DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ...

ਵਿਜੈ ਬੰਬੇਲੀ “ਅਸੀਂ ਜਾ ਰਹੇ ਹਾਂ, ਹੁਣ ਸਾਡੀਆਂ ਖ਼ਬਰਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ।” ਇਹ ਲਾਈਨ ਉਸ ਨੋਟ ਵਿੱਚੋਂ ਹੈ, ਜਿਹੜੀ ਗਾਜ਼ਾ (ਫ਼ਲਸਤੀਨ) ਦੀ ਇਕ ਬਾਲੜੀ ਨੇ ਦੁਨੀਆ ਨੂੰ ਵੰਗਾਰਦਿਆਂ ਲਿਖੀ ਕਿਉਂਕਿ ਉਸ ਨੂੰ ਪਤਾ ਕਿ ਇੰਨੇ ਵੱਡੇ ਅਤੇ ਲਗਾਤਾਰ ਹੋ...
  • fb
  • twitter
  • whatsapp
  • whatsapp
Advertisement
ਵਿਜੈ ਬੰਬੇਲੀ

“ਅਸੀਂ ਜਾ ਰਹੇ ਹਾਂ, ਹੁਣ ਸਾਡੀਆਂ ਖ਼ਬਰਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ।” ਇਹ ਲਾਈਨ ਉਸ ਨੋਟ ਵਿੱਚੋਂ ਹੈ, ਜਿਹੜੀ ਗਾਜ਼ਾ (ਫ਼ਲਸਤੀਨ) ਦੀ ਇਕ ਬਾਲੜੀ ਨੇ ਦੁਨੀਆ ਨੂੰ ਵੰਗਾਰਦਿਆਂ ਲਿਖੀ ਕਿਉਂਕਿ ਉਸ ਨੂੰ ਪਤਾ ਕਿ ਇੰਨੇ ਵੱਡੇ ਅਤੇ ਲਗਾਤਾਰ ਹੋ ਰਹੇ ਕਤਲੇਆਮ ’ਤੇ ਵੀ ਅਸੀਂ-ਤੁਸੀਂ, ਸਾਰੇ ਚੁੱਪ ਸਾਂ/ਹਾਂ। ਹਾਂ, ਉਸ ਵਿਚਾਰੀ ਨੂੰ ਖ਼ੁਦ ਵੀ ਨਹੀਂ ਸੀ ਪਤਾ ਕਿ ਕਦ ਉਸ ਦੀ ਵਾਰੀ ਆ ਜਾਵੇ ਤੇ ਉਹ ਚੁੱਪ-ਗੜੁੱਪ ਇਸ ਦੁਨੀਆ ਨੂੰ ਸਦੀਵੀ ਅਲਵਿਦਾ ਆਖ ਜਾਵੇ। ਸੰਭਾਵੀ ਪਰ ਅਣਿਆਈ ਮੌਤ ਤੋਂ ਪਹਿਲਾਂ ਲਿਖਿਆ ਉਸ ਦਾ ਨੋਟ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਕਹਿ ਰਿਹਾ ਹੈ।

Advertisement

ਰਮਜ਼ਾਨ ਖ਼ਤਮ ਹੋਣ ਤੋਂ ਪਹਿਲਾਂ ਹੀ ਇਜ਼ਰਾਈਲ ਇੱਕ ਵਾਰ ਫਿਰ ਬੇਕਿਰਕ ਤਬਾਹੀ ਲਿਆਇਆ। ਅਠਾਰਾਂ ਹਜ਼ਾਰ ਤੋਂ ਵੀ ਵੱਧ ਨਿਰਦੋਸ਼ ਬੱਚੇ ਮਾਰੇ ਗਏ, ਉਹ ਵੀ ਜਿਹੜੇ ਅਜੇ ਆਪਣੀਆਂ ਮਾਵਾਂ ਦੀਆਂ ਗੋਦੀਆਂ ਵਿਚ ਸਨ। ਪੰਜਾਹ ਹਜ਼ਾਰ ਤੋਂ ਕਿਤੇ ਵੱਧ ਆਮ ਲੋਕ, ਦਾਨਿਸ਼ਵਰ ਅਤੇ ਮੀਡੀਆ ਕਾਮਿਆਂ ਦੀਆਂ ਮੌਤਾਂ ਵੀ ਦਿਲ ਦਹਿਲਾ ਦੇਣ ਵਾਲੀਆਂ ਸਨ/ਹਨ ਪਰ ਅਸੀਂ ਕੂਏ ਤੱਕ ਨਹੀਂ।

“ਉਫ! ਸੱਭਿਅਕ ਸਮਾਜ ਦੀ ਸਿਰਜਣਾ ਤਾਂ ਦੂਰ ਦੀ ਗੱਲ, ਅਸੀਂ ਖਰਾ ਮਨੁੱਖ ਵੀ ਨਹੀਂ ਬਣ ਸਕੇ।” ਇਹ ਹੈ ਉਹ ਗੱਲ ਜਿਹੜੀ ਨੇਕ ਦਿਲ ਇਨਸਾਨ ਅਤੇ ਜੰਗੀ ਪੱਤਰਕਾਰ ਨੀਲੋਤਪਾਲ ਉਜੈਨ ਨੇ ਕਹੀ ਜਦ ਉਸ ਨੇ ਸਹਿਕ ਰਹੀ ਉਸ ਕੁੜੀ ਦਾ ਨੋਟ ਉਸ ਦੇ ਧੁਆਂਖੇ ਬੋਝੇ ਵਿੱਚੋਂ ਕੱਢ ਕੇ ਪੜ੍ਹਿਆ। ਸ਼ਾਇਦ ਉਹ ਕੁੜੀ ਜਾਂਦੇ ਵਕਤ ਇਹ ਨਿਹੋਰਾ ਮਾਰ ਰਹੀ ਹੋਵੇ ਕਿ ਇੰਨੀ ਵੱਡੀ ਨਿਹੱਕ ਤ੍ਰਾਸਦੀ ਉੱਤੇ ਵੀ ਦੁਨੀਆ ਚੁੱਪ ਹੈ। ਆਖਿ਼ਰ ਕਿਉਂ?

ਉਂਝ ਤਾਂ ਆਪਣੇ ਮੁਲਕ ਦੀਆਂ ਵੀ ਕਈ ਕਰੂਰ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਸਿਰਫ਼ ਦੋ ਸਾਂਝੀਆਂ ਕਰਾਂਗਾ; ਪਹਿਲੀ- ਅਸ਼ੋਕਾ ਤੇ ਦਿੱਲੀ ਯੂਨੀਵਰਸਿਟੀ ਦੀ ਅਤੇ ਦੂਜੀ- ਕਾਂਚਾ ਗਾਚੀਬੋਵਲੀ ਜੰਗਲ, ਹੈਦਰਾਬਾਦ (ਤਿਲੰਗਾਨਾ) ਦੀ ਹੈ।

ਅਸ਼ੋਕਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਭਾਨੂੰ ਮਹਿਤਾ ਨੂੰ ਕੇਂਦਰੀ ਹਾਕਮਾਂ ਨੇ ਅਸਤੀਫਾ ਦੇਣ ਲਈ ਇਸ ਕਰ ਕੇ ਮਜ਼ਬੂਰ ਕਰ ਦਿੱਤਾ ਕਿਉਂਕਿ ਉਨ੍ਹਾਂ ਵਲੋਂ ਅਖ਼ਬਾਰਾਂ ਵਿੱਚ ਲਿਖੇ ਕੁਝ ਆਲੋਚਨਾਤਮਿਕ ਲੇਖ, ਜਿਹੜੇ ਲੋਕਾਂ ਅਤੇ ਮੁਲਕ ਦੇ ਪੱਖ ਵਿਚ ਲਿਖੇ ਗਏ ਸਨ, ਹਾਕਮਾਂ ਨੂੰ ਰਾਸ ਨਹੀਂ ਸੀ ਆਏ। ਇਹੀ ਨਹੀਂ, ਇਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸਬਿਆਸਾਚੀ ਦਾਸ ਦੇ ਖੋਜ ਪੱਤਰ ‘ਦੁਨੀਆ ਦੀ ਸਭ ਤੋਂ ਵੱਡੀ ‘ਜਮਹੂਰੀਅਤ’ ਵਿਚ ਜਮਹੂਰੀ ਪਤਨ’ ਜਿਸ ਰਾਹੀਂ ਇਹ ਵੀ ਸਿੱਧ ਹੁੰਦਾ ਸੀ ਕਿ ਹੁਕਮਰਾਨ ਪਾਰਟੀ ਨੇ ਚੋਣਾਂ ਵਿਚ ਕਿੱਥੇ-ਕਿੱਥੇ ਧੋਖਾਧੜੀ ਕੀਤੀ ਸੀ, ਹਾਕਮਾਂ ਨੂੰ ਇਹ ਵੀ ਨਾਗਵਾਰ ਜਾਪਿਆ ਤੇ ਉਸ ਲੋਕ ਪੱਖੀ ਪ੍ਰੋਫੈਸਰ ਨੂੰ ਵੀ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਯੂਨੀਵਰਸਿਟੀਆਂ, ਜਿਨ੍ਹਾਂ ਨੂੰ ਵਿਚਾਰ ਪ੍ਰਗਟਾਉਣ ਅਤੇ ਸਿਆਸਤ ਬਾਰੇ ਖੁੱਲ੍ਹ ਕੇ ਲਿਖਣ ਤੇ ਬੋਲਣ ਦੀ ਸੰਵਿਧਾਨਕ ਆਗਿਆ ਹੈ, ਦੇ ਪ੍ਰਬੰਧਕ ਹਾਕਮਾਂ ਮੂਹਰੇ ਲਿਫੇ ਹੀ ਨਹੀਂ, ਡੰਡੌਤ ਬੰਦਨਾ ਵੀ ਕਰਨ ਲੱਗ ਪਏ। ਹੁਣ ਬਹੁਤੇ ਵਾਈਸ ਚਾਂਸਲਰ ਹਾਕਮਾਂ ਦੇ ਆਪਣੇ ਹਨ। ਹਾਲ ਹੀ ਵਿਚ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦਾ ਮੁਖੀ ਸੀਨੀਆਰਤਾ ਦੇ ਹਿਸਾਬ ਨਾਲ ਪ੍ਰੋਫੈਸਰ ਅਪੂਰਵਾਨੰਦ ਨੇ ਬਣਨਾ ਸੀ, ਪਰ ਨਹੀਂ ਬਣਾਇਆ ਗਿਆ। ਕਾਰਨ? ਕਿਉਂਕਿ ਪ੍ਰੋਫੈਸਰ ਅਪੂਰਵਾਨੰਦ ਆਮ ਲੋਕਾਂ ਤੇ ਘੱਟ ਗਿਣਤੀਆਂ ਦੇ ਸੰਵਿਧਾਨਕ ਹੱਕਾਂ ਦੇ ਸੰਘਰਸ਼ਾਂ ਵਿਚ ਵੀ ਮੂਹਰੇ ਹਨ ਅਤੇ ਵਿਦਿਅਕ ਅਦਾਰਿਆਂ ਦੀ ਖ਼ੁਦਮੁਖ਼ਤਾਰੀ ਦੇ ਵੀ ਝੰਡਾਬਰਦਾਰ ਹਨ ਪਰ ਕੀ ਇਨ੍ਹਾਂ ਧੱਕਿਆਂ ਖਿ਼ਲਾਫ਼ ਅਸੀਂ ਜਾਂ ਸਾਡੇ ਬੁੱਧੀਜੀਵੀ ਬੋਲੇ?... ਥੋੜ੍ਹਿਆਂ ਨੂੰ ਛੱਡ ਕੇ ਕੋਈ ਵੀ ਨਹੀਂ।

ਕੇਂਦਰ ਸਰਕਾਰ, ਜਿਹੜੀ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੀ ਢੰਡੋਰਾ ਪਿੱਟਣ ਤੋਂ ਨਹੀਂ ਅੱਕਦੀ-ਥੱਕਦੀ, ਦੇ ਏਜੰਡੇ ਵਿਚ ‘ਜੰਗਲ ਅਤੇ ਜੰਗਲੀ ਜਨੌਰ’ ਭਾਵ ਕੁਦਰਤਵਾਦ ਤਾਂ ਬਿਲਕੁਲ ਹੀ ਨਹੀਂ। ਇਹ ‘ਜੰਗਲਾਂ’ ਦੇ ਮੂਲ ਨਿਵਾਸੀਆਂ ਅਤੇ ਕੁਦਰਤੀ ਮਾਲਕ ਆਦਿਵਾਸੀਆਂ ਤੋਂ ਜਲ, ਜੰਗਲ ਅਤੇ ਜ਼ਮੀਨ (ਪਹਾੜ) ਹੀ ਨਹੀਂ ਖੋਂਹਦੀ, ਸਗੋਂ ਧੜਵੈਲ ਧਨ ਕੁਬੇਰਾਂ ਦੇ ਹਿੱਤਾਂ ਲਈ ਵਿਰੋਧ ਕਰਨ ਵਾਲਿਆਂ ਨੂੰ ਨਕਸਲੀ ਗਰਦਾਨ ਦਿੰਦੀ ਹੈ। ਇਸ ਬਾਬਤ ਬਸਤਰ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਹਾਲ ਹੀ ਦੇ ਉੱਤਰਾਖੰਡ ਅਤੇ ਗੋਆ ਦੇ ‘ਜੰਗਲ ਹਾਊਸਜ਼’ ਅਤੇ ਅੰਬਾਨੀ ਦਾ ਜਾਮਨਗਰ/ਗੁਜਰਾਤ ਦਾ ‘ਜੰਗਲੀ ਚਿੜੀਆਘਰ’ ਜੰਗਲਾਂ ਅਤੇ ਕੁਦਰਤੀ ਨਿਆਂ ਦੀਆਂ ਘੋਰ ਉਲੰਘਣਾ ਦੀਆਂ ਠੋਸ ਮਿਸਾਲਾਂ ਹਨ ਪਰ ਕੀ ਸਿਰਫ ਕੇਂਦਰ ਸਰਕਾਰ ਹੀ ਸਾਡੀ ਸਾਹ-ਰਗ ਅਤੇ ਜਲ-ਰਗ, ਭਾਵ, ਜੰਗਲ ਉਜਾੜਦੀ ਹੈ? ਨਹੀਂ... ਇਸ ਮਾਮਲੇ ਵਿੱਚ ਰਾਜ ਸਰਕਾਰਾਂ ਵੀ ਅਪਵਾਦ ਨਹੀਂ। ਤਿਲੰਗਾਨਾ ਸਟੇਟ ਦੇ ਕਾਂਚਾ ਗਾਚੀਬੋਵਲੀ ਦੇ ਵਿਸ਼ਾਲ ਜੰਗਲ, ਜਿਹੜਾ ਹੈਦਰਾਬਾਦ ਦੀ ਸਾਹ-ਰਗ ਹੈ, ਦਾ ਬੇਕਿਰਕ ਉਜਾੜਾ ਇਸ ਦੀ ਮੂੰਹ ਬੋਲਦੀ ਉਦਾਹਰਨ ਹੈ।

ਆਓ ਹੁਣ ਫਿਰ ਫ਼ਲਸਤੀਨ ਵੱਲ ਪਰਤੀਏ।

ਫ਼ਲਸਤੀਨ ’ਤੇ ਟੁੱਟ ਰਹੇ ਕਹਿਰ ’ਤੇ ਹਰ ਸੰਜੀਦਾ ਸ਼ਖ਼ਸ ਸ਼ਰਮਿੰਦਾ ਹੈ। ਜੇ ਕੋਈ ਧਾੜਵੀਆਂ ਖਿ਼ਲਾਫ਼ ਮੈਦਾਨ-ਏ-ਜੰਗ ਅੰਦਰ ਜਾ ਕੇ ਲੜ ਨਹੀਂ ਸਕਦਾ ਤਾਂ ਘੱਟੋ-ਘੱਟ, ਜਿਥੇ ਵੀ ਹੈ ਜਾਂ ਕਿਸੇ ਵੀ ਸਥਿਤੀ ’ਚ ਹੈ, ਇਸ ਜਬਰ ਤੇ ਜ਼ੁਲਮ ਵਿਰੁੱਧ ਬਾਂਹ ਤਾਂ ਉਛਾਲ ਸਕਦਾ ਹੈ, ਆਵਾਜ਼ ਤਾਂ ਉਠਾ ਸਕਦਾ ਹੈ। ਇਜ਼ਰਾਈਲ ਆਪਣੇ ਆਕਾਵਾਂ, ਆਪਣੇ ਧਨ ਕੁਬੇਰਾਂ ਦੀ ਸ਼ਹਿ ’ਤੇ ਗਾਜ਼ਾ ਦਾ ਖੁਰਾ-ਖੋਜ ਮਿਟਾਉਣ ਅਤੇ ਫ਼ਲਸਤੀਨੀਆਂ ਦੀ ਨਸਲ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ ਅਤੇ ਅਸੀਂ ਤੁਸੀਂ ਤੇ ਦੁਨੀਆ ਭਰ ਦੇ ਨਿਜ਼ਾਮ ਚੁੱਪ ਧਾਰੀ ਬੈਠੇ ਹਨ।... ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ।

ਚੇਤੇ ਰੱਖੋ, ਇਤਿਹਾਸ ਸਿਰਫ਼ ਤਾਰੀਖਾਂ ਅਤੇ ਘਟਨਾਵਾਂ ਦੀ ਲੜੀ ਨਹੀਂ ਹੁੰਦਾ, ਇਤਿਹਾਸ ਇਨਸਾਨੀ ਜ਼ਮੀਰ ਦਾ ਸ਼ੀਸ਼ਾ ਵੀ ਹੁੰਦਾ ਹੈ। ਉਹ ਸਵਾਲ ਪੁੱਛਦਾ ਹੈ, ਟੋਂਹਦਾ ਹੈ ਅਤੇ ਲਲਕਾਰਦਾ ਹੈ। ਆਉਣ ਵਾਲੇ ਸਮੇਂ ਵਿਚ ਜਦੋਂ ਗਾਜ਼ਾ ਦੀ ਰਾਖ ਵਿੱਚੋਂ ਫ਼ਲਸਤੀਨੀ ਬੱਚੇ ਕੁਕਨਸ ਬਣ ਮੁੜ ਉਡਾਰੀ ਭਰਨਗੇ, ਜਦ ਕਿਸੇ ਮਾਂ ਦੇ ਦੀਦੇ ਆਪਣੇ ਮੋਏ ਬੱਚੇ ਦੀ ਤਸਵੀਰ ਤੱਕ ਕੇ ਹੁਬਕੀ ਰੋਣਗੇ, ਤਦ ਇਤਿਹਾਸ ਚੀਕ-ਚੀਕ ਕੇ ਪੁੱਛੇਗਾ- ਜਦੋਂ ਫ਼ਲਸਤੀਨ ਦੀ ਧਰਤੀ ਉੱਤੇ ਮੌਤ ਨੱਚ ਰਹੀ ਸੀ, ਤਦ ਤੁਸੀਂ ਕਿੱਥੇ ਸੀ ਅਤੇ ਚੁੱਪ ਕਿਉਂ ਸੀ?

ਜਦੋਂ ਕਦੇ ਵੀ ਇਤਿਹਾਸ ਦੀ ਅਦਾਲਤ ਲੱਗੇਗੀ ਅਤੇ ਗਵਾਹੀ ਵਿਚ ਫ਼ਲਸਤੀਨ ਦੇ ਥੇਹ ਕੀਤੇ ਘਰ ਅਤੇ ਸਿਸਕਦੀਆਂ ਜਿ਼ੰਦਗੀਆਂ ਪੇਸ਼ ਹੋਣਗੀਆਂ, ਜਦ ਕਦੇ ਵੀ ਇਤਿਹਾਸ ਦੀ ਅਦਾਲਤ ਵਿਚ ਕਾਂਚਾ ਗਾਚੀਬੋਵਲੀ ਦੇ ਜੰਗਲ ਦੇ ਜਨੌਰਾਂ ਦੀ ਮਿੱਝ ਅਤੇ ਛਤੀਸਗੜ੍ਹ/ਬਸਤਰ ਦੇ ਆਦਿਵਾਸੀਆਂ ਦਾ ਧਾਰਾਲ ਵਗਦਾ ਲਹੂ ਪੇਸ਼ ਹੋਵੇਗਾ, ਤਦ ਵਿਸ਼ਾਲ ਸਵਾਲ ਫਿਜ਼ਾ ’ਚ ਗੂੰਜੇਗਾ- ‘ਤੁਸੀਂ ਵੀ ਉਨ੍ਹਾਂ ਵਿਚੋਂ ਹੀ ਹੋ, ਜਿਹੜੇ ਇਸ ਘੋਰ ਜ਼ੁਲਮ ਵੇਲੇ ਖਾਮੋਸ਼ ਰਹੇ।’

ਸੰਪਰਕ: 94634-39075

Advertisement
×