ਪ੍ਰਾਹੁਣਾਚਾਰੀ
ਕੁਝ ਸਾਲ ਪਹਿਲਾਂ ਯੂਨਾਨ ਦੀ ਯੂਨੈਸਕੋ ਕਲੱਬਾਂ ਦੀ ਫੈਡਰੇਸ਼ਨ ਨੇ ਸੱਦਾ ਭੇਜਿਆ। ਮੈਂ ਜੋ ਭਾਰਤ ਦੀ ਫੈਡਰੇਸ਼ਨ ਦਾ ਪ੍ਰਧਾਨ ਸਾਂ, ਸਕੱਤਰ ਜਨਰਲ ਭਟਨਾਗਰ ਤੇ ਉਪ ਪ੍ਰਧਾਨ ਬਿਨੋਦ ਸਿੰਘ ਦਿੱਲੀ ਤੋਂ ਦੋਹਾ (ਕਤਰ) ਅਤੇ ਬਾਅਦ ਵਿੱਚ ਸ਼ਾਮ ਨੂੰ ਏਥਨਜ਼ ਪਹੁੰਚ ਗਏ। ਯੂਨਾਨ ਦੀ ਫੈਡਰੇਸ਼ਨ ਦਾ ਪ੍ਰਧਾਨ ਆਰਨੀਜ਼ ਸਾਨੂੰ ਹਵਾਈ ਅੱਡੇ ’ਤੇ ਲੈਣ ਆਇਆ ਹੋਇਆ ਸੀ। ਮੈਂ ਆਰਨੀਜ਼ ਨੂੰ ਇਕਦਮ ਪਛਾਣ ਲਿਆ ਕਿਉਂ ਜੋ ਇਸ ਤੋਂ ਪਹਿਲਾਂ ਉਹ ਮੈਨੂੰ ਰੁਮਾਨੀਆ ਵਿੱਚ ਯੂਨੈਸਕੋ ਕਲੱਬਾਂ ਦੇ ਉਤਸਵ ਤੇ ਮਿਲਿਆ ਸੀ। ਦੇਰ ਰਾਤ ਅਸੀਂ ਹੋਟਲ ਪਹੁੰਚੇ ਪਰ ਉੱਥੇ ਲਗਾਤਾਰ ਮੀਂਹ ਪੈ ਰਿਹਾ ਸੀ ਅਤੇ ਸਤੰਬਰ ਵਿੱਚ ਮੌਸਮ ਭਾਰਤ ਵਿੱਚ ਦਸੰਬਰ ਦੇ ਆਖਿ਼ਰੀ ਹਫ਼ਤੇ ਵਾਂਗ ਸੀ। ਸਾਡਾ ਹੋਟਲ ਕਾਵਾਸਾਕੀ ਪੰਜ ਸਟਾਰ ਹੋਟਲ ਸੀ ਪਰ ਇਹ ਵੀ ਦਿਲਚਸਪ ਗੱਲ ਸੀ ਕਿ ਉਸ ਵਕਤ ਰਿਸੈਪਸ਼ਨ ’ਤੇ ਜਿਹੜੇ ਤਿੰਨ ਸ਼ਖ਼ਸ ਸਨ, ਉਨ੍ਹਾਂ ਵਿੱਚੋਂ ਕੋਈ ਵੀ ਅੰਗਰੇਜ਼ੀ ਨਹੀਂ ਸੀ ਸਮਝਦਾ ਪਰ ਆਰਨੀਜ਼ ਦੇ ਨਾਲ ਹੋਣ ਕਰ ਕੇ ਸਾਨੂੰ ਕੋਈ ਮੁਸ਼ਕਿਲ ਨਾ ਆਈ। ਬਾਹਰ ਲਗਾਤਾਰ ਤੇਜ਼ ਬਾਰਸ਼ ਪੈ ਰਿਹਾ ਸੀ ਅਤੇ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਸਾਨੂੰ ਠੰਢ ਲੱਗ ਰਹੀ ਸੀ।
ਰਾਤ ਵਾਲੇ ਖਾਣੇ ਵਿੱਚ ਇੱਕ ਵੀ ਸਬਜ਼ੀ ਜਾਂ ਦਾਲ ਨਹੀਂ ਸੀ। ਮੇਰੇ ਅਤੇ ਬਿਨੋਦ ਸਿੰਘ ਲਈ ਬੜੀ ਮੁਸ਼ਕਿਲ ਆਈ। ਸਵੇਰੇ ਮੀਂਹ ਤਾਂ ਕੁਝ ਰੁਕਿਆ ਪਰ ਇੰਨੀਆਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਜਿਹੜੀਆਂ ਪਹਿਲੋਂ ਅਸੀਂ ਕਦੀ ਵੀ ਨਹੀਂ ਸਨ ਦੇਖੀਆਂ। ਦਰੱਖਤਾਂ ਨਾਲ ਟਕਰਾ ਕੇ ਹਵਾਵਾਂ ਦੀ ਆਵਾਜ਼ ਬੜਾ ਅਜੀਬ ਤਰ੍ਹਾਂ ਦਾ ਸ਼ੋਰ ਕਰ ਰਹੀ ਸੀ। ਅਸੀਂ ਖਾਣੇ ਵਿੱਚ ਸਾਰਾ ਹੀ ਮਾਸਾਹਾਰੀ ਹੋਣ ਬਾਰੇ ਆਰਨੀਜ਼ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਟੈਲੀਫੋਨ ਫੜਾ ਦਿੱਤਾ ਅਤੇ ਯੂਨਾਨ ਦੀ ਫੈਡਰੇਸ਼ਨ ਦੇ ਉਪ ਪ੍ਰਧਾਨ ਮਗਰ ਗਾਂਧੀ ਨਾਲ ਗੱਲ ਕਰਨ ਲਈ ਕਿਹਾ। ਆਰਨੀਜ਼ ਨੇ ਉਹਨੂੰ ਮੇਰੇ ਬਾਰੇ ਦੱਸ ਦਿੱਤਾ ਸੀ। ਜਦੋਂ ਮੈਂ ਉਸ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲੱਗਾ ਤਾਂ ਉਹ ਪੰਜਾਬੀ ਬੋਲਣ ਲੱਗ ਪਿਆ। ਮੈਂ ਹੈਰਾਨ ਹੋ ਗਿਆ। ਉਹ ਬੜਾ ਖੁਸ਼। ਉਹ ਪਿੱਛੋਂ ਰੋਪੜ ਤੋਂ ਸੀ। ਕਿਸੇ ਵੇਲੇ ਮਰਚੈਂਟ ਨੇਵੀ ’ਚ ਸੀ ਅਤੇ ਹੁਣ ਉੱਥੇ ਵਿਆਹ ਕਰ ਕੇ ਯੂਨਾਨ ਦਾ ਪੱਕਾ ਸ਼ਹਿਰੀ ਬਣ ਗਿਆ ਸੀ।
ਉਸ ਨੇ ਸਾਡੇ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਸਾਨੂੰ ਤਿੰਨਾਂ ਨੂੰ ਆਪਣੀ ਰਿਹਾਇਸ਼, ਜਿਹੜੀ ਸਮੁੰਦਰ ਵਿੱਚ ਛੋਟੇ ਜਿਹੇ ਟਾਪੂ ’ਤੇ ਸੀ, ’ਤੇ ਸੱਦਿਆ। ਉਹ ਟਾਪੂ ਕੋਈ ਡੇਢ-ਦੋ ਕਿਲੋਮੀਟਰ ਦੇ ਖੇਤਰਫਲ ਵਿੱਚ ਸੀ ਪਰ ਫੁੱਲਾਂ ਅਤੇ ਫਲਾਂ ਦੀ ਸ਼ਾਇਦ ਹੀ ਕੋਈ ਵੰਨਗੀ ਹੋਵੇ ਜਿਹੜੀ ਉਸ ਟਾਪੂ ’ਤੇ ਨਾ ਹੋਈ; ਖਾਸ ਗੱਲ ਇਹ ਵੀ ਸੀ ਕਿ ਉਸ ਇਕੱਠ ਵਿੱਚ ਜ਼ਿਆਦਾਤਰ ਸਿੱਖ ਮਰਦ ਤੇ ਔਰਤਾਂ ਸਨ ਅਤੇ ਉਹ ਸਾਨੂੰ ਭਾਰਤੀਆਂ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਡਰਿੰਕਸ ਅਤੇ ਖਾਣੇ ਦੇ ਨਾਲ-ਨਾਲ ਉਨ੍ਹਾਂ ਨੇ ਸੱਭਿਆਚਾਰਕ ਪ੍ਰੋਗਰਾਮ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਜਿਸ ਵਿੱਚ ਪਹਿਲਾਂ ਤਾਂ ਗਰੀਕ ਬੋਲੀ ਦੇ ਗਾਣੇ ਗਾਏ ਗਏ। ਗਾਣਿਆਂ ਨਾਲ ਬਹੁਤ ਖੂਬਸੂਰਤ ਸਾਜ਼ ਵੱਜਦਾ ਸੀ ਅਤੇ ਜਿਸ ਤਰ੍ਹਾਂ ਕਹਿੰਦੇ ਹਨ ਕਿ ਸੰਗੀਤ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਜਾਂ ਸੰਗੀਤ ਦੀਆਂ ਸਾਰੀਆਂ ਹੀ ਜ਼ੁਬਾਨਾਂ ਹਨ; ਜਦੋਂ ਉਹ ਗਰੀਕੀ ਗਾਣੇ ਗਾ ਰਹੇ ਸਨ ਤਾਂ ਸਾਡੇ ਸਾਰਿਆਂ ਦੇ ਸਿਰ ਹਿਲ ਰਹੇ ਸਨ ਜੋ ਇਹ ਸਾਬਿਤ ਕਰਦੇ ਸਨ ਕਿ ਹਰ ਕੋਈ ਉਸ ਮਹਿਫਲ ਦਾ ਆਨੰਦ ਲੈ ਰਿਹਾ ਸੀ।
ਬਾਅਦ ਵਿੱਚ ਇੱਕ ਔਰਤ ਨੇ ਪੰਜਾਬੀ ਦਾ ਮਸ਼ਹੂਰ ਗਾਣਾ, ਜਿਹੜਾ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਗਾਇਆ ਸੀ- ‘ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ’, ਗਾਇਆ। ਇਸ ਗਾਣੇ ਨਾਲ ਉਥੋਂ ਦੇ ਗਰੀਕੀ ਲੋਕਾਂ ਦੇ ਸਿਰ ਹਿਲ ਰਹੇ ਸਨ। ਇਸ ਗਾਣੇ ਤੋਂ ਬਾਅਦ ਕੋਈ 78-79 ਸਾਲ ਦੇ ਬਜ਼ੁਰਗ ਅਤੇ ਉਹਦੀ ਪਤਨੀ ਨੂੰ ਕੁਝ ਲੋਕ ਕਹਿ ਰਹੇ ਸਨ ਪਰ ਉਹ ਨਾਂਹ ਕਰ ਰਹੇ ਸਨ। ਸਾਡੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਪਰ ਅਖ਼ੀਰ ਉਹ ਬਜ਼ੁਰਗ ਮੰਨ ਗਏ। ਦੋਵਾਂ ਨੇ ਮਾਈਕਰੋ ਫੋਨ ਫੜ ਲਏ। ਪਹਿਲਾਂ ਔਰਤ ਬੋਲੀ- “ਕਾਹਨੂੰ ਧਵਾਈਆਂ ਕੋਠੜੀਆਂ, ਕਾਹਨੂੰ ਰੱਖਿਆ ਈ ਵਿਹੜਾ... ਤੂੰ ਤੁਰ ਚੱਲਿਉਂ ਨੌਕਰੀ, ਵੇ ਇੱਥੇ ਵਸੂਗਾ ਕਿਹੜਾ।” ਫਿਰ ਮਰਦ ਬੋਲਦਾ ਹੈ- “ਵੱਸਣ ਲਈ ਤੇਰੇ ਕੋਠੜੀਆਂ, ਤੇਰੇ ਕੱਤਣ ਲਈ ਵਿਹੜਾ।” ਸਾਰੇ ਉਸ ਤਰ੍ਹਾਂ ਹੀ ਆਨੰਦ ਮਾਣ ਰਹੇ ਸਨ ਪਰ ਮੈਂ ਦੇਖਿਆ, ਮਗਰ ਗਾਂਧੀ ਦੀਆਂ ਅੱਖਾਂ ਤੋਂ ਹੰਝੂ ਕਿਰ ਰਹੇ ਸਨ...।