ਔਖੀ ਘੜੀ
ਸਮਾਂ ਸ਼ਾਮ ਦੇ ਛੇ ਕੁ ਵਜੇ ਦਾ ਹੋਵੇਗਾ, ਧੀ ਦੌੜਦੀ ਹੋਈ ਮੇਰੇ ਕੋਲ ਆਈ, “ਮੰਮਾ, ਪਤਾ ਨਹੀਂ ਚਿੜੀ ਨੂੰ ਕੀ ਹੋ ਗਿਆ... ਕਿਤੇ ਬਿੱਲੀ ਨੇ ਤਾਂ ਨਹੀਂ ਫੜ ਲਿਆ... ਦੇਖੋ... ਮੇਰੇ ਨਾਲ ਆਓ... ਜਲਦੀ ਕਰੋ।” ਉਹਨੇ ਘਬਰਾਈ ਹੋਈ ਨੇ ਇੱਕੋ ਹੀ ਸਾਹ ’ਚ ਕਿਹਾ। ਮੈਂ ਭੱਜ ਕੇ ਪਿਛਲੇ ਵਿਹੜੇ ’ਚ ਗਈ। ਚਿੜੀਆਂ ਸ਼ੋਰ ਮਚਾ ਰਹੀਆਂ ਸਨ। ਮੈਂ ਅੰਦਾਜ਼ਾ ਲਾਇਆ ਕਿ ਕੋਈ ਸੱਪ ਜਾਂ ਬਿੱਲੀ ਆ ਗਈ ਹੋਵੇਗੀ ਪਰ ਜਦ ਅਗਾਂਹ ਹੋ ਕੇ ਦੇਖਿਆ ਤਾਂ ਚਿੜੀਆਂ ਨੇ ਜ਼ਮੀਨ ’ਤੇ ਝੁਰਮਟ ਪਾਇਆ ਹੋਇਆ ਸੀ। ਇੱਕਦਮ ਦੇਖ ਕੇ ਪਹਿਲਾਂ ਤਾਂ ਕੁਝ ਵੀ ਸਮਝ ਨਾ ਆਇਆ ਕਿ ਆਖਿ਼ਰ ਹੋ ਕੀ ਰਿਹੈ? ਗੱਲ ਕੀ ਐ? ਪਰ ਜਦੋਂ ਚਿੜੀਆਂ ਨੂੰ ਦੂਰ ਭਜਾਇਆ ਤਾਂ ਦੇਖਿਆ ਕਿ ਇੱਕ ਚਿੜੀ ਲਗਾਤਾਰ ਫੜਫੜਾ ਰਹੀ ਸੀ। ਆਸੇ ਪਾਸੇ ਖੰਭ ਖਿਲਰੇ ਪਏ ਸਨ। ਚਿੜੀ ਆਪਣੇ ਪੈਰਾਂ ਦੀ ਪਕੜ ਆਜ਼ਾਦ ਕਰਵਾਉਣ ਲਈ ਤਰਲੋਮੱਛੀ ਹੋ ਰਹੀ ਸੀ।
ਅਸਲ ’ਚ ਚੂਹਿਆਂ ਨੂੰ ਫੜਨ ਵਾਲਾ ਜਾਲ (ਟਰੈਪ) ਮੈਂ ਘਰ ਦੇ ਪਿਛਲੇ ਵਿਹੜੇ ਵਿੱਚ ਰੱਖ ਦਿੱਤਾ। ਇਸ ਜਾਲ ਵਿੱਚ ਚੂਹਾ ਤਾਂ ਕੋਈ ਫਸਿਆ ਨਹੀਂ ਪਰ ਭੋਲੀ ਭਾਲੀ ਚਿੜੀ ਫਸ ਗਈ। ਜਾਲ ’ਤੇ ਲੱਗਾ ਚਿਪਚਿਪਾ ਪਦਾਰਥ ਜਿਸ ਦੀ ਪਕੜ ਇੰਨੀ ਮਜ਼ਬੂਤ ਹੁੰਦੀ ਹੈ ਕਿ ਇੱਕ ਵਾਰ ਚਿਪਕ ਜਾਣ ’ਤੇ ਇਸ ਦੀ ਜਕੜ ਤੋਂ ਆਜ਼ਾਦ ਹੋਣਾ ਚੂਹੇ ਲਈ ਵੀ ਸੰਭਵ ਨਹੀਂ ਹੁੰਦਾ। ਇਸ ਕਾਰਨ ਚਿੜੀ ਦੇ ਸਾਰੇ ਹੀ ਖੰਭ ਟੁੱਟ ਗਏ। ਬੜੀ ਮੁਸ਼ੱਕਤ ਪਿੱਛੋਂ ਚਿੜੀ ਨੂੰ ਆਜ਼ਾਦ ਕਰਵਾਇਆ ਪਰ ਪਛਤਾਵਾ ਬਹੁਤ ਹੋਇਆ ਕਿ ਹੁਣ ਚਿੜੀ ਤੋਂ ਉੱਡ ਨਹੀਂ ਸੀ ਹੋ ਰਿਹਾ।
ਇਸ ਦੌਰਾਨ ਸਾਥੀ ਚਿੜੀਆਂ ਦਾ ਸ਼ੋਰ ਮਚਾਉਣਾ ਲਗਾਤਾਰ ਜਾਰੀ ਰਿਹਾ। ਮੈਂ ਚਿੜੀ ਨੂੰ ਉਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪੌੜੀ ਵੀ ਲਗਾਈ ਤਾਂ ਜੋ ਇਹ ਪੌੜੀ ਰਾਹੀਂ ਕੰਧ ’ਤੇ ਚੜ੍ਹ ਕੇ ਆਪਣੇ ਆਲ੍ਹਣੇ ਵੱਲ ਪਰਵਾਜ਼ ਭਰ ਸਕੇ ਪਰ ਚਿੜੀ ਦੇ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਉੱਡ ਨਹੀਂ ਸਕੀ। ਆਖ਼ਿਰਕਾਰ ਡਰੀ ਸਹਿਮੀ ਚਿੜੀ ਆਪਣੀ ਜਾਨ ਬਚਾਉਂਦੀ ਹੋਈ ਸਮਾਨ ਦੇ ਪਿੱਛੇ ਹੀ ਲੁਕ ਗਈ। ਦੋ ਤਿੰਨ ਦਿਨ ਅਸੀਂ ਚਿੜੀ ਲਈ ਦਾਣਾ ਪਾਣੀ ਰੱਖਦੇ ਰਹੇ। ਦਿਨ ਸਮੇਂ ਚਿੜੀ ਵਿਹੜੇ ਵਿੱਚ ਪਿਦ-ਪਿਦ ਕਰਦੀ ਦਿਖਾਈ ਦਿੰਦੀ ਪਰ ਜਿਵੇਂ ਹੀ ਸਾਡੀ ਆਹਟ ਹੁੰਦੀ, ਫਿਰ ਸਮਾਨ ਪਿੱਛੇ ਲੁਕ ਜਾਂਦੀ। ਅਸੀਂ ਚਿੜੀ ਦੇ ਨਵੇਂ ਖੰਭ ਛੇਤੀ ਨਵੇਂ ਆ ਜਾਣ ਦੀ ਅਰਦਾਸ ਕਰਦੇ। ਦੂਜੀਆਂ ਚਿੜੀਆਂ ਵੀ ਉਹਦੇ ਕੋਲ ਆਉਂਦੀਆਂ ਅਤੇ ਹਾਲ-ਚਾਲ ਪੁੱਛਦੀਆਂ ਤੇ ਗੱਲਾਂ ਕਰਦੀਆਂ ਪ੍ਰਤੀਤ ਹੁੰਦੀਆਂ।
...ਤੇ ਫਿਰ ਇੱਕ ਦਿਨ ਚਿੜੀ ਕਿਧਰੇ ਉਡਾਰੀ ਮਾਰ ਗਈ। ਸੋਚਦੀ ਹਾਂ, ਉਸ ਚਿੜੀ ਦੀਆਂ ਸਾਥੀ ਚਿੜੀਆਂ ਨੇ ਸੱਚੇ ਦੋਸਤ ਹੋਣ ਦਾ ਸਬੂਤ ਦਿੱਤਾ ਜੋ ਆਪਣੀ ਉਸ ਨੂੰ ਮੁਸੀਬਤ ਵਿੱਚ ਫਸੀ ਦੇਖ ਛੱਡ ਕੇ ਨਹੀਂ ਭੱਜੀਆਂ, ਸਗੋਂ ਔਖੀ ਘੜੀ ਵਿੱਚ ਉਸ ਦਾ ਸਾਥ ਦਿੱਤਾ।... ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਹੜ੍ਹਾਂ ਦੀ ਮਾਰ ਝੱਲ ਰਹੇ ਆਪਣਿਆਂ ਦੇ ਨਾਲ ਖੜ੍ਹੀਏ ਅਤੇ ਆਪਣੀ ਸਮਰੱਥਾ ਅਨੁਸਾਰ ਮਦਦ ਵਾਲਾ ਹੱਥ ਉਨ੍ਹਾਂ ਵੱਲ ਵਧਾਈਏ।
ਸੰਪਰਕ: 84375-40386