਤੇ ਸੌਖੇ ਤਰੀਕੇ ਨਾਲ ਸਮਝਾ ਦਿੰਦੇ।

Advertisement

ਉਮਰ ਦੇ ਹਿਸਾਬ ਨਾਲ ਚਿਹਰੇ ਵਿੱਚ ਹੁਣ ਭਾਵੇਂ ਤਬਦੀਲੀ ਤਾਂ ਕਾਫੀ ਆ ਗਈ ਸੀ, ਫਿਰ ਵੀ ਉਨ੍ਹਾਂ ਦੇ ਗੱਲ ਕਰਨ ਦੇ ਢੰਗ ਅਤੇ ਲਹਿਜੇ ਤੋਂ ਯਕੀਨ ਹੋ ਗਿਆ ਕਿ ਇਹ ਉਹੀ ਸਾਇੰਸ ਵਾਲੇ ਮੈਡਮ ਹਨ। ਜਦੋਂ ਚਾਹ ਦਾ ਸਮਾਂ ਹੋਇਆ ਤਾਂ ਅਸੀਂ ਸਾਰੇ ਇਕੱਠੇ ਕੰਟੀਨ ਵਿੱਚ ਜੁੜ ਗਏ। ਮੈਡਮ ਆਪਣੇ ਨਾਲਦਿਆਂ ਨਾਲ ਗੱਲਾਂ ਮਾਰਨ ਵਿੱਚ ਮਸਰੂਫ ਸਨ। ਮੈਨੂੰ ਝਿਜਕ ਜਿਹੀ ਹੋ ਰਹੀ ਸੀ- ਪਤਾ ਨਹੀਂ ਉਹ ਪਛਾਨਣਗੇ ਵੀ ਜਾਂ ਨਹੀਂ! ਮੈਂ ਆਪਣੇ ਨਾਲ ਵਾਲੇ ਅਧਿਆਪਕ ਸਾਥੀਆਂ ਨੂੰ ਦੱਸ ਰਹੀ ਸੀ ਕਿ ਇਨ੍ਹਾਂ ਕੋਲੋਂ ਸਾਇੰਸ ਪੜ੍ਹੀ ਹੈ ਤੇ ਇਨ੍ਹਾਂ ਦੀ ਬਦੌਲਤ ਹੀ ਗਿਆਰਵੀਂ ਵਿੱਚ ਮੈਡੀਕਲ ਵਿਸ਼ਾ ਰੱਖਿਆ ਪਰ ਅਗਾਂਹ ਕੁਝ ਕਾਰਨਾਂ ਕਰ ਕੇ ਮੈਡੀਕਲ ਦੀ ਪੜ੍ਹਾਈ ਜਾਰੀ ਨਾ ਰੱਖ ਸਕੀ ਤੇ ਆਰਟਸ ਗਰੁੱਪ ਵਿਚ ਜਾਣਾ ਪਿਆ।

ਹਿੰਮਤ ਜਿਹੀ ਕਰ ਕੇ ਉਨ੍ਹਾਂ ਨੂੰ ਬੁਲਾਇਆ। ਹੈਰਾਨੀ ਦੀ ਹੱਦ ਨਾ ਰਹੀ- ਉਨ੍ਹਾਂ ਮੈਨੂੰ ਮੇਰੇ ਨਾਮ ਨਾਲ ਬੁਲਾਇਆ ਤੇ ਕਲਾਵੇ ਵਿੱਚ ਘੁੱਟ ਲਿਆ। ਉਨ੍ਹਾਂ ਦੀਆਂ ਅੱਖਾਂ ਅੰਦਰ ਖੁਸ਼ੀ ਦੇ ਹੰਝੂ ਤੈਰ ਰਹੇ ਸਨ। ਉਹ ਆਪਣੇ ਨਾਲ ਵਾਲਿਆਂ ਨੂੰ ਦੱਸਣ ਲੱਗੇ, “ਇਹ ਮੇਰੀ ਉਸ ਕਲਾਸ ਦੀ ਵਿਦਿਆਰਥਣ ਹੈ ਜਿੱਥੇ ਮੇਰੀ ਪਹਿਲੀ ਤਾਇਨਾਤੀ ਹੋਈ ਸੀ।” ਉਹ ਮੇਰੇ ਬਾਰੇ ਬਹੁਤ ਮਾਣ ਤੇ ਅਪਣੱਤ ਨਾਲ ਬੋਲ ਰਹੇ ਸਨ। ਮੈਡਮ ਦੀਆਂ ਇਹ ਗੱਲਾਂ ਸੁਣਦਿਆਂ ਮੇਰੀਆਂ ਅੱਖਾਂ ਵੀ ਭਰ ਆਈਆਂ। ਫਿਰ ਮੈਡਮ ਮੇਰੀ ਬਾਂਹ ਫੜ ਕੇ ਇੱਕ ਪਾਸੇ ਲੈ ਗਏ; ਕਹਿੰਦੇ, “ਚੱਲ ਇੰਨੇ ਸਾਲਾਂ ਬਾਅਦ ਮਿਲੀਆਂ, ਬੈਠ ਕੇ ਗੱਲ ਕਰਦੇ ਆਂ ਕੋਈ।” ਉਨ੍ਹਾਂ ਪਰਿਵਾਰ ਬਾਰੇ ਪੁੱਛਿਆ। ਮੈਂ ਵੀ ਪਰਿਵਾਰ ਬਾਰੇ ਪੁੱਛਿਆ। ਪਤਾ ਲੱਗਿਆ ਕਿ ਮੈਡਮ ਨੇ ਵਿਆਹ ਨਹੀਂ ਕਰਾਇਆ ਤੇ ਉਹ ਆਪਣੇ ਕਿੱਤੇ ਅਤੇ ਆਪਣੇ ਪਰਿਵਾਰ ਨੂੰ ਸਮਰਪਿਤ ਹੋ ਗਏ ਹਨ। ਇਹ ਜਾਣ ਕੇ ਮੇਰਾ ਦਿਲ ਕਰ ਰਿਹਾ ਸੀ ਕਿ ਹੱਥ ਜੋੜ ਕੇ ਉਨ੍ਹਾਂ ਅੱਗੇ ਬੈਠੀ ਰੋਈ ਜਾਵਾਂ, ਉਨ੍ਹਾਂ ਦੇ ਪੈਰ ਫੜ ਲਵਾਂ।

ਉਨ੍ਹਾਂ ਬਿਲਕੁਲ ਮਾਂ ਵਾਂਗ ਕਿਹਾ, “ਚਾਹ ਪੀਵੇਂਗੀ?” ਮੈਂ ਮਨ੍ਹਾ ਜਿਹਾ ਕੀਤਾ ਤਾਂ ਕਹਿੰਦੇ, “ਮਸਾਂ ਮਿਲੀ ਏਂ, ਮੇਰੇ ਨਾਲ ਬਹਿ ਕੇ ਚਾਹ ਵੀ ਨਹੀਂ ਪੀਣੀ!” ਖ਼ੈਰ, ਅਸੀਂ ਗੱਲਾਂ ਵਿੱਚ ਰੁੱਝੀਆਂ ਰਹੀਆਂ। ਸੈਮੀਨਾਰ ਦੁਬਾਰਾ ਸ਼ੁਰੂ ਹੋਇਆਂ ਵੀ 10 ਮਿੰਟ ਹੋ ਚੁੱਕੇ ਸਨ ਪਰ ਪਤਾ ਨਹੀਂ ਕਿਉਂ, ਮੈਡਮ ਦਾ ਗੱਲਾਂ ਮਾਰਨ ਦਾ ਬਹੁਤ ਦਿਲ ਕਰ ਰਿਹਾ ਸੀ। ਫਿਰ ਉਨ੍ਹਾਂ ਮੇਰਾ ਫੋਨ ਨੰਬਰ ਮੰਗਿਆ ਤੇ ਕਿਹਾ, “ਕਿਸੇ ਦਿਨ ਪਰਿਵਾਰ ਸਮੇਤ ਘਰ ਜ਼ਰੂਰ ਆਈਂ। ਕਿਸੇ ਦਿਨ ਖਾਣੇ ’ਤੇ ਬੁਲਾਵਾਂਗੇ ਤੁਹਾਨੂੰ।”

ਉਨ੍ਹਾਂ ਨੂੰ ਮਿਲ ਕੇ ਇਉਂ ਲੱਗ ਰਿਹਾ ਸੀ ਕਿ ਜਿਵੇਂ ਚਿਰਾਂ ਦਾ ਕੁਝ ਗੁਆਚਿਆ ਲੱਭ ਗਿਆ ਹੋਵੇ। ਉਨ੍ਹਾਂ ਦੀਆਂ ਗੱਲਾਂ ਨੇ ਮੇਰੇ ਦਿਲ ਅੰਦਰ ਇਸ ਗੱਲ ਨੇ ਘਰ ਕਰ ਲਿਆ ਕਿ ਰੂਹਾਂ ਦੂਰ ਨਹੀਂ ਹੁੰਦੀਆਂ। ਉਹ ਕਹਿੰਦੇ, “ਤੈਨੂੰ ਬਹੁਤ ਵਾਰੀ ਯਾਦ ਕੀਤਾ ਤੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਤੇਰੇ ਨਾਲ ਮੇਲ ਹੋ ਜਾਵੇ।” ਉਨ੍ਹਾਂ ਨੂੰ ਪਤਾ ਸੀ ਕਿ ਮੈਂ ਵੀ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੀ ਹਾਂ। ਮੈਂ ਉਨ੍ਹਾਂ ਨੂੰ ਫਿਰ ਮਿਲਣ ਦਾ ਵਾਅਦਾ ਕੀਤਾ।

ਮੈਡਮ ਨੇ ਜਾਣ ਲੱਗਿਆਂ ਇੰਨਾ ਘੁੱਟ ਕੇ ਗਲਵੱਕੜੀ ਪਾਈ, ਮੈਨੂੰ ਲੱਗ ਰਿਹਾ ਸੀ... ਰੂਹਾਂ ਨੂੰ ਰੂਹਾਂ ਪਤਾ ਨਹੀਂ ਕਿਵੇਂ ਮਿਲ ਜਾਂਦੀਆਂ!

ਸੰਪਰਕ: 89689-48048

Advertisement
Show comments