ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਿਵੇਂ ਕਰੀਏ
ਹੜ੍ਹ ਹਰ ਸਾਲ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਡੀ ਤਬਾਹੀ ਲਿਆਉਂਦੇ ਹਨ। ਹੜ੍ਹਾਂ ਦੌਰਾਨ ਤੇ ਬਾਅਦ ਵਿੱਚ ਨਾ ਸਿਰਫ਼ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਲੋਕਾਂ ਦੀ ਸਿਹਤ ਉਤੇ ਵੀ ਇਸ ਦਾ ਬਹੁਤ ਖ਼ਰਾਬ ਅਸਰ ਪੈਂਦਾ ਹੈ। ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਗੰਦਗੀ ਵਧ ਜਾਂਦੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ।
ਹੜ੍ਹ ਦੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਅਤੇ ਕਈ ਹੋਰ ਦੂਸ਼ਿਤ ਤੱਤ ਰਲਣ ਕਾਰਨ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਹੜ੍ਹਾਂ ਦੌਰਾਨ ਸੰਭਾਵੀ ਤੌਰ ’ਤੇ ਛੂਤ ਦੀਆਂ ਬਿਮਾਰੀਆਂ ਫੈਲਣ ਦੀ ਖ਼ਦਸ਼ਾ ਵਧ ਜਾਂਦਾ ਹੈ। ਜੇ ਸਹੀ ਸਾਵਧਾਨੀਆਂ ਨਾ ਵਰਤੀਆਂ ਜਾਣ ਤਾਂ ਟਾਈਫਾਈਡ, ਹੈਜ਼ਾ, ਹੈਪੇਟਾਈਟਸ-ਏ, ਅੱਖਾਂ ਦਾ ਆਉਣਾ (ਕਨਜਕਟਿਵਾਇਟਿਸ), ਲੈਪਟੋਸਪਾਇਰੋਸਿਸ, ਡੇਂਗੂ, ਚਿਕਨਗੁਨੀਆ ਆਦਿ ਵਰਗੀਆਂ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ।
ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੇ ਬਚਾਅ
ਹੜ੍ਹ ਤੇ ਬਰਸਾਤ ਤੋਂ ਬਾਅਦ ਪਾਣੀ ਵਿੱਚ ਗੰਦਗੀ ਹੋਣ ਕਾਰਨ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ, ਜਿਸ ਨਾਲ ਟਾਈਫਾਈਡ, ਹੈਜ਼ਾ, ਡਾਇਰੀਆ, ਹੈਪੇਟਾਈਟਸ-ਏ, ਕਨਜਕਟਿਵਾਇਟਿਸ, ਲੈਪਟੋਸਪਾਇਰੋਸਿਸ ਵਰਗੀਆਂ ਬਿਮਾਰੀਆਂ ਫੈਲਣ ਲੱਗਦੀਆਂ ਹਨ। ਇਹ ਬਿਮਾਰੀਆਂ ਖਾਸ ਕਰ ਕੇ ਬੱਚਿਆਂ ਤੇ ਬਜ਼ੁਰਗਾਂ ਲਈ ਖ਼ਤਰਨਾਕ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਾਅ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ। ਦੂਸ਼ਿਤ ਪਾਣੀ ਤੇ ਭੋਜਨ ਕਾਰਨ ਟਾਈਫਾਈਡ ਵਰਗਾ ਗੰਭੀਰ ਬੁਖਾਰ ਹੋ ਸਕਦਾ ਹੈ। ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਪੇਟ ਦਰਦ, ਕਮਜ਼ੋਰੀ ਤੇ ਸਿਰ ਦਰਦ ਹਨ ਅਤੇ ਇਸ ਦੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਹੋਣਾ ਪੈ ਸਕਦਾ ਹੈ। ਹੈਜ਼ਾ ਵੀ ਦੂਸ਼ਿਤ ਪਾਣੀ ਨਾਲ ਹੁੰਦਾ ਹੈ, ਜਿਸ ਕਾਰਨ ਉਲਟੀਆਂ, ਪਾਣੀ ਦੀ ਕਮੀ (ਡੀਹਾਈਡਰੇਸ਼ਨ) ਜਾਂ ਗੰਭੀਰ ਦਸਤ ਲੱਗ ਸਕਦੇ ਹਨ। ਦਸਤ ਰੋਗ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਹੀ ਹੈ।
ਹੈਪੇਟਾਈਟਸ-ਏ ਵਾਇਰਲ ਇਨਫੈਕਸ਼ਨ ਹੈ, ਜੋ ਲਿਵਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਮੀਂਹਾਂ ਦੌਰਾਨ ਗੰਦੇ ਪਾਣੀ ਜਾਂ ਭੋਜਨ ਰਾਹੀਂ ਫੈਲ ਸਕਦਾ ਹੈ। ਇਸ ਦੇ ਆਮ ਲੱਛਣ ਥਕਾਵਟ, ਪੀਲੀਆ ਤੇ ਪੇਟ ਦਰਦ ਹਨ। ਲੈਪਟੋਸਪਾਇਰੋਸਿਸ ਵੀ ਦੂਸ਼ਿਤ ਪਾਣੀ ਨਾਲ ਹੋਣ ਵਾਲੀ ਗੰਭੀਰ ਬਿਮਾਰੀ ਹੈ। ਇਸ ਨਾਲ ਬੁਖਾਰ, ਸਰੀਰ ਦਰਦ, ਪੀਲੀਆ (ਜੌਂਡਿਸ) ਤੇ ਗੁਰਦੇ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ।
ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੇ ਅਤੇ ਪਾਣੀ ਵਿੱਚ ਆਮ ਤੁਰ ਰਹੇ ਲੋਕਾਂ ਵਿੱਚ ਚਮੜੀ ਸਬੰਧੀ ਬਿਮਾਰੀਆਂ ਵੀ ਸਾਹਮਣੇ ਆ ਰਹੀਆਂ ਹਨ। ਇਸ ਨਾਲ ਸਰੀਰ ਉਤੇ ਧੱਫੜ ਹੋਣੇ, ਖੁਰਕ ਹੋਣਾ, ਚਮੜੀ ਲਾਲ ਹੋਣਾ ਜਾਂ ਬੁਖ਼ਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਬਚਾਅ ਲਈ ਹੜ੍ਹਾਂ ਦੇ ਪਾਣੀ ਦੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਸਾਫ਼ ਪਾਣੀ ਨਾਲ ਨਹਾਉਣਾ ਜਾਂ ਹੱਥਾਂ ਪੈਰਾਂ ਨੂੰ ਧੋਣਾ ਚਾਹੀਦਾ ਹੈ। ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਪੀਣ ਦਾ ਪਾਣੀ ਵੀ ਸਾਫ਼ ਹੀ ਵਰਤੋ ਜਾਂ ਪਾਣੀ ਉਬਾਲ ਕੇ ਪ੍ਰਯੋਗ ਕਰੋ। ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸਰਗਰਮ ਮੈਡੀਕਲ ਟੀਮਾਂ ਜਾਂ ਨੇੜੇ ਦੇ ਡਾਕਟਰ ਨਾਲ ਸੰਪਰਕ ਕਰ ਕੇ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।
ਮੱਛਰ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੇ ਬਚਾਅ
ਬਰਸਾਤ ਦੇ ਪਾਣੀ ਜਾਂ ਖੜ੍ਹੇ ਸਾਫ਼ ਪਾਣੀ ਵਿੱਚ ਡੇਂਗੂ ਤੇ ਚਿਕਨਗੁਨੀਆ ਦਾ ਲਾਰਵਾ ਪੈਦਾ ਹੋ ਸਕਦਾ ਹੈ; ਗੰਦੇ ਪਾਣੀ ਵਿੱਚ ਮਲੇਰੀਆ ਦੇ ਮੱਛਰ ਪੈਦਾ ਹੁੰਦਾ ਹੈ।
ਡੇਂਗੂ ਤੇ ਚਿਕਨਗੁਨੀਆ ਪ੍ਰਭਾਵਿਤ ਮੱਛਰ ਦੇ ਕੱਟਣ ਕਾਰਨ ਮਨੁੱਖਾਂ ਵਿੱਚ ਫੈਲਦਾ ਹੈ। ਤੇਜ਼ ਬੁਖਾਰ, ਗੰਭੀਰ ਸਿਰ ਤੇ ਜੋੜਾਂ ਦਾ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਮਤਲੀ, ਥਕਾਵਟ, ਸਰੀਰ ਉੋਤੇ ਧੱਫੜ ਆਦਿ ਇਸ ਦੇ ਮੁੱਖ ਲੱਛਣ ਹਨ। ਮਲੇਰੀਏ ਦੌਰਾਨ ਬੁਖ਼ਾਰ, ਠੰਢ ਲੱਗਣਾ, ਪਸੀਨਾ ਆਉਣਾ, ਖੂਨ ਦੀ ਕਮੀ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ। ਬਚਾਅ ਲਈ ਮੱਛਰਦਾਨੀ ਦੀ ਵਰਤੋਂ ਕਰੋ, ਮੱਛਰ ਦੇ ਕੱਟਣ ਤੋਂ ਬਚਾਅ ਵਾਲੀ ਦਵਾਈ ਲਗਾਓ, ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖਣਾ ਚਾਹੀਦਾ ਹੈ।
ਸੱਪ ਦੇ ਡੰਗਣ ’ਤੇ ਅਣਗਹਿਲੀ ਨਾ ਵਰਤੋ
ਜ਼ਮੀਨ ਵਿੱਚ ਪਾਣੀ ਭਰਨ ਕਾਰਨ ਸੱਪ ਆਪਣਾ ਆਸਰਾ ਛੱਡ ਕੇ ਮਨੁੱਖੀ ਰਿਹਾਇਸ਼ੀ ਖੇਤਰ ਵੱਲ ਆਉਂਦੇ ਹਨ। ਖੇਤਾਂ ਵਿੱਚ ਸੱਪ ਪਾਣੀ ਵਿੱਚ ਤੈਰਦੇ ਹੋਏ ਸੁੱਕੀ ਜ਼ਮੀਨ ਦੀ ਤਲਾਸ਼ ਕਰਦੇ ਹਨ, ਜਿਸ ਕਾਰਨ ਗਲੀ-ਮੁਹੱਲਿਆਂ, ਘਰਾਂ ਅਤੇ ਰਾਹਤ ਕੈਂਪਾਂ ਵਿੱਚ ਵੀ ਸੱਪ ਵੜ ਜਾਂਦੇ ਹਨ। ਬਰਸਾਤਾਂ ਦੇ ਸਮੇਂ, ਖਾਸ ਕਰ ਕੇ ਹੜ੍ਹਾਂ ਮੌਕੇ ਸੱਪ ਦੇ ਡੰਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ।
ਸੱਪ ਦੇ ਡੱਸਣ ’ਤੇ ਜ਼ਖਮ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਣਾ ਚਾਹੀਦਾ ਹੈ, ਜਿਥੇ ਉਸ ਨੂੰ ਐਂਟੀ-ਵੈਨਮ (ਜ਼ਹਿਰ ਵਿਰੋਧੀ ਟੀਕਾ/ਸੀਰਮ) ਲਗਾਇਆ ਜਾਂਦਾ ਹੈ। ਸਾਵਧਾਨੀ ਦੇ ਤੌਰ ’ਤੇ ਹਨੇਰਾ ਹੋਣ ਤੋਂ ਬਾਅਦ ਪਾਣੀ ਨਾਲ ਭਰੇ ਇਲਾਕੇ ਜਾਂ ਝਾੜੀਆਂ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। ਖੁੱਡਾਂ ਜਾਂ ਸੰਘਣੇ ਕੱਖਾਂ ਵਿੱਚ ਹੱਥ-ਪੈਰ ਨਹੀਂ ਮਾਰਨਾ ਚਾਹੀਦਾ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲਓ।
ਕੁੱਤੇ ਦੇ ਵੱਢਣ ਕਾਰਨ ਜਾਨਲੇਵਾ ਹਲਕਾਅ
ਹਲਕਾਅ (ਰੇਬੀਜ਼) ਘਾਤਕ ਜ਼ੂਨੋਟਿਕ ਬਿਮਾਰੀ ਹੈ, ਜੋ ਰੇਬੀਜ਼ ਵਾਇਰਸ ਨਾਲ ਸੰਕਰਮਿਤ ਜਾਨਵਰਾਂ ਦੇ ਕੱਟਣ ਨਾਲ ਫੈਲਦੀ ਹੈ। ਇਹ ਵਾਇਰਸ ਸੰਕਰਮਿਤ ਜਾਨਵਰਾਂ ਦੀ ਲਾਰ ਵਿੱਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾਂ ਜ਼ਖ਼ਮਾਂ ਰਾਹੀਂ ਮਨੁੱਖ ਵਿੱਚ ਦਾਖਲ ਹੁੰਦਾ ਹੈ। ਆਮ ਤੌਰ ’ਤੇ ਸਮਝਿਆ ਜਾਂਦਾ ਹੈ ਕਿ ਰੇਬੀਜ਼ ਸਿਰਫ ਕੁੱਤੇ ਦੇ ਵੱਢਣ ਨਾਲ ਫੈਲ ਸਕਦਾ ਹੈ; ਇਸ ਦੇ ਉਲਟ ਇਹ ਬਿਮਾਰੀ ਕੁੱਤਿਆਂ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਬਿੱਲੀਆਂ, ਬਾਂਦਰਾਂ, ਚਮਗਿੱਦੜਾਂ, ਲੂੰਬੜੀਆਂ ਸਮੇਤ ਵੱਖ-ਵੱਖ ਜਾਨਵਰਾਂ ਦੇ ਕੱਟਣ ਨਾਲ ਹੋ ਸਕਦੀ ਹੈ।
ਇਹ ਧਿਆਨ ਰੱਖਣਾ ਹੈ ਕਿ ਕੁੱਤੇ ਜਾਂ ਹੋਰ ਕਿਸੇ ਜਾਨਵਰ ਦੇ ਕੱਟਣ ਤੋਂ 24 ਘੰਟੇ ਦੇ ਅੰਦਰ-ਅੰਦਰ ਸਬੰਧਿਤ ਸੰਸਥਾਵਾਂ ਵਿੱਚ ਜਾਓ ਅਤੇ ਤੁਰੰਤ ਇਲਾਜ ਕਰਵਾਓ। ਜਾਨਵਰ ਦੇ ਕੱਟਣ ਉਤੇ ਚੰਗੀ ਤਰ੍ਹਾਂ ਸਾਬਣ ਅਤੇ ਸਾਫ਼ ਪਾਣੀ ਨਾਲ ਜ਼ਖਮ ਨੂੰ ਧੋਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜੇ ਕੋਈ ਜਾਨਵਰ ਕੱਟੇ ਤਾਂ ਉਹ ਤੁਰੰਤ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਜ਼ਰੂਰ ਦੱਸਣ ਤਾਂ ਕਿ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਪੰਜਾਬ ਦੇ ਸਾਰੇ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ-ਰੈਬੀਜ਼ ਵੈਕਸੀਨ ਉਪਲਬਧ ਹੈ। ਇਨ੍ਹਾਂ ਸੰਸਥਾਵਾਂ ਵਿੱਚ ਰੈਬੀਜ਼ ਤੋਂ ਬਚਾਅ ਲਈ ਸੀਰਮ ਜੋ ਜ਼ਖਮ ’ਤੇ ਲੱਗਦਾ ਹੈ, ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ।
ਹੜ੍ਹਾਂ ਤੇ ਬਰਸਾਤਾਂ ਮੌਕੇ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਪਾਣੀ ਭਰੇ ਇਲਾਕਿਆਂ ਵਿੱਚ ਤੁਰਦੇ ਸਮੇਂ ਸੁਰੱਖਿਅਤ ਜੁੱਤੇ ਪਹਿਨਣੇ ਚਾਹੀਦੇ ਹਨ ਅਤੇ ਸਾਫ਼ ਪਾਣੀ ਨਾਲ ਵਾਰ-ਵਾਰ ਹੱਥ ਪੈਰ ਧੋਣੇ ਚਾਹੀਦੇ ਹਨ। ਅਜਿਹੀਆਂ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਨਾਲ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਸੰਪਰਕ: 98155-59660