ਗੁੜ੍ਹਤੀ
ਉਚੇਰੀ ਸਿੱਖਿਆ ਹਾਸਲ ਕਰਦਿਆਂ ਹਿਮਾਚਲ ਦੀਆਂ ਸਖੀ-ਸਹੇਲੀਆਂ ਨਾਲ ਵਾਹ-ਵਾਸਤਾ ਰਿਹਾ। ਸਾਦ ਮੁਰਾਦੀਆਂ ਤੇ ਸੁਹਜ ਸਲੀਕੇ ਵਾਲੀਆਂ। ਹਮੇਸ਼ਾ ਹੱਸ ਕੇ ਮਿਲਦੀਆਂ ਤੇ ਨਿਮਰਤਾ ਨਾਲ ਪੇਸ਼ ਆਉਂਦੀਆਂ। ਹਉਮੈ ਤੋਂ ਦੂਰ, ਅਪਣੱਤ ਨਾਲ ਰਲ-ਮਿਲ ਰਹਿਣ ਵਾਲੀਆਂ। ਪਹਾੜੀ ਪਿੰਡਾਂ ਤੋਂ ਮਿਹਨਤ ਤੇ ਉੱਦਮ ਦਾ ਸਬਕ ਲੈ ਜ਼ਿੰਦਗੀ ਨੂੰ ਪੈਰਾਂ ਸਿਰ ਕਰਨ ਲਈ ਪੜ੍ਹਨ ਤੇ ਸਿੱਖਣ ਨੂੰ ਪਹਿਲ ਦਿੰਦੀਆਂ ਨਜ਼ਰ ਆਉਂਦੀਆਂ।
ਹੋਸਟਲ ਵਿੱਚ ਮੇਰੇ ਨਾਲ ਰਹਿੰਦੀ ਅੰਕਿਤਾ ਵੀ ਹਿਮਾਚਲ ਤੋਂ ਸੀ। ਪਹਾੜਾਂ ਵਿੱਚ ਵਹਿੰਦੇ ਨਿਰਮਲ ਨੀਰ ਜਿਹਾ ਸ਼ਾਂਤ ਚਿੱਤ ਚਿਹਰਾ ਤੇ ਨਿਮਰ ਸੁਭਾਅ। ਹਮੇਸ਼ਾ ਅਧਿਐਨ ਵਿੱਚ ਮਗਨ ਰਹਿਣ ਵਾਲੀ। ਉਹ ਸ਼ੁੱਧ ਤੇ ਮਿੱਠੀ ਪੰਜਾਬੀ ਬੋਲਦੀ। ਉਹਦੀਆਂ ਆਦਤਾਂ ਤੇ ਰਹਿਣ ਸਹਿਣ ਅਨੁਸ਼ਾਸਨ ਭਰੀ ਜ਼ਿੰਦਗੀ ਦਾ ਪ੍ਰਤੀਕ ਜਾਪਦੇ। ਹਰ ਕੰਮ ਵੇਲੇ ਸਿਰ ਅਤੇ ਮਨ ਲਾ ਕੇ ਕਰਨਾ। ਸਮੇਂ ਦੀ ਸੁਚੱਜੀ ਵਰਤੋਂ। ਆਪਣੀ ਮਿਹਨਤ ਵਾਲੀ ਵਿਰਾਸਤ ਨੂੰ ਜਿਊਂਦਾ ਰੱਖਣਾ। ਹੋਸਟਲ ਦੀ ਪੰਜਵੀਂ ਮੰਜ਼ਿਲ ’ਤੇ ਮੌਜ ਨਾਲ ਪੌੜੀਆਂ ਚੜ੍ਹਨਾ ਉਤਰਨਾ। ਅਕਸਰ ਆਖਣਾ, “ਉਚੇਰੀ ਮੰਜ਼ਿਲ ਦੇ ਦਰ ’ਤੇ ਜਾਣ ਲਈ ਇਹ ਛੋਟੀਆਂ ਪੌੜੀਆਂ ਬਹੁਤ ਕੰਮ ਆਉਂਦੀਆਂ।”
ਸਾਡਾ ਵਿਹਲਾ ਵਕਤ ਅਤੇ ਛੁੱਟੀ ਵਾਲਾ ਦਿਨ ਲਾਇਬ੍ਰੇਰੀ ਵਿੱਚ ਬੀਤਦਾ। ਅੰਕਿਤਾ ਨੂੰ ਉੱਥੇ ਪੜ੍ਹਨ ਬਹਾਨੇ ਬੈਠੇ ਆਸ ਪਾਸ ਤੱਕਦੇ ਰਹਿੰਦੇ, ਮੋਬਾਈਲ ਚਲਾਉਂਦੇ ਤੇ ਆਪਣੀਆਂ ਗੱਲਾਂ ਨਾਲ ਪੜ੍ਹਾਈ ਵਿੱਚ ਵਿਘਨ ਪਾਉਂਦੇ ਵਿਦਿਆਰਥੀ ਬੁਰੇ ਲਗਦੇ। ਉਹ ਆਖਦੀ, “ਮਾਪਿਆਂ ਨੂੰ ਇਨ੍ਹਾਂ ਤੋਂ ਕਿੰਨੀਆਂ ਆਸਾਂ ਹੋਣਗੀਆਂ? ਪਤਾ ਨਹੀਂ ਇਨ੍ਹਾਂ ਦੇ ਖਰਚੇ ਕਿਵੇਂ ਪੂਰੇ ਕਰਦੇ ਹੋਣਗੇ? ਇਹ ਇੱਥੇ ਆਪਣਾ ਵਕਤ ਬਰਬਾਦ ਨਹੀਂ ਕਰ ਰਹੇ ਸਗੋਂ ਜ਼ਿੰਦਗੀ ਤੇ ਭਵਿੱਖ ਨੂੰ ਵੀ ਦਾਅ ’ਤੇ ਲਗਾ ਰਹੇ ਨੇ। ਜ਼ਿੰਦਗੀ ਵਾਰ-ਵਾਰ ਮੌਕੇ ਨਹੀਂ ਦਿੰਦੀ। ਮੌਕਾ ਨਾ ਸਾਂਭਣ ’ਤੇ ਜ਼ਿੰਦਗੀ ਦੇ ਰਸਤੇ ਹੀ ਬੰਦ ਨਹੀਂ ਹੁੰਦੇ ਸਗੋਂ ਮਾਪਿਆਂ ਦੇ ਸੁਫਨਿਆਂ ਨੂੰ ਵੀ ਮਾਰ ਪੈਂਦੀ ਹੈ।” ਅਜਿਹੇ ਬੋਲ ਉਸ ਦੀ ਸਿੱਖਿਆ ਤੇ ਸੂਝ-ਬੂਝ ਦਾ ਸ਼ੀਸ਼ਾ ਬਣਦੇ।
ਕਦੇ ਖੁਸ਼ੀ ਦੇ ਰੌਂਅ ਵਿੱਚ ਅੰਕਿਤਾ ਮੈਥੋਂ ਪੰਜਾਬ ਦੇ ਸੱਭਿਆਚਾਰ ਤੇ ਪਿੰਡਾਂ ਬਾਰੇ ਨਿੱਕੇ-ਨਿੱਕੇ ਸਵਾਲ ਪੁੱਛਦੀ। ਪਿੰਡਾਂ ਦੇ ਲੋਕਾਂ ਦੇ ਸਾਦ ਮੁਰਾਦੇ ਜੀਵਨ ਤੇ ਆਪਸੀ ਸਾਝਾਂ ਬਾਰੇ ਜਾਣ ਕੇ ਖੁਸ਼ ਹੁੰਦੀ; ਆਖਦੀ, “ਇਤਿਹਾਸ ਵਿੱਚ ਨਿਵੇਕਲਾ ਸਥਾਨ ਰੱਖਣ ਵਾਲੇ ਪੰਜਾਬੀ ਜਨ ਜੀਵਨ ’ਤੇ ਸਾਨੂੰ ਵੀ ਰਸ਼ਕ ਆਉਂਦਾ। ਸਾਡੀਆਂ ਜੜ੍ਹਾਂ ਵੀ ਪੰਜਾਬ ਵਿੱਚ ਨੇ। ਸਾਡੇ ਪੁਰਖਿਆਂ ਨੇ ਸਾਂਝੇ ਪੰਜਾਬ ਦੀ ਛਾਂ ਮਾਣੀ ਹੈ। ਉਹ ਹਿੰਦੀ ਵਿੱਚ ਪੜ੍ਹੀਆਂ ਪਾਸ਼ ਦੀਆਂ ਕਵਿਤਾਵਾਂ ਦਾ ਅਕਸਰ ਜ਼ਿਕਰ ਕਰਦੀ। ਆਖਦੀ- ਪਾਸ਼ ਦੀ ਕਵਿਤਾ ਪੰਜ ਦਰਿਆਵਾਂ, ਕਲਾ, ਨਾਬਰੀ ਤੇ ਬੁਲੰਦ ਇਰਾਦਿਆਂ ਦੀ ਤਸਵੀਰ ਹੀ ਤਾਂ ਹੈ। ਅਜਿਹੇ ਸੰਗ ਸਾਥ ਵਿੱਚ ਬੀਤਦੇ ਵਕਤ ਦਾ ਪਤਾ ਹੀ ਨਾ ਲੱਗਦਾ।
ਜੂਨ ਮਹੀਨੇ ਉਹ ਮੈਨੂੰ ਆਪਣੇ ਨਾਲ ਲੈ ਗਈ, “ਆ ਤੈਨੂੰ ਕੁਦਰਤ ਦੀ ਗੋਦ ਵਿੱਚ ਰਹਿੰਦੀ ਪਹਾੜ ਦੀ ਜ਼ਿੰਦਗੀ ਦੇ ਦਰਸ਼ਨ ਕਰਾ ਲਿਆਵਾਂ।” ਸ਼ਿਮਲੇ ਨਾਲ ਲਗਦੀਆਂ ਸੰਜੋਲੀ ਦੀਆਂ ਪਹਾੜੀਆਂ ਵਿੱਚ ਉਨ੍ਹਾਂ ਦਾ ਛੋਟਾ ਜਿਹਾ ਘਰ ਸੀ। ਚੁਫੇਰੇ ਪਹਾੜੀਆਂ ਵਿੱਚ ਸਿਰ ਉਠਾਈ ਖੜ੍ਹਾ ਮੈਨੂੰ ਤਾਂ ਉਹ ਸੁਫਨਿਆਂ ਦਾ ਘਰ ਨਜ਼ਰ ਆਇਆ। ਨਾ ਸ਼ੋਰ-ਸ਼ਰਾਬਾ, ਨਾ ਭੀੜ-ਭੜੱਕਾ। ਹਰਿਆਵਲ ਨਾਲ ਭਰਿਆ ਸ਼ਾਂਤ ਚਾਰ ਚੁਫੇਰਾ। ਵਿੱਚ ਮਹਿਕਦੀ ਠੰਢੀ ਮਿੱਠੀ ਪੌਣ। ਛੋਟੇ ਕਿਆਰੀਨੁਮਾ ਖੇਤਾਂ ਵਿੱਚ ਕੰਮ ਕਰਦੇ ਲੋਕ। ਹਨੇਰਾ ਪਸਰਨ ਤੋਂ ਪਹਿਲਾਂ ਆਪਣੇ ਆਲ੍ਹਣਿਆਂ ਨੂੰ ਪਰਤਦੇ ਪੰਛੀਆਂ ਦੀਆਂ ਆਵਾਜ਼ਾਂ ਹਵਾ ਵਿੱਚ ਸੰਗੀਤ ਰਸ ਘੋਲਦੀਆਂ। ਦੂਰ ਪਹਾੜੀ ਘਰਾਂ ਵਿੱਚ ਜਗਦੀਆਂ ਰੌਸ਼ਨੀਆਂ ਚੰਨ ਤਾਰਿਆਂ ਦਾ ਭੁਲੇਖਾ ਪਾਉਂਦੀਆਂ।
ਸਵੇਰ ਸਾਰ ਮੀਂਹ ਦੀ ਕਿਣ ਮਿਣ ਸਵਾਗਤ ਕਰਦੀ ਨਜ਼ਰ ਆਈ। ਪਹਾੜਾਂ ਦੀ ਜ਼ਿੰਦਗੀ ਆਪਣੇ ਨਿੱਤ ਦੇ ਕੰਮ ਜਾ ਲੱਗੀ। ਪਰਿਵਾਰ ਦੇ ਜੀਆਂ ਦਾ ਸੁਹਜ ਸਲੀਕਾ ਸੁੱਚੀ ਸਾਂਝ ਦਾ ਪ੍ਰਤੀਕ ਬਣਿਆ ਦਿਸਦਾ। ਉਨ੍ਹਾਂ ਦਾ ਹੌਲੀ ਬੋਲਣਾ ਤੇ ਮਾਂ ਬਾਪ ਦੇ ਬੋਲਾਂ ’ਤੇ ਫੁੱਲ ਚੜ੍ਹਾਉਣਾ। ਕੰਮ-ਕਾਰ ਵਿੱਚ ਹੱਥ ਵਟਾਉਣਾ। ਮਿਲ ਬੈਠ ਕੇ ਖਾਣਾ ਤੇ ਖੁਸ਼ੀ ਨੂੰ ਮਾਨਣਾ ਮਨ ਨੂੰ ਭਾਅ ਗਿਆ। ਨਿਰਛਲ, ਨਿਰਮਲ ਚਿਹਰਿਆਂ ਵਿੱਚ ਧੜਕਦੀ ਜ਼ਿੰਦਗੀ ਕੁਦਰਤ ਦੀ ਗੋਦ ਦਾ ਮਾਣ ਨਜ਼ਰ ਆਈ। ਪਰਿਵਾਰ ਦੀ ਨੰਨ੍ਹੀ ਪਰੀ ਡਾਲੀ ਸਾਥੋਂ ਇੱਕ ਪਲ ਵੀ ਦੂਰ ਨਾ ਜਾਂਦੀ। ਕਦੇ ਆਪਣੇ ਅੰਬ ਦੇ ਫਲ ਨਾਲ ਲੱਦੇ ਰੁੱਖ ਦਿਖਾਉਣ ਲਗਦੀ, ਕਦੇ ਮੱਕੀ ਦੇ ਛੋਟੇ ਖੇਤ ਲਿਜਾ ਕੇ ਪੁੰਗਰਦੀਆਂ ਛੱਲੀਆਂ ਨੂੰ ਨਿਹਾਰਦੀ। ਕਦੀ ਸੇਬਾਂ ਦੇ ਰੁੱਖਾਂ ਦੀ ਮਹਿਕਦੀ ਛਾਂ ਹੇਠ ਲਿਜਾ ਬਿਠਾਉਂਦੀ।
ਤਿੰਨ ਦਿਨਾਂ ਬਾਅਦ ਪਰਤਣ ਸਮੇਂ ਸਾਰੇ ਪਰਿਵਾਰ ਦੀਆਂ ਅੱਖਾਂ ਵਿੱਚ ਮੋਹ ਦੇ ਹੰਝੂ ਨਜ਼ਰ ਆਏ। “ਬੇਟਾ ਆਤੇ ਜਾਤੇ ਰਿਹਾ ਕਰੋ। ਇਹ ਆਪਕਾ ਹੀ ਘਰ ਹੈ’। ਮਾਂ ਬਾਪ ਦੀ ਇਸ ਨਿੱਘੀ ਵਿਦਾਇਗੀ ਮਗਰੋਂ ਸ਼ਿਮਲੇ ਤੋਂ ਵਾਪਸੀ ਲਈ ਖਿਡੌਣਾ ਰੇਲ ਫੜੀ। ਹੌਲੀ-ਹੌਲੀ ਚਲਦੀ ਰੇਲ ਜ਼ਿੰਦਗੀ ਦਾ ਸਬਕ ਦਿੰਦੀ ਪ੍ਰਤੀਤ ਹੋਈ- ‘ਹੌਲੀ ਤੇ ਸਾਬਤ ਕਦਮਾਂ ਨਾਲ ਚਲਦਾ ਸਫ਼ਰ ਮੰਜ਼ਿਲ ਤੇ ਹਰ ਹਾਲ ਪਹੁੰਚਦਾ ਹੈ’। ਮੁਸਾਫ਼ਿਰਾਂ ਨਾਲ ਭਰੀ ਰੇਲ ਗੱਡੀ ਵਿੱਚ ਸ਼ਾਂਤ ਚਿੱਤ ਹੋ ਬੈਠੇ ਯਾਤਰੀ। ਆਪਸ ਵਿੱਚ ਹੱਸ-ਹੱਸ ਗੱਲਾਂ ਕਰਦੇ ਖੁਸ਼ੀ ਬਿਖੇਰਦੇ ਨਜ਼ਰ ਆਏ। ਇੱਕ ਦੂਸਰੇ ਨੂੰ ਸਤਿਕਾਰ ਦਿੰਦੇ। ਬਰਾਬਰ ਦਾ ਵਿਹਾਰ ਕਰਦੇ। ਵੰਡ ਕੇ ਖਾਂਦੇ ਤੇ ਸੈਲਾਨੀਆਂ ਨੂੰ ਅਦਬ ਨਾਲ ਪੇਸ਼ ਆਉਂਦੇ।
ਸੁਰੰਗਾਂ ਪਾਰ ਕਰਦੀ ਰੇਲ ਜੀਵਨ ਸਫ਼ਰ ਦਾ ਸੱਚ ਬਿਆਨਦੀ ਜਾਪੀ- ‘ਮੰਜ਼ਿਲ ਪਾਉਣ ਲਈ ਹਰ ਤਰ੍ਹਾਂ ਦੇ ਰਾਹ ਤੁਰਨਾ ਪੈਂਦਾ ਜਿਸ ਦਾ ਤਜਰਬਾ ਤੇ ਸਬਕ ਉਮਰ ਭਰ ਕੰਮ ਆਉਂਦਾ।’ ਪਹਾੜਾਂ ਨਾਲ ਗੱਲਾਂ ਕਰਦੀ ਰੇਲ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਦਾ ਸੰਗੀਤ ਵੀ ਸੁਣਾਉਂਦੀ ਜਾਂਦੀ। ਰੁਕ-ਰੁਕ ਪੈਂਦੇ ਮੀਂਹ ਦੀਆਂ ਮਹੀਨ ਬੂੰਦਾਂ ਠੰਢਕ ਦਾ ਅਹਿਸਾਸ ਦਿੰਦੀਆਂ। ਇਹ ਸੁਹਾਵਣਾ ਸਫ਼ਰ ਕਾਲਕਾ ਪਹੁੰਚ ਕੇ ਖ਼ਤਮ ਹੋਇਆ। ਹੋਸਟਲ ਵਾਪਸੀ ਲਈ ਕੈਬ ਫੜੀ। ਅੰਕਿਤਾ ਕਹਿਣ ਲੱਗੀ, “ਪਹਾੜਾਂ ਦਾ ਜੀਵਨ ਔਖਾ ਜ਼ਰੂਰ ਹੈ ਪਰ ਹੈ ਸਿਦਕ ਸਬਰ ਵਾਲਾ। ਪਹਾੜ ਤੇ ਜਲ ਜੰਗਲ ਨੇ ਸਾਨੂੰ ਮਿਹਨਤ, ਉੱਦਮ, ਸਾਂਝ, ਸਨੇਹ ਤੇ ਸਬਰ ਸੰਤੋਖ ਦੀ ਗੁੜ੍ਹਤੀ ਦਿੱਤੀ ਹੈ ਜਿਹੜੀ ਸਾਡੇ ਜਿਊਣ ਸੰਘਰਸ਼ ਤੇ ਉੱਜਵਲ ਭਵਿੱਖ ਦਾ ਰੌਸ਼ਨ ਰਾਹ ਹੈ।”
ਸੰਪਰਕ: salamzindgi88@gmail.com