ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਂਗੂ ਅਤੇ ਚਿਕਨਗੁਨੀਆ ਤੋਂ ਕਿਵੇਂ ਬਚੀਏ

ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਕਿਸ ਤਰ੍ਹਾਂ ਫੈਲਦੀ ਹੈ। ਡੇਂਗੂ ਅਤੇ ਚਿਕਨਗੁਨੀਆ ਇਕ ਹੀ ਕਿਸਮ ਦੇ ਮੱਛਰ ਏਡੀਜ਼ ਇਜ਼ਪਟੀ ਜਾਂ ਏਡੀਜ਼ ਐਲਬੋਪਿਕਟਸ ਦੇ ਕੱਟਣ ਨਾਲ ਫੈਲਦੀਆਂ ਹਨ। ਇਹ ਮੱਛਰ ਸਾਫ਼...
Advertisement

ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਕਿਸ ਤਰ੍ਹਾਂ ਫੈਲਦੀ ਹੈ। ਡੇਂਗੂ ਅਤੇ ਚਿਕਨਗੁਨੀਆ ਇਕ ਹੀ ਕਿਸਮ ਦੇ ਮੱਛਰ ਏਡੀਜ਼ ਇਜ਼ਪਟੀ ਜਾਂ ਏਡੀਜ਼ ਐਲਬੋਪਿਕਟਸ ਦੇ ਕੱਟਣ ਨਾਲ ਫੈਲਦੀਆਂ ਹਨ। ਇਹ ਮੱਛਰ ਸਾਫ਼ ਅਤੇ ਖੜ੍ਹੇ ਹੋਏ ਪਾਣੀ ਵਿੱਚ ਪੈਦਾ ਹੁੰਦਾ ਹੈ। ਆਂਡਿਆਂ ਤੋਂ ਲੈ ਕੇ ਪੂਰਾ ਮੱਛਰ ਬਣਨ ਦਾ ਸਫ਼ਰ 8-12 ਦਿਨਾਂ ਦਾ ਹੁੰਦਾ ਹੈ। ਨਰ ਮੱਛਰ ਮਨੁੱਖਾਂ ਨੂੰ ਨਹੀਂ ਕੱਟਦਾ। ਜਦੋਂ ਮਾਦਾ ਮੱਛਰ ਡੇਂਗੂ ਜਾਂ ਚਿਕਨਗੁਨੀਆਂ ਨਾਲ ਪੀੜਤ ਰੋਗੀ ਨੂੰ ਕੱਟਦੀ ਹੈ ਤਾਂ ਉਸ ਦਾ ਦੂਸ਼ਤ ਖੂਨ ਆਪਣੀਆਂ ਪਾਚਣ ਪ੍ਰਣਾਲੀਆਂ ਵਿੱਚ ਵਾਇਰਸ ਸਮੇਤ ਲੈ ਜਾਂਦੀ ਹੈ। ਮੱਛਰ ਦੀਆਂ ਅੰਤੜੀਆਂ ਵਿੱਚ ਇਹ ਵਾਇਰਸ ਕਈ ਗੁਣਾ ਵਧ ਜਾਂਦੀਆਂ ਹਨ ਅਤੇ ਫਿਰ ਸਾਰੇ ਸਰੀਰ ਵਿੱਚ ਫੈਲ ਜਾਂਦੀਆਂ ਹਨ। ਡੇਂਗੂ ਅਤੇ ਚਿਕਨਗੁਨੀਆਂ ਦੀਆਂ ਇਹ ਵਾਇਰਸ ਮਾਦਾ ਮੱਛਰ ਦੀਆਂ ਥੁੱਕ ਦੀਆਂ ਥੈਲੀਆਂ ਵਿੱਚ ਕਾਫ਼ੀ ਤਾਇਦਾਦ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਮੱਛਰ ਦੇ ਜੀਵਨ ਕਾਲ ਜੋ ਲਗਭਗ 3 ਹਫ਼ਤੇ ਦਾ ਹੁੰਦਾ ਹੈ, ਦੌਰਾਨ ਉੱਥੇ ਰਹਿੰਦੀਆਂ ਹਨ। ਇਉਂ ਮਾਦਾ ਮੱਛਰ ਡੇਂਗੂ ਤੇ ਚਿਕਨਗੁਨੀਆ ਫੈਲਾਉਂਦਾ ਹੈ।

ਬਰਸਾਤਾਂ ਅਤੇ ਹੁੰਮਸ ਦਾ ਮੌਸਮ ਮੱਛਰ ਪ੍ਰਫੁੱਲਤ ਹੋਣ ਦਾ ਜ਼ਰੀਆ ਬਣਦੇ ਹਨ। ਆਮ ਜਿਹਾ ਸਵਾਲ ਹੈ: ਜੇ ਮਾਦਾ ਮੱਛਰ ਦੀ ਜ਼ਿੰਦਗੀ ਸਿਰਫ਼ ਤਿੰਨ ਹਫ਼ਤਿਆਂ ਦੀ ਹੈ ਤਾਂ ਅਗਲੇ ਸਾਲ ਇਹ ਮੱਛਰ ਫਿਰ ਕਿੱਥੋਂ ਆ ਜਾਂਦੇ ਹਨ? ਜਵਾਬ ਹੈ: ਮਾਦਾ ਮੱਛਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆਂਡੇ ਦਿੰਦੀਆਂ ਹਨ। ਖੜ੍ਹੇ ਪਾਣੀ ਨੂੰ ਖਾਲੀ ਕਰਨ ਪਿੱਛੋਂ ਵੀ ਇਹ ਆਂਡੇ ਬਰਤਨਾਂ ਜਾਂ ਛੱਪੜ ਦੀਆਂ ਕੰਧਾਂ ਨਾਲ ਚਿਪਕੇ ਰਹਿੰਦੇ ਹਨ ਅਤੇ 8-9 ਮਹੀਨੇ ਤੱਕ ਮਰਦੇ ਨਹੀਂ। ਅਗਲੇ ਸੀਜ਼ਨ ’ਤੇ ਜਦੋਂ ਇਨ੍ਹਾਂ ਨੂੰ ਸਾਫ਼ ਤੇ ਖੜ੍ਹਾ ਪਾਣੀ ਮਿਲਦਾ ਹੈ ਤਾਂ ਫਿਰ ਆਂਡਿਆਂ ਤੋਂ ਮੱਛਰ ਬਣ ਜਾਂਦੇ ਹਨ।

Advertisement

ਕੀ ਨੁਕਸਾਨ ਪਹੁੰਚਾਉਣ ਵਾਲੀਆਂ ਇਨ੍ਹਾਂ ਪ੍ਰਜਾਤੀਆਂ ਦੀ ਇਹ ਪ੍ਰਕਿਰਿਆ ਰੋਕੀ ਨਹੀਂ ਜਾ ਸਕਦੀ? ਇਸ ਦਾ ਜਵਾਬ ਹਾਂ ਪੱਖੀ ਹੋਣਾ ਚਾਹੀਦਾ ਹੈ। ਜੇ ਮੱਛਰ 8-9 ਮਹੀਨੇ ਵਾਸਤੇ ਆਪਣੇ ਆਂਡੇ ਬਚਾ ਸਕਦੇ ਹਨ ਤਾਂ ਮਨੁੱਖਾਂ ਨੂੰ ਵੀ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਇਕ ਕਦਮ ਅੱਗੇ ਜਾ ਕੇ ਇਨ੍ਹਾਂ ਦਾ ਖ਼ਾਤਮਾ ਕਰਨਾ ਚਾਹੀਦਾ ਹੈ।

ਦੁਨੀਆ ਦੀ ਅੱਧੀ ਆਬਾਦੀ ਹਰ ਸਾਲ ਡੇਂਗੂ ਬੁਖਾਰ (ਜਿਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ) ਦੀ ਲਪੇਟ ਵਿੱਚ ਆਉਂਦੀ ਹੈ। ਮੱਛਰ ਕੱਟਣ ਮਗਰੋਂ 4 ਤੋਂ 10 ਦਿਨਾਂ ਬਾਅਦ ਬਿਮਾਰੀ ਦੇ ਲੱਛਣ ਆਉਂਦੇ ਹਨ। ਇਹ 3 ਤੋਂ 8 ਦਿਨ ਤਕ ਰਹਿੰਦੇ ਹਨ। ਹਰੇਕ ਮੱਛਰ ਦੇ ਕੱਟਣ ਨਾਲ ਬੁਖਾਰ ਨਹੀਂ ਹੁੰਦਾ, ਇਹ ਸਿਰਫ਼ ਉਸ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਸ ਨੇ ਪਹਿਲਾਂ ਕਿਸੇ ਅਜਿਹੇ ਮਰੀਜ਼ ਨੂੰ ਕੱਟਿਆ ਹੋਵੇ ਜੋ ਡੇਂਗੂ ਨਾਲ ਪੀੜਤ ਹੈ। ਮੱਛਰ ਕੱਟਣ ਬਾਅਦ 100 ਬੰਦਿਆਂ ਵਿੱਚੋਂ ਸਿਰਫ਼ 2-3 ਹੀ ਡੇਂਗੂ ਨਾਲ ਪ੍ਰਭਾਵਿਤ ਹੁੰਦੇ ਹਨ।

ਡੇਂਗੂ ਬੁਖਾਰ ਹੋਣ ’ਤੇ ਬਹੁਤੇ ਮਰੀਜ਼ਾਂ ਅੰਦਰ ਮਾਮੂਲੀ ਲੱਛਣ ਮਿਲਦੇ ਹਨ ਪਰ ਕਈ ਕੇਸਾਂ ਵਿੱਚ ਬਹੁਤ ਤੇਜ਼ ਬੁਖਾਰ, ਸਿਰ ਦਰਦ (ਅੱਖਾਂ ਦੇ ਪਿੱਛੇ ਵੀ), ਮਾਸ ਪੇਸ਼ੀਆਂ ਤੇ ਜੋੜਾਂ ਵਿੱਚ ਬਹੁਤ ਦਰਦ, ਸਰੀਰ ਉੱਤੇ ਲਾਲ ਦਾਣੇ ਹੋ ਜਾਣਾ, ਪੇਟ ਦਰਦ, ਉਲਟੀਆਂ ਆਦਿ ਲੱਛਣ ਸਾਹਮਣੇ ਆਉਂਦੇ ਹਨ। ਡੇਂਗੂ ਦੇ ਨਾਜ਼ੁਕ/ਗੰਭੀਰ ਕੇਸ ਵੀ ਦੇਖਣ ਨੂੰ ਮਿਲਦੇ ਹਨ, ਭਾਵੇਂ ਅਜਿਹੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ (0.5 ਤੋਂ 5%) ਹੁੰਦੀ ਹੈ। ਇਨ੍ਹਾਂ ਨਾਜ਼ੁਕ ਕੇਸਾਂ ਵਿੱਚ ਮੌਤ ਦਰ ਵੀ 7-8% ਦਰਜ ਹੋਈ ਹੈ। ਕਈ ਵਾਰ ਡੇਂਗੂ ਦੀ ਪਹਿਲੀ ਸਟੇਜ ਪਿੱਛੋਂ ਜਦੋਂ ਬੁਖਾਰ ਖ਼ਤਮ ਹੋ ਜਾਂਦਾ ਹੈ ਤਾਂ ਨਾਜ਼ੁਕ ਡੇਂਗੂ ਦੀਆਂ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ ਜੋ ਆਮ ਲੋਕਾਂ ਵਿੱਚ ‘ਸੈੱਲ ਘੱਟ ਗਏ’ ਦੀ ਧਾਰਨਾ ਨਾਲ ਪ੍ਰਚੱਲਤ ਹੈ। ਇਨ੍ਹਾਂ ਹਾਲਾਤ ਦੇ ਇਹ ਲੱਛਣ ਹੁੰਦੇ ਹਨ:

*ਬਹੁਤ ਜ਼ਿਆਦਾ ਤੇ ਲਗਾਤਾਰ ਉਲਟੀਆਂ।

*ਅਤਿ ਦਰਜੇ ਦਾ ਪੇਟ ਦਰਦ।

*ਸਾਹ ਦੀ ਗਤੀ ਵਿੱਚ ਤੇਜ਼ੀ ਤੇ ਸਾਹ ਫੁੱਲਣਾ।

*ਬਹੁਤ ਹੀ ਥਕਾਵਟ ਤੇ ਬੇਚੈਨੀ।

*ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ।

*ਉਲਟੀਆਂ ਤੇ ਟੱਟੀਆਂ ’ਚ ਵੀ ਖੂਨ ਆਉਣਾ।

*ਪਿਆਸ ਲੱਗਣਾ, ਬੁੱਲ੍ਹ ਸੁੱਕਣੇ, ਸਾਹ ਸੁੱਕਣਾ।

*ਰੰਗ ਫੱਕ ਹੋ ਜਾਣਾ ਤੇ ਸਰੀਰ ਠੰਢਾ ਪੈ ਜਾਣਾ।

ਇਨ੍ਹਾਂ ਹਾਲਾਤ ’ਚ ਮਰੀਜ਼ਾਂ ਨੂੰ ਤਰੁੰਤ ਚੰਗੇ ਹਸਪਤਾਲ ਵਿੱਚ ਯੋਗ ਡਾਕਟਰਾਂ ਕੋਲੋਂ ਇਲਾਜ ਕਰਵਾਉਣਾ ਜ਼ਰੂਰੀ ਹੈ। ਜਦੋਂ ਮਰੀਜ਼ ਠੀਕ ਵੀ ਹੋ ਜਾਂਦਾ ਹੈ ਤਾਂ ਕਈ ਹਫ਼ਤੇ ਥਕਾਵਟ ਮਹਿਸੂਸ ਕਰਦਾ ਹੈ।

ਡੇਂਗੂ: ਡਬਲਿਊਐੱਚਓ ਦੇ ਅੰਕੜਿਆਂ ਅਨੁਸਾਰ ਸੰਨ 2000 ਵਿੱਚ ਡੇਂਗੂ ਦੇ ਅੰਦਾਜ਼ਨ 5 ਲੱਖ ਕੇਸ ਰਿਪੋਰਟ ਹੋਏ ਜੋ 2019 ਵਿੱਚ 50 ਲੱਖ ਦੇ ਕਰੀਬ ਹੋ ਗਏ। ਜੇ ਅੰਕੜੇ ਸਰਕਾਰੀ/ਗੈਰ-ਸਰਕਾਰੀ ਹਸਪਤਾਲਾਂ ਵਿੱਚ ਪੁਸ਼ਟੀ ਵਾਲੇ ਕੇਸਾਂ ਦੇ ਹਨ। ਜਿਨ੍ਹਾਂ ਦੇ ਟੈਸਟ ਨਹੀਂ ਕਰਵਾਏ, ਉਨ੍ਹਾਂ ਕੇਸਾਂ ਦੀ ਗਿਣਤੀ ਇਸ ਵਿੱਚ ਸ਼ਾਮਿਲ ਨਹੀਂ। ਇਕ ਮਾਡਲ ਮੁਤਾਬਕ ਤਕਰੀਬਨ 100 ਮੁਲਕਾਂ ਵਿੱਚ 39 ਕਰੋੜ ਲੋਕ ਹਰੇਕ ਸਾਲ ਡੇਂਗੂ ਨਾਲ ਪੀੜਤ ਹੁੰਦੇ ਹਨ ਅਤੇ 70 ਫ਼ੀਸਦ ਕੇਸ ਏਸ਼ੀਆ ਵਿੱਚ ਹੁੰਦੇ ਹਨ। ਯੂਰੋਪੀਅਨ ਮੁਲਕ ਵੀ ਇਸ ਦੀ ਲਪੇਟ ਵਿੱਚ ਆਏ ਹਨ ਕਿਉਂਕਿ ਆਵਾਜਾਈ ਦੇ ਸਾਧਨਾਂ ਨੇ ਦੁਨੀਆ ‘ਛੋਟੀ’ ਰੱਖ ਦਿੱਤੀ ਹੈ। ਸਿਹਤ ਵਿਭਾਗ ਦੇ ਅਦਾਰੇ ਨੈਸ਼ਨਲ ਵੈਕਟਰ ਬੋਰਨ ਡਾਇਜ਼ੀਜ਼ ਕੰਟਰੋਲ ਪ੍ਰੋਗਰਾਮ (NVBDCP) ਅਨੁਸਾਰ 2003 ਤੋਂ ਕੇਸਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। 2015 ’ਚ 99,913 ਕੇਸ ਰਿਪੋਰਟ ਹੋਏ ਤੇ 220 ਮੌਤਾਂ; 2022 ਵਿੱਚ ਰਿਕਾਰਡ ਵਾਧਾ ਹੋਇਆ ਅਤੇ 2,33,519 ਕੇਸ ਅਤੇ 297 ਮੌਤਾਂ ਰਿਪੋਰਟ ਹੋਈਆਂ। ਇਹ ਸਿਰਫ਼ ਉਹ ਅੰਕੜੇ ਹਨ ਜੋ ਸਰਕਾਰੀ ਹਸਪਤਾਲਾਂ ਵਿੱਚ ਪੁਸ਼ਟੀ ਹੋਣ ਮਗਰੋਂ ਰਿਪੋਰਟ ਹੋਏ।

ਚਿਕਨਗੁਨੀਆ: 1824 ’ਚ ਬੁਖਾਰ ਅਤੇ ਜੋੜਾਂ ਦੇ ਦਰਦ ਵਾਲੇ ਪੀੜਤਾਂ ’ਚ ਵੀ ਚਿਕਨਗੁਨੀਆ ਵਰਗੀਆਂ ਅਲਾਮਤਾਂ ਸਨ। 1952 ਵਿੱਚ ਤਨਜ਼ਾਨੀਆ ਵਿੱਚ ਇਹ ਬਿਮਾਰੀ ਭਿਆਨਕ ਰੂਪ ਵਿੱਚ ਫੈਲੀ। ਚਿਕਨਗੁਨੀਆ ਲਫ਼ਜ਼ ਕਿਮਾਕੋਨਡੇ ਸ਼ਬਦਾਵਲੀ ਤੋਂ ਲਿਆ ਗਿਆ ਹੈ। ਇਹ ਬੁਖਾਰ ਚਿਕਨਗੁਨੀਆ ਵਾਇਰਸ ਤੋਂ ਫੈਲਦਾ ਹੈ ਅਤੇ ਇਸ ਦੀ ਫੈਲਣ ਦੀ ਵਿਧੀ ਡੇਂਗੂ ਨਾਲ ਮਿਲਦੀ-ਜੁਲਦੀ ਹੈ। ਮੱਛਰ ਦੇ ਕੱਟਣ ਤੋਂ 3 ਤੋਂ 6 ਦਿਨ ਬਾਅਦ ਬਹੁਤ ਤੇਜ਼ ਬੁਖਾਰ ਅਤੇ ਜੋੜਾਂ ਵਿੱਚ ਅਤਿ ਦਰਜੇ ਦੀ ਪੀੜ ਪੈਦਾ ਹੁੰਦੀ ਹੈ। ਜੋੜ ਇਉਂ ਦੁਖਦੇ ਹਨ ਜਿਵੇਂ ਕਿਸੇ ਨੇ ਦੱਬ-ਨੂੜ (ਭੰਨਿਆ) ਕੀਤਾ ਹੋਵੇ। ਕਈ ਮਰੀਜ਼ਾਂ ਨੂੰ ਤਾਂ ਖਾਣ-ਪੀਣ ਅਤੇ ਪਖਾਨੇ ਤੱਕ ਜਾਣਾ ਵੀ ਮਸ਼ਕਿਲ ਹੋ ਜਾਂਦਾ ਹੈ।

ਭਾਰਤ ਵਿੱਚ ਪਹਿਲਾ ਚਿਕਨਗੁਨੀਆ ਕੇਸ 1963 ਵਿੱਚ ਕੋਲਕਾਤਾ ਵਿੱਚ ਸਾਹਮਣੇ ਆਇਆ ਸੀ। 1964 ਵਿੱਚ ਵੀਲੋਰ, ਮਦਰਾਸ ਤੇ ਪੁਡੂਚੇਰੀ ਵਿੱਚ ਕੇਸ ਆਏ। ਦਸੰਬਰ 2005 ਵਿੱਚ ਚਿਕਨਗੁਨੀਆ ਭਿਆਨਕ ਰੂਪ ਵਿੱਚ ਉਭਰਿਆ। ਹੁਣ ਸਾਰਾ ਮੁਲਕ ਇਸ ਦੀ ਮਾਰ ਹੇਠ ਹੈ। ਤੇਜ਼ ਬੁਖਾਰ ਤੇ ਕਾਂਬਾ, ਉਲਟੀਆਂ, ਜੋੜਾਂ ਵਿੱਚ ਬਹੁਤ ਤੇਜ਼ ਦਰਦ, ਸਿਰ ਦਰਦ, ਸਰੀਰ ਦੇ ਹਰੇਕ ਅੰਗ ਵਿੱਚ ਦਰਦ, ਪੇਟ ਦਰਦ, ਟੱਟੀਆਂ, ਸਾਰੇ ਸਰੀਰ ’ਤੇ ਦਾਣੇ ਨਿਕਲਣੇ, ਬਾਹਾਂ ਲੱਤਾਂ ’ਤੇ ਸੋਜ ਇਸ ਦੇ ਲੱਛਣ ਹਨ। ਬਿਮਾਰੀ ਆਮ ਤੌਰ ’ਤੇ 2 ਹਫ਼ਤੇ ਚਲਦੀ ਹੈ ਪਰ ਜੋੜਾਂ ਵਿੱਚ ਦਰਦ ਬਹੁਤ ਲੰਬੇ ਅਰਸੇ ਤਕ ਰਹਿੰਦਾ ਹੈ। ਡੇਂਗੂ ਤੇ ਚਿਕਨਗੁਨੀਆ ਦੀ ਪੁਸ਼ਟੀ ਖੂਨ ਟੈਸਟ ਤੋਂ ਹੋ ਜਾਂਦੀ ਹੈ ਪਰ ਇਹ ਟੈਸਟ ਪਹਿਲੇ ਦਿਨਾਂ ਵਿੱਚ ਕੁਝ ਵੀ ਨਹੀਂ ਦਰਸਾਉਂਦੇ। ਡੇਂਗੂ ਤੇ ਚਿਕਨਗੁਨੀਆਂ ਦੀ ਪੁਸ਼ਟੀ ਲਈ ਖੂਨ ਦੀ ਜਾਂਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ।

ਡੇਂਗੂ ਅਤੇ ਚਿਕਨਗੁਨੀਆ ਵਾਇਰਲ ਬਿਮਾਰੀਆਂ ਹਨ, ਇਸ ਲਈ ਇਨ੍ਹਾਂ ’ਤੇ ਕੋਈ ਐਂਟੀਬਾਇਓਟਿਕ ਅਸਰ ਨਹੀਂ ਕਰਦੀ। ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ:

*ਤੇਜ਼ ਬੁਖਾਰ ਘਟਾਉਣ ਵਾਸਤੇ ਪੈਰਾਸਿਟਾਮੋਲ ਦਵਾਈ ਲਓ। ਇਹ ਦਵਾਈ 5 ਘੰਟੇ ਬਾਅਦ ਫਿਰ ਤੋਂ ਲਈ ਜਾ ਸਕਦੀ ਹੈ। ਪੈਰਾਸਿਟਾਮੋਲ ਖਾਲੀ ਪੇਟ ਨਾ ਲਈ ਜਾਵੇ।

*ਜ਼ਿਆਦਾ ਬੁਖਾਰ ਹੋਣ ’ਤੇ ਸਿਰ, ਬਾਹਾਂ, ਲੱਤਾਂ, ਪੇਟ ’ਤੇ ਸਾਦੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾ ਸਕਦੀਆਂ ਹਨ।

*ਪਾਣੀ, ਓਆਰਐੱਸ, ਨਾਰੀਅਲ ਪਾਣੀ, ਸ਼ਕੰਜਵੀ ਜਾਂ ਕੋਈ ਵੀ ਤਰਲ ਪਦਾਰਥ ਲੋੜ ਅਨੁਸਾਰ ਲਓ।

ਹੇਠ ਲਿਖੀਆਂ ਅਲਾਮਤਾਂ ਪੈਦਾ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਈ ਜਾਵੇ:

*ਬਹੁਤ ਜ਼ਿਆਦਾ ਕਮਜ਼ੋਰੀ।

*ਨੱਕ, ਮਸੂੜਿਆਂ ਜਾਂ ਟੱਟੀ ਰਸਤੇ ਖੂਨ ਆਉਣਾ।

*ਨੀਮ ਬੇਹੋਸ਼ੀ ਦੀ ਹਾਲਤ ਵਿੱਚ ਜਾਣਾ।

*ਉਲਟੀਆਂ ਟੱਟੀਆਂ ਨਾ ਰੁਕਣਾ।

*ਲਗਾਤਾਰ ਸਿਰ ਦਰਦ।

*ਸਰੀਰ ਦੇ ਕਿਸੇ ਅੰਗ ਦੀ ਕਮਜ਼ੋਰੀ।

ਬੁਖਾਰ ਵਾਸਤੇ ਗੁਲੂਕੋਜ਼ ਲਗਵਾਉਣ ਅਤੇ ਹਸਪਤਾਲ ਦਾਖਲ ਹੋਣਾ ਜ਼ਰੂਰੀ ਨਹੀਂ। ਜੇ ਬਹੁਤ ਉਲਟੀਆਂ ਆਉਣ ਤਾਂ ਹੀ ਗੁਲੂਕੋਜ਼ ਦੀ ਜ਼ਰੂਰਤ ਹੁੰਦੀ ਹੈ।

ਰੋਕਥਾਮ: ਦੁਨੀਆ ਵਿੱਚ ਕੋਈ ਵੀ ਐਸੀ ਬਿਮਾਰੀ ਨਹੀਂ ਜਿਸ ਦੀ ਰੋਕਥਾਮ ਮਨੁੱਖ ਨੇ ਲੱਭੀ ਨਹੀਂ। ਇਹ ਦੋਵੇਂ ਬਿਮਾਰੀਆਂ ਦੀ ਹੁਣ ਤੱਕ ਨਾ ਤਾਂ ਕੋਈ ਵੈਕਸੀਨ ਹੈ ਅਤੇ ਨਾ ਹੀ ਕੋਈ ਦਵਾਈ, ਜੋ ਇਨ੍ਹਾਂ ਨੂੰ ਰੋਕਣ ਜਾਂ ਠੀਕ ਕਰਨ ਵਾਸਤੇ ਵਰਤੀ ਜਾ ਸਕੇ ਪਰ ਇਨ੍ਹਾਂ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਰੋਕਿਆ ਜਾ ਸਕਦਾ ਹੈ:

*ਮੱਛਰ ਮਾਰ ਕੇ ਜਾਂ ਇਨ੍ਹਾਂ ਦੀ ਨਫ਼ਰੀ ਘਟਾ ਕੇ ਮੱਛਰ ਦੇ ਕੱਟਣ ਤੋਂ ਬਚਣਾ।

*ਹਰੇਕ ਵਸਤੂ ਜਿਸ ਵਿੱਚ ਪਾਣੀ ਖੜ੍ਹਾ ਹੁੰਦਾ ਹੈ, ਉਸ ਨੂੰ ਤਬਾਹ ਕਰਨਾ ਤਾਂ ਮੁਸ਼ਕਿਲ ਹੈ ਪਰ ਉਸ ਵਿੱਚ ਇਕੱਠਾ ਹੋਇਆ ਪਾਣੀ ਹਫ਼ਤੇ ਬਾਅਦ ਖਾਲੀ ਕਰ ਦਿੱਤਾ ਜਾਵੇ। ਪਾਣੀ ਵਾਲਾ ਬਰਤਨ ਵੀ ਸਾਫ਼ ਕਰ ਦਿੱਤਾ ਜਾਵੇ ਤਾਂ ਜੋ ਉਸ ਨਾਲ ਚਿੰਬੜੇ ਆਂਡੇ ਜਾਂ ਲਾਰਵਾ ਮਰ ਜਾਣ।

*ਜਿੱਥੇ ਪਾਣੀ ਦਾ ਨਿਕਾਸ ਨਾ ਹੋ ਸਕੇ, ਉਨ੍ਹਾਂ ਛੱਪੜਾਂ ਜਾਂ ਸਟੋਰ ਕੀਤੀਆਂ ਥਾਵਾਂ ’ਤੇ ਟੈਮੀਫਾਸ ਦਵਾਈ 1 ਪੀਪੀਐੱਮ ਦੀ ਮਿਕਦਾਰ ਨਾਲ ਮਿਲਾਈ ਜਾਵੇ ਤਾਂ ਜੋ ਮੱਛਰ ਤਾਂ ਮਰ ਜਾਣ ਪਰ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਹੋਵੇ।

*ਸਿਹਤ ਵਿਭਾਗ ਦੀਆਂ ਮਨਜ਼ੂਰਸ਼ੁਦਾ ਦਵਾਈਆਂ ਮੱਛਰ ਮਾਰਨ ਵਾਸਤੇ ਘਰਾਂ ਵਿੱਚ ਸਪਰੇਅ ਵੀ ਕੀਤੀਆਂ ਜਾ ਸਕਦੀਆਂ ਹਨ।

*ਛੱਪੜਾਂ ਵਿੱਚ ਮੱਛੀਆਂ ਛੱਡੀਆਂ ਜਾਣ। ਇਹ ਮੱਛੀਆਂ ਮੱਛਰ ਪੈਦਾ ਹੋਣ ਤੋਂ ਰੋਕਦੀਆਂ ਹਨ, ਇਹ ਮੱਛਰਾਂ ਦੇ ਲਾਰਵੇ ਖਾ ਜਾਂਦੀਆਂ ਹਨ।

*ਮੱਛਰਾਂ ਨੂੰ ਭਜਾਉਣ ਵਾਲੀਆਂ ਕਰੀਮਾਂ ਚਮੜੀ ਉਪਰ ਲਗਾਈਆਂ ਜਾ ਸਕਦੀਆਂ ਹਨ।

*ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

*ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ।

ਮੱਛਰ ਖ਼ਤਮ ਕਰਨ ਵਾਸਤੇ ਸਰਕਾਰ ਫੋਗਿੰਗ ਕਰਦੀ ਹੈ ਪਰ ਇਸ ਦਾ ਲਾਭ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਸਾਰੇ ਤਹੱਈਆ ਕਰ ਲਈਏ ਕਿ ਅਸੀਂ ਮੱਛਰ ਪੈਦਾ ਹੀ ਨਹੀਂ ਹੋਣ ਦੇਵਾਂਗੇ। ਤਦ ਹੀ ਬਿਮਾਰੀ ਦੀ ਰੋਕਥਾਮ ਹੋਵੇਗੀ।

*ਲੇਖਕ ਪੰਜਾਬ ਦੇ ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਹਨ।

ਸੰਪਰਕ: 98143-15427

Advertisement