ਹਮਸਾਏ
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ
ਵਾਕਿਆ ਭਾਦੋਂ 1964 ਦਾ ਹੈ। ਪੂਰਨਮਾਸ਼ੀ ਦਾ ਦਿਨ ਸੀ। ਭਾਪਾ ਜੀ ਦੀ ਨਿਯੁਕਤੀ ਸਿਵਲ ਵੈਟਰਨਰੀ ਹਸਪਤਾਲ ਵਲਟੋਹਾ ਵਿਖੇ ਸੀ। ਅੰਗਰੇਜ਼ ਰਾਜ ਦੇ ਕਾਇਦੇ-ਕਾਨੂੰਨ ਅਜੇ ਫਿੱਕੇ ਨਹੀਂ ਸਨ ਪਏ। ਇੰਚਾਰਜ ਡਾਕਟਰ ਤੋਂ ਸਫ਼ਾਈ ਕਰਮਚਾਰੀਆਂ, ਸਾਰੇ ਸਟਾਫ ਨੂੰ ਹਸਪਤਾਲ ਕੈਂਪਸ ਵਿੱਚ ਬਣੇ ਕੁਆਰਟਰਾਂ ਵਿੱਚ ਰਿਹਾਇਸ਼ ਰੱਖਣੀ ਲਾਜ਼ਮੀ ਸੀ ਤਾਂ ਕਿ ਲੋੜਵੰਦਾਂ ਨੂੰ ਦਿਨ ਰਾਤ, ਚੌਵੀ ਘੰਟੇ ਪਸ਼ੂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।
ਵਲਟੋਹਾ ਤੋਂ ਅੱਠ ਕੁ ਮੀਲ ਹਟਵੇਂ ਖੇਮਕਰਨ ਸ਼ਹਿਰ ਦੇ ਬਾਹਰਵਾਰ ਬਿਲਕੁਲ ਹਿੰਦ-ਪਾਕਿ ਸਰਹੱਦ ’ਤੇ ਬਾਬਾ ਫ਼ਰੀਦ ਜੀ ਦੀ ਅੰਸ਼ ਵਿਚੋਂ ਸ਼ੇਖ਼ ਬ੍ਰਹਮ ਦੀ ਮਜ਼ਾਰ ’ਤੇ ਸਦੀਆਂ ਤੋਂ ਭਾਦੋਂ ਦੀ ਪੂਰਨਮਾਸ਼ੀ ਵਾਲੇ ਦਿਨ ਬੜਾ ਭਾਰੀ ਮੇਲਾ ਲਗਦਾ ਹੈ। ਹਿੰਦੋਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਪਿੰਡਾਂ ਕਸਬਿਆਂ ਖੇਮਕਰਨ, ਵਲਟੋਹਾ, ਆਸਲ ਉਤਾੜ, ਰੱਤੋਕੇ, ਕਸੂਰ ਆਦਿ ਦੇ ਵਸਨੀਕ ਬਿਨਾਂ ਕਿਸੇ ਡਰ ਭੈ ਦੇ ਪੀਰ ਜੀ ਦੀ ਮਜ਼ਾਰ ’ਤੇ ਸ਼ਰਧਾ ਸਤਿਕਾਰ ਭੇਟ ਕਰਦੇ ਅਤੇ ਮੇਲੇ ਦਾ ਆਨੰਦ ਮਾਣਦੇ। ਮਜ਼ਾਰ ਦੇ ਖੇਤਰ ਵਿੱਚ ਸਰਹੱਦ ਦੇ ਆਰ-ਪਾਰ ਆਉਣ ਜਾਣ ਲਈ ਵੀਜ਼ਾ ਪਾਸਪੋਰਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ। ਮੁਲਾਜ਼ਮ ਲੋਕ ਭਾਵੇਂ ਹੱਦਾਂ ਸਰਹੱਦਾਂ ਬਾਰੇ ਕਾਇਦੇ-ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਪਰ ਆਮ ਹਿੰਦੋਸਤਾਨੀ ਪੰਜਾਬ ਦੇ ਮੇਲੀ ਪਾਕਿਸਤਾਨੀ ਪੰਜਾਬ ਦੇ ਦੁਕਾਨਦਾਰਾਂ ਤੋਂ ਪਕੌੜੇ ਬਾਲੂਸ਼ਾਹੀਏ ਖਰੀਦਦੇ ਤੇ ਕਸੂਰ ਵਾਲੇ ਖੇਮਕਰਨੀ ਦੁਕਾਨਦਾਰਾਂ ਤੋਂ ਜਲੇਬੀਆਂ ਮੱਠੀਆਂ ਖਰੀਦਦੇ।
ਰਾਤ ਪਈਆਂ ਕਣੀਆਂ ਨੇ ਹੁੰਮਸ ਨੂੰ ਸ਼ਾਂਤ ਕੀਤਾ ਹੋਇਆ ਸੀ। ਬੱਦਲਵਾਈ ਕਾਰਨ ਧੁੱਪ ਤੋਂ ਬਚਾਅ ਸੀ। ਪਿੱਪਲਾਂ, ਬੋਹੜਾਂ ਅਤੇ ਪਿਲਕਣਾਂ ਦੀ ਛਾਵੇਂ ਠੰਢੀ ਹਵਾ ਨੇ ਆਲਮ ਖੁਸ਼ਗਵਾਰ ਬਣਾਇਆ ਹੋਇਆ ਸੀ।
ਭਾਪਾ ਜੀ, ਬੀਬੀ ਅਤੇ ਅਸੀਂ ਚਾਰੇ ਭਰਾ ਆਪਣੇ ਪਾਸੇ ਭੁੰਜੇ ਘਾਹ ’ਤੇ ਬੈਠੇ ਜਲੇਬੀਆਂ ਦਾ ਮਜ਼ਾ ਲੈ ਰਹੇ ਸਾਂ ਕਿ ਪਾਕਿਸਤਾਨੀ ਰੇਂਜਰ ਨੇ ਮੁਸਕਰਾਉਂਦੇ ਹੋਏ ਬਾਹਾਂ ਵਧਾ ਕੇ ਮੇਰੀ ਬੀਬੀ ਕੋਲੋਂ ਮੇਰੇ ਸਭ ਤੋਂ ਛੋਟੇ ਭਰਾ ਬਿੱਲੂ ਨੂੰ ਬੜੇ ਮੋਹ ਪਿਆਰ ਨਾਲ ਖਿਡਾਉਣ ਵਾਸਤੇ ਚੁੱਕ ਲਿਆ ਅਤੇ ਆਪਣੇ ਸਾਥੀਆਂ ਕੋਲ਼ ਓਧਰ ਲੈ ਗਿਆ। ਮੇਰੇ ਭਰਾ ਦੀ ਸ਼ਕਲ ਸੂਰਤ ਬਹੁਤ ਮੋਹਭਰੀ ਸੀ; ਰੰਗ ਗੁਲਾਬੀ ਭਾਅ ਮਾਰਦਾ ਗੋਰਾ; ਵਾਲ਼ ਘੁੰਗਰਾਲੇ ਸੁਨਿਹਰੀ। ਮੇਰੀ ਬੀਬੀ ਜੀ ਕੋਲੋਂ ਨਾਂਹ ਨਹੀਂ ਸੀ ਹੋਈ।
ਜਦੋਂ ਉਨ੍ਹਾਂ ਮੇਰੇ ਭਰਾ ਨੂੰ ਕਿੰਨਾ ਚਿਰ ਵਾਪਸ ਨਾ ਕੀਤਾ, ਸਾਨੂੰ ਉਡੀਕ-ਉਡੀਕ ਕੇ ਫ਼ਿਕਰ ਲੱਗ ਪਿਆ। ਭੀੜ ’ਚੋਂ ਉਹ ਕਦੀ ਫ਼ੌਜੀਆਂ ਨਾਲ ਖੇਡਦਾ ਦਿਸ ਪੈਂਦਾ ਤੇ ਬਹੁਤਾ ਸਮਾਂ ਓਹਲੇ ਹੀ ਰਹਿੰਦਾ। ਮੇਲੀ ਕੱਵਾਲੀਆਂ ਅਤੇ ਮਨਮੋਹਕ ਸੰਗੀਤ ਦਾ ਆਨੰਦ ਮਾਣ ਰਹੇ ਸਨ, ਪਰ ਸਾਡੀ ਟਿਕਟਿਕੀ ਸਰਹੱਦ ਪਾਰ ਦੇ ਸ਼ਮਲਿਆਂ ਵਾਲੇ ਪਾਕਿਸਤਾਨੀ ਫੌਜੀਆਂ ਅਤੇ ਬਿੱਲੂ ’ਤੇ ਲੱਗੀ ਹੋਈ ਸੀ। ਘੋਲਾਂ ਕੁਸ਼ਤੀਆਂ ਲਈ ਤਿਆਰ ਕੀਤੇ ਜਾ ਰਹੇ ਅਖਾੜੇ ਦੀ ਮਿੱਟੀ ਨੂੰ ਲਾਕੜੀ ਕਹੀਆਂ ਨਾਲ ਗੋਡ-ਗੋਡ ਕੇ ਮੈਦਾ ਕਰ ਰਹੇ ਸਨ। ਇਲਾਕੇ ਦੇ ਪ੍ਰਸਿੱਧ ਭਲਵਾਨ ਬੰਤਾ ਵਲਟੋਹੀਆ ਦੇ ਸੰਤੋਖ ਬਹਾਦਰ ਨਗਰੀਆ ਆਪਣੀ ਨਿਗਰਾਨੀ ਹੇਠ ਅਖਾੜੇ ਦੀ ਤਿਆਰੀ ਕਰਵਾ ਰਹੇ ਸਨ। ਸਭ ਮੇਲੀ ਅਖਾੜੇ ਦੁਆਲੇ ਇਕੱਠੇ ਹੋ ਰਹੇ ਸਨ। ਹਿੰਦੋਸਤਾਨੀ ਪਾਕਿਸਤਾਨੀ ਮੇਲੀ ਰਲ਼ੇ-ਮਿਲ਼ੇ ਸਨ। ਕੋਈ ਬਹੁਤੀ ਮੇਰ ਤੇਰ ਨਹੀਂ ਸੀ। ਗੱਭਰੂ ਮੁਟਿਆਰਾਂ ਦੇ ਗੁੱਝੇ ਇਸ਼ਾਰੇ ਆਪਣੀ ਖੇਡ ਖੇਡ ਰਹੇ ਸਨ ਪਰ ਸਾਡੀਆਂ ਅੱਖਾਂ ਬਿੱਲੂ ਅਤੇ ਉਸ ਨਾਲ ਖੇਡਣ ਵਾਲੇ ਪਾਕਿਸਤਾਨੀ ਫੌਜੀਆਂ ’ਤੇ ਸਨ। ਆਖਿ਼ਰ ਅੱਖਾਂ ਥੱਕ ਗਈਆਂ। ਪਲ-ਪਲ ਦੀ ਉਡੀਕ ਵਾਹਵਾ ਲੰਮੀ ਹੋ ਗਈ।
ਸ਼ੁਕਰ ਕੀਤਾ ਜਦੋਂ ਪਾਕਿਸਤਾਨੀ ਰੇਂਜਰ ਨੇ ਬਾਹਾਂ ਲੰਮੀਆਂ ਕਰ ਹੱਸਦਿਆਂ ਮੇਰਾ ਭਰਾ ਬੀਬੀ ਜੀ ਨੂੰ ਫੜਾਇਆ। ਮੇਰਾ ਜੀਅ ਕਰੇ, ਭਰਾ ਹੱਥੋਂ ਉਹ ਖਿਡੌਣਾ ਖੋਹ ਲਵਾਂ ਜਿਹੜਾ ਪਾਕਿਸਤਾਨ ਦੇ ਰੇਂਜਰ ਭਾਈਜਾਨ ਨੇ ਉਸ ਨੂੰ ਦਿੱਤਾ ਸੀ। ਦੋਵਾਂ ਹਮਸਾਏ ਮੁਲਕਾਂ ਦੇ ਇਸ ਤਰ੍ਹਾਂ ਦੇ ਭਾਈਚਾਰਕ ਮੇਲ-ਮਿਲਾਪ ਦਾ ਤਾਂ ਹੁਣ ਕਦੇ ਸੁਫਨਾ ਵੀ ਨਹੀਂ ਆਉਂਦਾ...।
ਸੰਪਰਕ: 98158-40755