DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਦਾ ਪਾਣੀ ਕਿਵੇਂ ਬਚਾਈਏ

ਪਾਣੀ ਮਨੁੱਖਤਾ, ਜਾਨਵਰਾਂ ਅਤੇ ਬਨਸਪਤੀ ਦੇ ਜੀਵਨ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ। ਜਿੱਥੇ ਪਾਣੀ ਦੀ ਕਮੀ ਹੈ ਜਾਂ ਧਰਤੀ ਹੇਠਲਾ ਪਾਣੀ ਸ਼ੋਰੇ ਵਾਲਾ ਜਾਂ ਤੇਜ਼ਾਬੀ ਹੈ ਤੇ ਪੀਣ ਲਾਇਕ ਨਹੀਂ, ਉੱਥੇ ਮੀਂਹ ਦਾ ਪਾਣੀ ਹੀ ਜਵਾਬ ਹੈ। ਸੈਂਟਰਲ...
  • fb
  • twitter
  • whatsapp
  • whatsapp
Advertisement

ਪਾਣੀ ਮਨੁੱਖਤਾ, ਜਾਨਵਰਾਂ ਅਤੇ ਬਨਸਪਤੀ ਦੇ ਜੀਵਨ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ। ਜਿੱਥੇ ਪਾਣੀ ਦੀ ਕਮੀ ਹੈ ਜਾਂ ਧਰਤੀ ਹੇਠਲਾ ਪਾਣੀ ਸ਼ੋਰੇ ਵਾਲਾ ਜਾਂ ਤੇਜ਼ਾਬੀ ਹੈ ਤੇ ਪੀਣ ਲਾਇਕ ਨਹੀਂ, ਉੱਥੇ ਮੀਂਹ ਦਾ ਪਾਣੀ ਹੀ ਜਵਾਬ ਹੈ।

ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਰਫ਼ਤਾਰ ਨਾਲ ਥੱਲੇ ਜਾ ਰਿਹਾ ਹੈ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ 153 ਬਲਾਕਾਂ ਵਿੱਚੋਂ 115 ਬਲਾਕ ਪਹਿਲਾਂ ਹੀ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ ਤੇ ਇਨ੍ਹਾਂ ਬਲਾਕਾਂ ਵਿੱਚ ਵੱਸਦੇ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਜੋ ਫਿ਼ਕਰ ਕਰਨ ਦਾ ਵਿਸ਼ਾ ਹੈ ਜਿਸ ਨੂੰ ਰੀਚਾਰਜ ਕਰਨ ਦੀ ਲੋੜ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕੁਦਰਤੀ ਤਰੀਕੇ ਨਾਲ ਰੀਚਾਰਜ ਕਰਨ ਦਾ ਸਭ ਤੋਂ ਵਧੀਆ ਤੇ ਸੌਖਾ ਢੰਗ ਹੈ- ਮੀਂਹ ਦਾ ਪਾਣੀ ਸੰਭਾਲਣਾ (ਰੇਨ ਵਾਟਰ ਹਾਰਵੈਸਟਿੰਗ)। ਪੰਜਾਬ ਸਰਕਾਰ ਇਸ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਦੇ ਜਲ ਜੀਵਨ ਮਿਸ਼ਨ ਤਹਿਤ 3960 ਵਾਟਰ ਰੀਚਾਰਜ ਸਟਰੱਕਚਰ ਬਣਾ ਰਹੀ ਹੈ।

Advertisement

ਪੰਜਾਬ ਵਿਚਲੇ 50000 ਵਰਗ ਕਿਲੋਮੀਟਰ ਰਕਬੇ ਵਿਚ ਲੱਗਭੱਗ 400 ਮਿਲੀਮੀਟਰ ਔਸਤਨ ਮੀਂਹ ਪੈਂਦਾ ਹੈ ਤੇ ਇਹ ਸਾਰਾ ਪਾਣੀ ਨਦੀਆਂ, ਨਾਲਿਆਂ ਅਤੇ ਹੜ੍ਹਾਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਜਿਸ ਨੂੰ ਸਹਿਜੇ ਹੀ ਰੇਨ ਵਾਟਰ ਹਾਰਵੈਸਟਿੰਗ ਤਕਨੀਕ ਨਾਲ ਬਚਾਇਆ ਜਾ ਸਕਦਾ ਹੈ।

ਮੀਂਹ ਦੇ ਪਾਣੀ ਨੂੰ ਬੇਕਾਰ ਜਾਣ ਦੀ ਥਾਂ ’ਤੇ ਘਰਾਂ ਦੀ ਛੱਤ ਤੋਂ ਪਾਈਪਾਂ ਰਾਹੀਂ ਜ਼ਮੀਨ ’ਤੇ ਬਣੇ ਟੈਂਕਾਂ ਵਿਚ ਸਟੋਰ ਕਰਨਾ ਜਾਂ ਜ਼ਮੀਨ ’ਤੇ ਬਣਾਏ ਬੋਰਵੈੱਲ ਵਿਚ ਪਾ ਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰ ਕੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣਾ ਹੀ ਰੇਨ ਵਾਟਰ ਹਾਰਵੈਸਟਿੰਗ ਹੈ। ਰੇਨ ਵਾਟਰ ਹਾਰਵੈਸਟਿੰਗ ਜਿੱਥੇ ਪਾਣੀ ਦੀ ਘਾਟ ਨਾਲ ਨਜਿੱਠਣ ਵਿਚ ਮਦਦ ਕਰਦਾ ਹੈ, ਉੱਥੇ ਡਾਈਲੂਸ਼ਨ (dilution) ਵਿਧੀ ਰਾਹੀਂ ਰੀਚਾਰਜ ਦੌਰਾਨ ਪਾਣੀ ਦੀ ਗੁਣਵੱਤਾ (ਕੁਆਲਟੀ) ਨੂੰ ਵੀ ਬਿਹਤਰ ਬਣਾਉਂਦਾ ਹੈ।

ਰੇਨ ਵਾਟਰ ਹਾਰਵੈਸਟਿੰਗ ਲਈ ਸਾਨੂੰ ਖੁੱਲ੍ਹੀ ਛੱਤ ਜਾਂ ਕੈਚਮੈਂਟ ਏਰੀਆ, ਡਾਊਨ ਪਾਈਪ, ਗਟਰ, ਪਰਨਾਲੇ, ਰੇਨ ਵਾਟਰ ਪਾਈਪ, ਫਿਲਟਰ, ਡੀਸਿਲਟਿੰਗ ਚੈਂਬਰ, ਸਟੋਰੇਜ ਟੈਂਕ ਅਤੇ ਅੰਡਰ ਗਰਾਊਂਡ ਵਾਟਰ ਰੀਚਾਰਜ ਸਟਰੱਕਚਰਜ਼ ਜਿਵੇਂ ਟਰੈਂਚ ਤੇ ਬੋਰਵੈੱਲ ਆਦਿ ਦੀ ਜ਼ਰੂਰਤ ਹੁੰਦੀ ਹੈ।

ਮੀਂਹ ਦਾ ਪਾਣੀ ਸਾਨੂੰ ਕੁਦਰਤ ਦੀ ਅਨਮੋਲ ਦਾਤ ਮਿਲੀ ਹੈ, ਜਿਸ ਦੀ ਕਦਰ ਕਰਨ ਅਤੇ ਸੰਭਾਲਣ ਦੀ ਲੋੜ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਛੱਤ ’ਤੇ ਇਕੱਠਾ ਹੁੰਦਾ ਪਾਣੀ ਜੀਆਈ ਜਾਂ ਪੀਵੀਸੀ ਪਾਈਪਾਂ ਰਾਹੀਂ ਧਰਤੀ ’ਤੇ ਬਣਾਏ ਸਟੋਰ ਟੈਂਕਾਂ ਜਾਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਲਈ ਬੋਰਵੈੱਲ ਵਿਚ ਪਾਇਆ ਜਾਂਦਾ ਹੈ। 100 ਵਰਗ ਮੀਟਰ ਛੱਤ ਵਾਲੀ ਇਮਾਰਤ ਦੇ ਰੇਨ ਵਾਟਰ ਦੀ ਹਾਰਵੈਸਟਿੰਗ ਲਈ ਲੱਗਭੱਗ 2000 ਲਿਟਰ ਸਮਰੱਥਾ ਵਾਲਾ ਟੈਂਕ ਠੀਕ ਰਹਿੰਦਾ ਹੈ। ਗਰਮੀ ਨਾਲ ਪਾਣੀ ਦੇ ਵਾਸ਼ਪੀਕਰਨ ਤੇ ਮੱਛਰਾਂ ਆਦਿ ਦੇ ਫੈਲਾਓ ਨੂੰ ਰੋਕਣ ਲਈ ਪਾਣੀ ਸਟੋਰ ਕੀਤੇ ਟੈਂਕ ਦੇ ਢੱਕਣ ਨੂੰ ਹਮੇਸ਼ਾ ਟਾਈਟ ਬੰਦ ਰੱਖਣਾ ਚਾਹੀਦਾ ਹੈ।

ਰੇਨ ਵਾਟਰ ਹਾਰਵੈਸਟਿੰਗ ਲਈ ਛੱਤਾਂ ਤੋਂ ਪ੍ਰਾਪਤ ਪਾਣੀ ਪਹਿਲਾਂ ਸੀਮਿੰਟ ਇੱਟਾਂ ਰਾਹੀ ਤਿਆਰ 9 ਫੁੱਟX6 ਫੁੱਟ ਆਕਾਰ ਦੇ ਡੀਸਿਲਟੇਸ਼ਨ ਚੈਂਬਰ ਵਿੱਚ ਸਫਾਈ ਲਈ ਇਕੱਠਾ ਕੀਤਾ ਜਾਂਦਾ ਹੈ, ਫਿਰ ਇਹ ਪਾਣੀ ਪਾਈਪ ਰਾਹੀਂ 6 ਫੁੱਟ ਡਾਏ ਦੀ ਰੀਚਾਰਜ ਪਿਟ ਵਿੱਚ ਲਿਆਂਦਾ ਜਾਂਦਾ ਹੈ ਜਿਸ ਵਿੱਚ ਸਭ ਤੋ ਹੇਠਾਂ 4 ਇੰਚ ਸਾਈਜ਼ ਦੇ ਬੌਲਡਰ ਦੀ 16 ਇੰਚ ਮੋਟੀ ਪਰਤ ਪਾ ਕੇ ਉਸ ਉਪਰ ਮੋਟੀ ਬਜਰੀ ਦੀ 12 ਇੰਚ ਦੀ ਪਰਤ ਪਾ ਕੇ 12 ਇੰਚ ਮੋਟੀ ਬਰੀਕ ਬਜਰੀ ਦੀ ਪਰਤ ਪਾਈ ਹੁੰਦੀ ਹੈ। ਇਸ ਪਿਟ ਨੂੰ 6 ਇੰਚ ਡਾਏ ਦੀ 40-60 ਫੁੱਟ ਲੰਮੀ ਪਾਈਪ ਰਾਹੀਂ ਧਰਤੀ ਹੇਠਾਂ ਲਿਜਾਇਆ ਜਾਂਦਾ ਹੈ। ਇਸ ਦਾ ਹੇਠਲਾ ਹਿੱਸਾ ਛੇਕਦਾਰ ਹੁੰਦਾ ਹੈ। ਇਸ ਸਾਰੇ ਸਿਸਟਮ ਨੂੰ ਰੀਚਾਰਜ ਟਰੈਂਚ ਅਤੇ ਬੋਰਵੈੱਲ ਆਖਦੇ ਹਨ।

ਬੇਰੋਕ-ਟੋਕ ਅੰਨ੍ਹੇਵਾਹ ਪਾਣੀ ਦੀ ਹੋ ਰਾਹੀਂ ਵਰਤੋਂ ਕਾਰਨ ਭੀੜ-ਭੜੱਕੇ ਵਾਲੇ ਇਲਾਕਿਆਂ (ਝੁੱਗੀ ਝੌਂਪੜੀ) ਤੇ ਅਵਿਕਸਤ ਕਲੋਨੀਆਂ ਵਿੱਚ ਚੰਗੀ ਕੁਆਲਟੀ ਦਾ ਪਾਣੀ ਮਿਲਣਾ ਵੱਡੀ ਸਮੱਸਿਆ ਹੈ। ਮੀਂਹ ਦਾ ਪਾਣੀ ਐਨ ਸਾਫ਼ ਤੇ ਨੁਕਸਾਨ ਵਾਲੇ ਰਸਾਇਣਾਂ (ਕੈਮੀਕਲ) ਤੋਂ ਰਹਿਤ ਹੁੰਦਾ ਹੈ ਜਿਸ ਕਰ ਕੇ ਇਸ ਨੂੰ ਘਰੇਲੂ ਵਰਤੋਂ ਤੇ ਸਿੰਜਾਈ ਲਈ ਵਰਤਿਆ ਜਾ ਸਕਦਾ ਹੈ, ਤੇ ਨਾਲ ਹੀ ਇਸ ਨੂੰ ਬਚਾਉਣ ਦੀ ਬਹੁਤ ਲੋੜ ਹੈ। ਇਸ ਤਰ੍ਹਾਂ ਬਚਾਇਆ ਪਾਣੀ ਨਾ ਸਿਰਫ ਪਾਣੀ ਦੀ ਘਾਟ ਪੂਰਦਾ ਹੈ, ਸਗੋਂ ਸੜਕਾਂ ਅਤੇ ਧਰਤੀ ’ਤੇ ਵਗਦਾ ਪਾਣੀ ਰੋਕ ਕੇ ਮਿੱਟੀ ਦੇ ਖੋਰੇ ਨੂੰ ਠੱਲ੍ਹ ਪਾਉਂਦੇ ਹੋਏ ਵਾਤਾਵਰਨ ਨੂੰ ਵੀ ਬਚਾਉਂਦਾ ਹੈ।

ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈੱਲਪਮੈਂਟ ਬਿਲਡਿੰਗਜ਼ ਰੂਲਜ਼-2017 ਅਨੁਸਾਰ 250 ਵਰਗ ਮੀਟਰ ਤੋਂ ਵੱਧ ਰਕਬੇ ਵਾਲੀਆ ਰਿਹਾਇਸ਼ੀ ਇਮਾਰਤਾਂ ਤੇ 100 ਵਰਗ ਮੀਟਰ ਤੋਂ ਵੱਧ ਰਕਬੇ ਵਾਲੀਆਂ ਵਪਾਰਕ ਜਾਂ ਉਦਯੋਗਕ ਇਮਾਰਤਾਂ ਲਈ ਮੀਂਹ ਦਾ ਪਾਣੀ ਸਟੋਰ ਜਾਂ ਰੀਚਾਰਜ ਕਰਨ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਉਣਾ ਜ਼ਰੂਰੀ ਹੋਵੇਗਾ।

ਪੰਜਾਬ ਦਾ ਜੀਵਨ ਮੁੱਖ ਤੌਰ ’ਤੇ ਖੇਤੀ ਉੱਤੇ ਨਿਰਭਰ ਹੈ ਅਤੇ ਖੇਤੀ ਜ਼ਮੀਨੀ ਪਾਣੀ ਉਪਰ ਨਿਰਭਰ ਹੈ, ਪਰ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠ ਜਾ ਰਿਹਾ ਹੈ। ਇਸ ਲਈ ਰੇਨ ਵਾਟਰ ਹਾਰਵੈਸਟਿੰਗ ਤਕਨੀਕ ਅਪਣਾ ਕੇ ਅਸੀਂ 40% ਪਾਣੀ ਦੀ ਵਰਤੋਂ ਘਟਾ ਸਕਦੇ ਹਾਂ ਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਵੀ ਸੁਧਾਰ ਸਕਦੇ ਹਾਂ। ਇਹ ਤਕਨੀਕ ਫਾਇਦੇਮੰਦ, ਅਸਾਨ, ਵਾਤਾਵਰਨ ਪੱਖੀ ਹੈ। ਇਸ ਲਈ ਇਹ ਤਕਨੀਕ ਆਪਣਾ ਕੇ ਪਾਣੀ ਦੇ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਹੇ ਪੱਧਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਸੰਪਰਕ: 98150-22585

Advertisement
×