DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਕਾ

ਗੁਆਂਢੀ ਪਿੰਡ ’ਚ ਮਾਂ ਬਾਪ ਦਾ ਇਕਲੌਤਾ ਪੁੱਤ ਨਸ਼ਿਆਂ ਨੇ ਨਿਗਲ ਲਿਆ ਸੀ। ਉਨ੍ਹਾਂ ਦੇ ਘਰ ਅਫ਼ਸੋਸ ਕਰਨ ਘਰੋਂ ਚੱਲ ਪਿਆ। ਰਾਹ ’ਚ ਦੋਸਤ ਨੂੰ ਵੀ ਨਾਲ ਲੈ ਲਿਆ। ਪਿੰਡ ਪਹੁੰਚੇ ਤਾਂ ਸੁੰਨ ਜਿਹੀ ਪਸਰੀ ਜਾਪੀ। ਪੰਜ ਸੱਤ ਬੰਦੇ ਅੱਗਿਉਂ...
  • fb
  • twitter
  • whatsapp
  • whatsapp

ਗੁਆਂਢੀ ਪਿੰਡ ’ਚ ਮਾਂ ਬਾਪ ਦਾ ਇਕਲੌਤਾ ਪੁੱਤ ਨਸ਼ਿਆਂ ਨੇ ਨਿਗਲ ਲਿਆ ਸੀ। ਉਨ੍ਹਾਂ ਦੇ ਘਰ ਅਫ਼ਸੋਸ ਕਰਨ ਘਰੋਂ ਚੱਲ ਪਿਆ। ਰਾਹ ’ਚ ਦੋਸਤ ਨੂੰ ਵੀ ਨਾਲ ਲੈ ਲਿਆ। ਪਿੰਡ ਪਹੁੰਚੇ ਤਾਂ ਸੁੰਨ ਜਿਹੀ ਪਸਰੀ ਜਾਪੀ। ਪੰਜ ਸੱਤ ਬੰਦੇ ਅੱਗਿਉਂ ਦੀ ਲੰਘੇ, ਸਭ ਦੇ ਚਿਹਰੇ ਉੱਤਰੇ ਜਿਹੇ ਸਨ। ਇੱਕ ਆਦਮੀ ਤੋਂ ਮੋਏ ਨੌਜਵਾਨ ਦਾ ਨਾਂ ਲੈ ਕੇ ਘਰ ਜਾਣ ਲਈ ਰਸਤਾ ਪੁੱਛਿਆ। ਉਹ ਥਹੁ-ਪਤਾ ਦੱਸਣ ਦੀ ਥਾਂ ਸਾਡੇ ਨਾਲ ਹੀ ਤੁਰ ਪਿਆ। ਰਾਹ ਜਾਂਦਿਆਂ ਉਹਨੇ ਪੁੱਛਿਆ, “ਆਪਣੀ ਕੋਈ ਰਿਸ਼ਤੇਦਾਰੀ ਐ ਉਨ੍ਹਾਂ ਨਾਲ?”

“ਅਸੀਂ ਤਾਂ ਪਰਿਵਾਰ ਨਾਲ ਹੋਈ ਜੱਗੋਂ ਤੇਰਵੀਂ ਅਤੇ ਭਰੱਪਣ ਵਜੋਂ ਹਮਦਰਦੀ ਪ੍ਰਗਟ ਕਰਨ ਆਏ ਆਂ।” ਉਹਨੇ ਦਰਦ ਭਰੀ ਆਵਾਜ਼ ਵਿੱਚ ਦੱਸਿਆ, “ਜਿਹੜਾ ਮੁੰਡਾ ਨਸ਼ੇ ਨਾਲ ਮਰਿਐ, ਉਹਦੇ ਦੁੱਖ ਕਾਰਨ ਪਿਛਲੇ ਸਾਲ ਉਹਦੀ ਮਾਂ ਗੁਜ਼ਰ ਗਈ ਸੀ। ਹੁਣ ਤਾਂ ਘਰੇ ਬਾਪ ਪੁੱਤ ਹੀ ਰਹਿ ਗਏ ਸੀ। ਬਾਪ ਦਿਹਾੜੀ-ਦੱਪਾ ਕਰਦਾ ਸੀ। ਦਿਨ-ਰਾਤ ਖੂਨ ਪਸੀਨਾ ਇੱਕ ਕਰ ਕੇ ਕਰਮ ਸਿੰਘ ਜਿਹੜੇ ਚਾਰ ਛਿੱਲੜ ਲਿਆਉਂਦਾ, ਉਹ ਇਹ ਨਸ਼ੱਈ ਖੋਹ ਕੇ ਲੈ ਜਾਂਦਾ ਸੀ।... ਬੱਸ, ਇੱਕ ਦਿਨ ਪਿੰਡ ਦੇ ਢਹੇ ਜਿਹੇ ਮਕਾਨ ਵਿੱਚ ਉਹਦੀ ਮੁਸਕੀ ਹੋਈ ਲਾਸ਼ ਹੀ ਮਿਲੀ।”

ਕੁਝ ਪਲ ਖ਼ਾਮੋਸ਼ੀ ਛਾਈ ਰਹੀ। ਫਿਰ ਉਹਨੇ ਹੀ ਗੱਲ ਦੀ ਤੰਦ ਜੋੜੀ, “ਸਾਡਾ ਪਿੰਡ ਤਾਂ ਨਸ਼ਿਆਂ ਨੇ ਬਰਬਾਦ ਕਰ ਦਿੱਤੈ। ਤੀਜੇ ਚੌਥੇ ਦਿਨ ਕਿਸੇ ਨਾ ਕਿਸੇ ਗੱਭਰੂ ਦਾ ਸਿਵਾ ਬਲਦੈ।” ਗੱਲਾਂ ਕਰਦਿਆਂ ਘਰ ਆ ਗਿਆ ਤੇ ਉਹ ਸਾਨੂੰ ਘਰ ਵੱਲ ਇਸ਼ਾਰਾ ਕਰ ਕੇ ਪਰਤ ਗਿਆ। ਗੇਟ ਤੋਂ ਸੱਖਣੇ ਘਰ ਅੰਦਰ ਦਾਖਲ ਹੋਏ। ਸੱਥਰ ’ਤੇ ਬੈਠੇ ਲੋਕਾਂ ਵੱਲ ਸਿਰ ਝੁਕਾਉਣ ਤੋਂ ਬਾਅਦ ਅਸੀਂ ਵੀ ਬੈਠ ਗਏ। ਸੋਗੀ ਮਾਹੌਲ। ਆਲੇ-ਦੁਆਲੇ ਨਜ਼ਰ ਮਾਰੀ। ਘਰ ਦੀਆਂ ਗਰਿੱਲਾਂ, ਖਿੜਕੀਆਂ, ਦਰਵਾਜ਼ੇ ਉਖੇੜੇ ਹੋਏ। ਅੰਦਾਜ਼ਾ ਲਾਇਆ, ਇਹ ਨਸ਼ੇ ਦੀ ਪੂਰਤੀ ਲਈ ਕੌਡੀਆਂ ਦੇ ਭਾਅ ਵੇਚੇ ਹੋਣਗੇ। ਸੱਥਰ ’ਤੇ ਬੈਠੇ ਇੱਕ ਬਜ਼ੁਰਗ ਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਕਿ ਇਹ ਮੋਏ ਨੌਜਵਾਨ ਦਾ ਬਾਪ ਹੈ। ਜਿ਼ੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਜਦੋਂ ਬਾਪ ਨੌਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਵੇ, ਇਹ ਦੁਖਾਂਤ ਬਜ਼ੁਰਗ ਨੇ ਭੋਗਿਆ ਹੈ।

ਬਜ਼ੁਰਗ ਦੇ ਨੇੜੇ ਹੋ ਕੇ ਉਹਦੇ ਹੱਥ ਘੁੱਟ ਕੇ ਫੜਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੇਰੇ ਹਮਦਰਦੀ ਵਾਲੇ ਬੋਲਾਂ ਨਾਲ ਬਜ਼ੁਰਗ ਦੀ ਭੁੱਬ ਨਿੱਕਲ ਗਈ, “ਨਸ਼ਿਆਂ ਨੇ ਖਾ ਲਿਆ ਮੇਰਾ ਪੁੱਤ। ਮੌਤ ਦੇ ਰਾਹ ਤੋਂ ਮੋੜਨ ਲਈ ਬਥੇਰੀ ਵਾਹ ਲਾਈ, ਇਲਾਜ ਵੀ ਕਰਵਾਇਆ ਪਰ ਥੋੜ੍ਹੇ ਦਿਨ ਨਸ਼ਾ ਛੱਡਣ ਤੋਂ ਬਾਅਦ ਫਿਰ ਉਸੇ ਰਾਹ ਤੁਰ ਪਿਆ। ਰਸੋਈ ਦੇ ਭਾਂਡੇ, ਆਪਣੀ ਮਾਂ ਦੀ ਪੇਟੀ ਦਾ ਸਮਾਨ, ਦਰਵਾਜ਼ੇ, ਖਿੜਕੀਆਂ, ਮੰਜੇ, ਬਿਸਤਰੇ... ਜੋ ਵੀ ਹੱਥ ਲੱਗਿਆ, ਸਭ ਨਸ਼ਾ ਵੇਚਣ ਵਾਲਿਆਂ ਨੂੰ...। ਇਹਦੀ ਮਾਂ ਇਸੇ ਦੁੱਖ ਦੀ ਮਾਰੀ ਪਿਛਲੇ ਸਾਲ...।” ਬਜ਼ੁਰਗ ਦਾ ਗੱਚ ਭਰ ਆਇਆ ਸੀ।

ਇੱਕ ਹੋਰ ਬਜ਼ੁਰਗ ਕਹਿ ਰਿਹਾ ਸੀ, “ਨਸ਼ਾ ਵੇਚਣ ਵਾਲੇ ਸ਼ਰੇਆਮ ਨਸ਼ਾ ਵੇਚਦੇ। ਬਾਹਰੋਂ ਵੀ ਨਸ਼ੱਈ ਨਸ਼ਾ ਲੈਣ ਆਉਂਦੇ ਇਨ੍ਹਾਂ ਕੋਲ। ਜਿਹੜਾ ਟੋਕਦੈ, ਉਹਦੇ ਸੱਟ-ਫੇਟ ਮਾਰਦੇ। ਡਰਦਾ ਕੋਈ ਨਹੀਂ ਬੋਲਦਾ। ਪੁਲੀਸ ਵਾਲਿਆਂ ਕੋਲ ਬਥੇਰੀ ਦੁਹਾਈ ਪਾਈ ਐ। ਉਹ ਗੇੜਾ ਮਾਰ ਜਾਂਦੇ, ਬੱਸ। ਇਨ੍ਹਾਂ ਕੋਲ ‘ਚਾਹ ਪਾਣੀ’ ਪੀ ਕੇ ਚਲੇ ਜਾਂਦੇ। ਹੋਰ ਤਾਂ ਹੋਰ, ਨਸ਼ਾ ਵੇਚਣ ਵਾਲਿਆਂ ਨੂੰ ਇਹ ਵੀ ਦੱਸ ਜਾਂਦੇ ਨੇ ਕਿ ਪਿੰਡ ਦੇ ਕਿਹੜੇ-ਕਿਹੜੇ ਬੰਦੇ ਥੋਡੇ ਵਾਰੇ ਇਤਲਾਹ ਦੇ ਕੇ ਆਏ ਨੇ।” ਇੱਕ ਪਾਸੇ ਬੈਠੀਆਂ ਔਰਤਾਂ ਦਾ ਧਿਆਨ ਬਜ਼ੁਰਗ ਦੀਆਂ ਗੱਲਾਂ ਵੱਲ ਸੀ। ਚਿੱਟੀ ਚੁੰਨੀ ਵਾਲੀ ਇੱਕ ਔਰਤ ਨੇ ਦੁਖਦੀ ਰਗ ਛੇੜੀ, “ਕਾਹਨੂੰ ਪੁੱਛਦੈਂ ਭਾਈ, ਤੀਹ-ਪੈਂਤੀ ਔਰਤਾਂ ਨਸ਼ਿਆਂ ਕਰ ਕੇ ਰੰਡੀਆਂ ਹੋ ਗਈਆਂ। ਕੁਝ ਸੁਹਾਗਣਾਂ ਹੋ ਕੇ ਵੀ ਰੰਡੀਆਂ ਵਾਂਗ ਜਿਊਂਦੀਆਂ।”

ਸਾਰਿਆਂ ਦੀ ਵਿਥਿਆ ਧਿਆਨ ਨਾਲ ਸੁਣੀ; ਫਿਰ ਸਾਰਿਆਂ ਨੂੰ ਮੁਖ਼ਾਤਿਬ ਹੋਇਆ, “ਲੋਕਾਂ ਦੇ ਘਰੀਂ ਸੱਥਰ ਵਿਛਾਉਣ ਵਾਲੇ ਸਾਡੇ ਸਭ ਦੇ ਦੁਸ਼ਮਣ ਨੇ। ਦੁਸ਼ਮਣ ਨੂੰ ਮੂਧੇ ਮੂੰਹ ਡੇਗਣ ਲਈ ਕਿਸੇ ਨੇ ਅਸਮਾਨ ਤੋਂ ਨਹੀਂ ਆਉਣਾ, ਤੁਸੀਂ ਹੀ ਇੱਕਮੁੱਠ ਹੋ ਕੇ ਮੁਕਾਬਲਾ ਕਰਨੈ।” ਇਸ ਗੱਲ ’ਤੇ ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ। ਮੈਂ ਉਨ੍ਹਾਂ ਨੂੰ ਵੰਗਾਰਿਆ, “ਨਾ ਤਾਂ ਉਨ੍ਹਾਂ ਦੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਨੇ ਕਿ ਭੰਨੀਆਂ ਨਾ ਜਾ ਸਕਣ, ਨਾ ਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਕਿ ਉਖੇੜੇ ਨਾ ਜਾ ਸਕਣ।” ਫਿਰ ਉਦਾਹਰਨ ਦਿੱਤੀ, “ਕੁੱਤਾ ਜੇ ਸਾਨੂੰ ਭੌਂਕਦੈ ਤਾਂ ਅਸੀਂ ਸੋਟਾ ਮਾਰ ਕੇ ਭਜਾ ਦਿੰਦੇ ਆਂ ਪਰ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਨੂੰ ਨਹੀਂ ਛੇੜਦੇ। ਛੇੜਾਂਗੇ ਤਾਂ ਸਾਰੀਆਂ ਮੱਖੀਆਂ ਡੰਗ ਮਾਰ-ਮਾਰ ਬੰਦੇ ਦਾ ਬੁਰਾ ਹਾਲ ਕਰ ਦਿੰਦੀਆਂ। ਸ਼ਹਿਦ ਦੀਆਂ ਮੱਖੀਆਂ ਵਾਂਗ ਤੁਹਾਨੂੰ ਇਸ ਬੁਰਾਈ ਵਿਰੁੱਧ ਇਕੱਠਾ ਹੋਣਾ ਪਵੇਗਾ।”

ਆਪਣੀ ਗੱਲ ਕਹਿ ਕੇ ਸੱਥਰ ’ਤੇ ਬੈਠੇ ਮਰਦਾਂ ਔਰਤਾਂ ਵੱਲ ਨਜ਼ਰ ਮਾਰੀ। ਉਨ੍ਹਾਂ ਦੇ ਚਿਹਰਿਆਂ ’ਤੇ ਗੁੱਸੇ ਦੇ ਨਾਲ-ਨਾਲ ਵੰਗਾਰ ਦੇ ਚਿੰਨ੍ਹ ਉੱਭਰ ਆਏ ਸਨ। ਉਨ੍ਹਾਂ ਦੇ ਚਿਹਰਿਆਂ ’ਤੇ ਉਤਸ਼ਾਹ ਦੇਖ ਕੇ ਮੈਂ ਮੋਏ ਨੌਜਵਾਨ ਦੇ ਬਜ਼ੁਰਗ ਬਾਪ ਦੇ ਦੋਨੋਂ ਹੱਥ ਘੁੱਟਦਿਆਂ ਪੁੱਛਿਆ, “ਮੁੰਡੇ ਦਾ ਭੋਗ ਕਦੋਂ ਆ?”

“ਅਗਲੇ ਐਤਵਾਰ ਨੂੰ ਭੋਗ ਐ ਜੀ।” ਉਹਨੇ ਹੌਕਾ ਭਰਿਆ।

“ਬਿੱਕਰ ਦੇ ਭੋਗ ਵਾਲ ਦਿਨ ਮੈਂ ਆਪਣੇ ਸਾਥੀਆਂ ਨਾਲ ਆਵਾਂਗਾ। ਉਸ ਦਿਨ ਨਸ਼ਾ ਰੋਕੂ ਕਮੇਟੀ ਬਣਾਵਾਂਗੇ। ਜਿਹੜੇ ਮੁੰਡੇ ਨਸ਼ਾ ਕਰਦੇ ਨੇ, ਉਨ੍ਹਾਂ ਦੇ ਇਲਾਜ ਲਈ ਵਿਉਂਤਬੰਦੀ ਕਰਾਂਗੇ ਅਤੇ ਨਸ਼ਾ ਰੋਕਣ ਬਾਰੇ ਵੀ ਉਸੇ ਦਿਨ ਵਿਚਾਰ-ਵਟਾਂਦਰਾ ਕਰਾਂਗੇ ਪਰ ਤੁਸੀਂ ਪ੍ਰਣ ਕਰ ਲਓ ਕਿ ਬਿੱਕਰ ਵਾਂਗ ਹੁਣ ਕਿਸੇ ਹੋਰ ਦਾ ਸਿਵਾ ਨਹੀਂ ਬਲਣ ਦੇਣਾ।” ਸਭ ਨੇ ਇੱਕਸੁਰਤਾ ਦਾ ਪ੍ਰਗਟਾਵਾ ਕੀਤਾ। ਭੋਗ ਵਾਲੇ ਦਿਨ ਆਉਣ ਦਾ ਵਾਅਦਾ ਕਰ ਕੇ ਮੈਂ ਅਤੇ ਮੇਰਾ ਦੋਸਤ ਉੱਠ ਖੜੋਤੇ। ਸਾਰੇ ਸਾਡੇ ਵੱਲ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ।

ਸੰਪਰਕ: 94171-48866