ਰਾਹ ਦਸੇਰੇ
ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ਦੇ ਹਰ ਪਲ ਵਿੱਚ ਤੁਹਾਡੇ ਨਾਲ-ਨਾਲ ਚੱਲਦੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀਆਂ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾਇਆ ਹੁੰਦਾ ਹੈ, ਰਾਹ ਦਸੇਰਾ ਬਣੇ ਹੁੰਦੇ ਹਨ। ਬੱਸ, ਅਜਿਹੇ ਅਧਿਆਪਕਾਂ ਦੀ ਬਾਤ ਹੀ ਪਾਉਣ ਲੱਗਾ ਹਾਂ।
ਮੇਰੇ ਮਾਮਾ ਜੀ ਨੂੰ ਜਦੋਂ ਮੇਰੀ ਸਾਇੰਸ ਵਿਸ਼ੇ ਦੀ ਮਾੜੀ ਕਾਰਗੁਜ਼ਾਰੀ ਦਾ ਪਤਾ ਲੱਗਾ ਤਾਂ ਉਹ ਆਪਣੇ ਕੁਲੀਗ ਨੀਰ ਸਾਹਿਬ ਕੋਲ ਟਿਊਸ਼ਨ ਲਈ ਲੈ ਗਏ। ਦਸਵੀਂ ਦੀ ਦਸੰਬਰ ਪ੍ਰੀਖਿਆ ਦੇ ਨੰਬਰ ਦੇਖਦਿਆਂ ਅਤੇ ਸਾਲਾਨਾ ਪ੍ਰੀਖਿਆ ਵਿੱਚ ਦੋ ਮਹੀਨੇ ਤੋਂ ਵੀ ਘੱਟ ਸਮਾਂ ਰਹਿਣ ਕਾਰਨ ਉਨ੍ਹਾਂ ਟਿਊਸ਼ਨ ਤੋਂ ਜਵਾਬ ਦੇ ਦਿੱਤਾ। ਹੁਣ ਮੇਰਾ ਇਸ ਪੇਪਰ ਵਿੱਚੋਂ ਫੇਲ੍ਹ ਹੋਣਾ ਪੱਕਾ ਸੀ। ਜਦੋਂ ਨਤੀਜਾ ਆਇਆ ਤਾਂ ਇਸ ਵਿਸ਼ੇ ਦੇ ਡੇਢ ਸੌ ਵਿੱਚੋਂ ਇੱਕ ਸੌ ਚਾਰ ਅੰਕ ਸਨ ਅਤੇ ਨੀਰ ਸਾਹਿਬ ਕੋਲ ਪੜ੍ਹਦੇ ਹੁਸ਼ਿਆਰ ਬੱਚਿਆਂ ਦੇ ਅੰਕ ਵੀ ਇੱਕ ਸੌ ਨੌਂ ਤੋਂ ਵੱਧ ਨਹੀਂ ਸਨ। ਇਸ ਚਮਤਕਾਰ ਦਾ ਕਾਰਨ ਇਹ ਸੀ ਕਿ ਟਿਊਸ਼ਨ ਪੜ੍ਹਾਉਣ ਤੋਂ ਜਵਾਬ ਮਿਲਣ ਦੇ ਕੁਝ ਦਿਨਾਂ ਬਾਅਦ ਮੇਰੇ ਚਾਚਾ ਦਾਤਾਰ ਸਿੰਘ ਜੀ, ਜੋ ਸਾਇੰਸ ਅਧਿਆਪਕ ਸਨ, ਸਾਡੇ ਨਾਨਕੇ ਘਰ ਆਏ। ਪਰਿਵਾਰਕ ਗੱਲਬਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇ ਕੁਝ ਸਮਝਣਾ ਹੋਵੇ ਤਾਂ ਮੇਰੇ ਕੋਲੋਂ ਸਮਝ ਲੈ। ਮੈਂ ਉਨ੍ਹਾਂ ਕੋਲ ‘ਤਾਪ’ ਵਾਲਾ ਚੈਪਟਰ ਲੈ ਗਿਆ। ਕੋਈ ਪੰਜ ਦਸ ਮਿੰਟ ਮੁਸ਼ਕਿਲ ਨਾਲ ਉਨ੍ਹਾਂ ਕੋਲ ਬੈਠਾ ਹੋਵਾਂਗਾ, ਉਨ੍ਹਾਂ ਦਾ ਉਦਾਹਰਨਾਂ ਨਾਲ ਸਹਿਜ ਤੇ ਪਿਆਰ ਭਰੀ ਬੋਲੀ ਵਿੱਚ ਸਮਝਾਉਣਾ ਮੈਨੂੰ ਬਹੁਤ ਚੰਗਾ ਲੱਗਾ। ਉਨ੍ਹਾਂ ਦਾ ਇਹ ਕਰਮ ਇੱਕ ਮੋਮਬੱਤੀ ਦਾ ਦੂਜੀ ਨੂੰ ਜਗਾਉਣ ਜਿਹਾ ਸੀ। ਬਾਕੀ ਵਿਸ਼ਿਆਂ ਵਾਂਗ ਸਾਇੰਸ ਨੂੰ ਬਹੁਤ ਕਾਹਲੀ ਨਾਲ ਪੜ੍ਹਨ ਕਰ ਕੇ ਪੱਲੇ ਕੁਝ ਨਹੀਂ ਸੀ ਪੈਂਦਾ। ਸਮਝ ਇਹ ਪਈ ਕਿ ਇੱਕ-ਇੱਕ ਸ਼ਬਦ ਨੂੰ ਸਮਝਣ ਦੀ ਲੋੜ ਹੁੰਦੀ ਹੈ, ਨਿੱਠ ਕੇ ਬੈਠਣਾ ਪੈਂਦਾ ਹੈ। ਇਉਂ ਥੋੜ੍ਹੇ ਸਮੇਂ ਵਿੱਚ ਹੀ ਆਪਣਾ ਨਾਂ ਹੁਸ਼ਿਆਰ ਬੱਚਿਆਂ ਦੀ ਲਿਸਟ ਵਿੱਚ ਦਰਜ ਕਰਵਾ ਸਕਿਆ।
ਦਸਵੀਂ ਤੋਂ ਬਾਅਦ ਸਰਕਾਰੀ ਕਾਲਜ ਮੁਕਤਸਰ ਦਾਖਲਾ ਲਿਆ। ਪੰਜਾਬੀ ਦੇ ਸਿਲੇਬਸ ਵਿੱਚ ਕਹਾਣੀਆਂ ਦੀ ਕਿਤਾਬ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਭਾਬੀ ਮੈਨਾ’ ਹੁੰਦੀ ਸੀ। ਇੱਕ ਦਿਨ ਵਿਹਲੇ ਪੀਰੀਅਡ ਦੌਰਾਨ ਬਾਹਰ ਬੈਂਚ ’ਤੇ ਬੈਠਾ ਕਹਾਣੀ ਪੜ੍ਹਨ ਲੱਗਾ। ਰੁਚੀ ਨਾ ਹੋਣ ਕਾਰਨ ਵਾਰ-ਵਾਰ ਦੇਖਦਾ ਕਿ ਕਿੰਨੇ ਪੰਨੇ ਬਾਕੀ ਰਹਿ ਗਏ ਹਨ! ਕਹਾਣੀ ਵੱਡੀ ਸੀ ਤੇ ਛੱਡ ਦਿੱਤੀ। ਦੋ ਮਹੀਨਿਆਂ ਬਾਅਦ ਜੇਬੀਟੀ ’ਚ ਦਾਖਲਾ ਮਿਲ ਗਿਆ। ਇੱਥੇ ਵੀ ਪੰਜਾਬੀ ਦੀ ਉਹੋ ਕਿਤਾਬ ਲੱਗੀ ਹੋਈ ਸੀ। ਇਸ ਕਹਾਣੀ ਨੂੰ ਜ਼ੋਰਾ ਸਿੰਘ ਸੰਧੂ ਨੇ ਆਪਣੀ ਸਦਾਬਹਾਰ ਮੁਸਕਰਾਹਟ ਨਾਲ ਨਾਟਕੀ ਅੰਦਾਜ਼ ਵਿੱਚ ਪੜ੍ਹਨਾ ਸ਼ੁਰੂ ਕੀਤਾ; ਤੇ ਕਹਾਣੀ ਮੈਨੂੰ ਆਪਣੇ ਨਾਲ ਲੈ ਤੁਰੀ, ਅਜਿਹਾ ਲੈ ਤੁਰੀ ਕਿ ਮੈਂ ਪੰਜਾਬੀ ਦੇ ਨਾਮਵਰ ਲੇਖਕਾਂ ਤੇ ਦੇਸ਼ ਵਿਦੇਸ਼ ਦਾ ਬਿਹਤਰੀਨ ਸਾਹਿਤ ਪੜ੍ਹਨ ਦੇ ਰਾਹ ਪੈ ਗਿਆ।
ਪੱਤਰ ਵਿਹਾਰ ਰਾਹੀਂ ਪੰਜਾਬੀ ਦੀ ਐੱਮਏ ਕਰਨ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਿੱਜੀ ਸੰਪਰਕ ਪ੍ਰੋਗਰਾਮ (ਪੀਸੀਪੀ) ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਤਾਂ ਸੱਚਰ ਸਾਹਿਬ ਦੀ ਅਧਿਆਪਨ ਕਲਾ ਦਾ ਜੌਹਰ ਦੇਖਣ ਨੂੰ ਮਿਲਿਆ। ਜਦੋਂ ਉਨ੍ਹਾਂ ਦਾ ਪੀਰੀਅਡ ਆਉਣਾ ਤਾਂ ਕਲਾਸ ਵਿੱਚ ਸਾਰੇ ਬੈਂਚ ਹੀ ਨਾ ਭਰੇ ਹੋਣੇ ਸਗੋਂ ਵਿਦਿਆਰਥੀਆਂ ਨੇ ਖੜ੍ਹ ਕੇ ਵੀ ਉਨ੍ਹਾਂ ਦਾ ਲੈਕਚਰ ਸੁਣਨਾ। ਪਤਾ ਲੱਗਾ ਕਿ ਯੂਨੀਵਰਸਿਟੀ ਦੇ ਜੋ ਰੈਗੂਲਰ ਵਿਦਿਆਰਥੀ ਵੀ ਸਨ, ਉਹ ਵੀ ਉਨ੍ਹਾਂ ਦੇ ਪੀਸੀਪੀ ਦੇ ਲੈਕਚਰ ਦੇਣ ਸਮੇਂ ਆ ਜਾਂਦੇ। ਕਾਰਨ ਇਹ ਸੀ ਕਿ ਉਹ ਗੁਰਮਤਿ ਕਾਵਿ ਨੂੰ ਸੁਹਜ ਤੇ ਸਹਿਜ ਨਾਲ ਪੜ੍ਹਾਉਂਦੇ ਹੋਏ ਇਹ ਪਤਾ ਹੀ ਨਾ ਲੱਗਣ ਦਿੰਦੇ ਕਿ ਉਹ ਗੁਰਬਾਣੀ ਦੀ ਵਿਆਖਿਆ ਕਰ ਰਹੇ ਹਨ ਜਾਂ ਕਿਸੇ ਪ੍ਰੇਮੀ ਦੇ ਵਿਛੋੜੇ ਨੂੰ ਬਿਆਨ ਕਰਦੇ ਹੋਏ ਉਸ ਦੀ ਤੜਫਾਹਟ ਦੀ ਪੇਸ਼ਕਾਰੀ ਕਰ ਰਹੇ ਹਨ। ਪਤਾ ਨਹੀਂ ਕਿੰਨੇ ਵਿਦਿਆਰਥੀਆਂ ਨੂੰ ਉਨ੍ਹਾਂ ਗੁਰਮਤਿ ਸਾਹਿਤ ਨਾਲ ਜੋੜਿਆ ਹੋਵੇਗਾ।
ਆਪਣੇ ਅਧਿਆਪਨ ਸਫ਼ਰ ਦੌਰਾਨ ਜਦੋਂ ਕਦੇ ਬੋਰਡ ’ਤੇ ਕਾਹਲੀ ਨਾਲ ਲਿਖਣ ਕਰ ਕੇ ਲਿਖਾਈ ਦੀ ਸੂਰਤ ਵਿਗੜਦੀ ਤਾਂ ਪ੍ਰਿੰਸੀਪਲ ਜਰਨੈਲ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ। ਉਹ ਹਮੇਸ਼ਾ ਬਲੈਕ ਬੋਰਡ ’ਤੇ ਸੁੰਦਰ ਲਿਖਾਈ ਕਰਦੇ। ਲਿਖਣ ਵਿੱਚ ਵਿਸ਼ੇਸ਼ ਕਿਸਮ ਦਾ ਤਵਾਜ਼ਨ ਵੀ ਬਣਾਈ ਰੱਖਦੇ। ਬਾਜ਼ ਅੱਖ ਵਿਦਿਆਰਥੀਆਂ ’ਤੇ ਵੀ ਰੱਖਦੇ ਤੇ ਨਾਲ-ਨਾਲ ਵਿਦਿਆਰਥੀਆਂ ਦਾ ਧਿਆਨ ਬੋਰਡ ਤੋਂ ਇੱਕ ਪਲ ਵੀ ਪਾਸੇ ਨਾ ਹੋਣ ਦਿੰਦੇ। ਉਨ੍ਹਾਂ ਦਾ ਦ੍ਰਿਸ਼ ਸਾਹਮਣੇ ਆਉਂਦਿਆਂ ਹੀ ਮੈਂ ਕਾਹਲੀ ਦੀ ਥਾਂ ਸਹਿਜ ਨਾਲ ਸੁੰਦਰ ਲਿਖਾਈ ਬੋਰਡ ’ਤੇ ਉਤਾਰਦਾ ਜਾਂਦਾ ਤੇ ਲਿਖਣ ਢੰਗ ਦਾ ਹਰੇਕ ਨੁਕਤਾ ਵੀ ਵਿਦਿਆਰਥੀ ਸਮਝਦੇ ਜਾਂਦੇ ਜਿਸ ਕਰ ਕੇ ਸਾਰੇ ਬੱਚਿਆਂ ਦੀ ਲਿਖਾਈ ਇੱਕੋ ਜਿਹੀ ਬਣਾਵਟ ਵਾਲੀ ਤੇ ਸੁੰਦਰ ਹੋ ਗਈ ਸੀ।
ਇਸ ਤਰ੍ਹਾਂ ਹੀ ਜਦੋਂ ਟੈਸਟ ਲੈਂਦਾ ਤਾਂ ਮਨ ਮਸਤਕ ’ਤੇ ਦਲਜੀਤ ਮੈਡਮ ਦਾ ਅੰਦਾਜ਼ ਦਸਤਕ ਦਿੰਦਾ। ਉਹ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ। ਮੈਂ ਅੱਠਵੀਂ ਤੋਂ ਦਸਵੀਂ ਤੱਕ ਉਨ੍ਹਾਂ ਕੋਲ ਪੜ੍ਹਿਆ ਸਾਂ। ਅੱਠਵੀਂ ’ਚ ਉਹ ‘ਲੋੜਵੰਦ’ ਵਿਦਿਆਰਥੀਆਂ ਦੀ ‘ਪਰੇਡ’ ਵੀ ਕਰ ਦਿੰਦੇ। ਟੈਸਟ ਲੈਂਦੇ ਸਮੇਂ ਕੁਰਸੀ ’ਤੇ ਨਾ ਬੈਠਦੇ, ਤੁਰ-ਫਿਰ ਕੇ ਨਜ਼ਰ ਰੱਖਦੇ। ਮੇਰੇ ਵਰਗੇ ਕਮਜ਼ੋਰ ਵਿਦਿਆਰਥੀ ਦੀ ਕੋਈ ਚਲਾਕੀ ਨਾ ਚੱਲਣ ਦਿੰਦੇ ਜਿਸ ਕਰ ਕੇ ਸਾਨੂੰ ਘਰ ਤੋਂ ਪੜ੍ਹ ਕੇ ਆਉਣ ਲਈ ਮਜਬੂੁਰ ਹੋਣਾ ਪੈਂਦਾ।
ਜਿਹੜੇ ਅਧਿਆਪਕ ਆਪਣੇ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਪੈਦਾ ਕਰ ਜਾਂਦੇ ਹਨ, ਸਿਲੇਬਸ ਦੇ ਨਾਲ-ਨਾਲ ਜ਼ਿੰਦਗੀ ਦੇ ਅਣਮੁੱਲੇ ਸਬਕ ਦੇ ਜਾਂਦੇ ਹਨ, ਉਨ੍ਹਾਂ ਅਧਿਆਪਕਾਂ ਨੂੰ ਭਲਾ ਕੌਣ ਭੁੱਲ ਸਕਦਾ ਹੈ! ਹੈ ਕਿ ਨਹੀਂ?
ਸੰਪਰਕ: 98760-64576