ਪ੍ਰਭਾਵਿਤ ਸਕੂਲਾਂ ’ਚ ਸਹਾਇਤਾ ਕਿਵੇਂ ਕੀਤੀ ਜਾਵੇ
ਹੜ੍ਹ ਪ੍ਰਭਾਵਿਤ ਖੇਤਰਾਂ ਵਾਲੇ ਘਰਾਂ ਦੀਆਂ ਦਿਲ ਵਲੂੰਧਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਘਰਾਂ ਅੰਦਰ ਕੋਈ ਅਜਿਹੀ ਚੀਜ਼ ਨਹੀਂ ਬਚੀ ਜੋ ਪਾਣੀ ਨਾਲ ਖਰਾਬ ਨਾ ਹੋਈ ਹੋਵੇ। ਮੌਸਮ ਵਿੱਚ ਤਬਦੀਲੀ ਨਾਲ ਭਾਵੇਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਜਿ਼ੰਦਗੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ ਪਰ ਅਜਿਹੇ ਮਾੜੇ ਦੌਰ ਵਿੱਚ ਬੱਚਿਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਿੱਖਿਆ ਵਿਭਾਗ ਨੇ ਭਾਵੇਂ ਸਕੂਲਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਪਰ ਜਿਨ੍ਹਾਂ ਜਿ਼ਲ੍ਹਿਆਂ ਵਿਚ ਹੜ੍ਹਾਂ ਦੇ ਪਾਣੀ ਦੀ ਮਾਰ ਜਿ਼ਆਦਾ ਪਈ ਹੈ, ਉਨ੍ਹਾਂ ਖੇਤਰਾਂ ਦੇ ਸਕੂਲਾਂ ਅਤੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਸਭ ਤੋਂ ਪਹਿਲਾਂ ਉਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਕਿਤਾਬਾਂ, ਕਾਪੀਆਂ ਅਤੇ ਹੋਰ ਸਾਜ਼ੋ-ਸਾਮਾਨ ਦਾ ਛੇਤੀ ਤੋਂ ਛੇਤੀ ਪ੍ਰਬੰਧ ਕਰਵਾਇਆ ਜਾਵੇ। ਉਨ੍ਹਾਂ ਦੀਆਂ ਕਾਪੀਆਂ ਉੱਤੇ ਸਾਰੇ ਵਿਸ਼ਿਆਂ ਦਾ ਅਪਰੈਲ ਤੋਂ ਸਤੰਬਰ ਤੱਕ ਦਾ ਕੰਮ ਵਿਸ਼ੇਸ਼ ਜਮਾਤਾਂ ਲਗਾ ਕੇ ਕਰਵਾਇਆ ਜਾਵੇ। ਹਰ ਬੱਚੇ ਨੂੰ ਦਸ-ਦਸ ਹਜ਼ਾਰ ਰੁਪਏ ਦਿੱਤੇ ਜਾਵੇ ਤਾਂ ਕਿ ਉਹ ਆਪਣੀ ਲੋੜ ਅਨੁਸਾਰ ਪੜ੍ਹਾਈ ਵਾਲਾ ਸਮਾਨ ਖਰੀਦ ਸਕਣ। ਉਨ੍ਹਾਂ ਲਈ ਵਿਸ਼ੇਸ਼ ਜਮਾਤਾਂ ਦਾ ਪ੍ਰਬੰਧ ਕੀਤਾ ਜਾਵੇ। ਪਿਛਲੇ ਅਕਾਦਮਿਕ ਵਰ੍ਹੇ ਦੇ ਵਜ਼ੀਫ਼ੇ ਦੇ ਪੈਸੇ ਤੁਰੰਤ ਜਾਰੀ ਕੀਤੇ ਜਾਣ। ਨਵੇਂ ਵਿਦਿਅਕ ਵਰ੍ਹੇ ਦੇ ਵਜ਼ੀਫ਼ੇ ਦੇ ਫਾਰਮਾਂ ਨਾਲ ਲੱਗਣ ਵਾਲੇ ਲੋੜੀਂਦੇ ਦਸਤਾਵੇਜ਼ ਬਣਾਉਣ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਚਿਹਰੀਆਂ ਦੇ ਚੱਕਰ ਨਾ ਮਾਰਨੇ ਪੈਣ। ਤਹਿਸੀਲ ਅਫਸਰਾਂ ਨੂੰ ਸਕੂਲ ਬੁਲਾ ਕੇ ਉਨ੍ਹਾਂ ਦੇ ਦਸਤਾਵੇਜ਼ ਬਣਵਾਏ ਜਾਣ। ਬੱਚਿਆਂ ਦੀਆਂ ਸਕੂਲ ਵਰਦੀਆਂ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਉਨ੍ਹਾਂ ਨੂੰ ਤੁਰੰਤ ਮੁਹੱਈਆ ਕਰਵਾਈਆਂ ਜਾਣ। ਵਰਦੀਆਂ ਦੇ ਪੈਸੇ ਪਹਿਲਾਂ ਸਕੂਲ ਫੰਡਾਂ ਵਿੱਚੋਂ ਖਰਚ ਲਏ ਜਾਣ, ਵਰਦੀਆਂ ਦੀ ਗ੍ਰਾਂਟ ਆਉਣ ’ਤੇ ਸਕੂਲ ਫੰਡਾਂ ਵਿੱਚ ਪੈਸੇ ਜਮ੍ਹਾ ਕਰਾ ਦਿੱਤੇ ਜਾਣ। ਇਸ ਬਾਰੇ ਸਿੱਖਿਆ ਵਿਭਾਗ ਵਿਸ਼ੇਸ਼ ਪੱਤਰ ਜਾਰੀ ਕਰੇ। ਸਕੂਲਾਂ ਦੇ ਮਿਡ-ਡੇ ਮੀਲ ਦਾ ਕਣਕ, ਚੌਲਾਂ ਆਦਿ ਦਾ ਸਟਾਕ ਡਾਕਟਰਾਂ ਨੂੰ ਚੈੱਕ ਕਰਾਉਣ ਤੋਂ ਬਗੈਰ ਨਾ ਵਰਤਿਆ ਜਾਵੇ ਤਾਂ ਕਿ ਬੱਚੇ ਬਿਮਾਰ ਹੋਣ ਤੋਂ ਬਚ ਸਕਣ। ਮਿਡ-ਡੇ ਮੀਲ ਦੀ ਗਰਾਂਟ ਜਾਰੀ ਕਰਨ ਵਿਚ ਜ਼ਰਾ ਵੀ ਦੇਰ ਨਾ ਹੋਵੇ। ਪਹਿਲੀ ਤੋਂ 12ਵੀਂ ਜਮਾਤ ਤੱਕ ਹਰ ਬੱਚੇ ਨੂੰ ਮਿਡ-ਡੇ ਮੀਲ ਦਿੱਤਾ ਜਾਵੇ। ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਹਰ ਬੱਚੇ ਦੀ ਫੀਸ ਮੁਆਫ਼ ਕੀਤੀ ਜਾਵੇ। ਬੋਰਡ ਦੀਆਂ ਜਮਾਤਾਂ ਦੀ ਹਰ ਬੱਚੇ ਦੀ ਪ੍ਰੀਖਿਆ ਫੀਸ ਮੁਆਫ਼ ਕਰ ਦਿੱਤੀ ਜਾਵੇ। ਅਗਲੇ ਵਿਦਿਅਕ ਵਰ੍ਹੇ ਦੀਆਂ ਪੁਸਤਕਾਂ ਦਾ ਪ੍ਰਬੰਧ ਅਗਾਊਂ ਕਰ ਲਿਆ ਜਾਵੇ ਤਾਂ ਕਿ ਵਿਦਿਅਕ ਵਰ੍ਹਾ ਸ਼ੁਰੂ ਹੁੰਦੇ ਸਾਰ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾ ਸਕਣ। ਸਕੂਲਾਂ ਤੋਂ ਰਿਪੋਰਟ ਮੰਗਵਾ ਕੇ ਇਸ ਵਿਦਿਅਕ ਵਰ੍ਹੇ ਵਿੱਚ ਬੱਚਿਆਂ ਨੂੰ ਲੋੜੀਂਦੀਆਂ ਕਿਤਾਬਾਂ ਛੇਤੀ ਤੋਂ ਛੇਤੀ ਭੇਜੀਆਂ ਜਾਣ। ਬੋਰਡ ਦੀਆਂ ਪ੍ਰੀਖਿਆਵਾਂ ਦੇ ਸਮੇਂ ਵਿੱਚ ਤਬਦੀਲੀ ਕਰ ਕੇ ਪ੍ਰੀਖਿਆਵਾਂ ਅੱਗੇ ਕਰ ਦਿੱਤੀਆਂ ਜਾਣ।
ਸਕੂਲਾਂ ਵਿੱਚ ਡਾਕਟਰ ਭੇਜ ਕੇ ਬੱਚਿਆਂ ਦਾ ਮੈਡੀਕਲ ਮੁਆਇਨਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਦਵਾਈਆਂ ਮੌਕੇ ’ਤੇ ਹੀ ਦਿੱਤੀਆਂ ਜਾਣ। ਜੇ ਹੜ੍ਹ ਪ੍ਰਭਾਵਿਤ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਦੇ ਸਕੂਲਾਂ `ਚ ਮੁਖੀਆਂ ਅਤੇ ਹਰ ਵਿਸ਼ੇ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਜੇ ਇਨ੍ਹਾਂ ਸਕੂਲਾਂ ’ਚ ਸਕੂਲ ਮੁਖੀ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ ਹੋਣਗੇ ਤਾਂ ਪੜ੍ਹਾਈ ਕੌਣ ਕਰਵਾਏਗਾ, ਵਿਸ਼ੇਸ਼ ਕਲਾਸਾਂ ਕੌਣ ਲਗਾਏਗਾ? ਜਦੋਂ ਤੱਕ ਪੱਕੇ ਅਧਿਆਪਕਾਂ ਦਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਆਰਜ਼ੀ ਪ੍ਰਬੰਧ ਯਕੀਨੀ ਬਣਾਇਆ ਜਾਵੇ। ਸਕੂਲਾਂ `ਚ ਐਜੂਸੈੱਟ ਰੂਮ, ਪ੍ਰਯੋਗਸ਼ਾਲਾਵਾਂ, ਕੰਪਿਊਟਰ ਰੂਮਾਂ, ਕਲਾਸ ਰੂਮਾਂ, ਸਪੋਰਟਸ ਰੂਮ, ਆਰਟ ਐਂਡ ਕਰਾਫਟ ਰੂਮ, ਸਮਾਰਟ ਰੂਮਾਂ, ਵੋਕੇਸ਼ਨਲ ਰੂਮਾਂ, ਖੇਡ ਮੈਦਾਨ, ਪਖਾਨਿਆਂ ਅਤੇ ਹੋਰ ਸਾਜ਼ੋ-ਸਾਮਾਨ ਦਾ ਪੂਰਾ ਨਿਰੀਖਣ ਕਰਨ ਤੋਂ ਬਾਅਦ ਸਾਫ-ਸਫਾਈ ਅਤੇ ਮੁਰੰਮਤ ਕਰਵਾਈ ਜਾਵੇ।
ਇਨ੍ਹਾਂ ਸਾਰੇ ਕੰਮਾਂ ਲਈ ਸਕੂਲਾਂ ਨੂੰ ਤੁਰੰਤ ਗ੍ਰਾਂਟ ਜਾਰੀ ਕੀਤੀ ਜਾਵੇ। ਸਿੱਖਿਆ ਵਿਭਾਗ ਜਿ਼ਲ੍ਹਾ ਸਿੱਖਿਆ ਅਫਸਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਾ ਕੇ ਨਿਰੀਖਣ ਤੋਂ ਬਾਅਦ ਸਕੂਲਾਂ ਦੀਆਂ ਲੋੜਾਂ ਅਤੇ ਇਨ੍ਹਾਂ ਲੋੜਾਂ ਦੀ ਪੂਰਤੀ ਤੋਂ ਬਾਅਦ ਸਕੂਲਾਂ `ਚ ਹੋਏ ਸੁਧਾਰ ਦੀ ਰਿਪੋਰਟ ਮੰਗੇ। ਇਨ੍ਹਾਂ ਸਕੂਲਾਂ ਉੱਤੇ ਲਗਾਤਾਰ ਨਜ਼ਰ ਰੱਖੀ ਜਾਵੇ। ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀ ਇਨ੍ਹਾਂ ਸਕੂਲਾਂ ਦੇ ਵਿਸ਼ੇਸ਼ ਦੌਰੇ ਕਰਨ। ਇਨ੍ਹਾਂ ਕੰਮਾਂ ਲਈ ਪਿੰਡਾਂ ਦੀਆਂ ਪੰਚਾਇਤਾਂ, ਮਿਉਂਸਪਲ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਈ ਜਾ ਸਕਦੀ ਹੈ।
ਸੰਪਰਕ: 98726-27136