DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰ ਵਿੱਚ ਮਜ਼ਬੂਤ ਬਦਲ ਕਿਵੇਂ ਉਸਰੇ...

ਇਹ ਵਿਰੋਧੀ ਪਾਰਟੀਆਂ ਦੇ ਸਿਆਸੀ ਵਤੀਰੇ ਨੇ ਤੈਅ ਕਰਨਾ ਹੈ ਕਿ ਅਗਲੀ ਕੇਂਦਰ ਸਰਕਾਰ ਕਿਸ ਦੀ ਬਣੇਗੀ। ਪਿਛਲੀ ਵਾਰ ਸਿਰਫ਼ 39% ਪੋਟਾਂ ਨਾਲ ਭਾਜਪਾ ਸਰਕਾਰ ਬਣੀ ਸੀ। ਇਸ ਲਈ ਇਨ੍ਹਾਂ ਲਈ ਇਹੀ ਸੋਚਣ ਵਿੱਚਾਰਨ ਦਾ ਸਮਾਂ ਹੈ। ਕਾਂਗਰਸ ਭਾਜਪਾ ਦੇ...
  • fb
  • twitter
  • whatsapp
  • whatsapp
Advertisement

ਇਹ ਵਿਰੋਧੀ ਪਾਰਟੀਆਂ ਦੇ ਸਿਆਸੀ ਵਤੀਰੇ ਨੇ ਤੈਅ ਕਰਨਾ ਹੈ ਕਿ ਅਗਲੀ ਕੇਂਦਰ ਸਰਕਾਰ ਕਿਸ ਦੀ ਬਣੇਗੀ। ਪਿਛਲੀ ਵਾਰ ਸਿਰਫ਼ 39% ਪੋਟਾਂ ਨਾਲ ਭਾਜਪਾ ਸਰਕਾਰ ਬਣੀ ਸੀ। ਇਸ ਲਈ ਇਨ੍ਹਾਂ ਲਈ ਇਹੀ ਸੋਚਣ ਵਿੱਚਾਰਨ ਦਾ ਸਮਾਂ ਹੈ।

ਕਾਂਗਰਸ ਭਾਜਪਾ ਦੇ ਮੁਕਾਬਲੇ ਸੁਸਤ ਤੇ ਜਿ਼ੱਦਲ ਜਾਪਦੀ ਹੈ। 2024 ਵਾਲੀ ਚੋਣ ਵਿੱਚ ਬਿਹਾਰ 30, ਉੜੀਸਾ 20, ਆਂਧਰਾ ਪ੍ਰਦੇਸ਼ 22, ਪੱਛਮੀ ਬੰਗਾਲ 12, ਯੂਪੀ ਤੇ ਤਿਲੰਗਾਨਾ ਦੀਆਂ ਕੁਝ ਵੱਧ ਸੀਟਾਂ ਜੋ ਭਾਜਪਾ ਖੇਮੇ ਨੇ ਜਿੱਤੀਆਂ ਤੇ ਸਰਕਾਰ ਬਣਾਈ, ਇਹ ਜਿਤਾਉਣ ਲਈ ਕਾਂਗਰਸ ਦਾ ਵਿਹਾਰ ਹੀ ਵੱਧ ਜ਼ਿੰਮੇਵਾਰ ਹੈ। ਕਿਵੇਂ?

Advertisement

ਬਿਹਾਰ ਦੇ ਆਗੂ ਨਿਤੀਸ਼ ਕੁਮਾਰ ਦੀ ਪਹਿਲਕਦਮੀ ’ਤੇ ਹੀ ‘ਇੰਡੀਆ’ ਗਠਜੋੜ ਬਣਿਆ ਸੀ। ਪਹਿਲੀ ਮੀਟਿੰਗ ਬੜੇ ਚਾਵਾਂ ਨਾਲ ਪਟਨਾ ਵਿੱਚ ਹੋਈ। ਕਾਂਗਰਸ ਆਗੂ ਰਾਹੁਲ ਗਾਂਧੀ ਚਾਰ ਮਹੀਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ’ਤੇ ਨਿਕਲਿਆ, ਚੰਗੀ ਗੱਲ। ਨਿਤੀਸ਼ ਕੁਮਾਰ ਅਤੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਲਈ ਤਰਲੇ ਲੈਣ ਤੇ ਕਾਂਗਰਸ ਆਖੇ ਕਿ ਰਾਹੁਲ ਗਾਂਧੀ ਅਜੇ ਯਾਤਰਾ ਕਰ ਰਹੇ ਨੇ; ਮੀਟਿੰਗ ਵਿੱਚ ਕੋਈ ਹੋਰ ਆਗੂ ਵੀ ਜਾ ਸਕਦੇ ਸਨ। ਮੁੱਦਤਾਂ ਬਾਅਦ ਮੀਟਿੰਗ ਹੋਈ ਤਾਂ ਕਨਵੀਨਰ ਵਜੋਂ ਕਾਂਗਰਸ ਆਗੂ ਮਲਿਕਅਰਜੁਨ ਖੜਗੇ ਦਾ ਨਾਮ (ਬਿਨਾ ਕਿਸੇ ਨਾਲ ਸਲਾਹ ਕੀਤਿਆਂ) ਉਛਾਲਣ ਵਾਲਿਆਂ (ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ) ਨੇ ਵੀ ਨਿਤੀਸ਼ ਕੁਮਾਰ ਨੂੰ ਭਜਾਉਣ ਵਿੱਚ ਯੋਗਦਾਨ ਪਾਇਆ। ਉਹ ਇਨ੍ਹਾਂ ਦੀਆਂ ਸੁਸਤੀਆਂ ਤੇ ਚੁਸਤੀਆਂ ਦਾ ਮਾਰਿਆ ਅੰਤ ਆਪਣੇ ਕੱਟੜ ਵਿਰੋਧੀ ਰਹੇ ਪਰ ਬਾਹਾਂ ਅੱਡੀ ਖੜ੍ਹੇ ਨਰਿੰਦਰ ਮੋਦੀ ਦੀ ਗੱਡੀ ਜਾ ਚੜ੍ਹਿਆ। ਉਹ ਨਾਲ ਹੁੰਦਾ ਤਾਂ ਬਿਹਾਰ ਵਿੱਚ ਹੂੰਝਾ ਫੇਰੂ ਜਿੱਤ ਹੁੰਦੀ।

ਪੱਛਮੀ ਬੰਗਾਲ ਵਿੱਚ ਕਾਂਗਰਸ ਦਾ ਮਮਤਾ ਬੈਨਰਜੀ ਨਾਲ ਸਿਰਫ ਸੀਟਾਂ ਦੀ ਵੰਡ-ਵੰਡਾਈ ਦਾ ਝਗੜਾ ਸੀ। ਕਾਂਗਰਸ ਵੱਧ ਮੰਗੇ ਤੇ ਮਮਤਾ ਘੱਟ ਦੇਵੇ, ਸਮਝੌਤਾ ਖ਼ਤਮ। ਇਸ ਝਗੜੇ ਵਿੱਚ ਭਾਜਪਾ 12 ਸੀਟਾਂ ਜਿੱਤ ਗਈ; ਮਮਤਾ 29 ਤੇ ਕਾਂਗਰਸ ਸਿਰਫ ਇਕ। ਮਿਲ ਕੇ ਚੋਣ ਲੜਦੇ ਤਾਂ ਇਨ੍ਹਾਂ ਦੀਆਂ ਭਾਜਪਾ ਨਾਲੋਂ 12% ਵੋਟਾਂ ਵੱਧ ਸਨ।

ਉੜੀਸਾ ਅੰਦਰ 2019 ਵਿੱਚ 8 ਸੀਟਾਂ ਜਿੱਤ ਕੇ ਜਦ ਭਾਜਪਾ ਮੁੱਖ ਵਿਰੋਧੀ ਪਾਰਟੀ ਬਣੀ ਤਾਂ ਕਾਂਗਰਸ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਹਰ ਹੀਲੇ ਆਪਣੇ ਲਾਗੇ ਲਾਉਂਦੀ। ਭਾਜਪਾ ਚਤੁਰ ਨਿਕਲੀ। ਨਵੀਨ ਪਟਨਾਇਕ ਨੂੰ ਕਾਂਗਰਸ ਨਾਲ ਗੱਠਜੋੜ ਤੋਂ ਰੋਕਣ ਲਈ ਭਾਜਪਾ ਝੂਠ ਮੂਠ ਆਖੇ ਕਿ ‘ਅਸੀਂ 2024 ਦੀ ਚੋਣ ਨਵੀਨ ਨਾਲ ਰਲ ਕੇ ਲੜਨੀ’ ਪਰ ਐਨ ਆਖਿ਼ਰੀ ਮੌਕੇ ਕਹਿੰਦੇ- ‘ਇਕੱਲੇ ਲੜਾਂਗੇ’। ਕਾਂਗਰਸ ਸੁਸਤ ਨਾ ਹੁੰਦੀ ਤਾਂ ਨਵੀਨ ਨਾਲ ਤੁਰੰਤ ਸੀਟਾਂ ਦੀ ਵੰਡ ਨਜਿੱਠ ਲੈਂਦੀ ਪਰ ਤਿਕੋਣੀ ਟੱਕਰ ਵਿੱਚ ਭਾਜਪਾ 20 ਸੀਟਾਂ ਜਿੱਤੀ, ਕਾਂਗਰਸ ਇਕ। ਕਾਂਗਰਸ ਤੇ ਨਵੀਨ ਦੀਆਂ ਵੋਟਾਂ ਮਿਲਾ ਕੇ ਭਾਜਪਾ ਨਾਲੋਂ 5% ਵੱਧ ਸਨ।

ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਕਾਂਗਰਸੀ ਪਿਛੋਕੜ ਵਾਲਾ ਸੀ। ਉਸ ਦੇ ਮੁੱਖ ਮੰਤਰੀ ਪਿਤਾ ਦੀ ਹਵਾਈ ਹਾਦਸੇ ਵਿੱਚ ਮੌਤ ਪਿਛੋਂ ਮੁੱਖ ਮੰਤਰੀ ਨਾ ਬਣਾਇਆ। ਉਹ ਨਵੀਂ ਪਾਰਟੀ ਬਣਾ ਕੇ ਜਿੱਤ ਕੇ ਮੁੱਖ ਮੰਤਰੀ ਬਣ ਗਿਆ। ਮਗਰੋਂ ਵੀ ਉਸ ਨਾਲ ਖਹਿਬੜੀ ਗਏ। ਦੂਜੇ ਪਾਸੇ, ਨਰਿੰਦਰ ਮੋਦੀ ਨੇ ਆਪਣੇ ਕੱਟੜ ਵਿਰੋਧੀ ਚੰਦਰ ਬਾਬੂ ਨਾਇਡੂ ਨਾਲ ਸਮਝੌਤਾ ਕਰਨ ਨੂੰ ਸਕਿੰਟ ਨਾ ਲਾਇਆ। ਨਤੀਜਾ ਇਹ ਨਿੱਕਲਿਆ ਕਿ ਭਾਜਪਾ ਖੇਮੇ ਦੀ ਝੋਲੀ 22 ਸੀਟਾਂ (ਜਿਸ ਵਿੱਚ ਭਾਜਪਾ ਦੀਆਂ ਸਿਰਫ 2.8% ਵੋਟਾਂ), ਰੈਡੀ ਦੀਆਂ 4 ਸੀਟਾਂ ਤੇ ਕਾਂਗਰਸ ਸਿਫਰ। ਕਾਂਗਰਸ ਨੂੰ ਆਂਧਰਾ ਪ੍ਰਦੇਸ਼ ਵਿੱਚ 40% ਵੋਟਾਂ ਵਾਲੇ ਜਗਨ ਮੋਹਨ ਰੈਡੀ ਨੂੰ ਆਗੂ ਮੰਨ ਕੇ ਉਸ ਦੀ ਪਾਰਟੀ ਨਾਲ ਗੱਠਜੋੜ ਕਰਨਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੇ 63 ਸੀਟਾਂ ’ਤੇ ਚੋਣ ਲੜੀ ਅਤੇ 43 ਸੀਟਾਂ ਜਿੱਤੀਆਂ; ਕਾਂਗਰਸ ਨੇ ਜਿ਼ੱਦ ਕਰ ਕੇ 17 ਸੀਟਾਂ ਲਈਆਂ ਤੇ ਜਿੱਤੀਆਂ ਸਿਰਫ਼ 6; ਭਾਜਪਾ ਨੂੰ ਸਿੱਧਾ ਫਾਇਦਾ ਹੋਇਆ। ਪਿਛਲੀਆਂ ਬਿਹਾਰ ਅਸੈਂਬਲੀ ਚੋਣਾ ਵਿੱਚ ਵੀ ਲਾਲੂ ਯਾਦਵ ਦੀ ਆਰਜੇਡੀ ਕਾਂਗਰਸ ਨੂੰ 40 ਸੀਟਾਂ ਲੜਨ ਨੂੰ ਕਹਿੰਦੀ ਸੀ ਪਰ ਕਾਂਗਰਸ ਅੜ ਕੇ 70 ਸੀਟਾਂ ਲਈਆਂ ਪਰ ਸਿਰਫ਼ 19 ਜਿੱਤੀਆਂ। ਲਾਲੂ ਯਾਦਵ ਅਤੇ ਖੱਬੇ ਪੱਖੀਆਂ ਦੀ ਜੇਤੂ ਪ੍ਰਤੀਸ਼ਤ ਬਹੁਤ ਜ਼ਿਆਦਾ ਸੀ। ਸਿਰਫ 5 ਸੀਟਾਂ ਵੱਧ ਹੋਣ ਨਾਲ ਭਾਜਪਾ ਸਰਕਾਰ ਬਣਾ ਗਈ।

ਕਾਂਗਰਸ ਨੂੰ ਸਮਝਣਾ ਚਾਹੀਦਾ ਕਿ ਤਿਲੰਗਾਨਾ ਦੇ ਕੇ ਚੰਦਰਸ਼ੇਖਰ ਰਾਓ ਦੀ ਭਾਰਤੀ ਰਾਸ਼ਟਰੀ ਸਮਿਤੀ ਵੀ ‘ਇੰਡੀਆ’ ਗਠਜੋੜ ਦੀ ਵਿਚਾਰਕ ਸਹਿਯੋਗੀ ਹੈ। ਉਸ ਨੂੰ ਗੱਠਜੋੜ ਵਿੱਚ ਆਉਣ ਲਈ ਕਹਿਣ। ਇਹ ਰਲ ਕੇ ਤਿਲੰਗਾਨਾ ਵਿੱਚ ਹੂੰਝਾ ਫੇਰ ਸਕਦੇ।

ਉਂਝ, ਅਜੇ ਵੀ ਕੋਈ ਆਖਿ਼ਰ ਨਹੀਂ ਆ ਗਈ। 2024 ਦੀ ਚੋਣ ਵਿੱਚ ਦੇਸ਼ ਭਰ ਵਿੱਚੋਂ ਭਾਜਪਾ ਦੇ ਐੱਨਡੀਏ ਦੀਆਂ ਵੋਟਾਂ ‘ਇੰਡੀਆ’ ਗਠਜੋੜ ਨਾਲੋਂ ਸਿਰਫ 2% ਦੇ ਲਗਭਗ ਹੀ ਵੱਧ ਸਨ।

ਬਿਹਾਰ, ਉੱਤਰ ਪ੍ਰਦੇਸ਼, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ, ਝਾਰਖੰਡ, ਪੱਛਮੀ ਬੰਗਾਲ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਮੰਗਣ ਦੀ ਥਾਂ ਹਰ ਹੀਲੇ ਖੇਤਰੀ ਪਾਰਟੀਆਂ ਨਾਲ ਚੁਸਤ, ਵਿਸ਼ਾਲ ਗੱਠਜੋੜ ਦੀ ਜ਼ਰੂਰਤ ਹੈ। ਹਰਿਆਣਾ, ਗੁਜਰਾਤ, ਗੋਆ ਤੇ ਦਿੱਲੀ ਵਿੱਚ ਗੱਠਜੋੜ ਕਾਂਗਰਸ ਤੇ ‘ਆਪ’ ਦੀ ਸਿਆਸੀ ਸਮਝ ਦਾ ਇਮਤਿਹਾਨ ਹੋਵੇਗਾ। ਨਿੱਜੀ ਗਿਣਤੀਆਂ ਮਿਣਤੀਆਂ ਦੋਵਾਂ ਨੂੰ ਲੈ ਡੁੱਬਣਗੀਆਂ। ਜੇ ਲੋਕ ਮੁੱਦਿਆਂ ਨੂੰ ਲੈ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਉਤਰਾਖੰਡ ਵਿੱਚ ਕਾਂਗਰਸ ਨੇ ਕੋਈ ਵੱਡਾ ਸੰਘਰਸ਼ ਨਾ ਛੇੜਿਆ ਤਾਂ ਇਸ ਨੇ ਉੱਠ ਨਹੀਂ ਸਕਣਾ। ਮਹਾਰਾਸ਼ਟਰ ਵਿੱਚ ਵਿਰੋਧੀ ਧਿਰਾਂ ਹਤਾਸ਼ ਨਾ ਹੋਣ, ਏਕਤਾ ਬਣਾਈ ਰੱਖਣ ਤਾਂ ਝੂਠ ਫਰੇਬ ਦਾ ਗੁਬਾਰਾ ਫਟ ਸਕਦਾ ਹੈ। ਮਨੀਪੁਰ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਉੱਤਰ-ਪੂਰਬੀ ਸੂਬਿਆਂ ਵਿੱਚ ਕਾਂਗਰਸ ਸਥਾਨਕ ਪਾਰਟੀਆਂ ਨਾਲ ਸਮਝੌਤੇ ਲਈ ਉਚੇਚ ਦਿਖਾਵੇ ਤਾਂ ਵੱਡਾ, ਹੈਰਾਨੀਜਨਕ ਹੁੰਗਾਰਾ ਮਿਲਣ ਦੇ ਆਸਾਰ ਹਨ।

ਵਿਰੋਧੀ ਪਾਰਟੀਆਂ ਕੋਲ ਆਪਣੀ ਸੂਬਾਈ ਲੀਡਰਸ਼ਿਪ ਬਹੁਤ ਮਜ਼ਬੂਤ ਹੈ; ਭਾਜਪਾ ਨੇ ਸੂਬਾਈ ਆਗੂ ਛਾਂਗ ਦਿੱਤੇ ਹਨ ਤੇ ਪਾਰਟੀ ਸਿਰਫ ਮੋਦੀ ਜਾਪ ਕਰ ਰਹੀ ਹੈ। ਇਸ ਦੇ ਨਤੀਜੇ ਮੁਲਕ ਅਤੇ ਭਾਜਪਾ, ਦੋਹਾਂ ਲਈ ਵਚਿੱਤਰ ਹੋਣਗੇ।

&ਨਬਸਪ;ਭਾਜਪਾ ਨੇ ਆਪਣੀ ਸਿਆਸਤ ਖ਼ਾਤਿਰ ਅਸਦੂਦੀਨ ਓਵੈਸੀ ਨੂੰ ਤੱਤੇ ਮੁਸਲਿਮ ਲੀਡਰ ਵਜੋਂ ਉਭਾਰਿਆ। ਉਹ ਕਈ ਥਾਈਂ ਵਿਰੋਧੀ ਵੋਟਾਂ ਵੰਡ ਕੇ ਭਾਜਪਾ ਨੂੰ ਜਿਤਾਉਣ ਵਾਲਾ ਹਥਿਆਰ ਬਣ ਗਿਆ ਸੀ। ਪਿਛਲੀ ਬਿਹਾਰ ਸਰਕਾਰ ਇਵੇਂ ਹੀ ਬਣੀ ਸੀ ਲੇਕਿਨ ਮੋਦੀ ਵੱਲੋਂ ਅਪ੍ਰੇਸ਼ਨ ਸਿੰਧੂਰ ਦਾ ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਲਈ ਭੇਜੀ ਸੰਸਦ ਮੈਂਬਰਾਂ ਦੀ ਟੀਮ ਵਿੱਚ ਓਵੈਸੀ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੇ ਉਸ ਨੂੰ ਵੱਡਾ ਦੇਸ਼ਭਗਤ ਮੁਸਲਿਮ ਲੀਡਰ ਬਣਾ ਦਿੱਤਾ ਹੈ। ਖ਼ਬਰਾਂ ਵਾਲੇ ਚੈਨਲ ਵੀ ਓਵੈਸੀ ਦੀਆਂ ਸਿਫਤਾਂ ਕਰ ਬੈਠੇ। ਹੁਣ ਓਵੈਸੀ ਦੇ ‘ਇੰਡੀਆ’ ਗਠਜੋੜ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਬਣ ਗਈ ਹੈ। ਉਸ ਦੀ ਪਾਰਟੀ ਨੇ ਲਾਲੂ ਯਾਦਵ ਨੂੰ ਚਿੱਠੀ ਲਿਖੀ ਹੈ ਕਿ ਉਹ ਬਿਹਾਰ ਵਿੱਚ ਮਹਾਂ ਗੱਠਜੋੜ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ; ਅੱਗਿਓਂ ਉਨ੍ਹਾਂ ਵੀ ਸਵਾਗਤ ਕੀਤਾ ਹੈ। ਇੰਝ ਭਾਜਪਾ ਨੂੰ ਓਵੈਸੀ ਨੂੰ ਉਭਾਰਨ ਵਾਲਾ ਦਾਅ ਪੁੱਠਾ ਪੈ ਗਿਆ ਹੈ।

11 ਸਾਲ ਦੇ ਰਾਜ ਪਿੱਛੋਂ ਵੀ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਕਾਰੋਬਾਰੀਆਂ ਦੇ ‘ਅੱਛੇ ਦਿਨ’ ਆ ਜਾਣ ਦਾ ਦਾਅਵਾ ਨਹੀਂ ਕਰਦੀ। ਮਹਿੰਗਾਈ ਬੇਕਾਬੂ ਹੈ। ਰੁਜ਼ਗਾਰ ਦੇਣ ਵਰਗਾ ਪਰਉਪਕਾਰ ਕਰਨਾ ਤਾਂ ਵਪਾਰੀ ਜਮਾਤ ਦਾ ਮੁੱਢੋਂ ਕਿਰਦਾਰ ਹੀ ਨਹੀਂ। ਆਜ਼ਾਦੀ ਅੰਦੋਲਨ ਦੀ ਵਿਰਾਸਤ ਭੁਲਾਉਣ ਦੀ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ। ਸਰਕਾਰੀ ਅਦਾਰੇ ਭਾਜਪਾ ਦੇ ਬੇਲੀ ਕਾਰੋਬਾਰੀਆਂ ਨੂੰ ਵੇਚੇ ਜਾ ਰਹੇ ਹਨ। 2014 ਤੱਕ ਭਾਰਤ ਸਿਰ ਕੁੱਲ ਕਰਜ਼ਾ 49 ਲੱਖ ਕਰੋੜ ਸੀ ਜੋ 11 ਸਾਲਾਂ ਵਿੱਚ ਵਧ ਕੇ 197 ਲੱਖ ਕਰੋੜ ਰੁਪਏ ਹੋ ਗਿਆ ਹੈ। ਅਮੀਰ ਕਾਰੋਬਾਰੀਆਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮੁਾਫ਼ ਕੀਤੇ ਜਾ ਰਹੇ ਹਨ। 85 ਕਰੋੜ ਗਰੀਬ ਭੁੱਖੇ ਲੋਕ ਮੰਗਤਿਆਂ ਵਾਂਗ ਹਰ ਮਹੀਨੇ 5 ਕਿਲੋ ਆਟਾ ਦਾਣਾ ਲੈਣ ਲਈ ਮੂੰਹ ਟੱਡਦੇ ਹਨ ਤੇ ਹਾਕਮ ਅੱਗਿਓਂ ਇਵਜ਼ ਵਿੱਚ ਵੋਟਾਂ ਮੰਗਦਾ।

ਇਹ ਨਿਰਾਸ਼ਾਜਨਕ ਹਾਲਾਤ ਹਨ। ਇਸ ਵਿੱਚੋਂ ਭਾਰਤ ਨੂੰ ਕੱਢਣ ਲਈ ਵਿਰੋਧੀ ਪਾਰਟੀਆਂ ਨੂੰ ਬਦਲਵਾਂ ਪ੍ਰੋਗਰਾਮ ਦੇਣਾ ਪਵੇਗਾ ਜੋ ਲੋਕ ਪੱਖੀ, ਰੁਜ਼ਗਾਰ ਮੁਖੀ ਅਤੇ ਭਾਈਚਾਰਕ ਸਾਂਝ ਵਾਲਾ ਹੋਵੇ। ਇਸ ਤਬਦੀਲੀ ਲਈ ਵਿਰੋਧੀ ਪਾਰਟੀਆਂ ਨੂੰ ਵਿਸ਼ਾਲ ਦੇਸ਼ਭਗਤ ਮੋਰਚਾ ਵਿਸ਼ਾਲ ਹਿਰਦੇ ਨਾਲ ਬਣਾਉਣਾ ਪਵੇਗਾ ਤੇ ਸਮਝਦਾਰੀ ਨਾਲ ਚਲਾਉਣਾ ਵੀ ਹੋਵੇਗਾ। ਆਮ ਲੋਕ ਕਹਿੰਦੇ ਨੇ ਕਿ ਜਦ ‘ਵੋਟ ਰੁੱਤ’ ਆਈ ਤਾਂ ਪਤਾ ਨਹੀਂ ਉਦੋਂ ਕੀ ਕੁਝ ਹੋ ਜਾਵੇ ਅਤੇ ਲੋਕ ਆਪਣੇ ਰੋਟੀ ਟੁੱਕ ਵਾਲੇ ਮੁੱਦੇ ਭੁੱਲ ਕੇ ਇਕ ਦੂਜੇ ਵੱਲ ਘੂਰ-ਘੂਰ ਕੇ ਦੇਖਣ ਲੱਗ ਪੈਣ। ਉਂਝ ਵੀ ਅਗਲਿਆਂ ਨੇ ਵਿਰੋਧੀ ਧਿਰ ਦੀ ਸਿਆਸੀ ‘ਸਿਆਣਪ’ ਟੋਹ ਕੇ ਦੇਖ ਲਈ ਹੈ। ਅਪ੍ਰੇਸ਼ਨ ਸਿੰਧੂਰ ਮੌਕੇ ਅਤੇ ਮਗਰੋਂ ਦੇਸ਼ ਦੁਨੀਆ ਵਿੱਚ ਜਿਵੇਂ ਮੋਦੀ ਸਰਕਾਰ ਦਾ ਸੋਹਣਾ ਸਾਥ ਦਿੱਤਾ, ਗੁਣਗਾਨ ਕੀਤਾ, ਕੀ ਪਤਾ 2029 ਵਾਲੀ ਅਗਲੀ ਪਾਰਲੀਮੈਂਟ ਚੋਣ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਿਰੋਧੀ ਪਾਰਟੀਆਂ ਨੂੰ ਇਸ ਤੋਂ ਵੀ ਵੱਡੀ ਕੋਈ ‘ਰਾਸ਼ਟਰਵਾਦੀ ਸੇਵਾ’ ਦੇਣ ਦੀ ਵਿਸ਼ਵ ਪੱਧਰੀ ਯੋਜਨਾ ਬਣਾ ਲੈਣ।

ਸੰਪਰਕ: 94173-24543

Advertisement
×